ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸਿਰੀਰਾਗ/ਸ੍ਰੀਰਾਗ
ਸਿਰੀਰਾਗ ਇਕ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਇਸ ਰਾਗ ਸੰਬੰਧੀ ਗੁਰੂ ਅਮਰਦਾਸ ਸਾਹਿਬ ਦਾ ਫਰਮਾਨ ਹੈ ਕਿ ਸਾਰੇ ਰਾਗਾਂ ਵਿਚੋਂ ਸ੍ਰੀ ਰਾਗ ਪ੍ਰਧਾਨ ਰਾਗ ਹੈ। ਪਰ ਇਹ ਰਾਗ ਗਾਇਆ ਤਾਂ ਹੀ ਸਫਲ ਹੈ, ਜੇ ਜੀਵ ਇਸ ਰਾਹੀਂ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾਵੇ। ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ -ਗੁਰੂ ਗ੍ਰੰਥ ਸਾਹਿਬ ੮੩, ਭਾਈ ਗੁਰਦਾਸ ਜੀ ਵੀ ਇਸ ਰਾਗ ਨੂੰ ਸਰਵੋਤਮ ਰਾਗ ਮੰਨਦੇ ਹਨ। ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ ਰਾਗਨ ਮੇ ਸਿਰੀਰਾਗੁ ਪਾਰਸ ਪਖਾਨ ਹੈ ॥ -ਭਾਈ ਗੁਰਦਾਸ ਜੀ, ਕਬਿਤ ੩੭੬/੩
ਗੁਰਮਤਿ ਪਰੰਪਰਾ ਤੋਂ ਇਲਾਵਾ ਵੀ, ਰਾਗ-ਰਾਗਨੀ ਪਰੰਪਰਾ ਨੂੰ ਮਾਨਤਾ ਦੇਣ ਵਾਲੇ ਭਿੰਨ-ਭਿੰਨ ਮਤਾਂ ਨੇ ਸਿਰੀਰਾਗ ਨੂੰ ਇਕ ਪ੍ਰਮੁੱਖ ਪੁਰਖ ਰਾਗ ਮੰਨਿਆ ਹੈ। ਪੰਡਤ ਓਅੰਕਾਰ ਨਾਥ ਠਾਕੁਰ, ਪ੍ਰਚਲਤ ਮਿਥਹਾਸਕ ਦ੍ਰਿਸ਼ਟੀਕੋਣ ਤੋਂ ਇਸ ਰਾਗ ਦੇ ਨਾਮ ਸੰਬੰਧੀ ਲਿਖਦੇ ਹਨ ਕਿ “ਸ਼ੰਕਰ ਦੇ ਪੰਜ ਮੁਖਾਂ ਤੋਂ ਬਾਕੀ ਪੰਜ ਰਾਗਾਂ ਦੀ ਅਤੇ ਪਾਰਬਤੀ ਦੇ ‘ਸ੍ਰੀ’ ਮੁਖ ਤੋਂ ਇਸ ਛੇਵੇਂ ਰਾਗ ਦੀ ਉਤਪਤੀ ਮੰਨੀ ਜਾਣ ਦੇ ਕਾਰਣ, ਇਸ ਦਾ ਨਾਮ ‘ਸ੍ਰੀ’ ਹੈ।” ਇਸ ਮਿਥਹਾਸਕਤਾ ਵਿਚ ਸਚਾਈ ਦਾ ਕਿੰਨਾ ਕੁ ਅੰਸ਼ ਮੌਜੂਦ ਹੈ, ਇਹ ਕਹਿਣਾ ਕਠਿਨ ਹੈ। ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਇਕ ਪ੍ਰਾਚੀਨ ਰਾਗ ਹੈ।
ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਵਿਚ ਇਸ ਰਾਗ ਨੂੰ ਪਹਿਲੇ ਸਥਾਨ ‘ਤੇ ਰਖੇ ਜਾਣ ਸੰਬੰਧੀ ਪ੍ਰੋ. ਤਾਰਾ ਸਿੰਘ
ਮਧਕਾਲ ਵਿਚ ਸ਼ੁਧ-ਸਵਰ ਸਪਤਕ ਵਿਚ ਗੰਧਾਰ ਤੇ ਨਿਸ਼ਾਦ ਕੋਮਲ ਦਾ ਪ੍ਰਯੋਗ ਹੁੰਦਾ ਸੀ, ਜੋ ਅੱਜ ਦੇ ਕਾਫ਼ੀ ਥਾਟ ਦੇ ਸਮਾਨ ਹੈ। ਸਿਰੀਰਾਗ ਵੀ ਕਾਫ਼ੀ ਥਾਟ ਦੇ ਸਵਰਾਂ ’ਤੇ ਹੀ ਗਾਇਆ ਜਾਂਦਾ ਸੀ। ਅੱਜ ਵੀ ਦਖਣੀ ਸੰਗੀਤ ਪ੍ਰਣਾਲੀ ਵਿਚ ਸਿਰੀਰਾਗ ਦਾ ਇਹ ਉਤਰੀ ਭਾਰਤ ਵਾਲਾ ਕਾਫ਼ੀ ਥਾਟ ਵਾਲਾ ਸਰੂਪ ਹੀ ਪ੍ਰਚਲਤ ਹੈ, ਜਿਸਨੂੰ ਉਹ ‘ਖਰਹਰ ਪ੍ਰਿਆ’ ਕਹਿੰਦੇ ਹਨ।
ਆਧੁਨਿਕ ਥਾਟ ਪਧਤੀ ਦੇ ਸਮਰਥਕਾਂ ਨੇ ਸਿਰੀਰਾਗ ਦਾ ਵਰਗੀਕਰਣ ਪੂਰਵੀ ਥਾਟ ਦੇ ਅੰਤਰਗਤ ਕੀਤਾ ਹੈ। ਨਾਦ ਸ਼ਾਸਤਰ ਦੇ ਦ੍ਰਿਸ਼ਟੀਕੋਣ ਅਨੁਸਾਰ ਇਸ ਰਾਗ ਵਿਚ ਰਿਸ਼ਭ ਧੈਵਤ ਕੋਮਲ, ਮਧਿਅਮ ਤੀਵਰ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਦੇ ਆਰੋਹ ਵਿਚ ਗੰਧਾਰ ਤੇ ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ। ਅਵਰੋਹ ਵਿਚ ਵਕਰ ਰੀਤ ਨਾਲ ਸੱਤ ਸੁਰ ਵਰਤੇ ਜਾਂਦੇ ਹਨ। ਇਸ ਕਾਰਣ ਇਸ ਦੀ ਜਾਤੀ ਔੜਵ-ਵਕਰ ਸੰਪੂਰਨ ਹੈ। ਇਸ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਕੁਝ ਵਿਦਵਾਨ ਇਸ ਦਾ ਵਾਦੀ ਰਿਸ਼ਭ ਤੇ ਸੰਵਾਦੀ ਧੈਵਤ ਮੰਨਦੇ ਹਨ।
ਭਾਈ ਵੀਰ ਸਿੰਘ
ਰਾਗ ਸਿਰੀ ਦਾ ਸਰੂਪ
ਰਾਗ: ਸਿਰੀ।
ਥਾਟ: ਪੂਰਵੀ।
ਸਵਰ: ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਭ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਅਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਮਾ (ਤੀਵਰ) ਪਾ, ਨੀ ਸਾਂ (ਤਾਰ ਸਪਤਕ)।
ਅਵਰੋਹ: ਸਾਂ (ਤਾਰ ਸਪਤਕ) ਨੀ ਧਾ (ਕੋਮਲ) ਪਾ, ਮਾ (ਤੀਵਰ), ਗਾ, ਰੇ (ਕੋਮਲ), ਸਾ।
ਪਕੜ: ਸਾ, ਰੇ (ਕੋਮਲ), ਰੇ (ਕੋਮਲ), ਪਾ, ਪਾ ਮਾ (ਤੀਵਰ) ਗਾ ਰੇ (ਕੋਮਲ), ਰੇ (ਕੋਮਲ) ਸਾ।
ਗਾਇਨ ਸਮਾਂ
ਸ਼ਾਮ ਦਾ ਸੰਧੀ ਪ੍ਰਕਾਸ਼।
ਘਰ
ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਦੇ ਸਿਰਲੇਖਾਂ ਦੇ ਨਾਲ, ੧ ਤੋਂ ੧੭ ਤੱਕ ‘ਘਰ’ ਵੀ ਦਰਜ ਕੀਤੇ ਹੋਏ ਮਿਲਦੇ ਹਨ। ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਨੁਸਾਰ ਤਾਲ ਜਾਂ ਸੁਰ ਦੇ ਟਿਕਾਣੇ ਦੇ ਨੰਬਰ ਨੂੰ ‘ਘਰ’ ਕਿਹਾ ਜਾਂਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ “ਗੁਰਮਤਿ ਸੰਗੀਤ ਅਨੁਸਾਰ ‘ਘਰ’ ਦੇ ਦੋ ਅਰਥ ਹਨ: ਇਕ ਤਾਲ, ਦੂਜਾ ਸਵਰ ਅਤੇ ਮੂਰਛਨਾ ਦੇ ਭੇਦ ਕਰਕੇ ਇਕ ਹੀ ਰਾਗ ਦੇ ਸਰਗਰਮ ਪਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੧ ਤੋਂ ੧੭ ਤੀਕ ਘਰ ਲਿਖੇ ਹਨ। ਇਸ ਤੋਂ ਗਵੱਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਸਵਰ ਪਰਸਤਾਰ ਅਨੁਸਾਰ ਗਾਓ।”
ਈਰਾਨੀ ਸੰਗੀਤ ਵਿਚ ‘ਘਰ’ ਨਾਲ ਮਿਲਦੇ-ਜੁਲਦੇ ਸ਼ਬਦ ‘ਗਾਹ’ ਦਾ ਅਰਥ ਵੀ ਸਥਾਨ ਜਾਂ ਘਰ ਹੈ। ਈਰਾਨ ਦੀ ਤਾਲ ਤਕਨੀਕ ਵਿਚ ਤਾਲ ਦੇ ਵਖ-ਵਖ ਸਰੂਪਾਂ ਨੂੰ ਇਕ ਗਾਹ, ਦੋ ਗਾਹ, ਆਦਿ ਕਿਹਾ ਗਿਆ ਹੈ, ਜੋ ਕਿ ਤਾਲ ਦੇ ਸੂਚਕ ਹਨ। ਅਮੀਰ ਖੁਸਰੋ ਨੇ ਵੀ ਜਿਨ੍ਹਾਂ ੧੭ ਤਾਲਾਂ ਦੇ ਸਰੂਪ ਨਿਰਧਾਰਤ ਕੀਤੇ ਹਨ, ਉਹ ਭਾਰਤੀ ਤਾਲਾਂ ਨਾਲ ਸਮਾਨਤਾ ਰਖਦੇ ਹਨ।
‘ਘਰ’ ਨਾਲ ਲਿਖੇ ਅੰਕ ੧ ਤੋਂ ੧੭ ਤੱਕ ਹਨ, ਜਿਵੇਂ: ਘਰੁ ੧, ਘਰੁ ੨... ਘਰੁ ੧੭ ਆਦਿ। ‘ਘਰ’ ਦੇ ਸੂਚਕ ਇਹ ਅੰਕ ਸੰਖਿਅਕ ਵਿਸ਼ੇਸ਼ਣ ਹਨ। ਇਨ੍ਹਾਂ ਦਾ ਉਚਾਰਣ ਕ੍ਰਮਵਾਰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ, ਨਾਵਾਂ, ਸਤਾਰ੍ਹਵਾਂ ਆਦਿ ਹੈ। ਪਰ ਕਿਧਰੇ-ਕਿਧਰੇ ਘਰ ਬਾਰੇ ਸੂਚਨਾ ਵਿਸ਼ੇਸ਼ ਟਿਪਣੀਆਂ ਰਾਹੀਂ ਵੀ ਦਿਤੀ ਹੋਈ ਹੈ, ਜਿਵੇਂ:
(ੳ) ਏਕੁ ਸੁਆਨੁ ਕੈ ਘਰਿ ਗਾਵਣਾ (ਗੁਰੂ ਗ੍ਰੰਥ ਸਾਹਿਬ ੯੧)
(ਅ) ਯਾਨੜੀਏ ਕੈ ਘਰਿ ਗਾਵਣਾ (ਗੁਰੂ ਗ੍ਰੰਥ ਸਾਹਿਬ ੮੦੨)
(ੲ) ਪਹਿਰਿਆ ਕੈ ਘਰਿ ਗਾਵਣਾ (ਗੁਰੂ ਗ੍ਰੰਥ ਸਾਹਿਬ ੯੩)
(ਸ) ਰਹੋਏ ਕੇ ਛੰਤ ਕੇ ਘਰਿ (ਗੁਰੂ ਗ੍ਰੰਥ ਸਾਹਿਬ ੨੦੩)



