Guru Granth Sahib Logo
  
ਰਾਗ ਮਾਰੂ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਮਾਰੂ ਰਾਗ ਨੂੰ ਤਰਤੀਬ ਅਨੁਸਾਰ ਇੱਕੀਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੮੯ ਤੋਂ ੧੧੦੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੬੫, ਗੁਰੂ ਅੰਗਦ ਸਾਹਿਬ ਦਾ ੧, ਗੁਰੂ ਅਮਰਦਾਸ ਸਾਹਿਬ ਦੇ ੭੫, ਗੁਰੂ ਰਾਮਦਾਸ ਸਾਹਿਬ ਦੇ ੧੩, ਗੁਰੂ ਅਰਜਨ ਸਾਹਿਬ ਦੇ ੧੪੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੧, ਭਗਤ ਰਵਿਦਾਸ ਜੀ ਦੇ ੨ ਅਤੇ ਭਗਤ ਨਾਮਦੇਵ ਜੀ ਤੇ ਭਗਤ ਜੈਦੇਵ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ਪਹਿਲਾ, ਪੰਨਾ ੧੦੩-੧੧੦


‘ਮਾਰੂ’ ਸ਼ਬਦ ਦਾ ਇਕ ਅਰਥ, ਬੰਜਰ ਜਮੀਨ, ਮਾਰੂਥਲ ਜਾਂ ਰੇਤਲਾ ਇਲਾਕਾ ਹੈ। ਸ਼ਾਇਦ ਇਸੇ ਕਰਕੇ ਮਾਰੂ ਰਾਗ ਨੂੰ ਮਾਰੂਥਲਾਂ ਦਾ ਰਾਗ ਮੰਨਿਆ ਗਿਆ ਹੈ।
Bani Footnote ਸੰਪਾ. ਡਾ.ਜਸਵੀਰ ਕੌਰ, ਸਿਮ੍ਰਤੀ ਗ੍ਰੰਥ, ਕੀਰਤਨ ਵਿਸ਼ੇਸ਼ ਅੰਕ, ਪੰਨਾ ੧੨
ਗੁਰੂ ਨਾਨਕ ਸਾਹਿਬ ਵੀ ਆਪਣੀ ਬਾਣੀ ਵਿਚ ਮਾਰੂ ਸ਼ਬਦ ਦੀ ਵਰਤੋਂ ਇਨ੍ਹਾਂ ਅਰਥਾਂ ਵਿਚ ਕਰਦੇ ਹੋਏ ਫਰਮਾਉਂਦੇ ਹਨ:
ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁਖ॥ -ਗੁਰੂ ਗ੍ਰੰਥ ਸਾਹਿਬ ੧੪੮

ਭਾਈ ਕਾਨ੍ਹ ਸਿੰਘ ਨਾਭਾ ਮਾਰੂ ਰਾਗ ਨੂੰ ਜੋਸ਼-ਭਾਵਨਾ ਨਾਲ ਜੋੜਦੇ ਹੋਏ ਲਿਖਦੇ ਹਨ ਕਿ ਮਾਰੂ ਰਾਗ ਦਾ ਅਰਥ ਹੈ, ਜਿਸ ਦੇ ਪ੍ਰਭਾਵ ਨਾਲ ਜੋਧੇ ਮਰ ਮਿਟਣ ਲਈ ਤਿਆਰ ਹੋ ਜਾਣ। ਇਸੇ ਲਈ, ਕਈ ਮਾਰੂ ਰਾਗ ਨੂੰ ਜੁਧ ਦਾ ਖਾਸ ਰਾਗ ਮੰਨਦੇ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਚੰਡੀ ਦੀ ਵਾਰ ਸਟੀਕ, ਪੰਨਾ ੧੯
ਉਹ ਚੰਡੀ ਦੀ ਵਾਰ (ਪਉੜੀ ੧੬) ਦੀ ਤੁਕ ‘ਉੱਮਲ ਲਥੇ ਜੋਧੇ ਮਾਰੂ ਵਜਿਆ’ ਦਾ ਹਵਾਲਾ ਦੇ ਕੇ ਮਾਰੂ ਦੇ ਅਰਥ ‘ਜੰਗੀ ਨਗਾਰਾ, ਉਚੀ ਧੁਨੀ ਵਾਲਾ ਧੌਂਸਾ’ ਵੀ ਕਰਦੇ ਹਨ
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬
ਪਰ ਇਨ੍ਹਾਂ ਦੋਵਾਂ ਹੀ ਅਰਥਾਂ ਵਿਚ ਮਾਰੂ ਦਾ ਸੰਬੰਧ ਜੁਧ ਨਾਲ ਹੀ ਜੁੜਦਾ ਹੈ।

ਮਾਰੂ ਰਾਗ ਦਾ ਪ੍ਰਭਾਵ ਅਜਿਹਾ ਹੈ ਕਿ ਜਦੋਂ ਇਸ ਰਾਗ ਦੀ ਧੁਨੀ ਵੱਜਦੀ ਹੈ, ਤਾਂ ਕਾਇਰਤਾ ਨੱਸ ਜਾਂਦੀ ਹੈ: ਸੁਣ ਕੇ ਸੁਧ ਨਾ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ।
Bani Footnote ਪ੍ਰਿੰ. ਸੁਖੰਵਤ ਸਿੰਘ, ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਗੁਰੂ ਅਰਜਨ ਸਾਹਿਬ ਵਲੋਂ ਭਗਤ ਕਬੀਰ ਜੀ ਦੇ ਜੋਸ਼-ਭਾਵਨਾ ਨਾਲ ਭਰਪੂਰ ਸਲੋਕ, “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ (ਗੁਰੂ ਗ੍ਰੰਥ ਸਾਹਿਬ ੧੧੦੫)” ਨੂੰ ਮਾਰੂ ਰਾਗ ਦੀ ਬਾਣੀ ਵਿਚ ਦਰਜ ਕਰਨ ਪਿਛੇ ਵੀ ਇਸ ਰਾਗ ਦੀ ਜੋਸ਼ ਭਰੀ ਤਾਸੀਰ ਹੀ ਪ੍ਰਤੀਤ ਹੁੰਦੀ ਹੈ।

ਗੁਰਮਤਿ ਸੰਗੀਤ ਵਿਚ ਪ੍ਰਚਲਤ ਮਾਰੂ ਰਾਗ ਦਾ ਇਕ ਆਪਣਾ ਵਖਰਾ ਹੀ ਸਰੂਪ ਅਤੇ ਪ੍ਰਭਾਵ ਹੈ। ਵਿਦਵਾਨਾਂ
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬; ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਨ, ਭਾਗ ਦੂਜਾ, ਪੰਨਾ ੧੪੨; ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੨੭੮; ਪ੍ਰਿੰ. ਸੁਖਵੰਤ ਸਿੰਘ, ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਅਨੁਸਾਰ ਮਾਰੂ ਰਾਗ ਜੋਸ਼ ਦੇ ਨਾਲ-ਨਾਲ ਵੈਰਾਗ ਦਾ ਵੀ ਰਾਗ ਹੈ। ਇਸੇ ਲਈ, ਇਸ ਰਾਗ ਨੂੰ ਜੁਧ ਵੇਲੇ ਅਤੇ ਪ੍ਰਾਣੀ ਦੇ ਅਕਾਲ ਚਲਾਣੇ ਸਮੇਂ ਗਾਇਆ ਜਾਂਦਾ ਹੈ। ਜੀਵ ਦੇ ਮ੍ਰਿਤਕ-ਸੰਸਕਾਰ ਸਮੇਂ ਇਸ ਰਾਗ ਵਿਚ ਸ਼ਬਦ ਗਾਇਨ ਦੀ ਪ੍ਰਥਾ ਬਹੁਤ ਪੁਰਾਤਨ ਮੰਨੀ ਜਾਂਦੀ ਹੈ।
Bani Footnote ਪ੍ਰਿੰ. ਸੁਖੰਵਤ ਸਿੰਘ, ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਇਸ ਰਾਗ ਦੀਆਂ ਸੁਰਾਂ ਨਾਲ ਵੈਰਾਗਮਈ ਵਾਤਾਵਰਣ ਬਣ ਜਾਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਅਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸੀਸ ਦੇ ਸਸਕਾਰ ਸਮੇਂ ਮਾਰੂ ਰਾਗ ਨੂੰ ਗਾਏ ਜਾਣ ਦੇ ਹਵਾਲੇ ਮਿਲਦੇ ਹਨ। ਉਦਾਹਰਣ ਵਜੋਂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਸਸਕਾਰ ਸਮੇਂ ਦਾ ਵਰਨਣ ਇਸ ਪ੍ਰਕਾਰ ਹੋਇਆ ਹੈ:
ਸ਼ਬਦ ਰਬਾਬੀ ਗਾਵਨ ਗਾਵੈਂ। ਮਾਰੂ ਅਰ ਵਡਹੰਸ ਸੁਨਾਵੈ॥
Bani Footnote ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ-ਬਿਰਤਾਂਤ, (ਭਾਗ-ਪੰਜਵਾਂ), ਕ੍ਰਿਤ ਮਹਾਂਕਵੀ ਭਾਈ ਸੰਤੋਖ ਸਿੰਘ, ਪੰਨਾ ੭੮੨


ਨਿਹੰਗ ਸਿੰਘਾਂ ਦੇ ਬੋਲਿਆਂ ਵਿਚ ‘ਮਾਰੂ ਗਾਉਣਾ’ ਦਾ ਅਰਥ ਰੋਣਾ, ਦੁਖ ਦੀ ਪੁਕਾਰ ਕਰਨਾ ਆਦਿ ਹੈ।
Bani Footnote ਗਤਕਾ ਮਾਸਟਰ ਮਨਜੀਤ ਸਿੰਘ, ਸ਼ਸਤਰਨਾਮਾ, ਪੰਨਾ ੧੭੮
ਇਸੇ ਲਈ ਰੋਣ, ਕੁਰਲਾਉਣ, ਸਿਆਪੇ ਕਰਨ ਆਦਿ ਨੂੰ ‘ਮਾਰੂ ਗਾਉਣਾ’ ਵੀ ਕਿਹਾ ਜਾਂਦਾ ਹੈ। ਪ੍ਰਾਣੀ ਦੇ ਚਲਾਣੇ ਵੇਲੇ ਮਾਰੂ ਰਾਗ ਦੇ ਵੈਰਾਗਮਈ ਸ਼ਬਦ ਪੜ੍ਹਨ ਦੀ ਰਵਾਇਤ ਤੋਂ ਹੀ ਨਿਹੰਗ ਸਿੰਘਾਂ ਨੇ ਰੋਣ ਕੁਰਲਾਉਣ ਲਈ ‘ਮਾਰੂ ਗਾਉਣਾ’ ਮੁਹਾਵਰਾ ਘੜ੍ਹ ਲਿਆ ਜਾਪਦਾ ਹੈ।

ਮਾਰੂ ਰਾਗ ਬੜਾ ਪ੍ਰਸਿਧ ਅਤੇ ਪੁਰਾਤਨ ਰਾਗ ਹੈ। ਇਸ ਰਾਗ ਨੂੰ ਕਈ ਨਾਂਵਾਂ, ਜਿਵੇਂ ਮਾਲਵ, ਮਾਰੁਵ, ਮਾਰੁਵਾ, ਮਾਰਵਿਕਾ ਆਦਿ ਨਾਲ ਪੁਕਾਰਿਆ ਜਾਂਦਾ ਅਤੇ ਭਿੰਨ-ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੨੭
ਗੁਰੂ ਗ੍ਰੰਥ ਸਾਹਿਬ ਵਿਚ ਮਾਰੂ ਰਾਗ ਦੇ ਅੰਤਰਗਤ ਦੋ ਹੋਰ ਪ੍ਰਕਾਰਾਂ, ਮਾਰੂ ਕਾਫ਼ੀ ਅਤੇ ਮਾਰੂ ਦਖਣੀ ਵਿਚ ਵੀ ਬਾਣੀ ਦਰਜ ਹੈ।

ਮਾਰੂ ਰਾਗ ਨੂੰ ਹਿੰਦੁਸਤਾਨੀ ਸੰਗੀਤ ਦੇ ਹਨੂਮਾਨ ਮਤ ਅਨੁਸਾਰ ਮਾਲਕੌਂਸ ਦਾ ਪੁੱਤਰ, ਭਰਤ ਮਤ ਅਨੁਸਾਰ ਹਿੰਡੋਲ ਦਾ ਪੁੱਤਰ ਅਤੇ ਸ਼ਿਵ ਮਤ ਅਨੁਸਾਰ ਸ੍ਰੀਰਾਗ ਦਾ ਪੁੱਤਰ ਮੰਨਿਆ ਗਿਆ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੦
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਰਾਗ ਨੁੰ ਮਾਲਕੌਂਸ ਦਾ ਪੁੱਤਰ ਦਰਸਾਇਆ ਗਿਆ ਹੈ:
ਮਾਰੂ ਮਸਤਅੰਗ ਮੇਵਾਰਾ॥ ਪ੍ਰਬਲਚੰਡ ਕਉਸਕ ਉਭਾਰਾ॥
ਖਉਖਟ ਅਉ ਭਉਰਾਨਦ ਗਾਏ॥ ਅਸਟ ਮਾਲਕਉਸਕ ਸੰਗਿ ਲਾਏ॥੧॥ -ਗੁਰੂ ਗ੍ਰੰਥ ਸਾਹਿਬ ੧੪੩੦

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਾਰੂ ਸ਼ਾੜਵ ਜਾਤੀ ਦਾ ਰਾਗ ਹੈ। ਇਸ ਵਿਚ ਪੰਚਮ ਵਰਜਿਤ ਹੈ। ਸ਼ੜਜ, ਗੰਧਾਰ, ਧੈਵਤ ਅਤੇ ਨਿਸ਼ਾਦ ਸ਼ੁਧ, ਰਿਸ਼ਭ ਕੋਮਲ ਅਤੇ ਮਧਿਅਮ ਤੀਬਰ ਲਗਦਾ ਹੈ। ਗੰਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੯੬੬


ਪ੍ਰੋ. ਤਾਰਾ ਸਿੰਘ ਨੇ ਮਾਰੂ ਰਾਗ ਦੇ ਤਿੰਨ ਪ੍ਰਕਾਰ ਦਰਸਾਏ ਹਨ: ਇਕ ਮਾਰਵਾ ਥਾਟ ਦਾ, ਦੂਜਾ ਬਿਲਾਵਲ ਥਾਟ ਦਾ ਅਤੇ ਤੀਜਾ ਖਮਾਜ ਥਾਟ ਦਾ। ਪਹਿਲੇ ਪ੍ਰਕਾਰ ਵਿਚ ਸਾ ਅਤੇ ਰੇ ਕੋਮਲ, ਮਾ ਤੀਵਰ, ਪਾ ਵਰਜਿਤ ਅਤੇ ਹੋਰ ਸਾਰੇ ਸੁਰ ਸ਼ੁਧ ਲਗਦੇ ਹਨ। ਦੂਜੇ ਪ੍ਰਕਾਰ ਵਿਚ ਸਾਰੇ ਸੁਰ ਸ਼ੁਧ ਲਗਦੇ ਹਨ। ਇਸ ਦਾ ਵਾਦੀ ਸੁਰ ਗਾ ਅਤੇ ਸੰਵਾਦੀ ਨੀ ਹੈ, ਇਸ ਦੀ ਜਾਤੀ ਔੜਵ-ਸੰਪੂਰਨ ਹੈ। ਤੀਜੇ ਪ੍ਰਕਾਰ ਵਿਚ ਦੋਵੇਂ ਨੀ ਅਤੇ ਹੋਰ ਸੁਰ ਸ਼ੁਧ ਲਗਦੇ ਹਨ। ਇਸ ਦੇ ਆਰੋਹ ਵਿਚ ਰੇ ਅਤੇ ਧਾ ਸੁਰ ਵਰਜਿਤ ਕਰਨ ਦੀ ਪ੍ਰਥਾ ਹੈ ਅਤੇ ਅਵਰੋਹ ਵਿਚ ਸੱਤ ਸੁਰ ਵਰਤੇ ਜਾਂਦੇ ਹਨ। ਇਸ ਦੀ ਜਾਤੀ ਔੜਵ-ਸੰਪੂਰਨ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੨੩੦


ਡਾ. ਗੁਰਨਾਮ ਸਿੰਘ ਨੇ ਵੀ ਮਾਰੂ ਰਾਗ ਦੇ ਤਿੰਨ ਸਰੂਪ ਦਰਸਾਏ ਹਨ। ਪਹਿਲੇ ਸਰੂਪ ਅਨੁਸਾਰ ਮਾਰਵਾ ਨੂੰ ਹੀ ਮਾਰੂ ਰਾਗ ਮੰਨਿਆ ਹੈ। ਦੂਜਾ ਸਰੂਪ ਖਮਾਜ ਥਾਟ ਤੋਂ ਅਤੇ ਤੀਸਰਾ ਬਿਲਾਵਲ ਥਾਟ ਤੋਂ ਮੰਨਿਆ ਹੈ। ਸਰਦਾਰ ਗਿਆਨ ਸਿੰਘ ਐਬਟਾਬਾਦ ਅਤੇ ਭਾਈ ਅਵਤਾਰ ਸਿੰਘ ਤੇ ਗੁਰਚਰਨ ਸਿੰਘ ਨੇ ਮਾਰੂ ਰਾਗ ਨੂੰ ਖਮਾਜ ਥਾਟ ਦਾ ਰਾਗ ਮੰਨਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੧੪੩


ਇਸ ਤਰ੍ਹਾਂ ਮਾਰੂ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਮੱਤ ਹਨ। ਪਰ ਇਥੇ ਇਸ ਰਾਗ ਦਾ ਉਹੀ ਸਰੂਪ ਦਿਤਾ ਜਾ ਰਿਹਾ ਹੈ, ਜਿਹੜਾ ਕਿ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖੰਵਤ ਸਿੰਘ, ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੬੬
ਵਲੋਂ ਪ੍ਰਵਾਣਤ ਕੀਤਾ ਗਿਆ ਹੈ:

ਰਾਗ ਮਾਰੂ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਮਧਿਅਮ, ਦੋਵੇਂ ਧੈਵਤ, ਦੋਵੇਂ ਨਿਸ਼ਾਦ, ਹੋਰ ਸਭ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਗੰਧਾਰ।
ਸੰਵਾਦੀ: ਨਿਸ਼ਾਦ।
ਆਰੋਹ: ਸਾ ਗਾ ਮਾ ਪਾ, ਧਾ ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਮਾ ਗਾ ਰੇ ਸਾ।
ਮੁਖ ਅੰਗ (ਪਕੜ): ਪਾ ਪਾ ਨੀ (ਕੋਮਲ) ਧਾ ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ ਧਾ (ਕੋਮਲ) ਪਾ, ਪਾ ਧਾ ਪਾ ਗਾ, ਰੇ, ਗਾ ਰੇ ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।