ਰਾਗ ਜੈਜਾਵੰਤੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਜੈਜਾਵੰਤੀ ਰਾਗ ਨੂੰ ਤਰਤੀਬ ਅਨੁਸਾਰ ਇਕੱਤੀਵਾਂ ਸਥਾਨ ਪ੍ਰਾਪਤ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਅਖੀਰਲਾ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਕੇਵਲ ਗੁਰੂ ਤੇਗਬਹਾਦਰ ਸਾਹਿਬ ਦੇ ੪ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੫੨ ਤੋਂ ੧੩੫੩ ਤਕ ਦਰਜ ਹਨ।
ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੯੭
ਜੈਜਾਵੰਤੀ ਇਕ ਪੁਰਾਤਨ ਰਾਗ ਹੈ। ਇਹ ਬਹੁਤ ਹੀ ਮਿੱਠਾ, ਪ੍ਰਭਾਵਸ਼ਾਲੀ ਤੇ ਖਿੱਚ ਪੈਦਾ ਕਰਨ ਵਾਲਾ ਰਾਤ ਦਾ ਰਾਗ ਹੈ। ਇਸ ਵਿਚ ਗੰਭੀਰਤਾ ਤੇ ਕਰੁਣਾ ਦੇ ਭਾਵ ਪ੍ਰਬਲ ਰਹਿੰਦੇ ਹਨ। ਇਸ ਰਾਗ ਨੂੰ ਹਿੰਦੁਸਤਾਨੀ ਸੰਗੀਤ ਵਿਚ ਜੈਜੈਵੰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਡਾ. ਗੁਰਨਾਮ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ, ਪੰਨਾ ੨੧੪
ਇਸ ਤੋਂ ਇਲਾਵਾ ਸੰਗੀਤਕ ਗ੍ਰੰਥਾਂ ਵਿਚ ਇਸ ਰਾਗ ਦੇ ਜਿਜਾਵੰਤੀ, ਜਯਾਵੰਤੀ, ਜਯੰਤੀ ਤੇ ਵੈਜਯੰਤੀ ਨਾਮ ਵੀ ਮਿਲਦੇ ਹਨ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੪੫੩
੧੪ਵੀਂ ਸਦੀ ਦੇ ਸ਼ੁਰੂ ਵਿਚ ਇਹ ਰਾਗ ‘ਜਾਵੰਤਾ’ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
ਦ ਇਨਸਾਇਕਲੋਪੀਡੀਆ ਆਫ ਸਿੱਖਇਜ਼ਮ, ਭਾਗ ੨, ਪੰਨਾ ੧੭੭-੧੭੮
ਭਾਈ ਵੀਰ ਸਿੰਘ ਜੈਜਾਵੰਤੀ ਨੂੰ ਇਕ ਅਜਿਹੀ ਰਾਗਣੀ ਮੰਨਦੇ ਹਨ, ਜੋ ਰਾਗਾਂ ਦੀ ਵੰਸ਼ ਵਿਚ ਨਹੀਂ ਆਉਂਦੀ। ਇਹ ਕਾਨੜਾ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ।
ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੪੫੫
ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਸ ਨੂੰ ਰਾਗਣੀ ਮੰਨਦਿਆਂ ਲਿਖਿਆ ਹੈ ਕਿ ਇਹ ਖਮਾਜ ਥਾਟ ਦੀ ਸੰਪੂਰਨ ਜਾਤੀ ਦੀ ਇਕ ਰਾਗਣੀ ਹੈ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ। ਇਸ ਵਿਚ ਦੋਵੇਂ ਗੰਧਾਰ ਅਤੇ ਦੋਵੇਂ ਨਿਸ਼ਾਦ ਲਗਦੇ ਹਨ।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੫੩੩
ਜੈਜਾਵੰਤੀ ਰਾਗ ਦੋ ਅੰਗਾਂ ਤੋਂ ਗਾਇਆ ਜਾਂਦਾ ਹੈ: ਦੇਸ ਜਾਂ ਸੋਰਠਿ ਅੰਗ ਅਤੇ ਬਾਗੇਸ਼ਵਰੀ ਅੰਗ।
ਡਾ. ਕੰਵਲਜੀਤ ਸਿੰਘ, ਸਿੱਖ ਸੇਕਿ੍ਡ ਮਿਊਜ਼ਿਕ, ਪੰਨਾ ੨੦੬
ਤਾਰ ਸ਼ੜਜ ਵਿਚ ਪ੍ਰਵੇਸ਼ ਕਰਨ ਲਗਿਆਂ ਦੇਸ ਜਾਂ ਸੋਰਠਿ ਅੰਗ ਵਾਲੇ ਜੈਜਾਵੰਤੀ ਰਾਗ ਵਿਚ ‘ਮਾ ਪਾ ਨੀ’ ਦੀ ਸੁਰ ਸੰਗਤੀ ਲਈ ਜਾਂਦੀ ਹੈ, ਜਦਕਿ ਬਾਗੇਸ਼ਵਰੀ ਅੰਗ ਵਾਲੇ ਜੈਜਾਵੰਤੀ ਰਾਗ ਵਿਚ ਪੰਚਮ ਸੁਰ ਦਾ ਤਿਆਗ ਕਰਕੇ ‘ਮਾ ਧਾ’ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਪ੍ਰੋ. ਤਾਰਾ ਸਿੰਘ ਨੇ ਜੈਜਾਵੰਤੀ ਰਾਗ ਦੇ ਉਪਰੋਕਤ ਦੋਵੇਂ ਅੰਗਾਂ ਦੀ ਜਾਣ-ਪਛਾਣ ਕਰਵਾਈ ਹੈ, ਪਰ ਬੰਦਸ਼ ਦੇਸ ਅੰਗ ਵਿਚ ਹੀ ਦਿਤੀ ਹੈ।
ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੩੫੭
ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਡਾ. ਗੁਰਨਾਮ ਸਿੰਘ ਆਦਿ ਨੇ ਜੈਜਾਵੰਤੀ ਦੇ ਦੇਸ ਅੰਗ ਦੀ ਜਾਣ-ਪਛਾਣ ਕਰਵਾ ਕੇ ਇਸ ਵਿਚ ਬੰਦਸ਼ਾਂ ਦਿਤੀਆਂ ਹਨ। ਰਾਗ ਨਿਰਣਾਇਕ ਕਮੇਟੀ
ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੯੮
ਵਲੋਂ ਵੀ ਦੇਸ ਅੰਗ ਦਾ ਹੀ ਸਰੂਪ ਦਿਤਾ ਗਿਆ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:
ਰਾਗ ਜੈਜਾਵੰਤੀ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਅਤੇ ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਧੈਵਤ (ਦੇਸ ਅੰਗ ਦੇ ਆਰੋਹ ਵਿਚ) ਅਤੇ ਪੰਚਮ (ਬਾਗੇਸ਼ਵਰੀ ਅੰਗ ਦੇ ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ ਗਾ, ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ), ਨੀ (ਕੋਮਲ) ਧਾ ਪਾ, ਧਾ, ਮਾ, ਰੇ ਗਾ (ਕੋਮਲ), ਰੇ ਸਾ।
ਮੁੱਖ ਅੰਗ (ਪਕੜ): ਰੇ ਗਾ (ਕੋਮਲ) ਰੇ ਸਾ, ਨੀ (ਕੋਮਲ ਮੰਦਰ ਸਪਤਕ) ਧਾ (ਮੰਦਰ ਸਪਤਕ) ਪਾ (ਮੰਦਰ ਸਪਤਕ) ਰੇ ਸਾ, ਧਾ (ਮੰਦਰ ਸਪਤਕ) ਨੀ (ਕੋਮਲ ਮੰਦਰ ਸਪਤਕ) ਰੇ ਸਾ।
ਗਾਇਨ ਸਮਾਂ
ਰਾਤ ਦਾ ਦੂਜਾ ਪਹਿਰ।