‘ਅਨੰਦ’ ਦਾ ਅਖਰੀ ਅਰਥ ਖੁਸ਼ੀ ਅਤੇ ਪ੍ਰਸੰਨਤਾ ਹੈ ਪਰ ਇਹ ਦੋਵੇਂ ਸ਼ਬਦ ਜਾਂ ਕੋਈ ਵੀ ਹੋਰ ਸ਼ਬਦ ‘ਅਨੰਦ’ ਦੇ ਅਸਲੀ ਭਾਵ ਦਾ ਲਖਾਇਕ ਨਹੀਂ। ਇਸ ਪਾਵਨ ਬਾਣੀ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਅਨੰਦ ਦਾ ਸੋਮਾ ਸਤਿਗੁਰੂ ਦਾ ਸ਼ਬਦ ਹੈ। ਸੱਚਾ ਅਨੰਦ ਜਗਿਆਸੂ ਨੂੰ ਗੁਰ-ਸ਼ਬਦ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਗਿਆਸੂ ਦੇ ਸਰੀਰ ਦੇ ਸਾਰੇ ਕਰਮ ਅਤੇ ਗਿਆਨ-ਇੰਦਰੇ ਸੁਤੇ ਹੀ ਸਹਿਜ ਅਤੇ ਸੰਜਮ ਵਿਚ ਆ ਜਾਂਦੇ ਹਨ। ਇਸ ਤਰ੍ਹਾਂ ਉਸ ਦੀ ਸਮੁੱਚੀ ਸ਼ਖਸੀਅਤ ਰਸਭਿੰਨੀ ਹੋ ਜਾਂਦੀ ਹੈ।
‘ਗੁਰ-ਸ਼ਬਦ’ ਰਾਹੀਂ ਅਨੰਦਮਈ ਜੀਵਨ-ਜਾਚ ਅਪਨਾਉਣ ਦੀ ਜੁਗਤੀ ਇਸ ਬਾਣੀ ਦਾ ਕੇਂਦਰੀ ਨੁਕਤਾ ਹੈ। ਇਸ ਵਿਚ ਪ੍ਰਭੂ ਦਾ ਮਿਲਾਪ ਅਤੇ ਉਸ ਮਿਲਾਪ ਤੋਂ ਉਪਜਿਆ ਵਿਸਮਾਦ ਹੈ। ਸਿਖ ਪਰੰਪਰਾ ਵਿਚ ਇਹ ਬਾਣੀ ਇੰਨੀ ਅਹਿਮ ਹੈ ਕਿ ਨਿਜੀ ਜਾਂ ਸੰਗਤੀ ਰੂਪ ਵਿਚ ਕੀਤੇ ਜਾਂਦੇ ਧਾਰਮਕ ਸਮਾਗਮਾਂ ਦੀ ਸਮਾਪਤੀ ਵੇਲੇ ਅਤੇ ਕਿਸੇ ਵੀ ਖੁਸ਼ੀ ਤੇ ਗਮੀ ਦੇ ਕਾਰਜ ਵੇਲੇ, ਇਸ ਬਾਣੀ ਦਾ ਸੰਪੂਰਨ ਜਾਂ ਆਂਸ਼ਿਕ (ਪਹਿਲੀਆਂ ਪੰਜ ਪਉੜੀਆਂ ਅਤੇ ਅਖੀਰਲੀ ਪਉੜੀ ਦਾ) ਪਾਠ ਜਾਂ ਕੀਰਤਨ ਕੀਤਾ ਜਾਂਦਾ ਹੈ। ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ‘ਸੋ ਦਰੁ ਰਹਰਾਸਿ’ ਦੇ ਪਾਠ ਵਿਚ ਵੀ ਇਸ ਬਾਣੀ ਦਾ ਸੰਖੇਪ ਰੂਪ ਪੜ੍ਹਿਆ ਜਾਂਦਾ ਹੈ। ਅੰਮ੍ਰਿਤ-ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ, ਜਪੁ, ਜਾਪੁ, ਤ੍ਵਪ੍ਰਸਾਦਿ ਸਵੱਯੇ (ਸ੍ਰਾਵਗ ਸੁਧ ਵਾਲੇ) ਅਤੇ ਬੇਨਤੀ ਚੌਪਈ ਦੇ ਨਾਲ ਇਸ ਬਾਣੀ ਨੂੰ ਵੀ ਪੜ੍ਹੇ ਜਾਣ ਦਾ ਵਿਧਾਨ ਹੈ।



