ਗੁਰੂ ਗ੍ਰੰਥ ਸਾਹਿਬ ਦੇ ਪੰਨੇ ੭੪ ਤੋਂ ੭੮ ਉਪਰ, ਰਾਗ ਸਿਰੀਰਾਗ ਵਿਚ ‘ਪਹਰੇ’
ਤਿੰਨ ਘੰਟੇ ਦਾ ਸਮਾਂ ਇਕ ਪਹਰ ਹੁੰਦਾ ਹੈ। ਦਿਨ ਤੇ ਰਾਤ ਵਿਚ ਚਾਰ-ਚਾਰ (ਕੁਲ ਅਠ) ਪਹਰ ਹੁੰਦੇ ਹਨ।
ਸਿਰਲੇਖ ਹੇਠ ਚਾਰ ਸ਼ਬਦ ਦਰਜ ਹਨ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ਦੋ ਅਤੇ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਦਾ ਇਕ-ਇਕ ਸ਼ਬਦ ਸ਼ਾਮਲ ਹੈ। ਇਨ੍ਹਾਂ ਸ਼ਬਦਾਂ ਵਿਚ ਜੀਵਨ ਨੂੰ ਰਾਤ ਕਿਹਾ ਗਿਆ ਹੈ ਅਤੇ ਜੀਵਨ ਦੀਆਂ ਚਾਰ ਅਵਸਥਾਵਾਂ, ਬਚਪਨ, ਜਵਾਨੀ, ਅਧਖੜ ਤੇ ਬੁਢੇਪਾ ਨੂੰ ਰਾਤ ਦੇ ਚਾਰ ਪਹਿਰਾਂ ਨਾਲ ਤੁਲਨਾਇਆ ਗਿਆ ਹੈ। ਇਨ੍ਹਾਂ ਪਹਿਰਾਂ ਵਿਚੋਂ ਗੁਜਰਨ ਵਾਲੇ ਪ੍ਰਾਣੀ ਨੂੰ ‘ਵਣਜਾਰਾ ਮਿੱਤਰ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ਹੋਣ ਕਰਕੇ ਇਨ੍ਹਾਂ ਸ਼ਬਦਾਂ ਨੂੰ ‘ਪਹਰੇ’ ਸਿਰਲੇਖ ਦਿੱਤਾ ਗਿਆ ਹੈ।
ਗੁਰੂ ਨਾਨਕ ਸਾਹਿਬ ਦੁਆਰਾ ‘ਪਹਰੇ’ ਸਿਰਲੇਖ ਹੇਠ ਉਚਾਰੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੪ ਤੋਂ ੭੬ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਸ਼ਬਦ ਦੇ ਚਾਰ ਅਤੇ ਦੂਜੇ ਦੇ ਪੰਜ ਬੰਦ ਹਨ।
ਪੰਜਾਬੀ ਲੋਕ-ਸਾਹਿਤ ਅਤੇ ਪਹਰੇ
‘ਪਹਰੇ’ ਨੂੰ ਪੰਜਾਬੀ ਦਾ ਇਕ ਲੋਕ ਕਾਵਿ-ਰੂਪ ਮੰਨਿਆ ਜਾਂਦਾ ਹੈ। ਇਹ ਕਾਵਿ-ਰੂਪ ਕਾਲ ਚੇਤਨਾ ’ਤੇ ਅਧਾਰਤ ਹੈ। ਇਸ ਕਾਵਿ-ਰੂਪ ਦੇ ਉਦਾਹਰਣ ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਪ੍ਰਾਪਤ ਹੁੰਦੇ ਹਨ। ਦਿਨ-ਰਾਤ ਨੂੰ ਚਾਰ-ਚਾਰ ਪਹਿਰਾਂ ਵਿਚ ਵੰਡ ਕੇ ਉਨ੍ਹਾਂ ਰਾਹੀਂ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਨਾ, ਇਸ ਕਾਵਿ-ਰੂਪ ਦਾ ਮੂਲ ਅਧਾਰ ਹੈ। ਜਨ-ਸਧਾਰਨ ਨੂੰ ਵਖ-ਵਖ ਪਹਿਰਾਂ ਦੇ ਸ਼ੁਭ/ਅਸ਼ੁਭ ਹੋਣ ਦੇ ਵਹਿਮ ਤੋਂ ਮੁਕਤ ਕਰਨ ਅਤੇ ਸਮਾਜਕ-ਜੀਵਨ ਵਿਚ ਇਸ ਸਮਾਂ-ਇਕਾਈ ਦੀ ਅਹਿਮੀਅਤ ਕਾਰਣ ਹੀ, ਗੁਰੂ ਸਾਹਿਬਾਨ ਨੇ ਇਸ ਕਾਵਿ-ਰੂਪ ਦਾ ਪ੍ਰਯੋਗ ਆਪਣੇ ਵਿਚਾਰਾਂ ਦੇ ਸੰਚਾਰ ਹਿਤ ਕੀਤਾ।
ਡਾ. ਮਹਿੰਦਰ ਕੌਰ ਗਿੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੋਕ ਕਾਵਿ-ਰੂਪ, ਖੋਜ ਪਤ੍ਰਿਕਾ: ਬਾਣੀ ਕਾਵਿ ਰੂਪ ਵਿਸ਼ੇਸ਼ ਅੰਕ, (ਸੰਪਾ.) ਪ੍ਰੋ. ਅੰਮ੍ਰਿਤਪਾਲ ਕੌਰ, ਪੰਨਾ ੨੨-੨੪