Guru Granth Sahib Logo
  
ਗੁਰੂ ਗ੍ਰੰਥ ਸਾਹਿਬ ਦੇ ਸੰਪਰਦਾਈ ਟੀਕੇ ਵਿਚ ਇਸ ਬਾਣੀ ਦੀ ‘ਉਥਾਨਕਾ’ ਵਜੋਂ ਲਿਖਿਆ ਹੈ ਕਿ ਜਿਸ ਸਮੇਂ ਗੁਰੂ ਅਰਜਨ ਸਾਹਿਬ ਨੇ ‘ਬਸੰਤ ਕੀ ਵਾਰ’ ਉਚਾਰ ਕੇ ਲਿਖਵਾਉਣੀ ਸ਼ੁਰੂ ਕੀਤੀ, ਉਸੇ ਸਮੇਂ ਲਾਂਗਰੀ ਨੇ ਆ ਕੇ ਉਨ੍ਹਾਂ ਨੂੰ ਲੰਗਰ ਛਕਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਵਾਰ ਦੀਆਂ ਸਿਰਫ ਤਿੰਨ ਪਉੜੀਆਂ ਹੀ ਉਚਾਰੀਆਂ ਸਨ। ਪਰ ਅੰਨ ਦਾ ਸਤਿਕਾਰ ਕਰਦਿਆਂ, ਉਹ ਇਸ ਵਾਰ ਦੀ ਰਚਨਾ ਨੂੰ ਵਿਚਕਾਰ ਛਡ ਕੇ ਹੀ ਲੰਗਰ ਛਕਣ ਲਈ ਚਲ ਪਏ। ਇਸ ਲਈ ਇਸ ਵਾਰ ਦੀਆਂ ਤਿੰਨ ਪਉੜੀਆਂ ਹੀ ਰਹਿ ਗਈਆਂ।
Bani Footnote ਸੰਤ ਕਿਰਪਾਲ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਭਾਗ ਅਠਵਾਂ, ਪੰਨਾ ੫੯੦-੫੯੧


ਸੰਪਰਦਾਈ ਟੀਕੇ ਦੀ ਇਸ ਕਥਾ ਦਾ ਅਧਾਰ ਭਾਈ ਸੰਤੋਖ ਸਿੰਘ ਦੁਆਰਾ ਰਚਿਤ ‘ਗੁਰਪ੍ਰਤਾਪ ਸੂਰਜ’ ਗ੍ਰੰਥ ਹੈ।
Bani Footnote ਡਾ. ਕਿਰਪਾਲ ਸਿੰਘ (ਸੰਪਾ.), ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ-ਬਿਰਤਾਂਤ (ਭਾਗ ਦੂਜਾ), ਕ੍ਰਿਤ ਮਹਾਂਕਵੀ ਸੰਤੋਖ ਸਿੰਘ ਜੀ, ਪੰਨਾ ੨੯੦-੨੯੧
‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵੀ ਸੰਪਰਦਾਈ ਟੀਕੇ ਵਾਲੀ ਸਾਖੀ ਹੀ ਦਰਜ ਹੈ।
Bani Footnote ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਚੌਥੀ, ਪੰਨਾ ੧੧੯੩


ਗਿ. ਹਰਿਬੰਸ ਸਿੰਘ ਨੇ ਉਕਤ ਸਾਖੀ ਦਾ ਖੰਡਨ ਕੀਤਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ “ਜਦੋਂ ਗੁਰੂ ਪਾਤਿਸ਼ਾਹ ਦੀ ਸੁਰਤਿ ਪਰਮਾਤਮਾ ਨਾਲ ਪਿਉਂਦ ਹੋਈ ਸੀ ਤਾਂ ਕੀ ਲਾਂਗਰੀ ਦੀ ਬੇਨਤੀ ਸੁਣ ਕੇ ਧੁਰੋਂ ਆ ਰਹੀ ਬਾਣੀ ਨੂੰ ਅਧੂਰਾ ਛਡ ਕੇ ਅੰਨ ਨੂੰ ਪਹਿਲ ਦੇ ਸਕਦੇ ਸਨ? ਇਹ ਗੱਲ ਮੰਨਣਯੋਗ ਨਹੀਂ। ਭਲਾਂ ਜੇ ਮੰਨ ਲਿਆ ਜਾਵੇ ਕਿ ਗੁਰੂ ਸਾਹਿਬ ਬਾਣੀ ਵਿਚੇ ਛਡ ਕੇ ਲੰਗਰ ’ਚ ਚਲੇ ਗਏ ਸਨ ਤਾਂ ਕੀ ਵਾਪਸ ਆ ਕੇ ਹੋਰ ਬਾਣੀ ਉਚਾਰ ਕੇ ਇਸ ਨੂੰ ਸੰਪੂਰਨ ਨਹੀਂ ਸਨ ਕਰ ਸਕਦੇ? ਸੋ, ਅਸਲੀਅਤ ਇਹ ਹੈ ਕਿ ਇਹ ਵਾਰ ਆਪਣੇ ਆਪ ਵਿਚ ਸੰਪੂਰਨ ਹੈ ਤੇ ਹੁਣ ਵੀ ਗੁਰਬਾਣੀ ਦੇ ਰਸੀਏ ਹਰ ਰੋਜ਼ ਇਸ ਵਾਰ ਦਾ ਪਾਠ ਬੜੇ ਪ੍ਰੇਮ ਨਾਲ ਕਰਦੇ ਹਨ। ਅੰਨ ਦੇਵਤੇ ਦੀ ਨਿਰਾਦਰੀ ਦੇ ਭੈ ਤੋਂ ਬਾਣੀ ਦਾ ਤਿਆਗ ਕਰਨਾ, ਬਾਣੀ ਦੀ ਨਿਰਾਦਰੀ ਕਰਨੀ ਹੈ।”
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਗਿਆਰਵੀਂ, ਪੰਨਾ ੬੭੩


ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਵੀ ਸੰਪਰਦਾਈ ਟੀਕੇ ਵਿਚਲੀ ਉਕਤ ਸਾਖੀ ਦਾ ਖੰਡਨ ਕਰਦਿਆਂ ਲਿਖਿਆ ਹੈ ਕਿ “ਸਾਖੀ ਇਹ ਪ੍ਰਭਾਵ ਦੇਂਦੀ ਹੈ ਕਿ ਸਤਿਗੁਰੂ ਪਾਤਿਸ਼ਾਹ ਜੀ ਨੇ ਵਾਰ ਦੀ ਰਚਨਾ ਨਾਲੋਂ ਲੰਗਰ ਛਕਣ ਨੂੰ ਜ਼ਿਆਦਾ ਮਹੱਤਤਾ ਦਿੱਤੀ। ਗੁਰਮਤਿ-ਸਿਧਾਂਤ ਦੀ ਰੌਸ਼ਨੀ ਵਿਚ ਇਹ ਗੱਲ ਠੀਕ ਨਹੀਂ ਲੱਗਦੀ। ਸਚਾਈ ਇਹ ਹੈ ਕਿ ਧੁਰ ਦੀ ਵਿਉਂਤ ਅਧੀਨ ਇਸ ਵਾਰ ਦਾ ਆਕਾਰ ਏਨਾ ਹੀ ਸੀ।”
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸਟੀਕ ਰਾਮਕਲੀ ਕੀ ਵਾਰ (ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ) ਅਤੇ ਬਸੰਤ ਕੀ ਵਾਰ ਮਹਲੁ ੫, ਪੰਨਾ ੮੯-੯੦


ਸੋ, ਸਪਸ਼ਟ ਹੈ ਕਿ ਇਹ ਵਾਰ ਵੀ ਬਾਕੀ ‘ਧੁਰ ਕੀ ਬਾਣੀ’ ਵਾਂਗ ਸੰਪੂਰਨ ਹੈ। ਇਸ ਵਾਰ ਦੀ ਹਰੇਕ ਪਉੜੀ ਦੀ ਅੰਤਲੀ ਤੁਕ ਵਿਚ ‘ਨਾਨਕ’ ਨਾਮ ਦੀ ਮੁਹਰ-ਛਾਪ ਦਰਜ ਹੈ। ਇਸ ਤੋਂ ਇਲਾਵਾ ਇਸ ਵਾਰ ਦਾ ਅੰਤਲਾ ਅੰਕ ॥੩॥੧॥ ਵੀ ਇਸ ਵਾਰ ਦੀ ਸੰਪੂਰਨਤਾ ਦੀ ਗਵਾਹੀ ਭਰਦਾ ਹੈ। ਜੇਕਰ ਇਹ ਵਾਰ ਅਧੂਰੀ ਹੁੰਦੀ ਤਾਂ ਅੰਕ ॥੧॥ ਦੀ ਅਣਹੋਂਦ ਹੋਣੀ ਸੀ।
Bani Footnote ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਗਿਆਰਵੀਂ, ਪੰਨਾ ੬੭੪