Guru Granth Sahib Logo
  
ਰਾਗ ਸੂਹੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸੂਹੀ ਰਾਗ ਨੂੰ ਤਰਤੀਬ ਅਨੁਸਾਰ ਪੰਦਰਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ੪੨ ਸ਼ਬਦ, ਗੁਰੂ ਅੰਗਦ ਸਾਹਿਬ ਦੇ ੧੧ ਸਲੋਕ, ਗੁਰੂ ਅਮਰਦਾਸ ਸਾਹਿਬ ਦੇ ੪੬, ਗੁਰੂ ਰਾਮਦਾਸ ਸਹਿਬ ਦੇ ੨੩, ਗੁਰੂ ਅਰਜਨ ਸਾਹਿਬ ਦੇ ੭੫, ਭਗਤ ਕਬੀਰ ਜੀ ਦੇ ੫, ਭਗਤ ਰਵਿਦਾਸ ਜੀ ਦੇ ੩ ਅਤੇ ਬਾਬਾ ਫਰੀਦ ਜੀ ਦੇ ੨ ਸ਼ਬਦ ਦਰਜ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਪੰਨਾ ੧੦੩-੧੧੩


ਸੂਹੀ ਉਤਸ਼ਾਹ ਦਾ ਰਾਗ ਹੈ। ਇਹ ਰਾਗ ਤੀਬਰ ਪਿਆਰ ਅਤੇ ਭਗਤੀ-ਭਾਵ ਨਾਲ ਜੁੜਿਆ ਹੋਇਆ ਹੈ। ਇਸ ਦੀ ਵਰਤੋਂ ਭਗਤੀ ਦੀਆਂ ਡੂੰਘੀਆਂ ਭਾਵਨਾਵਾਂ ਨੂੰ ਜਗਾਉਣ ਲਈ ਕੀਤੀ ਜਾਂਦੀ ਹੈ। ਇਸ ਵਿਚ ਸੁਹਾਗ ਤੇ ਸੁਹਾਗਣ
Bani Footnote ਭਾਰਤੀ ਸਭਿਆਚਾਰ ਵਿਚ ਇਕ ਵਿਆਹੀ ਇਸਤਰੀ ਜਾਂ ਉਸ ਇਸਤਰੀ ਨੂੰ ਜਿਸ ਦਾ ਪਤੀ (ਸੁਹਾਗ) ਜਿੰਦਾ ਹੋਵੇ, ‘ਸੁਹਾਗਣ’ ਕਿਹਾ ਜਾਂਦਾ ਹੈ। ਸੁਹਾਗਣ ਦੇ ਰੁਤਬੇ ਨੂੰ ਮਹੱਤਵ ਦੇਣ ਵਾਲੇ ਸਮਾਜ ਵਿਚ ਉਹ ਪਤੀ ਤੇ ਪਰਵਾਰ ਵਾਲੇ ਸਾਰੇ ਸੁਖ ਮਾਣਦੀ ਹੈ। ਮਧਕਾਲੀ ਰੂੜੀਵਾਦੀ ਅਤੇ ਮਰਦ ਪ੍ਰਧਾਨ ਸਮਾਜਕ ਢਾਂਚੇ ਦੇ ਕਾਰਣ, ਇਕ ਇਸਤਰੀ ਦਾ ਵਜੂਦ ਉਸ ਦੇ ਪਤੀ ਨਾਲ ਹੀ ਜੁੜਿਆ ਹੋਇਆ ਸੀ, ਜੋ ਅਜ ਵੀ ਪ੍ਰਚਲਤ ਹੈ।  ਗੁਰੂ ਗ੍ਰੰਥ ਸਾਹਿਬ ਵਿਚ, ‘ਸੁਹਾਗਣ’ ਪਦ ਦੀ ਵਰਤੋਂ ਜੀਵ-ਇਸਤਰੀ ਦੇ ਪ੍ਰਤੀਕ ਦੁਆਰਾ ਜਗਿਆਸੂ ਨੂੰ ਦਰਸਾਉਣ ਲਈ ਕੀਤੀ ਗਈ ਹੈ। ਫਲਸਰੂਪ, ਜਿਹੜਾ ਜਗਿਆਸੂ ਪ੍ਰਭੂ ਨਾਲ ਇਕ-ਮਿਕ ਜਾਂ ਜੁੜਿਆ ਹੋਇਆ ਹੈ, ਉਸ ਨੂੰ ‘ਸੁਹਾਗਣ’ ਕਿਹਾ ਗਿਆ ਹੈ। ‘ਸੁਹਾਗਣ’ ਉਹ ਹੈ ਜੋ ਸੁ-ਚਜੀ ਜਾਂ ਗੁਰੂ-ਪਰਾਇਣ (ਗੁਰਮੁਖ) ਹੈ ਅਤੇ ਪ੍ਰਭੂ ਦੇ ਪ੍ਰੇਮ, ਭਗਤੀ ਤੇ ਭੈ-ਭਾਵਨੀ ਨਾਲ ਸ਼ਿੰਗਾਰੀ ਹੋਈ ਹੈ: ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ॥ -ਗੁਰੂ ਗ੍ਰੰਥ ਸਾਹਿਬ ੪੨੮। ਸੁਹਾਗਣ ਦੀਆਂ ਵਿਸ਼ੇਸ਼ਤਾਵਾਂ ਵਿਚ ਸਚਿਆਰੀ ਜੀਵਨ-ਜਾਚ, ਸੰਤੋਖ, ਦਇਆ-ਭਾਵਨਾ ਅਤੇ ਨੇਕੀ ਸ਼ਾਮਲ ਹਨ। ਐਸੀ ਸੁਹਾਗਣ ਹੀ ਪ੍ਰਭੂ ਨੂੰ ਭਾਉਂਦੀ ਹੈ: ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥ -ਗੁਰੂ ਗ੍ਰੰਥ ਸਾਹਿਬ ੮੧੨
ਦਾ ਵਧੇਰੇ ਵਰਣਨ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਕੁੜਮਾਈ ਅਤੇ ਲਾਵਾਂ (ਅਨੰਦ ਕਾਰਜ) ਨਾਲ ਸੰਬੰਧਤ ਸ਼ਬਦ ਇਸੇ ਰਾਗ ਵਿਚ ਹਨ। ਇਸ ਰਾਗ ਵਿਚ ਸੁਹਾਗਣ ਜੀਵ-ਇਸਤਰੀ ਅਤੇ ਪ੍ਰਭੂ-ਪਤੀ ਨਾਲ ਉਸ ਦੇ ਮਿਲਾਪ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ‘ਕੁਚਜੀ’ ਤੇ ‘ਸੁਚਜੀ’ ਸੰਕਲਪਾਂ ਦਾ ਸੰਬੰਧ ਵੀ ਵਿਆਹੁਤਾ ਇਸਤਰੀ ਨਾਲ ਹੀ ਜੁੜਦਾ ਹੈ। ਭੈੜੇ ਚਜ-ਆਚਾਰ ਵਾਲੀ ਇਸਤਰੀ ਨੂੰ ‘ਕੁਚਜੀ’ ਤੇ ਚੰਗੇ ਚਜ-ਆਚਾਰ ਵਾਲੀ ਇਸਤਰੀ ਨੂੰ ‘ਸੁਚਜੀ’ ਕਿਹਾ ਜਾਂਦਾ ਹੈ। ਇਸ ਪ੍ਰਕਾਰ ‘ਕੁਚਜੀ,’ ‘ਸੁਚਜੀ’ ਅਤੇ ‘ਗੁਣਵੰਤੀ’ ਸਿਰਲੇਖ ਵਾਲੇ ਸ਼ਬਦਾਂ ਦਾ ਸੂਹੀ ਰਾਗ ਵਿਚ ਹੋਣਾ, ਇਸ ਰਾਗ ਦੀ ਮੂਲ ਸੁਰ ਤੇ ਵਿਸ਼ੇ ਅਨੁਸਾਰ ਹੀ ਹੈ।

ਰਾਗ ਸੂਹੀ ਦਾ ਉਲੇਖ ਭਾਰਤੀ ਸੰਗੀਤਕ ਗ੍ਰੰਥਾਂ ਵਿਚ ਘੱਟ ਹੀ ਮਿਲਦਾ ਹੈ। ਕੁਝ ਗ੍ਰੰਥਾਂ ਵਿਚ, ਸੂਹੀ ਦਾ ਵਰਣਨ ਸੂਹੋ, ਸੂਹਵ ਤੇ ਸੂਹਵੀ ਆਦਿ ਰੂਪਾਂ ਵਿਚ ਵੀ ਮਿਲਦਾ ਹੈ। ਲੋਚਨ ਪੰਡਿਤ ਨੇ ਸ਼ੁਧ ਸੂਹਵ ਤੇ ਦੇਸੀ ਸੂਹਵ ਦੋ ਨਾਮ ਦਿਤੇ ਹਨ। ਪੰਡਿਤ ਹਿਰਦੈਨਾਰਾਇਣ ਦੇਵ ਸ਼ੁਧ ਸੂਹਵ ਨੂੰ ਸ਼ਾੜਵ ਜਾਤੀ ਤੇ ਦੇਸੀ ਸੂਹਵ ਨੂੰ ਸੰਪੂਰਨ ਜਾਤੀ ਦਾ ਰਾਗ ਮੰਨਦੇ ਅਤੇ ਇਨ੍ਹਾਂ ਦੇ ਸਵਰਾਂ ਨੂੰ ਬਿਲਾਵਲ ਥਾਟ ਦੇ ਦਰਸਾਉਂਦੇ ਹਨ। ਪੁੰਡਰੀਕ ਵਿਠੁਲ ਨੇ ਸੂਹਵੀ ਨੂੰ ਰਾਗ-ਰਾਗਨੀ ਵਰਗੀਕਰਣ ਦੇ ਅਧਾਰ ‘ਤੇ, ਰਾਗ ਨਟ ਨਾਰਾਯਨ ਦੀ ਰਾਗਨੀ ਅਤੇ ਕੇਦਾਰ ਥਾਟ ਤੋਂ ਜਨਮਿਆ ਰਾਗ ਮੰਨਿਆ ਹੈ। ਪਰ ਹੋਰ ਗ੍ਰੰਥਕਾਰਾਂ ਨੇ ਇਸ ਰਾਗ ਦਾ ਜਿਕਰ ਨਹੀਂ ਕੀਤਾ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੩੭੦


ਕਾਨੜਾ ਦੇ ਪ੍ਰਕਾਰਾਂ ਵਿਚ ਵੀ ਇਕ ਸੂਹਾ ਰਾਗ ਹੈ, ਜੋ ਕਠਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਕੁਝ ਵਿਦਵਾਨਾਂ ਨੇ ਸੂਹਾ ਰਾਗ ਨੂੰ ਹੀ ਸੂਹੀ ਰਾਗ ਮੰਨਿਆ ਹੈ। ਭਾਵੇਂ ਇਹ ਦੋਵੇਂ ਨਾਮ ਸੂਹੀ ਤੇ ਸੂਹਾ ਮਿਲਦੇ ਹਨ, ਪਰ ਇਨ੍ਹਾਂ ਦੋਹਾਂ ਰਾਗਾਂ ਦੇ ਸਰੂਪ ਭਿੰਨ-ਭਿੰਨ ਹਨ। ਕਿਉਂਕਿ ਸੂਹਾ ਕਾਫੀ ਥਾਟ ਦਾ ਰਾਗ ਹੈ, ਜਦੋਂ ਕਿ ਸੂਹੀ ਬਿਲਾਵਲ ਥਾਟ ਦਾ ਰਾਗ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੩੭੦


ਸੂਹੀ ਇਕ ਅਪ੍ਰਚਲਤ ਰਾਗ ਹੈ, ਜਿਸ ਨੂੰ ਗੁਰੂ ਸਾਹਿਬਾਂ ਨੇ ਹੀ ਪ੍ਰਚਾਰ ਵਿਚ ਲਿਆਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੨੨
ਅਨੁਸਾਰ ਸੂਹੀ ਕਾਫੀ ਥਾਟ ਦੀ ਸ਼ਾੜਵ ਰਾਗਨੀ ਹੈ, ਜਿਸ ਨੂੰ ਸੂਹਾ ਵੀ ਕਿਹਾ ਜਾਂਦਾ ਹੈ। ਇਸ ਵਿਚ ਧੈਵਤ ਵਰਜਤ ਹੈ। ਗੰਧਾਰ ਅਤੇ ਨਿਸ਼ਾਦ ਕੋਮਲ, ਬਾਕੀ ਸ਼ੁਧ ਸੁਰ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ੜਜ ਹੈ। 

ਡਾ. ਗੁਰਨਾਮ ਸਿੰਘ
Bani Footnote ਡਾ. ਗੁਰਨਾਮ ਸਿੰਘ ਤੇ ਯਸ਼ਪਾਲ ਸ਼ਰਮਾ, ਗੁਰਮਤਿ ਸੰਗੀਤ ਰਾਗ ਰਤਨਾਵਲੀ, ਪੰਨਾ ੪੦
ਅਨੁਸਾਰ ਗੁਰਮਤਿ ਸੰਗੀਤ ਪਰੰਪਰਾ ਵਿਚ ਸੂਹੀ ਦਾ ਇਕ ਹੋਰ ਸੁਤੰਤਰ ਰੂਪ ਰਾਗੀਆਂ ਅਤੇ ਕੀਰਤਨਕਾਰਾਂ ਵਿਚ ਵਿਹਾਰਕ ਰੂਪ ਵਿਚ ਪ੍ਰਚਲਤ ਹੈ। ਬਿਲਾਵਲ ਥਾਟ ਦੇ ਅੰਤਰਗਤ ਇਸ ਰਾਗ ਦਾ ਵਰਣਨ ਗੁਰਮਤਿ ਸੰਗੀਤ ਦੇ ਕਈ ਵਿਸ਼ਲੇਸ਼ਕਾਂ ਨੇ ਕੀਤਾ ਹੈ, ਜਿਨ੍ਹਾਂ ਵਿਚ ਭਾਈ ਅਵਤਾਰ ਸਿੰਘ, ਗੁਰਚਰਨ ਸਿੰਘ, ਗਿਆਨ ਸਿੰਘ ਐਬਟਾਬਾਦ, ਡਾ. ਮਨਸੁਖਾਨੀ ਆਦਿ ਸ਼ਾਮਲ ਹਨ। ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੪
ਵਲੋਂ ਦਿਤਾ ਗਿਆ ਰਾਗ ਸੂਹੀ ਦਾ ਸਰੂਪ ਹੇਠ ਲਿਖੇ ਅਨੁਸਾਰ ਹੈ:

ਰਾਗ ਸੂਹੀ ਦਾ ਸਰੂਪ
ਥਾਟ: ਬਿਲਾਵਲ
ਵਾਦੀ: ਪੰਚਮ
ਸੰਵਾਦੀ: ਸ਼ੜਜ
ਜਾਤੀ: ਸੰਪੂਰਨ-ਸੰਪੂਰਨ 
ਆਰੋਹ: ਸ ਰੇ ਗ ਮ ਪ, ਨੀ ਧ ਨੀ ਸਂ (ਤਾਰ ਸਪਤਕ)।
ਅਵਰੋਹ: ਸਾਂ (ਤਾਰ ਸਪਤਕ) ਨੀ (ਕੋਮਲ) ਧ ਪ, ਮ ਗ, ਰੇ ਗ ਰੇ ਸ।
ਮੁੱਖ ਅੰਗ (ਪਕੜ): ਸਾ (ਤਾਰ ਸਪਤਕ) ਨੀ (ਕੋਮਲ) ਪ, ਮ ਗ ਰੇ ਗ, ਮ ਗ ਰੇ ਸ।

ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ।