Guru Granth Sahib Logo
  
ਰਾਗਉੜੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਗਉੜੀ ਰਾਗ ਨੂੰ ਤਰਤੀਬ ਅਨੁਸਾਰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੫੧ ਤੋਂ ੩੪੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੪੦, ਗੁਰੂ ਅਮਰਦਾਸ ਸਾਹਿਬ ਦੇ ੩੯, ਗੁਰੂ ਰਾਮਦਾਸ ਸਾਹਿਬ ਦੇ ੧੧੫, ਗੁਰੂ ਅਰਜਨ ਸਾਹਿਬ ਦੇ ੪੬੨, ਗੁਰੂ ਤੇਗ ਬਹਾਦਰ ਸਾਹਿਬ ਦੇ ੯, ਭਗਤ ਕਬੀਰ ਜੀ ਦੇ ੧੪੩, ਭਗਤ ਨਾਮਦੇਵ ਜੀ ਦਾ ੧ ਤੇ ਭਗਤ ਰਵਿਦਾਸ ਜੀ ਦੇ ੫ ਸ਼ਬਦ ਦਰਜ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੧੦


ਗਉੜੀ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਰਾਗ ਵਿਚ ਮਨ, ਮਤਿ, ਬੁਧਿ, ਆਤਮਾ, ਮੌਤ, ਮੁਕਤੀ ਆਦਿ ਗੰਭੀਰ ਵਿਸ਼ਿਆਂ ਨਾਲ ਸੰਬੰਧਤ ਬਾਣੀ ਉਚਾਰਨ ਕੀਤੀ ਹੈ।
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੭
‘ਬਾਵਨ ਅਖਰੀ’ ਅਤੇ ‘ਸੁਖਮਨੀ’ ਬਾਣੀਆਂ ਵੀ ਇਸੇ ਰਾਗ ਵਿਚ ਹਨ।

ਗੁਰਮਤਿ ਸੰਗੀਤ ਵਿਚ ਗਉੜੀ ਰਾਗ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਦੇ ਸਮੂਹ ਰਾਗਾਂ ਵਿਚੋਂ ਸਭ ਤੋਂ ਵੱਧ ਬਾਣੀ ਇਸੇ ਰਾਗ ਵਿਚ ਦਰਜ ਹੈ। ਗੁਰੂ ਅਰਜਨ ਸਾਹਿਬ ਰਾਗ ਗਉੜੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਗਉੜੀ ਰਾਗਣੀ ਗਾ ਕੇ ਤਾਂ ਹੀ ਭਾਗਸ਼ੀਲ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਵੇ ਅਤੇ ਸੱਚੇ ਗੁਰ-ਸ਼ਬਦ ਅਨੁਸਾਰ ਚੱਲਣ ਨੂੰ ਆਪਣਾ ਸ਼ਿੰਗਾਰ ਬਣਾਵੇ:
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ॥ -ਗੁਰੂ ਗ੍ਰੰਥ ਸਾਹਿਬ ੩੧੧

ਗਉੜੀ ਇਕ ਪੁਰਾਤਨ ਰਾਗ ਹੈ। ਹਿੰਦੁਸਤਾਨੀ ਸੰਗੀਤ ਦੇ ਪੁਰਾਤਨ ਗ੍ਰੰਥਾਂ ਵਿਚ ਗਉੜੀ ਰਾਗ ਨੂੰ ਗੋਰੀ, ਗੌੜੀ, ਗਵਰੀ, ਗਉਰੀ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
Bani Footnote ਡਾ. ਰਤਨ ਸਿੰਘ ਜੱਗੀ, ਗੁਰੂ ਗ੍ਰੰਥ ਵਿਸ਼ਵ ਕੋਸ਼, ਭਾਗ ਪਹਿਲਾ, ਪੰਨਾ ੩੭੨
ਇਸ ਰਾਗ ਦੇ ੨੨ ਪ੍ਰਕਾਰ ਪ੍ਰਚਾਰ ਵਿਚ ਰਹੇ ਹਨ, ਜਿਨ੍ਹਾਂ ਦਾ ਵਖਰਾ ਤੇ ਸੁਤੰਤਰ ਸਰੂਪ ਮੰਨਿਆ ਜਾਂਦਾ ਸੀ। ਗਉੜੀ ਦੇ ਇਨ੍ਹਾਂ ਪ੍ਰਕਾਰਾਂ ਵਿਚ ਕੋਈ ਨਾ ਕੋਈ ਅੰਸ਼ ਜਾਂ ਅੰਗ ਉਸ ਦੇ ਮੁੱਖ ਰਾਗ (ਗਉੜੀ) ਦਾ ਜਰੂਰ ਹੁੰਦਾ ਹੈ, ਜਿਸ ਕਾਰਣ ਇਨ੍ਹਾਂ ਨੂੰ ਗਉੜੀ ਦੇ ‘ਰਾਗਾਂਗ-ਰਾਗ’ ਜਾਂ ‘ਗਉੜੀ ਦੇ ਪ੍ਰਕਾਰ’ ਨਾਵਾਂ ਨਾਲ ਵੀ ਸੰਬੋਧਤ ਕੀਤਾ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ’ ਇਕ ਮੁੱਖ ਰਾਗ ਦੇ ਰੂਪ ਵਿਚ ਵੀ ਆਉਂਦਾ ਹੈ ਅਤੇ ਇਸ ਰਾਗ ਦੇ ੧੧ ਹੋਰ ਮਿਸ਼ਰਤ ਪ੍ਰਕਾਰ ਵੀ ਦਰਜ ਹਨ: ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ ਤੇ ਗਉੜੀ ਸੋਰਠਿ।

‘ਸੰਗੀਤ ਰਤਨਾਕਰ ਗ੍ਰੰਥ’ ਵਿਚਲੇ ਪੰਜ ਗੀਤਾਂ ਸ਼ੁਧਾ, ਭਿੰਨਾ, ਗਉੜੀ, ਬੈਸਰਾ, ਸਾਧਾਰਣੀ ਵਿਚੋਂ ‘ਗਉੜੀ’ ਵੀ ਇਕ ਗੀਤ ਹੈ। ਇਸ ਦੇ ਦੋ ਭੇਦ ‘ਗਉੜੀ’ ਅਤੇ ‘ਔਹਾਟੀ’ ਹਨ। ‘ਗਉੜੀ’ ਉਸ ਗੀਤ ਨੂੰ ਕਹਿੰਦੇ ਹਨ, ਜਿਸ ਵਿਚ ਰਾਗ ਦੇ ਅਜਿਹੇ ਸੁਰ ਸਮੂਹਾਂ ਦਾ ਪ੍ਰਯੋਗ ਹੋਵੇ ਜੋ ਸੁਨਣ ਵਿਚ ਚੰਗੇ ਲਗਦੇ ਹੋਣ। ਮੰਦਰ, ਮੱਧ ਅਤੇ ਤਾਰ ਸਪਤਕ ਦੀ ਜਗ੍ਹਾ ’ਤੇ ਸਥਿਤੀ ਨਿਰੰਤਰ ਹੋਵੇ, ਕੰਨਾਂ ਨੂੰ ਭਾਉਂਦੀ ਹੋਵੇ ਅਤੇ ਗੌੜਵ/ਗੌੜ (ਪੂਰਬੀ ਬੰਗਾਲ ਅਤੇ ਉੜੀਸਾ ਦੇ ਵਿਚਕਾਰਲੇ) ਦੇਸ਼ ਵਿਚ ਪ੍ਰਸਿਧ ਵੀ ਹੋਵੇ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੫੧


‘ਆਇਨ-ਏ-ਅਕਬਰੀ’ ਦੇ ਹਵਾਲੇ ਨਾਲ ਡਾ. ਕਿਰਪਾਲ ਸਿੰਘ ਇਸ ਰਾਗ ਦੀ ਉਤਪਤੀ ਸੰਬੰਧੀ ਦੋ ਵਿਚਾਰ ਪ੍ਰਗਟ ਕਰਦੇ ਹਨ: ਪਹਿਲਾ, ਇਸ ਰਾਗ ਦਾ ਮੁੱਢ ਬੰਗਾਲ ਵਿਚ ਬੱਝਾ ਹੋਵੇਗਾ ਅਤੇ ਦੂਸਰਾ ਇਹ ਕਿ ਗਉੜੀ/ਗੌਰੀ (ਸ਼ਿਵਜੀ ਦੀ ਪਤਨੀ) ਇਸ ਰਾਗ ਦੀ ਮੋਢੀ ਹੋਵੇਗੀ।
Bani Footnote ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ, ਭਾਗ ਦੂਜਾ, ਪੰਨਾ ੪੬
ਸੋ ਉਪਰੋਕਤ ਵਿਚਾਰਾਂ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਸ ਰਾਗ ਦੀ ਉਤਪਤੀ ਬੰਗਾਲ ਦੇਸ਼ ਵਿਚ ਹੋਈ ਹੋਵੇਗੀ।

ਰਾਗ-ਰਾਗਣੀ ਪੱਧਤੀ ਵਿਚ ਗਉੜੀ ਰਾਗ ਬਾਰੇ ਵਖ-ਵਖ ਵਿਚਾਰ ਪਾਏ ਜਾਂਦੇ ਹਨ। ਹਨੂੰਮਾਨ ਮਤ ਅਤੇ ਭਰਤ ਮਤ ਵਿਚ ਇਸ ਰਾਗ ਨੂੰ ਮਾਲਕੌਂਸ ਰਾਗ ਦੀ ਰਾਗਣੀ ਮੰਨਿਆ ਗਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੫੧
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਵੀ ਗਉੜੀ ਇਕ ਰਾਗਣੀ ਹੈ। ਇਸ ਦਾ ਥਾਟ ਪੂਰਬੀ, ਜਾਤੀ ਔੜਵ-ਸ਼ਾੜਵ ਅਤੇ ਇਸ ਵਿਚ ਸ੍ਰੀਰਾਗ ਦਾ ਅੰਗ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੩੮੯
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਗਉੜੀ (ਗਵਰੀ) ਨੂੰ ਸ੍ਰੀਰਾਗ ਦੀ ਰਾਗਣੀ ਮੰਨਿਆ ਹੈ:
ਬੈਰਾਰੀ ਕਰਨਾਟੀ ਧਰੀ।। ਗਵਰੀ ਗਾਵਹਿ ਆਸਾਵਰੀ।।
ਤਿਹ ਪਾਛੈ ਸਿੰਧਵੀ ਅਲਾਪੀ।। ਸਿਰੀ ਰਾਗ ਸਿਉ ਪਾਂਚਉ ਥਾਪੀ।। -ਗੁਰੂ ਗ੍ਰੰਥ ਸਾਹਿਬ ੧੪੩੦

ਗਉੜੀ ਵਖ-ਵਖ ਅੰਗਾਂ ਤੋਂ ਗਾਇਆ-ਵਜਾਇਆ ਜਾਣ ਵਾਲਾ ਰਾਗ ਹੈ। ਭਾਈ ਅਵਤਾਰ ਸਿੰਘ ਤੇ ਗੁਰਚਰਨ ਸਿੰਘ
Bani Footnote ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ-ਪਹਿਲਾ, ਪੰਨਾ ੩੩-੩੭
ਅਨੁਸਾਰ ਗਉੜੀ ‘ਭੈਰਵ’ ਅਤੇ ‘ਪੂਰਵੀ’ ਅੰਗਾਂ ਤੋਂ ਗਾਇਆ ਜਾਣ ਵਾਲਾ ਰਾਗ ਹੈ। ਪ੍ਰੋ. ਤਾਰਾ ਸਿੰਘ ਅਨੁਸਾਰ ਇਹ ਚਾਰ ਤਰ੍ਹਾਂ ਨਾਲ ਗਾਇਆ ਜਾਣ ਵਾਲਾ ਰਾਗ ਹੈ। ਪਹਿਲਾ ਭੈਰਵ ਥਾਟ ਤੇ ਜਾਤੀ ਸੰਪੂਰਨ, ਦੂਜਾ ਭੈਰਵ ਥਾਟ ਤੇ ਜਾਤੀ ਔੜਵ-ਸੰਪੂਰਨ, ਤੀਜਾ ਬਿਲਾਵਲ ਥਾਟ ਤੇ ਜਾਤੀ ਸ਼ਾੜਵ-ਵਕਰ ਸੰਪੂਰਨ ਅਤੇ ਚੌਥਾ ਪੂਰਵੀ ਥਾਟ ਤੇ ਜਾਤੀ ਵਕਰ-ਸੰਪੂਰਨ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੪
ਡਾ. ਗੁਰਨਾਮ ਸਿੰਘ ਅਨੁਸਾਰ ਇਹ ਸਤ ਤਰ੍ਹਾਂ ਨਾਲ ਗਾਇਆ ਜਾਣ ਵਾਲਾ ਰਾਗ ਹੈ। ਪਹਿਲਾ ਥਾਟ ਪੂਰਵੀ ਤੇ ਜਾਤੀ ਔੜਵ-ਸੰਪੂਰਨ, ਦੂਜਾ ਥਾਟ ਪੂਰਵੀ ਤੇ ਜਾਤੀ ਵਕਰ-ਸੰਪੂਰਨ, ਤੀਜਾ ਥਾਟ ਬਿਲਾਵਲ ਤੇ ਜਾਤੀ ਸ਼ਾੜਵ-ਵਕਰ ਸੰਪੂਰਨ, ਚੌਥਾ ਭੈਰਵ ਅੰਗ ਤੇ ਜਾਤੀ ਔੜਵ-ਸੰਪੂਰਨ, ਪੰਜਵਾਂ ਥਾਟ ਪੂਰਵੀ ਤੇ ਜਾਤੀ ਔੜਵ-ਸ਼ਾੜਵ, ਛੇਵਾਂ ਥਾਟ ਭੈਰਵ ਤੇ ਜਾਤੀ ਵਕਰ-ਸੰਪੂਰਨ, ਸੱਤਵਾਂ ਥਾਟ ਭੈਰਵ ਤੇ ਜਾਤੀ ਸ਼ਾੜਵ-ਸੰਪੂਰਨ।
Bani Footnote ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਨਾ ੮੪-੮੫
ਵਰਤਮਾਨ ਸਮੇਂ ਦੇ ‘ਭੈਰਵ ਥਾਟ’ ਵਾਲੇ ਗਉੜੀ ਨੂੰ ੧੪ਵੀਂ ਸਦੀ ਦੇ ਗ੍ਰੰਥਕਾਰ ਕਵੀ ਲੋਚਨ ਨੇ ਵੀ ਮੰਨਿਆ ਹੈ।
Bani Footnote ਪ੍ਰਿੰ. ਸ਼ਮਸ਼ੇਰ ਸਿੰਘ ਕਰੀਰ, ਗੁਰਮਤਿ ਸੰਗੀਤ ਵਿਚ ਗਉੜੀ ਰਾਗ, ਵਿਸਮਾਦੁ ਨਾਦ, (ਸੰਪਾ. ਡਾ. ਗੁਰਨਾਮ ਸਿੰਘ), ਪੰਨਾ ੮੭
ਸ. ਗਿਆਨ ਸਿੰਘ ਐਬਟਾਬਾਦ
Bani Footnote ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੧੬
ਅਤੇ ਡਾ. ਕੰਵਲਜੀਤ ਸਿੰਘ
Bani Footnote ਡਾ. ਕੰਵਲਜੀਤ ਸਿੰਘ, ਸਿੱਖ ਸੇਕਰਿਡ ਮਿਊਜਿਕ, ਪੰਨਾ ੨੯
ਨੇ ਕੇਵਲ ਭੈਰਵ ਅੰਗ ਦੇ ਗਉੜੀ ਰਾਗ ਦਾ ਹੀ ਜਿਕਰ ਕੀਤਾ ਹੈ। ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੭
ਵੱਲੋਂ ਵੀ ਭੈਰਵ ਅੰਗ ਦੇ ਗਉੜੀ ਰਾਗ ਨੂੰ ਹੀ ਪ੍ਰਵਾਣਤ ਕੀਤਾ ਗਿਆ ਹੈ, ਜਿਸ ਦਾ ਸਰੂਪ ਹੇਠ ਲਿਖੇ ਅਨੁਸਾਰ ਹੈ:

ਰਾਗ ਗਉੜੀ ਦਾ ਸਰੂਪ
ਥਾਟ: ਭੈਰਵ।
ਸਵਰ: ਰਿਸ਼ਭ, ਧੈਵਤ (ਕੋਮਲ), ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਗਾ ਰੇ (ਕੋਮਲ), ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਮਾ ਪਾ, ਧਾ (ਕੋਮਲ) ਪਾ ਮਾ ਗਾ, ਰੇ (ਕੋਮਲ) ਗਾ ਰੇ (ਕੋਮਲ), ਸਾ ਨੀ (ਮੰਦਰ ਸਪਤਕ) ਸਾ।
ਪਕੜ: ਮਾ ਧਾ (ਕੋਮਲ) ਪਾ, ਧਾ (ਕੋਮਲ) ਮਾ ਪਾ ਮਾ ਗਾ ਰੇ (ਕੋਮਲ), ਗਾ ਰੇ (ਕੋਮਲ) ਸਾ ਨੀ (ਮੰਦਰ ਸਪਤਕ), ਸਾ।

ਗਾਇਨ ਸਮਾਂ
ਰਾਤ ਦਾ ਪਹਿਲਾ ਪਹਿਰ।
Bani Footnote ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼, ਪੰਨਾ ੩੮੯) ਅਤੇ ਪ੍ਰੋ. ਤਾਰਾ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੪) ਨੇ ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਮੰਨਿਆਂ ਹੈ।