Guru Granth Sahib Logo
  
ਅਨੰਦ ਬਾਣੀ ਉਚਾਰ ਸੰਬੰਧੀ ਸੰਦਰਭ
ਇਸ ਬਾਣੀ ਦੇ ਉਚਾਰਣ ਸੰਬੰਧੀ ਸਭ ਤੋਂ ਪਹਿਲਾ ਹਵਾਲਾ ਹਰਿ ਜੀ
Bani Footnote ਹਰਿ ਜੀ, ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੇ ਵਡੇ ਭਰਾ ਪਿਰਥੀ ਚੰਦ (੧੫੫੮-੧੬੧੯ ਈ.) ਦਾ ਪੋਤਰਾ ਅਤੇ ਸੋਢੀ ਮਿਹਰਬਾਨ (੧੫੮੧-੧੬੪੦ ਈ.) ਦੇ ਤਿੰਨ ਪੁੱਤਰਾਂ (ਕਰਨ ਮਲ, ਹਰਿ ਜੀ ਅਤੇ ਚਤੁਰਭੋਜ) ਵਿਚੋਂ ਦੂਜਾ ਪੁੱਤਰ ਸੀ। ਆਪਣੇ ਪਿਤਾ ਮਿਹਰਬਾਨ ਦੇ ਦੇਹਾਂਤ ਤੋਂ ਬਾਅਦ ਹਰਿ ਜੀ ਆਪਣੀ ਸੰਪਰਦਾਇ, ਜਿਸ ਨੂੰ ਸਿਖਾਂ ਵਿਚ ਮੀਣੇ, ਮਿਹਰਬਾਨੀ ਸੰਪਰਦਾਇ ਅਤੇ ਛੋਟਾ ਮੇਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦੀ ਗੱਦੀ ’ਤੇ ਬੈਠਿਆ ਅਤੇ ਮਹਲਾ ੮ ਦੇ ਨਾਮ ਹੇਠ ਰਚਨਾ ਕੀਤੀ। ਇਸ ਦਾ ਦੇਹਾਂਤ ਸੰਨ ੧੬੯੬ ਵਿਚ ਹੋਇਆ। -ਪ੍ਰੋ. ਪ੍ਰੀਤਮ ਸਿੰਘ ਤੇ ਡਾ. ਜੋਗਿੰਦਰ ਸਿੰਘ ਆਹਲੂਵਾਲੀਆ, ਸਿੱਖਾਂ ਦਾ ਛੋਟਾ ਮੇਲ: ਇਤਿਹਾਸ ਤੇ ਸਰਵੇਖਣ, ਪੰਨਾ ੯੮-੯੯
ਕ੍ਰਿਤ ‘ਗੋਸਟਿ
Bani Footnote ‘ਗੋਸਟਿ’ ਇਕ ਪਰੰਪਰਾਗਤ ਅਤੇ ਸੰਵਾਦਾਤਮਕ ਸਾਹਿਤ ਵਿਧਾ ਹੈ। ਗੋਸਟਿ ਸ਼ਬਦ ਦੀ ਵਰਤੋਂ ਇਕੱਠੇ ਮਿਲ ਕੇ ਬੈਠੇ ਹੋਏ ਲੋਕਾਂ ਵਿਚਲੀ ਗੱਲਬਾਤ, ਵਾਰਤਾਲਾਪ ਜਾਂ ਚਰਚਾ ਲਈ ਕੀਤੀ ਜਾਂਦੀ ਹੈ। ਪੰਜਾਬੀ ਵਿਚ ਗੋਸਟਿ ਲਿਖਣ ਦਾ ਆਰੰਭ ਗੁਰੂ ਨਾਨਕ ਸਾਹਿਬ ਦੀ ਰਚਨਾ ‘ਸਿਧ-ਗੋਸਟਿ’ ਤੋਂ ਮੰਨਿਆ ਜਾਂਦਾ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੮੧੬
ਗੁਰੂ ਅਮਰਦਾਸ’
Bani Footnote ‘ਗੋਸਟਿ ਗੁਰੂ ਅਮਰਦਾਸ’ ਨੂੰ ਗੁਰੂ ਅਰਜਨ ਸਾਹਿਬ ਦੇ ਭਤੀਜੇ ਅਤੇ ਪਿਰਥੀ ਚੰਦ ਦੇ ਪੁੱਤਰ ਮਿਹਰਬਾਨ ਦੀ ਰਚਨਾ ਮੰਨਿਆ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੮੧੧-੮੧੨; ਇਸ ਦੀ ਇਕ ਹਥ-ਲਿਖਤ ਸੈਂਟਰਲ ਪਬਲਿਕ ਲਾਇਬਰੇਰੀ, ਪਟਿਆਲਾ ਵਿਚ (ਨੰ. ੬੭੬) ਪਈ ਹੈ। ਉਸ ਅਨੁਸਾਰ ‘ਗੋਸਟਿ ਗੁਰੂ ਅਮਰਦਾਸ’ ੧੬੮੩ ਈ. ਦੀ ਰਚਨਾ ਹੈ। ਇਸ ਵਿਚ ਤਿੰਨ ਗੋਸ਼ਟਾਂ ਹਨ। ਇਨ੍ਹਾਂ ਗੋਸ਼ਟਾਂ ਦੇ ਸਥਾਨ ਵਡਾਲੀ ਤੇ ਗੋਇੰਦਵਾਲ ਹਨ। ਇਸ ਵਿਚ ਗੁਰੂ ਅਮਰਦਾਸ ਸਾਹਿਬ ਦੇ ਸਾਰੰਗ, ਮਲਾਰ ਤੇ ਪ੍ਰਭਾਤੀ ਰਾਗਾਂ ਵਿਚਲੇ ਕੁਝ ਸ਼ਬਦਾਂ ਦੇ ਪਰਮਾਰਥ ਦਿੱਤੇ ਗਏ ਹਨ। ਇਸ ‘ਗੋਸਟਿ’ ਦੀ ਦੂਜੀ ਹਥ-ਲਿਖਤ ਪ੍ਰੋ. ਪ੍ਰੀਤਮ ਸਿੰਘ ਕੋਲ ਸੀ (ਸ਼ਾਇਦ ਹੁਣ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਹੋਵੇ, ਕਿਉਂਕਿ ਪ੍ਰੋ. ਪ੍ਰੀਤਮ ਸਿੰਘ ਦੀ ਨਿਜੀ ਲਾਇਬਰੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪ ਦਿੱਤੀ ਗਈ ਸੀ)। ਇਸ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਬਿਲਾਵਲ ਤੇ ਰਾਮਕਲੀ ਰਾਗਾਂ ਦੇ ਚੋਣਵੇਂ ਸ਼ਬਦਾਂ ਦੇ ਨਾਲ ‘ਅਨੰਦੁ’ ਸਾਹਿਬ ਦੇ ਪਰਮਾਰਥ ਵੀ ਦਿੱਤੇ ਗਏ ਹਨ। -ਰਾਏਜਸਬੀਰ ਸਿੰਘ (ਸੰਪਾ.), ਗੁਰੂ ਅਮਰਦਾਸ: ਸਰੋਤ ਪੁਸਤਕ, ਪੰਨਾ ੪੪
ਵਿਚ ਮਿਲਦਾ ਹੈ। ਇਸ ਗੋਸਟਿ ਅਨੁਸਾਰ, ਇਕ ਦਿਨ ਜਦੋਂ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ (ਪੰਜਾਬ) ਬੈਠੇ ਸਨ, ਆਪ ਜੀ ਦੇ ਪੁੱਤਰ ਮੋਹਰੀ ਜੀ
Bani Footnote ਮੋਹਰੀ ਜੀ, ਗੁਰੂ ਅਮਰਦਾਸ ਸਾਹਿਬ ਅਤੇ ਮਾਤਾ ਮਨਸਾ ਦੇਵੀ ਜੀ ਦੇ ਛੋਟੇ ਪੁੱਤਰ ਸਨ। ਇਨ੍ਹਾਂ ਦਾ ਜਨਮ ੧੫੩੯ ਈ. ਵਿਚ ਪਿੰਡ ਬਾਸਰਕੇ ਗਿੱਲਾਂ, ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ‘ਰਾਮਕਲੀ ਸਦ’ ਵਿਚ ਬਾਬਾ ਸੁੰਦਰ ਜੀ ਨੇ ਮੋਹਰੀ ਜੀ ਦਾ ਜਿਕਰ ਕੀਤਾ ਹੈ ਕਿ ਗੁਰੂ ਅਮਰਦਾਸ ਸਾਹਿਬ ਵੱਲੋਂ ਜਦੋਂ ਆਪਣੇ ਜਵਾਈ ਸ੍ਰੀ ਰਾਮਦਾਸ ਸਾਹਿਬ (੧੫੩੪-੧੫੮੧ ਈ.) ਨੂੰ ਗੁਰਗੱਦੀ (੧੫੭੪ ਈ. ਵਿਚ) ਦਿੱਤੀ ਤਾਂ ਮੋਹਰੀ ਜੀ ਨੇ ਸਭ ਤੋਂ ਪਹਿਲਾਂ ਮਥਾ ਟੇਕਿਆ: ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥ -ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ-ਬਿਰਤਾਂਤ ਕ੍ਰਿਤ ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਪੰਨਾ ੪੬੫
ਦੇ ਘਰ ਬੇਟਾ ਪੈਦਾ ਹੋਇਆ। ਉਸ ਦਾ ਨਾਮ ‘ਅਨੰਦ’
Bani Footnote ਅਨੰਦ ਜੀ, ਬਾਬਾ ਸੁੰਦਰ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦਾ ਅੰਤਮ ਉਪਦੇਸ਼ ‘ਰਾਮਕਲੀ ਸਦ’ (ਪੰਨਾ ੯੨੩-੨੪) ਵਿਚ ਅੰਕਤ ਕੀਤਾ, ਦੇ ਪਿਤਾ ਸਨ। -ਡਾ. ਤਾਰਨ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਕ ਇਤਿਹਾਸ, ਪੰਨਾ ੩੩੯; ਗੁਰੂ ਅਮਰਦਾਸ ਜੀ ਨੇ ਇਨ੍ਹਾਂ ਦੇ ਜਨਮ ਸਮੇਂ ਰਾਗ ਰਾਮਕਲੀ ਮਹਲਾ ੩ ਸਿਰਲੇਖ ਹੇਠ ‘ਅਨੰਦੁ’ ਬਾਣੀ ਦਾ ਉਚਾਰਣ ਕੀਤਾ ਸੀ, ਜਿਸ ਕਰਕੇ ਇਨ੍ਹਾਂ ਦਾ ਨਾਂ ‘ਅਨੰਦ’ ਰੱਖਿਆ ਗਿਆ। -ਸ਼ਮਸ਼ੇਰ ਸਿੰਘ ਅਸ਼ੋਕ, ਸ੍ਰੀ ਗੁਰੂ ਅਮਰਦਾਸ ਜੀ ਤੇ ਗੋਇੰਦਵਾਲ, ਪੰਜਾਬੀ ਦੁਨੀਆ: ਸ੍ਰੀ ਗੁਰੂ ਅਮਰਦਾਸ ਵਿਸ਼ੇਸ਼ ਅੰਕ, ਰਜਨੀਸ਼ ਕੁਮਾਰ (ਸੰਪਾ.), ਪੰਨਾ ੧੭੧
ਰਖਿਆ ਗਿਆ। ਉਸ ਸਮੇਂ ਇਸਤਰੀਆਂ ‘ਰਣ ਝੁਝਟੜਾ ਮੇਰੀ ਮਾਏ। ਹਸਨੁ ਖੇਲਣੁ ਕਰ ਆਏ’ ਗੀਤ ਗਾਉਣ ਲੱਗੀਆਂ। ਗੁਰੂ ਸਾਹਿਬ ਨੇ ਪੁਛਿਆ ਕਿ ਇਹ ਇਸਤਰੀਆਂ ਕੀ ਗਾਉਂਦੀਆਂ ਹਨ? ਉਨ੍ਹਾਂ ਨੂੰ ਦੱਸਿਆ ਗਿਆ ਕਿ ਮੋਹਰੀ ਜੀ ਦੇ ਘਰ ਬੇਟਾ ਪੈਦਾ ਹੋਇਆ ਹੈ। ਇਸ ਲਈ ‘ਰਣ ਝੁਝਟੜਾ’ ਗਾਉਂਦੀਆਂ ਹਨ। ਗੁਰੂ ਸਾਹਿਬ ਨੇ ਪੁਛਿਆ ਕਿ ‘ਰਣ ਝੁਝਟੜਾ’ ਕੀ ਹੈ? ਜਵਾਬ ਵਿਚ ਕਿਹਾ ਗਿਆ ਕਿ ਜਿਥੇ ਸ਼ਾਦੀ, ਅਨੰਦ ਹੁੰਦਾ ਹੈ, ਉਥੇ ਇਹ ਗਾਇਆ ਜਾਂਦਾ ਹੈ। ਇਥੇ ਬਾਲਕ ਪੈਦਾ ਹੋਣ ਦੀ ਖੁਸ਼ੀ ਵਿਚ ਗਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜਿਸ ਨੇ ਇਹ ਬਾਲਕ ਭੇਜਿਆ ਹੈ, ਉਸ ਦਾ ਹੀ ਅਨੰਦ ਗਾਈਏ ਤੇ ਅਨੰਦ ਹੀ ਅਨੰਦ ਹੋ ਜਾਈਏ। ਗੁਰੂ ਸਾਹਿਬ ਨੇ ਕਿਹਾ ਕਿ ਰਬਾਬੀਆਂ ਨੂੰ ਬੁਲਾਓ। ਰਬਾਬੀਆਂ ਤੋਂ ਗੁਰੂ ਸਾਹਿਬ ਨੇ ਪੁਛਿਆ ਕਿ ਇਹ ਇਸਤਰੀਆਂ ਜਿਹੜਾ ‘ਰਣ ਝੁਝਟੜਾ’ ਗਾ ਰਹੀਆਂ ਹਨ, ਇਹ ਕਿਸ ਰਾਗ ਵਿਚ ਹੈ? ਉੱਤਰ ਮਿਲਿਆ ਕਿ ਪਾਤਸ਼ਾਹ ਤੁਸੀਂ ਸਭ ਜਾਣੀ ਜਾਣ ਹੋ, ਇਹ ਰਾਮਕਲੀ ਰਾਗ ਵਿਚ ਹੈ। ਗੁਰੂ ਸਾਹਿਬ ਨੇ ਕਿਹਾ ਕਿ ‘ਗੁਰੂ’ ਨੇ ਰਾਮਕਲੀ ‘ਅਨੰਦੁ’ ਭੇਜਿਆ ਹੈ, ਉਹੀ ‘ਅਨੰਦੁ’ ਗਾਓ। ਉਨ੍ਹਾਂ ਨੇ ਕਾਲੈ ਮਿਠਦੇ
Bani Footnote ਰਾਏਜਸਬੀਰ ਸਿੰਘ ਨੇ (ਗੁਰੂ ਅਮਰਦਾਸ: ਸਰੋਤ ਪੁਸਤਕ, ਪੰਨਾ ੧੭੫) ‘ਕਾਲੈ ਮਿਠਦੇ’ ਦੇ ‘ਕਲਸਹਾਰ ਭੱਟ’ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ) ਹੋਣ ਵੱਲ ਸੰਕੇਤ ਕੀਤਾ ਹੈ, ਪਰ ਉਨ੍ਹਾਂ ਨੇ ਨਾਲ ਪ੍ਰਸ਼ਨ ਚਿੰਨ੍ਹ (?) ਵੀ ਲਾਇਆ ਹੈ। ਭਾਵ, ਉਨ੍ਹਾਂ ਨੂੰ ਇਸ ਜਾਣਕਾਰੀ ’ਤੇ ਸੰਦੇਹ ਹੈ। ‘ਕਲਸਹਾਰ ਭਟ’ ਹੀ ‘ਕਾਲੈ ਮਿਠਦੇ’ ਹੋਵੇ, ਸਾਨੂੰ ਇਸ ਦੀ ਪੁਸ਼ਟੀ ਕਿਸੇ ਹੋਰ ਸਰੋਤ ਤੋਂ ਨਹੀਂ ਹੋਈ।
ਨੂੰ ਰਬਾਬ ਵਜਾਉਣ ਲਈ ਕਿਹਾ। ਗੁਰੂ ਸਾਹਿਬ ਨੇ ਅਲਾਪ ਨਾਲ ਗੁਰੂ ਬਾਬੇ ਦਾ ਸਲੋਕ ਗਾ ਕੇ ਰਾਮਕਲੀ ਰਾਗ ਵਿਚ ‘ਅਨੰਦੁ’ ਗਾਇਆ: ਅਨੰਦੁ ਭਇਆ ਮੇਰੀ ਮਾਏ...ਸਤਿਗੁਰੂ ਮੈ ਪਾਇਆ। -ਗੁਰੂ ਗ੍ਰੰਥ ਸਾਹਿਬ ੯੧੭

ਸਰੂਪ ਦਾਸ ਭੱਲਾ, ਜੋ ਗੁਰੂ ਅਮਰਦਾਸ ਸਾਹਿਬ ਦੀ ਨੌਵੀਂ ਪੀੜ੍ਹੀ ਵਿਚੋਂ ਸਨ, ਨੇ ‘ਮਹਿਮਾ ਪ੍ਰਕਾਸ਼’
Bani Footnote ‘ਮਹਿਮਾ-ਪ੍ਰਕਾਸ਼’ (ਕਾਵਿ) ਸਰੂਪ ਦਾਸ ਭੱਲਾ ਦੁਆਰਾ ੧੭੭੬ ਈ. ਵਿਚ ਗੁਰੂ ਇਤਿਹਾਸ ਬਾਰੇ ਲਿਖੀ ਗਈ ਰਚਨਾ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤਕ ਦੇ ਸਿਖ-ਇਤਿਹਾਸ ਨਾਲ ਸੰਬੰਧਤ ਸਾਖੀਆਂ ਨੂੰ ਕਾਵਿ-ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਗ੍ਰੰਥ ਦੀ ਭਾਸ਼ਾ ‘ਬ੍ਰਜ ਭਾਸ਼ਾ’ ਹੈ, ਜਿਸ ਵਿਚ ਪੰਜਾਬੀ ਦਾ ਮਿਸ਼ਰਣ ਹੈ। ਇਸ ਵਿਚ ਪੌਰਾਣਕ ਤੱਤਾਂ ਦੀ ਪ੍ਰਧਾਨਤਾ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਚੌਥਾ, ਪੰਨਾ ੧੫੬੪
ਵਿਚ ਅਤੇ ਭਾਈ ਸੰਤੋਖ ਸਿੰਘ
Bani Footnote ਭਾਈ ਸੰਤੋਖ ਸਿੰਘ ਦਾ ਜਨਮ ਭਾਈ ਦੇਵਾ ਸਿੰਘ ਦੇ ਘਰ ੧੭੮੭ ਈ. ਵਿਚ ਮਾਤਾ ਰਜੀ (ਰਾਜ ਦੇਈ) ਦੀ ਕੁਖੋਂ ਪਿੰਡ ‘ਨੂਰ ਦੀ ਸਰਾਂ’ (ਅੰਮ੍ਰਿਤਸਰ, ਪੰਜਾਬ) ਵਿਚ ਹੋਇਆ। ਆਪ ਨੇ ਭਾਈ ਸੰਤ ਸਿੰਘ ਤੋਂ ਅੰਮ੍ਰਿਤਸਰ ਵਿਖੇ ਵਿਦਿਆ ਪ੍ਰਾਪਤ ਕੀਤੀ। ਕੈਥਲ ਰਿਆਸਤ ਦੇ ਰਾਜਾ ਉਦੈ ਸਿੰਘ ਨੇ ਆਪ ਜੀ ਨੂੰ ਰਾਜ-ਕਵੀ ਵਜੋਂ ਸਰਪ੍ਰਸਤੀ ਦਿੱਤੀ। ਆਪ ਦਾ ਦੇਹਾਂਤ ੧੮੪੩ ਈ. ਵਿਚ ਹੋਇਆ। ਆਪ ਜੀ ਨੇ ਨਾਮ ਕੋਸ਼, ਗੁਰੂ ਨਾਨਕ ਪ੍ਰਕਾਸ਼, ਗਰਬ ਗੰਜਨੀ ਟੀਕਾ ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਆਦਿ ਦੀ ਰਚਨਾ ਕੀਤੀ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ ੪੨੧
ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’
Bani Footnote ਇਹ ਭਾਈ ਸੰਤੋਖ ਸਿੰਘ ਦੀ ਪ੍ਰਮੁੱਖ ਰਚਨਾ ਹੈ। ਇਸ ਨੂੰ ਉਨ੍ਹਾਂ ਨੇ ੭ ਸਾਲਾਂ ਵਿਚ (੧੮੩੬-੧੮੪੩ ਈ.) ਕੈਥਲ ਵਿਖੇ ਪੂਰਾ ਕੀਤਾ। ਇਸ ਰਚਨਾ ਦੇ ਨਾਮ ਅਨੁਸਾਰ ਇਹ ਗੁਰੂ ਸਾਹਿਬਾਨ ਦੇ ਪ੍ਰਤਾਪ ਦਾ ਸੂਰਜ ਹੈ। ਇਸ ਵਿਚਲੇ ਕਥਾਨਕ ਨੂੰ ਸੂਰਜ ਦੀ ਗਤੀ ਅਨੁਸਾਰ ੧੨ ਰਾਸਾਂ, ੬ ਰੁਤਾਂ, ੨ ਐਨਾਂ (ਅਯਨਾਂ) ਅਤੇ ੧੧੫੧ ਅੰਸੂਆਂ (ਕਿਰਨਾਂ) ਵਿਚ ਵੰਡਿਆ ਹੈ। ਇਸ ਵਿਚ ਕਵੀ ਜੀ ਨੇ ਆਪਣੇ ਤੋਂ ਪੂਰਬਲੇ ਸਿਖ ਸਰੋਤ ਗ੍ਰੰਥਾਂ: ਦਸਮ ਗ੍ਰੰਥ, ਗੁਰ ਸ਼ੋਭਾ, ਗੁਰ ਬਿਲਾਸ, ਮਹਿਮਾ ਪ੍ਰਕਾਸ਼ ਅਤੇ ਪਰਚੀ ਸਾਹਿਤ ਦੀ ਭਰਪੂਰ ਵਰਤੋਂ ਕੀਤੀ ਹੈ। ਇਸ ਵਿਚ ਗੁਰੂ ਸਾਹਿਬਾਨ ਦੇ ਜੀਵਨ ਚਰਿਤ੍ਰ ਨੂੰ ਅਵਤਾਰਵਾਦੀ ਭਾਵਨਾ ਅਤੇ ਇਤਿਹਾਸਕ ਘਟਨਾਵਾਂ ਨੂੰ ਪੌਰਾਣਕ ਪਿਛੋਕੜ ਵਿਚ ਰੰਗ ਕੇ ਪੇਸ਼ ਕੀਤਾ ਗਿਆ ਹੈ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੭੫੩-੭੫੫
ਵਿਚ ਥੋੜ੍ਹੇ-ਬਹੁਤੇ ਅੰਤਰ ਨਾਲ ਉਪਰੋਕਤ ਸਾਖੀ ਦੇ ਬਿਰਤਾਂਤ ਨਾਲ ਹੀ ਇਸ ਬਾਣੀ ਦੇ ਉਚਾਰਣ ਦਾ ਸੰਬੰਧ ਜੋੜਿਆ ਹੈ ਪਰ ਇਨ੍ਹਾਂ ਸਾਖੀਆਂ ਉੱਤੇ ਸਨਾਤਨੀ ਪ੍ਰਭਾਵ ਸਪਸ਼ਟ ਰੂਪ ਵਿਚ ਦਿਖਾਈ ਦਿੰਦਾ ਹੈ। ‘ਮਹਿਮਾ ਪ੍ਰਕਾਸ਼’ ਵਿਚ ਦਰਜ ਸਾਖੀ ਅਨੁਸਾਰ ਇਕ ਪੁਰਾਤਨ ਸਿਧ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਆਇਆ। ਉਸ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜਦੋਂ ਤੋਂ ਆਪ ਗੁਰੂ ਨਾਨਕ ਸਾਹਿਬ ਦੀ ਗੱਦੀ ਉਪਰ ਬੈਠੇ ਹੋ, ਉਦੋਂ ਤੋਂ ਹੀ ਮੇਰੇ ਦਿਲ ਵਿਚ ਸ਼ਰਧਾ ਸੀ ਕਿ ਤੁਹਾਡੇ ਦਰਸ਼ਨ ਕਰਾਂ। ਅੱਜ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋਇਆ ਹਾਂ। ਉਸ ਨੇ ਆਪਣੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਮੈਂ ਕਈ ਤਰ੍ਹਾਂ ਦੇ ਤਪ ਅਤੇ ਜੋਗ ਸਾਧਨਾਂ ਦੇ ਬਲ ਨਾਲ ਅਲੌਕਿਕ ਸ਼ਕਤੀਆਂ ਪ੍ਰਾਪਤ ਕਰ ਲਈਆਂ ਹਨ, ਜਿਸ ਕਾਰਣ ਲੋਕ ਮੇਰੇ ਅਧੀਨ ਹੋ ਕੇ ਮੇਰੀ ਪੂਜਾ ਕਰਦੇ ਹਨ ਪਰ ਇਸ ਦੇ ਬਾਵਜੂਦ ਵੀ ਮੇਰਾ ਮਨ ਸ਼ਾਂਤ ਨਹੀਂ। ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਅਨੰਦ ਬਖਸ਼ੋ। ਗੁਰੂ ਸਾਹਿਬ ਨੇ ਉਸ ਦੀ ਬੇਨਤੀ ਸੁਣੀ ਅਤੇ ਕਿਹਾ ਕਿ ਤੁਹਾਨੂੰ ਆਪਣਾ ਇਹ ਸਰੀਰ ਤਿਆਗ ਕੇ, ਨਵਾਂ ਸਰੀਰ ਧਾਰਨ ਕਰਕੇ, ਸਾਡੇ ਕੋਲ ਆਉਣਾ ਪਵੇਗਾ। ਫਿਰ ਹੋਵੇਗੀ ਅਨੰਦ ਦੀ ਪ੍ਰਾਪਤੀ। ਉਸ ਨੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਆਪਣਾ ਸਰੀਰ ਤਿਆਗ ਦਿੱਤਾ ਅਤੇ ਮੁੜ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ (ਅਨੰਦ ਜੀ) ਦੇ ਰੂਪ ਵਿਚ ਬਾਬਾ ਮੋਹਰੀ ਜੀ ਦੇ ਘਰ ਜਨਮ ਲਿਆ।

ਪੋਤਰੇ ਦੇ ਜਨਮ ਸਮੇਂ, ਗੁਰੂ ਸਾਹਿਬ ਨੇ ਆਪਣੇ ਸਿਖ ਭਾਈ ਬਲੂ (ਜੋ ਗੁਰੂ ਅੰਗਦ ਸਾਹਿਬ ਸਮੇਂ ਸਿਖ ਬਣਿਆ ਅਤੇ ਬਾਅਦ ਵਿਚ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਵਿਚ ਰਿਹਾ) ਨੂੰ ਕਿਹਾ ਕਿ ਮੋਹਰੀ ਦੇ ਘਰ ਜਿਹੜਾ ਬਾਲਕ ਪੈਦਾ ਹੋਇਆ ਹੈ, ਉਸ ਨੂੰ ਸਾਡੇ ਕੋਲ ਲੈ ਆਓ। ਭਾਈ ਬਲੂ, ਬਾਲਕ ਨੂੰ ਗੁਰੂ ਸਾਹਿਬ ਕੋਲ ਲੈ ਆਏ। ਗੁਰੂ ਸਾਹਿਬ ਨੇ ਆਪਣੇ ਨਵ-ਜਨਮੇ ਪੋਤਰੇ ਨੂੰ ਗੋਦ ਵਿਚ ਲੈਂਦਿਆ ਕਿਹਾ ਕਿ ਇਹ ਬਾਲਕ ਵਡਾ ਸੰਤ ਜਨਮਿਆ ਹੈ ਅਤੇ ਅਨੰਦ ਦੀ ਪ੍ਰਾਪਤੀ ਲਈ ਸਾਡੇ ਘਰ ਆਇਆ ਹੈ। ਇਸ ਲਈ ਅਸੀਂ ਇਕ ਬਾਣੀ ਰਚਾਂਗੇ, ਉਸ ਦਾ ਨਾਮ ‘ਅਨੰਦੁ’ ਰਖਾਂਗੇ, ਜਿਸ ਨਾਲ ਸਭ ਜਗਿਆਸੂਆਂ ਦੀਆਂ ਮਨੋ-ਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਪੋਤਰੇ ਨੂੰ ਗੋਦ ਵਿਚ ਲੈ ਕੇ ਗੁਰੂ ਸਾਹਿਬ ਨੇ ਇਸ ਬਾਣੀ ਦਾ ਉਚਾਰਣ ਕੀਤਾ।

ਬਾਣੀ ਉਚਾਰਣ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਬਲੂ ਨੂੰ ਢੋਲਕੀ ਦੀ ਤਾਲ ’ਤੇ ਇਸ ਬਾਣੀ ਨੂੰ ਉੱਚੀ-ਉੱਚੀ ਗਾਉਣ ਲਈ ਕਿਹਾ। ਬਾਣੀ ਦੇ ਗਾਇਨ ਨੂੰ ਸੁਣ ਸਾਰੀ ਸੰਗਤ ਖੁਸ਼ੀ ਦੇ ਰੌਂਅ ਵਿਚ ਆ ਗਈ। ਅੰਤ ਵਿਚ ਦੱਸਿਆ ਗਿਆ ਕਿ ਇਹ ਬਾਣੀ ਭਗਤੀ ਅਤੇ ਮੁਕਤੀ ਦੀ ਫਲ-ਦਾਤੀ ਹੈ। ਜਿਹੜਾ ਮਨੁਖ ਇਸ ਬਾਣੀ ਨੂੰ ਸੁਣੇਗਾ, ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਜੋ ਇਸ ਬਾਣੀ ਨੂੰ ਨੇਮ ਨਾਲ ਪੜ੍ਹੇਗਾ, ਉਸ ਨੂੰ ਅਲੱਭ ਵਸਤੂ ਪ੍ਰਾਪਤ ਹੋਵੇਗੀ।
Bani Footnote ਸਰੂਪ ਦਾਸ ਭੱਲਾ, ਮਹਿਮਾ ਪ੍ਰਕਾਸ਼, ਭਾਗ ਦੂਜਾ (ਖੰਡ ਪਹਿਲਾ), ਡਾ. ਉੱਤਮ ਸਿੰਘ ਭਾਟੀਆ (ਸੰਪਾ.), ਪੰਨਾ ੨੨੬-੨੩੦


ਉਪਰੋਕਤ ਸਾਖੀ ਨੂੰ ਹੀ ਮੈਕਸ ਆਰਥਰ ਮੈਕਾਲਿਫ
Bani Footnote ‘ਸਿੱਖ ਇਤਿਹਾਸ’ ਦੇ ਲੇਖਕ ਅਤੇ ਗੁਰਬਾਣੀ ਦੇ ਅਨੁਵਾਦਕ ਮੈਕਸ ਆਰਥਰ ਮੈਕਾਲਿਫ਼ ਦਾ ਜਨਮ ੧੦ ਸਤੰਬਰ ੧੮੪੧ ਈ. ਨੂੰ ਨਿਊਕੈਸਲ ਵੈਸਟ, ਆਇਰਲੈਂਡ ਵਿਚ ਹੋਇਆ। ਉਹ ੧੮੬੪ ਈ. ਵਿਚ ਪੰਜਾਬ ਆਏ। ੧੮੮੦ ਈ. ਵਿਚ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਦੀਵਾਲੀ ਵੇਖਣ ਅਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋ. ਗੁਰਮੁਖ ਸਿੰਘ ਦੇ ਸੰਪਰਕ ਵਿਚ ਆਉਣ ਕਾਰਣ ਉਨ੍ਹਾਂ ਦੀ ਰੁਚੀ ਸਿਖ ਇਤਿਹਾਸ ਅਤੇ ਗੁਰਬਾਣੀ ਵਿਚ ਵਧੀ। ਸਭ ਤੋਂ ਪਹਿਲਾਂ ‘ਕਲਕੱਤਾ ਰਿਵਿਊ’ ਦੇ ੧੮੮੦-੮੧ ਈ. ਦੇ ਤਿੰਨ ਅੰਕਾਂ ਵਿਚ ਉਨ੍ਹਾਂ ਦੇ ਸਿਖ ਧਰਮ ਬਾਰੇ ਤਿੰਨ ਵਿਸਤ੍ਰਿਤ ਲੇਖ ਛਪੇ। ੧੮੮੩ ਈ. ਵਿਚ ਉਨ੍ਹਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਦੋ ਸਾਲਾਂ ਲਈ ਆਪਣੇ ਕੋਲ ਰਖ ਕੇ ਗੁਰਬਾਣੀ ਦਾ ਅਧਿਐਨ ਕੀਤਾ। ੧੮੯੩ ਈ. ਵਿਚ ਨੌਕਰੀ ਤੋਂ ਸੇਵਾ-ਮੁਕਤ ਹੋ ਕੇ ਉਨ੍ਹਾਂ ਨੇ ਸਾਰਾ ਸਮਾਂ ਸਿਖ-ਇਤਿਹਾਸ ਦੀ ਖੋਜ ਨੂੰ ਅਰਪਤ ਕਰ ਦਿੱਤਾ। ਉਨ੍ਹਾਂ ਨੇ ੧੯੦੯ ਵਿਚ ‘The Sikh Religion: Its Gurus, Sacred Writings and authors’ ਦੇ ਨਾਮ ਹੇਠ ਆਪਣੇ ਖੋਜ-ਕਾਰਜ ਨੂੰ ਛੇ ਜਿਲਦਾਂ ਵਿਚ ਆਕਸਫੋਰਡ ਯੂਨੀਵਰਸਿਟੀ ਤੋਂ ਛਪਵਾਇਆ। ੨੫੦੦ ਪੰਨਿਆਂ ਦੇ ਇਸ ਵਿਸ਼ਾਲ ਗ੍ਰੰਥ ਦੇ ਲਗਭਗ ਅੱਧੇ ਹਿੱਸੇ ਵਿਚ ਗੁਰੂ ਸਾਹਿਬਾਨ ਦਾ ਇਤਿਹਾਸ ਅਤੇ ਬਾਕੀ ਅੱਧੇ ਹਿੱਸੇ ਵਿਚ ਗੁਰਬਾਣੀ ਦਾ ਅੰਗਰੇਜ਼ੀ ਅਨੁਵਾਦ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਦਿਹਾਂਤ ੧੫ ਮਾਰਚ ੧੯੧੩ ਈ. ਨੂੰ ਵੈਸਟ ਕੈਨਸਿੰਗਟਨ, ਲੰਡਨ ਵਿਚ ਸਥਿਤ ਆਪਣੇ ਹੀ ਘਰ ‘ਸਿਨਕਲੇਅਰ ਗਾਰਡਨਜ਼’ ਵਿਚ ਹੋਇਆ। ਕਿਹਾ ਜਾਂਦਾ ਹੈ ਕਿ ਦਿਹਾਂਤ ਤੋਂ ਦਸ ਮਿੰਟ ਪਹਿਲਾਂ ਉਨ੍ਹਾਂ ਨੇ ‘ਜਪੁ’ ਬਾਣੀ ਦਾ ਪਾਠ ਕੀਤਾ। -ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਚੌਥਾ, ਪੰਨਾ ੧੫੬੭-੧੫੬੮
ਨੇ ਆਪਣੀ ਪੁਸਤਕ ‘ਸਿੱਖ ਇਤਿਹਾਸ’ ਵਿਚ ਵਿਸਥਾਰ ਦਿੰਦਿਆਂ ਲਿਖਿਆ ਹੈ ਕਿ ਸਿਧ ਨੇ ਗੁਰੂ ਸਾਹਿਬ ਦੀ ਬੰਸ ਵਿਚ ਜਨਮ ਲੈਣ ਦੀ ਇਛਾ ਜਾਹਰ ਕੀਤੀ ਸੀ। ਗੁਰੂ ਸਾਹਿਬ ਨੇ ਉਸ ਨੂੰ ਆਪਣੇ ਪੁੱਤਰ ਮੋਹਰੀ ਜੀ ਦੇ ਘਰ ਜਨਮ ਲੈਣ ਦਾ ਵਰ ਦਿੱਤਾ ਸੀ। ਮੋਹਰੀ ਜੀ ਦੇ ਵਡੇ ਪੁੱਤਰ ਦਾ ਨਾਮ ਭਾਈ ਅਰਥ ਮਲ ਅਤੇ ਛੋਟੇ ਪੁੱਤਰ ਦਾ ਨਾਮ ਸਿਧ ਯੋਗੀ ਸੀ। ਸਿਧ ਯੋਗੀ ਦਾ ਨਾਮ ਹੀ ਗੁਰੂ ਸਾਹਿਬ ਨੇ ‘ਅਨੰਦ’ ਰਖਿਆ।
Bani Footnote ਮੈਕਸ ਆਰਥਰ ਮੈਕਾਲਿਫ, ਸਿੱਖ ਇਤਿਹਾਸ, ਭਾਗ ੧ ਅਤੇ ੨, ਪੰਨਾ ੨੭੮


ਮਹਿਮਾ ਪ੍ਰਕਾਸ਼ ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚਲੀਆਂ ਸਾਖੀਆਂ ਬਾਰੇ ਗਿ. ਹਰਿਬੰਸ ਸਿੰਘ ਦਾ ਵਿਚਾਰ ਹੈ ਕਿ “ਅਜਿਹੀਆਂ ਸਾਖੀਆਂ ਸਿਖ-ਇਤਿਹਾਸ ਨੂੰ ਸੁਆਦਲਾ ਬਣਾਉਂਦੀਆਂ ਹਨ ਪਰ ‘ਅਨੰਦ’ ਪੋਤਰੇ ਦੇ ਨਾਂ ਨਾਲ ‘ਅਨੰਦੁ’ ਬਾਣੀ ਨੂੰ ਜੋੜਨਾ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਕਿਉਂਕਿ ਗੁਰਬਾਣੀ ਵਿਚੋਂ ਇਸ ਤੱਥ ਨੂੰ ਸਿਧ ਕਰਨ ਲਈ ਕੋਈ ਪ੍ਰਮਾਣ ਨਹੀਂ ਮਿਲਦਾ।”
Bani Footnote ਗਿ. ਹਰਿਬੰਸ  ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਨੌਵੀਂ, ਪੰਨਾ ੩੩੯


ਇਸ ਬਾਣੀ ਦੀ ਰਚਨਾ ਦੇ ਸੰਬੰਧ ਵਿਚ ਡਾ. ਮਹਿੰਦਰ ਕੌਰ ਗਿੱਲ ਨੇ ਲਿਖਿਆ ਹੈ: ਸਿਖ ਪਰੰਪਰਾ ਅਨੁਸਾਰ ਗੁਰੂ ਅਮਰਦਾਸ ਸਾਹਿਬ ਨੇ ਇਹ ਰਚਨਾ ਆਪਣੇ ਪੋਤਰੇ ਅਨੰਦ, ਜੋ ਮੋਹਰੀ ਜੀ ਦੇ ਘਰ ਸੰਨ ੧੫੪੪ ਈ. ਵਿਚ ਜਨਮਿਆ, ਦੇ ਜਨਮ ਉਪਰੰਤ ਉਚਾਰੀ। ਇਸ ਰਚਨਾ ਦੇ ਪ੍ਰੇਰਕ ਹੇਤੂਆਂ ਵਿਚੋਂ ਇਹ ਇਕ ਪ੍ਰੇਰਕ-ਹੇਤੂ ਹੋ ਸਕਦਾ ਹੈ, ਪਰ ਉਸ ਦਾ ਮੂਲ-ਪ੍ਰੇਰਕ ਨਹੀਂ। ...ਮੇਰੀ ਜਾਚੇ ‘ਅਨੰਦੁ’ ਬਾਣੀ ਦਾ ਮੂਲ ਪ੍ਰੇਰਕ-ਹੇਤੂ ਗੁਰਮਤਿ ਅਨੁਸਾਰ ਅਨੰਦ-ਸੰਬੋਧ ਨੂੰ ਸਪਸ਼ਟ ਕਰਨਾ ਹੀ ਹੋ ਸਕਦਾ ਹੈ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਤੀਸਰੇ ਪਾਤਸ਼ਾਹ ਦੇ ਪੋਤਰੇ ਦੇ ਜਨਮ ਸਮੇਂ ਜੋ ਖ਼ੁਸ਼ਗਵਾਰ ਸਮਾਂ ਉਨ੍ਹਾਂ ਦੇ ਪਰਿਵਾਰ ਵਿਚ ਆਇਆ, ਉਨ੍ਹਾਂ ਨੇ ਬਜ਼ੁਰਗ ਦੀ ਹੈਸੀਅਤ ਵਿਚ ਪਰਿਵਾਰ ਦੇ ਜੀਆਂ ਨੂੰ ਇਹ ਨਸੀਹਤ ਕੀਤੀ ਕਿ ਜੀਵਨ ਵਿਚ ਆਮ ਵਾਪਰਦੇ ਸਾਧਾਰਨ ਖੁਸ਼ੀ ਦੇ ਮੌਕਿਆਂ ਨੂੰ ਵੀ ਰੱਬੀ ਦਾਤ ਸਮਝ ਕੇ ਜੀਉਣਾ ਚਾਹੀਦਾ ਹੈ।
Bani Footnote ਮਹਿੰਦਰ ਕੌਰ ਗਿੱਲ, ਅਨੰਦੁ ਸਾਹਿਬ: ਸਾਹਿਤਕ ਮਹਾਨਤਾ, ਪੰਜਾਬੀ ਦੁਨੀਆ: ਗੁਰੂ ਅਮਰਦਾਸ ਵਿਸ਼ੇਸ਼ ਅੰਕ, ਰਜਨੀਸ਼ ਕੁਮਾਰ (ਸੰਪਾ.), ਪੰਨਾ ੯੮-੯੯


ਸਮੁੱਚੇ ਰੂਪ ਵਿਚ ਭਾਵੇਂ ਇਸ ਬਾਣੀ ਦੇ ਉਚਾਰਣ ਦਾ ਇਕ ਸੰਦਰਭ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਅਨੰਦ ਦੇ ਜਨਮ ਨਾਲ ਜੋੜਿਆ ਜਾਂਦਾ ਹੈ ਪਰ ਇਸ ਬਾਣੀ ਦੇ ਭਾਵ ਬਹੁਤ ਉੱਚੇ ਹਨ, ਜਿਸ ਨੂੰ ਕੇਵਲ ਦੁਨਿਆਵੀ ਸੰਦਰਭ ਨਾਲ ਜੋੜ ਕੇ ਦੇਖਣਾ ਦਰੁਸਤ ਨਹੀਂ ਹੋਵੇਗਾ। ਇਸ ਵਿਚ ਗੁਰੂ ਅਮਰਦਾਸ ਸਾਹਿਬ ਨੇ ਅਧਿਆਤਮਕ ਅਨੰਦ ਦੀ ਗੱਲ ਕੀਤੀ ਹੈ, ਜਿਸ ਦੀ ਪ੍ਰਾਪਤੀ ਸੱਚੇ ਗੁਰ-ਸ਼ਬਦ ਦੁਆਰਾ ਹੁੰਦੀ ਹੈ।

ਅਨੰਦ ਬਾਣੀ ਦੇ ਕਰਤਾ ਸੰਬੰਧੀ
ਮਹਿਮਾ ਪ੍ਰਕਾਸ਼, ਗੁਰ ਪ੍ਰਤਾਪ ਸੂਰਜ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਅਤੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਅਮਰਦਾਸ ਸਾਹਿਬ ਨੂੰ ਸੰਪੂਰਨ ‘ਅਨੰਦ’ ਬਾਣੀ ਦੇ ਉਚਾਰਣ ਕਰਤਾ ਨਹੀਂ ਮੰਨਿਆ ਗਿਆ। ਸਰੂਪ ਦਾਸ ਭੱਲਾ ‘ਮਹਿਮਾ ਪ੍ਰਕਾਸ਼’ ਵਿਚ ਲਿਖਦੇ ਹਨ:
ਬਾਨੀ ਅਨੰਦ ਗੁਰ ਕੀਆ ਉਚਾਰ। ਪਉੜੀ ਅਠਤੀਸ ਬਾਨੀ ਸੁਖਸਾਰ।...
ਆਨੰਦ-ਮੂਲ ਬਾਨੀ ਗੁਰ ਕਰੀ। ਇਕ ਪੌੜੀ ਚੌਥੇ ਮਹਲ ਤਹਾ ਧਰੀ।
ਆਨੰਦ ਮਹਾਤਮ ਉਸਤਤ ਕੀ ਪੌੜੀ। ਸ੍ਰੀ ਸਤਿਗੁਰ ਮਹਲ ਪੰਜਵੇ ਜੋੜੀ।
Bani Footnote ਸਰੂਪ ਦਾਸ ਭੱਲਾ, ਮਹਿਮਾ ਪ੍ਰਕਾਸ਼, ਭਾਗ ਦੂਜਾ (ਖੰਡ ਪਹਿਲਾ), ਡਾ. ਉੱਤਮ ਸਿੰਘ ਭਾਟੀਆ (ਸੰਪਾ.), ਪੰਨਾ ੨੨੭-੨੨੮


ਭਾਈ ਸੰਤੋਖ ਸਿੰਘ ਵੀ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਇਸੇ ਤਰ੍ਹਾ ਦਾ ਵਿਚਾਰ ਪੇਸ਼ ਕਰਦੇ ਹਨ:
ਅਨੰਦ ਮੂਲ ਬਾਣੀ ਸੁਭ ਕਰੀ। ਭਗਤਿ ਵਿਰਾਗ ਗ੍ਯਾਨ ਸੋਂ ਭਰੀ॥
ਚਤੁਰਥ ਪਾਤਸ਼ਾਹ ਜਬਿ ਭਏ। ਇਕ ਪੌੜੀ ਤਿਨਹੂੰ ਰਚਿ ਕਏ॥੨੪॥
ਇਕ ਸ੍ਰੀ ਅਰਜਨ ਤਿਹ ਸੰਗ ਜੋੜੀ। ਅਨੰਦ ਮਹਾਤਮ ਚਾਲਿਸ ਪੌੜੀ॥
Bani Footnote ਡਾ. ਕਿਰਪਾਲ ਸਿੰਘ, (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ-ਬਿਰਤਾਂਤ ਕ੍ਰਿਤ ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਪੰਨਾ ੪੫੪


ਇਹੀ ਵਿਚਾਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਵਿਚ ਵੀ ਦਰਜ ਹਨ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਪੁਰਾਤਨ ਰਵਾਇਤ ਦਾ ਵੇਰਵਾ ਦੇ ਕੇ ਇਨ੍ਹਾਂ ਹੀ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ।
Bani Footnote “ਅਨੰਦ ਬਾਣੀ ਕੇ ਮਹਾਤਮ ਕੀ ਇਹੁ ਇਕ ਪਉੜੀ ਚੌਥੀ ਪਾਤਸਾਹੀ ਨੇ ਉਚਾਰੀ ਹੈ।... ਗੁਰੂ ਪੰਜਵੀਂ ਪਾਤਸ਼ਾਹੀ ਬਾਣੀ ਕੋ ਸਮਾਪਤਿ ਕਰਤੇ ਹੂਏ ਮਹਾਤਮ ਕਹਤੇ ਹੈਂ॥” -ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੩, ਪੰਨਾ ੧੮੯੪-੧੮੯੫; “ਪੁਰਾਣੀ ਰਵਾਇਤ ਹੈ ਕਿ ਇਹ ੩੯ਵੀਂ ਪਉੜੀ ਚੌਥੇ ਪਾਤਸ਼ਾਹ ਦੀ ਰਚੀ ਹੋਈ ਹੈ ਅਤੇ ੪੦ਵੀਂ ਪਉੜੀ ਪੰਜਵੇਂ ਪਾਤਸ਼ਾਹ ਦੀ।” -ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਤੀਜੀ, ਪੰਨਾ ੯੨੨
ਇਸ ਪ੍ਰਕਾਰ ਇਨ੍ਹਾਂ ਸਾਰੇ ਸਰੋਤਾਂ ਵਿਚ ਗੁਰੂ ਅਮਰਦਾਸ ਸਾਹਿਬ ਨੂੰ ਕੇਵਲ ਪਹਿਲੀਆਂ ੩੮ ਪਉੜੀਆਂ ਦੇ ਉਚਾਰਣ ਕਰਤਾ ਮੰਨਿਆ ਗਿਆ ਹੈ। ਇਨ੍ਹਾਂ ਸਰੋਤਾਂ ਅਨੁਸਾਰ ੩੯ਵੀਂ ਤੇ ੪੦ਵੀਂ ਪਉੜੀ ਦੇ ਉਚਾਰਣ ਕਰਤਾ ਕ੍ਰਮਵਾਰ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਹਨ। ਪਰ ਇਹ ਵਿਚਾਰ ਕਿਸੇ ਪ੍ਰਮਾਣਕ ਸਰੋਤ ਨੂੰ ਅਧਾਰ ਨਹੀਂ ਬਣਾਉਂਦੇ।

ਉਪਰੋਕਤ ਵਿਚਾਰਾਂ ਦੇ ਵਿਪਰੀਤ ਕਵਿ ਗੁਲਾਬ ਸਿੰਘ ਰਚਿਤ ‘ਗੁਰ-ਪ੍ਰਣਾਲੀ’
Bani Footnote ਅਜਿਹੀ ਰਚਨਾ ਜਿਸ ਵਿਚ ਗੁਰੂ ਸਾਹਿਬਾਨ ਦੀ ਪੀੜ੍ਹੀ (ਬੰਸ/ਵੰਸ਼) ਦਾ ਲੜੀਵਾਰ ਵਰਣਨ ਕੀਤਾ ਗਿਆ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਪੰਜ ਗੁਰੂ ਸਾਹਿਬਾਨ ਦੀ ਗੁਰ-ਪ੍ਰਣਾਲੀ ਦਾ ਵਰਣਨ ਭੱਟਾਂ ਦੇ ਸਵੱਈਆਂ ਵਿਚ ਹੋਇਆ ਹੈ। ਭਾਈ ਗੁਰਦਾਸ ਜੀ ਨੇ ‘ਵਾਰਾਂ’ ਵਿਚ ਛੇ ਗੁਰੂ ਸਾਹਿਬਾਨ ਦੀ ਗੁਰ-ਪ੍ਰਣਾਲੀ ਵਰਣਨ ਕੀਤੀ ਹੈ। ਬਚਿਤ੍ਰ ਨਾਟਕ ਵਿਚ ਗੁਰੂ ਤੇਗਬਹਾਦਰ ਸਾਹਿਬ ਤਕ ਗੁਰ-ਪ੍ਰਣਾਲੀ ਲਿਖੀ ਮਿਲਦੀ ਹੈ। ਗੁਰੂ ਸਾਹਿਬਾਨ ਦੇ ਦਰਬਾਰੀ ਲਿਖਾਰੀਆਂ, ਸਿਖ ਰਾਜ ਦੇ ਸਮੇਂ ਦੇ ਅਤੇ ਉਸ ਤੋਂ ਬਾਅਦ ਦੇ ਕਈ ਕਵੀਆਂ ਨੇ ਵਿਸਥਾਰ ਨਾਲ ਗੁਰ-ਪ੍ਰਣਾਲੀਆਂ ਲਿਖੀਆਂ ਹਨ। -ਸ. ਰਣਧੀਰ ਸਿੰਘ (ਸੰਪਾ.), ਬਾਬਾਣੀ ਪੀੜ੍ਹੀ ਚਲੀ: ਗੁਰ-ਪ੍ਰਣਾਲੀਆਂ, ਪੰਨਾ (ਹ)
ਵਿਚ ‘ਅਨੰਦੁ’ ਬਾਣੀ ਦੀਆਂ ਚਾਲੀ ਪਉੜੀਆਂ ਦੇ ਉਚਾਰਣ ਕਰਤਾ ਗੁਰੂ ਅਮਰਦਾਸ ਸਾਹਿਬ ਨੂੰ ਹੀ ਮੰਨਿਆ ਗਿਆ ਹੈ।
Bani Footnote “ਕਾਤਿਕ ਕੀ ਚੌਧਵੀਂ ਮੈ ਮੋਹਿਰੀ ਕੋ ਸੁਤ ਭਯੋ, ਰਾਖਯੋ ‘ਅਨੰਦ’ ਨਾਮ ਦੇਵਤ ਬਧਾਈ ਹੈ। ਦਾਇਕ ਅਨੰਦ ਚਾਲੀ ਪੌੜੀਆਂ ‘ਅਨੰਦ’ ਜੀ ਕੀ, ਤਿਸ ਪ੍ਰਥਾਇ ਸਾਹਿਬਾਂ ਨੇ ਪ੍ਰਗਟਾਈ ਹੈਂ।” -ਸ. ਰਣਧੀਰ ਸਿੰਘ (ਸੰਪਾ.), ਬਾਬਾਣੀ ਪੀੜ੍ਹੀ ਚਲੀ: ਗੁਰ-ਪ੍ਰਣਾਲੀਆਂ, ਪੰਨਾ ੧੭੫
ਭਾਈ ਸੰਤੋਖ ਸਿੰਘ ਦੇ ਵਿਚਾਰ ਦਾ ਖੰਡਨ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਵੀ ਸੰਪੂਰਨ ‘ਅਨੰਦੁ’ ਬਾਣੀ ਦੇ ਉਚਾਰਣ-ਕਰਤਾ ਗੁਰੂ ਅਮਰਦਾਸ ਸਾਹਿਬ ਨੂੰ ਹੀ ਮੰਨਦੇ ਹਨ: “ਅਨੰਦ ਬਾਣੀ ਦੀਆਂ ੪੦ ਪੌੜੀਆਂ ਹਨ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ੩੮ ਗੁਰੂ ਅਮਰ ਦੇਵ ਦੀਆਂ, ਇਕ ਗੁਰੂ ਰਾਮਦਾਸ ਜੀ ਦੀ ਅਤੇ ਇਕ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ, ਪਰ ਇਹ ਸਹੀ ਨਹੀਂ, ਸਾਰੀ ਬਾਣੀ ਤੀਜੇ ਸਤਿਗੁਰੁ ਜੀ ਦੀ ਹੈ।”
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੧੨੪
ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਵਿਦਵਾਨ ਵੀ ਉਨ੍ਹਾਂ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦੇ ਹਨ।

ਗਿ. ਹਰਿਬੰਸ ਸਿੰਘ ਨੇ ਭਾਈ ਸੰਤੋਖ ਸਿੰਘ ਦੇ ਉਪਰੋਕਤ ਵਿਚਾਰ ਬਾਰੇ ਲਿਖਿਆ ਹੈ ਕਿ ਭਾਈ ਸਾਹਿਬ ਨੇ ਕਿਸੇ ਗ੍ਰੰਥ ਦਾ ਹਵਾਲਾ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਇਹ ਖੋਜ ਕਿਥੋਂ ਅਤੇ ਕਿਵੇਂ ਪ੍ਰਾਪਤ ਹੋਈ?...ਵਿਚਾਰ ਨੂੰ ਪਰਖ ਦੀ ਕਸਵੱਟੀ ’ਤੇ ਲਾ ਕੇ ਵੇਖਿਆ ਜਾਵੇ ਤਾਂ ਇਹ ਸਿਧ ਹੋ ਜਾਂਦਾ ਹੈ ਕਿ ਅੰਤਲੀਆਂ ਦੋਵੇਂ ਪਉੜੀਆਂ ਗੁਰੂ ਅਮਰਦਾਸ ਸਾਹਿਬ ਦੀਆਂ ਆਪਣੀਆਂ ਰਚੀਆਂ ਹੋਈਆਂ ਹਨ, ਕਿਉਂਕਿ ਇਸ ਬਾਣੀ ਵਿਚ ਪਹਿਲਾਂ ਗੁਰਦੇਵ ਜੀ ਨੇ ੧੬ਵੀਂ ਪਉੜੀ ਵਿਚ ਅੰਕਤ ਕੀਤਾ ਹੈ ਕਿ ‘ਏਹੁ ਸੋਹਿਲਾ ਸਬਦੁ ਸੁਹਾਵਾ॥’ ਫਿਰ ਉਸੇ ਸੋਹਿਲੇ ਨੂੰ ੩੯ਵੀਂ ਪਉੜੀ ਵਿਚ ਚੇਤੇ ਕਰਾਇਆ ਹੈ ‘ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ॥’ ਗੁਰੂ ਅਮਰਦਾਸ ਸਾਹਿਬ ਨੇ ਸੋਹਿਲਾ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੭੦ ਉੱਤੇ ਵੀ ਕੀਤੀ ਹੈ। ਇਸ ਤੋਂ ਇਹ ਸਿਧ ਹੁੰਦਾ ਹੈ ਕਿ ਅੰਤਲੀਆਂ ਦੋਵੇਂ ਪਉੜੀਆਂ ਵੀ ਗੁਰੂ ਅਮਰਦਾਸ ਸਾਹਿਬ ਦੀਆਂ ਆਪਣੀਆਂ ਰਚੀਆਂ ਹੋਈਆਂ ਹਨ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ, ਪੋਥੀ ੯, ਪੰਨਾ ੪੧੪


ਇਸੇ ਤਰ੍ਹਾਂ ਡਾ. ਰਤਨ ਸਿੰਘ ਜੱਗੀ ਵੀ ਸੰਪੂਰਣ ‘ਅਨੰਦ’ ਬਾਣੀ ਦਾ ਉਚਾਰਣ ਕਰਤਾ ਗੁਰੂ ਅਮਰਦਾਸ ਸਾਹਿਬ ਨੂੰ ਹੀ ਮੰਨਦੇ ਹਨ। ਉਨ੍ਹਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਰਚੇ ਜੋ ਸ਼ਬਦ/ਸਲੋਕ ਕਿਸੇ ਹੋਰ ਬਾਣੀਕਾਰ ਦੀ ਰਚਨਾ ਵਿਚ ਸ਼ਾਮਲ ਕੀਤੇ ਸਨ, ਉਸ ਤੱਥ ਸੰਬੰਧੀ ਅਵੱਸ਼ਕ ਜਾਣਕਾਰੀ ਆਰੰਭ ਵਿਚ ਦੇ ਦਿੱਤੀ ਸੀ, ਜਿਵੇਂ ਮਲਾਰ ਰਾਗ ਵਿਚ ਸੰਕਲਿਤ ਗੁਰੂ ਨਾਨਕ ਦੇਵ ਰਚਿਤ ਵਾਰ ਦੀ ੨੮ਵੀਂ ਪਉੜੀ ਪੰਜਵੇਂ ਗੁਰੂ ਦੀ ਲਿਖੀ ਹੋਣ ਕਾਰਣ ਉਸ ਸੰਬੰਧੀ ਆਰੰਭ ਵਿਚ ਸੰਕੇਤ ਕਰ ਦਿੱਤਾ ਗਿਆ ਹੈ—‘ਪਉੜੀ ਨਵੀਂ ਮ:੫।’
Bani Footnote ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਦੂਜਾ, ਪੰਨਾ ੬੭


ਮਹਿੰਦਰ ਕੌਰ ਗਿੱਲ ਵੀ ਉਪਰੋਕਤ ਵਿਚਾਰ ਦੀ ਹਾਮੀ ਭਰਦਿਆਂ ਸੰਪੂਰਣ ‘ਅਨੰਦ’ ਬਾਣੀ ਦੇ ਕਰਤਾ ਗੁਰੂ ਅਮਰਦਾਸ ਸਾਹਿਬ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ ਵੀ ਆਦਿ ਗ੍ਰੰਥ ਦੀ ਸੰਪਾਦਕੀ ਵਿਧੀ ਅਨੁਸਾਰ ਇਨ੍ਹਾਂ ਦੋਹਾਂ ਪਉੜੀਆਂ ਦੇ ਅਰੰਭ ਵਿਚ ਮਹਲਾ ਸੰਕੇਤ ਆਉਣਾ ਚਾਹੀਦਾ ਸੀ। ਕਿਉਂਕਿ ਆਦਿ ਗ੍ਰੰਥ ਵਿਚ ਅੰਕਤ ਵਾਰਾਂ ਵਿਚ ਜਿਥੇ ਕਿਤੇ ਵੀ ਅਪਵਾਦ ਆਇਆ ਹੈ, ਉਸ ਦਾ ਸਪਸ਼ਟ ਸੰਕੇਤ ਮਹਲਾ-ਅੰਕ ਰਾਹੀਂ ਦਿੱਤਾ ਗਿਆ ਹੈ।
Bani Footnote ਮਹਿੰਦਰ ਕੌਰ ਗਿੱਲ, ਅਨੰਦੁ ਸਾਹਿਬ: ਸਾਹਿਤਕ ਮਹਾਨਤਾ, ਪੰਜਾਬੀ ਦੁਨੀਆ: ਗੁਰੂ ਅਮਰਦਾਸ ਵਿਸ਼ੇਸ਼ ਅੰਕ, ਰਜਨੀਸ਼ ਕੁਮਾਰ (ਸੰਪਾ.), ਪੰਨਾ ੯੮


ਇਸ ਤਰ੍ਹਾਂ ਇਸ ਬਾਣੀ ਦੇ ਉਚਾਰਣ ਕਰਤਾ ਸੰਬੰਧੀ ਮਹਿਮਾ ਪ੍ਰਕਾਸ਼, ਗੁਰ ਪ੍ਰਤਾਪ ਸੂਰਜ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ) ਅਤੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ’ਤੇ ਪੂਰੇ ਨਹੀਂ ਉਤਰਦੇ। ਅੰਤਲੀਆਂ ਦੋਵਾਂ ਪਉੜੀਆਂ ਦੀ ਪਿਛਲੀਆਂ ਪਉੜੀਆਂ ਨਾਲ ਰਚਨਾ-ਸ਼ੈਲੀ ਦੀ ਸਾਂਝ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੰਪਾਦਨ ਕਲਾ ਦੀਆਂ ਜੁਗਤਾਂ ਦੇ ਅਧਾਰ ’ਤੇ ਇਹ ਸਿਧ ਹੁੰਦਾ ਹੈ ਕਿ ਸੰਪੂਰਨ ‘ਅਨੰਦ’ ਬਾਣੀ ਦੇ ਉਚਾਰਣ ਕਰਤਾ ਗੁਰੂ ਅਮਰਦਾਸ ਸਾਹਿਬ ਹੀ ਹਨ।

ਇਸ ਬਾਣੀ ਦਾ ਸਿਰਲੇਖ ‘ਰਾਮਕਲੀ ਮਹਲਾ ੩’ ਹੋਣਾ ਵੀ ਇਸ ਤੱਥ ਨੂੰ ਪ੍ਰਮਾਣਤ ਕਰਦਾ ਹੈ ਕਿ ਇਸ ਬਾਣੀ ਦੀਆਂ ਸਾਰੀਆਂ ਪਉੜੀਆਂ ਤੀਜੇ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ ਦੀਆਂ ਹਨ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਪਉੜੀ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੀ ਹੁੰਦੀ ਤਾਂ ਉਸ ਉਪਰ ‘ਮਹਲਾ ੪’ ਅਤੇ ‘ਮਹਲਾ ੫’ ਦਾ ਸੰਕੇਤ ਦਰਜ ਹੋਣਾ ਸੀ। ਕਿਉਂਕਿ ਗੁਰੂ ਅਰਜਨ ਸਾਹਿਬ ਨੇ ਤਾਂ ਜੇਕਰ ਕਿਤੇ ਇਕ ਸ਼ਬਦ ਜਾਂ ਬੰਦ ਵੀ ਆਪਣਾ ਜਾਂ ਕਿਸੇ ਹੋਰ ਬਾਣੀਕਾਰ ਦਾ ਦਰਜ ਕੀਤਾ ਤਾਂ ਉਸ ਦੇ ਸ਼ੁਰੂ ਵਿਚ ਹੀ ਕਰਤਾ ਸੰਬੰਧੀ ਸੂਚਨਾ ਦਿੱਤੀ ਹੈ:
  • ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ (ਗੁਰੂ ਗ੍ਰੰਥ ਸਾਹਿਬ ੩੨੬)।
  • ਗੁਰੂ ਨਾਨਕ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਵਲੋਂ ਉਚਾਰਣ ਕੀਤੀਆਂ ਵਾਰਾਂ ਵਿਚ ਜੇ ਇਕ ਵੀ ਪਉੜੀ ਗੁਰੂ ਅਰਜਨ ਸਾਹਿਬ ਨੇ ਆਪਣੀ ਦਰਜ ਕੀਤੀ ਹੈ, ਤਾਂ ਉਥੇ ਵੀ ਲਿਖਿਆ ਹੈ: ਪਉੜੀ ਮਹਲਾ ੫ (ਗੁਰੂ ਗ੍ਰੰਥ ਸਾਹਿਬ ੩੧੬) ਜਾਂ ਪਉੜੀ ਨਵੀਂ ਮ: ੫ (ਗੁਰੂ ਗ੍ਰੰਥ ਸਾਹਿਬ ੧੨੯੧)।

ਇਸ ਪ੍ਰਕਾਰ ਉਪਰੋਕਤ ਸਮੁੱਚੀ ਚਰਚਾ ਦੇ ਆਧਾਰ ’ਤੇ ਇਹ ਸਿਧ ਹੁੰਦਾ ਹੈ ਕਿ ਸੰਪੂਰਨ ‘ਅਨੰਦ’ ਬਾਣੀ ਦੇ ਉਚਾਰਣ ਕਰਤਾ ਗੁਰੂ ਅਮਰਦਾਸ ਸਾਹਿਬ ਹੀ ਹਨ।