ਲਾਵਾਂ ਅਤੇ ਵਿਆਹ
ਗੁਰੂ-ਕਾਲ
ਜਨਮਸਾਖੀ ਸਾਹਿਤ ਵਿਚ ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦਾ ਵਿਆਹ ਉਸ ਸਮੇਂ ਦੀ ਪ੍ਰਚਲਤ ਮਰਿਆਦਾ (ਹਿੰਦੂ ਵਿਆਹ ਰੀਤੀ) ਅਨੁਸਾਰ ਦਰਸਾਇਆ ਗਿਆ ਹੈ। ਪਰ ਸੰਤ ਗਿ. ਕਰਤਾਰ ਸਿੰਘ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਨੇ ਆਪਣੇ ਵਿਆਹ ਸਮੇਂ ਮੂਲ ਮੰਤ੍ਰ ਨੂੰ ਕਾਗਜ ’ਤੇ ਲਿਖ ਕੇ ਚੌਂਕੀ ਉਪਰ ਰਖਿਆ ਅਤੇ ਉਸ ਦੁਆਲੇ ਪ੍ਰਕਰਮਾਂ ਕੀਤੀਆਂ ਸਨ। ਉਨ੍ਹਾਂ ਅਨੁਸਾਰ ਬਾਅਦ ਵਿਚ ਗੁਰੂ ਅਮਰਦਾਸ ਸਾਹਿਬ (੧੪੭੯-੧੫੭੪ ਈ.) ਨੇ ‘ਅਨੰਦੁ’ ਬਾਣੀ ਉਚਾਰ ਕੇ ‘ਅਨੰਦ ਕਾਰਜ’ ਕਰਨ ਦੀ ਮਰਿਆਦਾ ਪ੍ਰਪੱਕ ਕੀਤੀ। ਗੁਰੂ ਸਾਹਿਬ ਨੇ ਆਪਣੇ ਇਕ ਸਿਖ ਭਾਈ ਸਚਣ ਸਚ ਦਾ ਵਿਆਹ ਵੀ ਇਸੇ ਮਰਿਆਦਾ ਅਨੁਸਾਰ ਹੀ ਕੀਤਾ।
ਇਸ ਪ੍ਰਕਾਰ ਅਨੰਦ ਕਾਰਜ ਕਰਵਾਏ ਜਾਣ ਦੇ ਹਵਾਲੇ ਗੁਰੂ ਰਾਮਦਾਸ ਸਾਹਿਬ ਤੋਂ ਪਹਿਲਾਂ ਦੇ ਸਮੇਂ ਦੇ ਵੀ ਮਿਲਦੇ ਹਨ, ਪਰ ਲਾਵਾਂ ਵਾਲੇ ਛੰਤ ਦਾ ਉਚਾਰਣ ਕਿਉਂਕਿ ਗੁਰੂ ਰਾਮਦਾਸ ਸਾਹਿਬ ਵਲੋਂ ਕੀਤਾ ਗਿਆ, ਇਸ ਲਈ ਅਨੰਦ ਕਾਰਜ ਸਮੇਂ ਪੜ੍ਹੀਆਂ ਜਾ ਰਹੀਆਂ ਚਾਰ ਲਾਵਾਂ ਦੀ ਮਰਿਆਦਾ ਇਸ ਤੋਂ ਮਗਰੋਂ ਹੀ ਸੰਭਵ ਹੋ ਸਕਦੀ ਹੈ। ਇਸੇ ਪ੍ਰਕਾਰ ਅਨੰਦ ਕਾਰਜ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਦੀ ਮਰਿਆਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ (੧੬੦੪ ਈ.) ਤੋਂ ਮਗਰੋਂ ਹੀ ਅਰੰਭ ਹੋਈ ਹੋਵੇਗੀ। ਇਸ ਮਰਿਆਦਾ ਦੀ ਅਰੰਭਤਾ ਅਤੇ ਇਸ ਦੇ ਇਤਿਹਾਸਕ ਵਿਕਾਸ ਨੂੰ ਜਾਣਨ ਲਈ ਪੁਰਾਤਨ ਸਰੋਤਾਂ ਵਿਚ ਮਿਲਦੇ ਹਵਾਲਿਆਂ ਨੂੰ ਵਾਚਣਾ ਲਾਜ਼ਮੀਂ ਬਣ ਜਾਂਦਾ ਹੈ:
‘ਗੁਰ ਬਿਲਾਸ ਪਾਤਸ਼ਾਹੀ ੬’ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ (੧੫੯੫-੧੬੪੪ ਈ.) ਦੀ ਸਪੁੱਤਰੀ ਬੀਬੀ ਵੀਰੋ (ਜਨਮ ੧੬੧੫ ਈ.) ਦੇ ਵਿਆਹ ਸਮੇਂ ਇਕੱਤਰ ਹੋਈ ਸੰਗਤ ਨੇ ਉੱਚੀ ਸੁਰ ਵਿਚ ਸ਼ਬਦ ਪੜ੍ਹੇ। ਗੁਰੂ ਸਾਹਿਬ ਨੇ ਬੀਬੀ ਜੀ ਨੂੰ ਦਰਬਾਰ ਵਿਚ ਬੁਲਾਇਆ ਅਤੇ ਅਰਦਾਸ ਕਰਕੇ ਉਸ ਦਾ ਪੱਲਾ ਲਾੜੇ ਨੂੰ ਫੜ੍ਹਾਇਆ। ਫਿਰ ਗੁਰੂ ਰਾਮਦਾਸ ਸਾਹਿਬ ਦੁਆਰਾ ਦਰਸਾਈ ਮਰਿਆਦਾ ਅਨੁਸਾਰ ਲਾਵਾਂ ਵਿਚ ਮਨ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ ਗਈ:
ਸ੍ਰੀ ਗੁਰ ਰੀਤਿ ਐਸ ਤਬ ਕੀਨੀ। ਗੁਰ ਰਾਮਦਾਸ ਜੁ ਆਗ੍ਯਾ ਦੀਨੀ॥੯੨॥
ਲਾਵਾਂ ਲੀਨ ਤਬੈ ਮਨੁ ਲਾਈ। ਗੁਰੂ ਗ੍ਰੰਥ ਚੌਫੇਰ ਸੁਹਾਈ। -ਗੁਰ ਬਿਲਾਸ ਪਾਤਸ਼ਾਹੀ ੬, ਅਧਿਆਇ ੧੧
ਪਰ ‘ਗੁਰ ਬਿਲਾਸ ਪਾਤਸ਼ਾਹੀ ੬’ ਤੋਂ ਬਾਅਦ ਵਿਚ ਲਿਖੇ ਗਏ ਗ੍ਰੰਥ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਅਨੁਸਾਰ ਬੀਬੀ ਵੀਰੋ ਦੇ ਵਿਆਹ ਸਮੇਂ ਵਿਆਹ ਦੀ ਰਸਮ ਨਿਭਾਉਣ ਆਏ ਬ੍ਰਾਹਮਣ ਦੀ ਆਗਿਆ ਨਾਲ ਲੜਕੀ ਨੂੰ ਲਿਆ ਕੇ ਹਵਨ ਵਾਲੇ ਮੰਡਪ ਵਿਚ ਬਿਠਾਇਆ ਗਿਆ। ਫਿਰ ਵੇਦਾਂ ਮੁਤਾਬਕ ਸੰਸਾਰੀ ਰੀਤਾਂ ਕੀਤੀਆਂ ਤੇ ਲਾਵਾਂ ਕੀਤੀਆਂ।
ਭਾਈ ਵੀਰ ਸਿੰਘ ਜੀ ਦਾ ਵੀ ਵਿਚਾਰ ਹੈ ਕਿ ਲੌਕਿਕ ਵੈਦਿਕ ਰੀਤਾਂ ਦੂਜੇ ਗੁਰੂ ਸਾਹਿਬ ਨੇ ਸਾਫ ਤੌਰ ’ਤੇ ਤਿਆਗ ਦਿੱਤੀਆਂ ਸਨ। ਤੀਜੇ ਗੁਰੂ ਸਾਹਿਬ ਨੇ ‘ਅਨੰਦ’ ਪ੍ਰਚਲਤ ਕੀਤਾ, ਚੌਥੇ ਗੁਰੂ ਸਾਹਿਬ ਨੇ ਲਾਵਾਂ ਦੀ ਪ੍ਰਥਾ ਚਲਾਈ ਅਤੇ ਪੰਜਵੇ ਗੁਰੂ ਸਾਹਿਬ ਸਮੇਂ ਗੁਰ ਮਰਿਆਦਾ ਦਾ ਪ੍ਰਚਲਣ ਹੋਰ ਪ੍ਰਪੱਕ ਹੋਇਆ। ਮੁਗਲ ਬਾਦਸ਼ਾਹਾਂ ਕੋਲ ਸ਼ਿਕਾਇਤਾਂ ਹੋਈਆਂ ਅਤੇ ਲੋਕਾਂ ਵਿਚ ਵੀ ਇਸ ਗੱਲ ਚਰਚਾ ਹੋਣ ਲਗੀ ਕਿ ਗੁਰੂ ਸਾਹਿਬਾਨ ਅਤੇ ਸਿਖ ਵੈਦਿਕ ਰੀਤਾਂ ਨਹੀਂ ਕਰਦੇ। ਇਹ ਗੱਲਾਂ ਭਾਈ ਸੰਤੋਖ ਸਿੰਘ ਜੀ ਨੇ ਖੁਦ ਲਿਖੀਆਂ ਹਨ। ਫਿਰ ਇਹ ਵਿਸ਼ਵਾਸ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਲੌਕਿਕ ਵੈਦਿਕ ਰੀਤਾਂ ਗੁਰੂ ਸਾਹਿਬ ਨੇ ਆਪ ਕੀਤੀਆਂ ਹੋਣ?
‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਦੇ ਸੰਬੰਧ ਵਿਚ ਡਾ. ਕਿਰਪਾਲ ਸਿੰਘ ਤੇ ਭਾਈ ਵੀਰ ਸਿੰਘ ਦੇ ਵਿਚਾਰ ਹੋਰ ਵੀ ਸਾਰਥਕ ਜਾਪਦੇ ਹਨ ਕਿਉਂਕਿ ਭਾਈ ਸੰਤੋਖ ਸਿੰਘ ਨੇ ਆਪਣੀਆਂ ਪੁੱਤਰੀਆਂ ਬੀਬੀ ਖੇਮ ਕੌਰ ਅਤੇ ਬੀਬੀ ਮੇਮਨ ਕੌਰ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸਾ ਸੋਧ ਕੇ ਕੀਤੇ ਸਨ।
ਬੀਬੀ ਵੀਰੋ ਜੀ ਦੇ ਵਿਆਹ ਸੰਬੰਧੀ ਕੁਝ ਆਧੁਨਿਕ ਵਿਦਵਾਨਾਂ, ਜਿਵੇਂ ਕਿ ਸੰਤ ਗਿ. ਕਰਤਾਰ ਸਿੰਘ, ਪ੍ਰਿੰ. ਸਤਿਬੀਰ ਸਿੰਘ, ਕਰਨਲ ਏ. ਐਸ ਬਰਾੜ, ਅਸ਼ਵਿੰਦਰ ਕੌਰ ਆਦਿ ਨੇ ਵੀ ਇਸ ਵਿਆਹ ਸਮੇਂ ਚਾਰ ਲਾਵਾਂ ਦੇ ਪਾਠ ਦਾ ਜਿਕਰ ਕੀਤਾ ਹੈ।
‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਵਾਂਗ ਕੁਝ ਗੁਰਮਤਿ ਵਿਰੋਧੀ ਵਰਣਨ ਰਹਿਤਨਾਮਾ ਸਹਿਜਧਾਰੀਆਂ ਕਾ, ਪ੍ਰੇਮ ਸੁਮਾਰਗ ਅਤੇ ਸਿਖਾਂ ਦੀ ਭਗਤ ਮਾਲਾ ਆਦਿ ਵਿਚ ਵੀ ਮਿਲਦੇ ਹਨ। ਉਦਾਹਰਣ ਵਜੋਂ, ਸਿਖਾਂ ਦੀ ਭਗਤਮਾਲਾ ਦਾ ਇਹ ਵਰਣਨ ਦੇਖਿਆ ਜਾ ਸਕਦਾ ਹੈ: “ਜੋ ਸਮੇ ਵਿਵਾਹ ਦੇ ਅਸੀਂ ਬੇਦ ਪਾਠੀਆਂ ਬ੍ਰਹਮਣਾਂ ਨੂੰ ਬੁਲਾਇ ਕੇ ਵਿਆਹ ਦੀਆਂ ਕਾਂਡੀਆਂ ਪੜਾਇ ਕੇ ਵਿਵਾਹ ਕਰਦੇ ਸਾਂ ਤੇ ਹੁਣ ਸਿਖ ਕਹਿੰਦੇ ਹੈਨ ਤੁਸੀਂ ਅਨੰਦ ਪੜਕੇ ਵਿਵਾਹ ਕਰੋ। ਬ੍ਰਹਮਣਾ ਨੂ ਨਾ ਬੁਲਾਵਹੁ। ਸਚੇ ਪਾਤਸਾਹ ਅਬ ਜਿਵੈ ਅਮਰ ਹੋਵੇ। ਦਸਤਖਤ ਖਾਸ ਹੋਏ। ਪਹਿਲੇ ਅਨੰਦ ਪੜਨਾ ਅਰਦਾਸ ਕਰਨੀ, ਪਿਛੇ ਬ੍ਰਹਮਣਾ ਥੀ ਹਮੇਸਾ ਜਿਸ ਤਰਹ ਪੜਾਂਵਦੇ ਆਇ ਹੋ ਤਿਵੈ ਪੜਾਵਣਾ। ਸੰਸਾ ਨਹੀ ਕਰਨਾ।”
ਸਿਖਾਂ ਦੀ ਭਗਤ ਮਾਲਾ ਦੇ ਉਪਰੋਕਤ ਕਥਨ ਨੂੰ ਸ. ਮਹਿੰਦਰ ਸਿੰਘ ਨੇ ਸਹਿਜਧਾਰੀਆਂ
ਇਸ ਪ੍ਰਕਾਰ ਨਿਚੋੜ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਕਾਲ ਵਿਚ ਅਨੰਦ ਕਾਰਜ ਦੀ ਮਰਿਆਦਾ ਸਿਖਾਂ ਵਿਚ ਸ਼ੁਰੂ ਹੋ ਚੁੱਕੀ ਸੀ। ਬੇਸ਼ਕ ਇਹ ਪੂਰਨ ਰੂਪ ਵਿਚ ਪ੍ਰਚਲਤ ਜਾਂ ਵਿਕਸਤ ਨਾ ਹੋਈ ਹੋਵੇ। ਪਰ ਇਸ ਸੰਬੰਧੀ ਇਤਿਹਾਸਕ ਸਰੋਤਾਂ ਵਿਚ ਗੁਰਮਤਿ ਵਿਰੋਧੀ ਜਿਹੜੇ ਵਰਣਨ ਗੁਰੂ ਵਿਅਕਤੀਆਂ ਅਤੇ ਸਿਖਾਂ ਨਾਲ ਜੁੜੇ ਮਿਲਦੇ ਹਨ, ਉਹ ਬ੍ਰਾਹਮਣੀ ਪ੍ਰਭਾਵ ਅਧੀਨ ਮਗਰੋਂ ਰਲਾਏ ਗਏ ਹਨ।
ਉੱਤਰ ਗੁਰੂ-ਕਾਲ
ਇਸ ਕਾਲ ਵਿਚ ਸਿੰਘਾਂ ਦੇ ਜੰਗਾਂ-ਜੁਧਾਂ ਵਿਚ ਰੁਝੇ ਰਹਿਣ ਕਾਰਨ ਵਿਆਹ ਦੀ ਮਰਿਆਦਾ ਸੰਬੰਧੀ ਕੋਈ ਸਪਸ਼ਟ ਵੇਰਵੇ ਸਾਹਮਣੇ ਨਹੀਂ ਆਉਂਦੇ। ਪਰ ਇਹ ਸੰਕੇਤ ਮਿਲਦਾ ਹੈ ਕਿ ਲਾਵਾਂ ਪੜ੍ਹਨ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਨ ਦੀ ਪਰੰਪਰਾ ਅਜੇ ਵਿਕਸਤ ਨਹੀਂ ਹੋਈ ਸੀ।
ਡਾ. ਮਾਨ ਸਿੰਘ ਨਿਰੰਕਾਰੀ ‘ਅਨੰਦ ਵਿਆਹ ਦੀ ਇਕ ਇਤਿਹਾਸਕ ਕ੍ਰਾਂਤੀ’ ਲੇਖ ਵਿਚ ਲਿਖਦੇ ਹਨ ਕਿ ਅਨੰਦ ਵਿਆਹ ਦਾ ਬੀਜ-ਰੂਪ ਨਿਰੰਕਾਰੀ ਲਹਿਰ ਦੇ ਸੰਚਾਲਕ ਬਾਬਾ ਦਿਆਲ ਜੀ (੧੭੮੩-੧੮੫੫ ਈ.) ਦੇ ਵਿਆਹ ਸਮੇਂ ਵੇਖਣ ਨੂੰ ਮਿਲਦਾ ਹੈ। ਇਹ ਵਿਆਹ ਭੇਰਾ ਨਗਰ ਵਿਚ ਸੰਤ ਬੁਧੂ ਸ਼ਾਹ ਸੇਵਾਪੰਥੀ ਦੀ ਧਰਮਸ਼ਾਲਾ ਵਿਚ ੧੮੦੮ ਈ. ਵਿਚ ਹੋਇਆ ਸੀ। ਬਾਬਾ ਜੀ ਨੇ ਚੇਤਰ ਦੇ ਅਸ਼ੁਭ ਮੰਨੇ ਜਾਂਦੇ ਮਹੀਨੇ ਵਿਚ ਆਪਣਾ ਵਿਆਹ ਗੁਰਬਾਣੀ-ਕੀਰਤਨ ਅਤੇ ਅਰਦਾਸ ਨਾਲ ਕਰਕੇ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਨਿਖੇਧ ਕੀਤਾ। ਬਾਬਾ ਦਿਆਲ ਜੀ ਨੇ ਆਪਣੇ ਪੁੱਤਰ ਦਰਬਾਰਾ ਸਿੰਘ (੧੮੧੪ -੧੮੭੦ ਈ.) ਦਾ ਵਿਆਹ ਵੀ ੧੮੫੫ ਈ. ਵਿਚ ਚੇਤਰ ਦੀ ਸੰਗਰਾਂਦ ਨੂੰ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਵਿਚ ਕੀਤਾ, ਜੋ ਗੁਰਮਤਿ ਅਨੁਸਾਰੀ ਸੀ। ਇਸ ਵਿਚ ਲਾਵਾਂ ਦੇ ਪਾਠ ਸਹਿਤ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪ੍ਰਕਰਮਾਂ ਕੀਤੀਆਂ ਗਈਆਂ। ੧੮੫੫ ਈ. ਤੋਂ ਬਾਅਦ ਪੋਠੋਹਾਰ
ਨਿਰੰਕਾਰੀ ਸੰਪਰਦਾ ਦੇ ਸਮਾਨੰਤਰ ਨਾਮਧਾਰੀ ਲਹਿਰ ਦੇ ਆਗੂ ਬਾਬਾ ਰਾਮ ਸਿੰਘ (੧੮੧੬-੧੮੮੫ ਈ.) ਨੇ ਜਿਹੜੀ ਵਿਆਹ ਦੀ ਰੀਤ ਚਲਾਈ, ਉਸ ਵਿਚ ਲਾਵਾਂ ਦਾ ਪਾਠ ਤਾਂ ਕੀਤਾ ਜਾਂਦਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਥਾਂ ਵੇਦੀ ਦੀ ਪ੍ਰਕਰਮਾ ਕੀਤੀ ਜਾਣ ਲੱਗੀ।
ਇਸ ਪ੍ਰਕਾਰ ਉੱਤਰ ਗੁਰੂ ਕਾਲ ਵਿਚ ਜਿਥੇ ਲਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਦੀ ਮਰਿਯਾਦਾ ਹੋਰ ਵਧੇਰੇ ਪ੍ਰਚਲਤ ਹੁੰਦੀ ਹੈ, ਉਥੇ ਬ੍ਰਾਹਮਣੀ ਰੀਤ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਪਰ ਵਰਤਮਾਨ ਸਮੇਂ ਵਿਚ ਨਾਮਧਾਰੀ ਸੰਪਰਦਾ ਤੋਂ ਇਲਾਵਾ, ਬਾਕੀ ਸਿਖਾਂ ਵਿਚ ਲਾਵਾਂ ਦੇ ਪਾਠ-ਕੀਰਤਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਦੀ ਮਰਿਆਦਾ ਹੀ ਪ੍ਰਚਲਤ ਹੈ।
ਅਨੰਦ-ਮੈਰਿਜ ਐਕਟ
ਉਨੀਂਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਅਰੰਭ ਤੱਕ, ਜਦੋਂ ਅਨੰਦ ਵਿਆਹ ਇਕ ਲਹਿਰ ਦਾ ਰੂਪ ਧਾਰਨ ਕਰ ਗਿਆ ਤਾਂ ਇਸ ਨੂੰ ਵਿਧਾਨਕ ਰੂਪ ਦੇਣ ਲਈ ਨਾਭਾ ਰਿਆਸਤ
੨੭ ਅਗਸਤ ੧੯੦੯ ਨੂੰ ਮੀਟਿੰਗ ਫਿਰ ਬੁਲਾਈ ਗਈ ਅਤੇ ਰਿਪੁਦਮਨ ਸਿੰਘ ਦੀ ਥਾਂ ’ਤੇ ਸ. ਸੁੰਦਰ ਸਿੰਘ ਮਜੀਠੀਆ ਨੂੰ ਮੈਂਬਰ ਲਿਆ ਗਿਆ ਜਿਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਬਿਲ ਦੇ ਹੱਕ ਵਿਚ ਠੋਸ ਦਲੀਲਾਂ ਦਿਤੀਆਂ। ਉਪਰੰਤ ਇਹ ਬਿਲ ਸਿਲੈਕਟ ਕਮੇਟੀ ਨੂੰ ਸੌਂਪਿਆ ਗਿਆ ਅਤੇ ੮ ਅਕਤੂਬਰ ੧੯੦੯ ਨੂੰ ਕੌਂਸਲ ਵਿਚ ਮੁੜ ਪੇਸ਼ ਕੀਤਾ ਗਿਆ। ਇਸ ਵਾਰ ਵੀ ਸ. ਸੁੰਦਰ ਸਿੰਘ ਮਜੀਠੀਆ ਨੇ ਬਿੱਲ ਦੀ ਲੋੜ ਬਾਰੇ ਵਿਸਥਾਰਤ ਚਰਚਾ ਕਰਦਿਆਂ ਕਿਹਾ ਕਿ “...ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਆਨੰਦ ਵਿਆਹ ਮਰਯਾਦਾ ਕੁਝ ਹੱਦ ਤਕ ਪ੍ਰਚਲਤ ਨਹੀਂ ਰਹੀ ਸੀ ਅਤੇ ਬ੍ਰਾਹਮਣਿਕ ਪ੍ਰਭਾਵ ਹੇਠਾਂ ਇਹ ਮਰਯਾਦਾ ਦਬ ਗਈ ਸੀ। ਪਰ ਸਾਡੀ ਖ਼ੁਸ਼-ਕਿਸਮਤੀ ਨਾਲ ਵਿਧਵਾ ਵਿਆਹ ਸਿੱਖਾਂ ਵਿਚ ਪ੍ਰਚਲਿਤ ਰਿਹਾ ਜੋ ਕਿ ਹਿੰਦੂ-ਮਰਯਾਦਾ ਅਨੁਸਾਰ ਵਿਵਰਜਤ ਸੀ। ਲੇਕਿਨ ਚਾਰ ਸੰਪ੍ਰਦਾਵਾਂ ਸਿੱਖਾਂ ਵਿਚ ਅਜਿਹੀਆਂ ਹਨ ਜਿਹੜੀਆਂ ਕਿ ਪ੍ਰੰਪਰਾ ਤੋਂ ਆਨੰਦ ਵਿਆਹ ਦੀ ਰਸਮ ਅਦਾ ਕਰ ਰਹੀਆਂ ਹਨ, ਜਿਹਾ ਕਿ ਬਹਿੰਗਮ (ਨਿਹੰਗ ਸਿੰਘ), ਬੰਦਈ (ਬਾਬਾ ਬੰਦਾ ਬਹਾਦਰ ਦੇ ਅਨੁਯਾਈ), ਨਿਰੰਕਾਰੀ (ਇਨ੍ਹਾਂ ਨੇ ਆਪਣੀ ਸੰਪਰਦਾਇ ਦਾ ਨਾਮ ਗੁਰੂ ਨਾਨਕ ਨਿਰੰਕਾਰੀ ਦੇ ਨਾਂ ਤੇ ਰਖਿਆ ਹੈ), ਅਖੀਰ ਵਿਚ ਨਾਮਧਾਰੀ (ਜਿਹੜੇ ਕਿ ਬਾਬਾ ਰਾਮ ਸਿੰਘ ਜੀ ਨੂੰ ਮੰਨਣ ਵਾਲੇ ਹਨ)।...ਇਹ ਮਰਯਾਦਾ ਫਿਰ ਸੁਰਜੀਤ ਹੋ ਰਹੀ ਹੈ ਅਤੇ ਪਿਛਲੇ ੩੦ ਸਾਲਾਂ ਵਿਚ ਇਸ ਮਰਯਾਦਾ ਨਾਲ ਕਈ ਵਿਆਹ ਹੋਏ ਹਨ ਜਿਨ੍ਹਾਂ ਦੀ ਸੂਚਨਾ ਅਖ਼ਬਾਰਾਂ ਰਾਹੀਂ ਵੀ ਦਿੱਤੀ ਜਾਂਦੀ ਰਹੀ ਹੈ। ਜਿਨ੍ਹਾਂ ਵਿਚ ਕਈ ਰਾਜੇ, ਸਰਦਾਰ, ਗੁਰੂ ਅੰਸ਼, ਸੰਤ, ਪੁਜਾਰੀ, ਫੌਜੀ ਅਫਸਰ, ਵਾਹੀਕਾਰ ਤੇ ਹੋਰ ਕਈ ਸੁਧਾਰਕ ਸਿੱਖ ਸ਼ਾਮਲ ਹਨ। ਹਜ਼ੂਰ! ਇਹ ਰਸਮ ਸਿੱਖਾਂ ਵਿਚ ਆਮ ਪ੍ਰਚਲਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਬੜੀ ਸਾਦੀ ਅਤੇ ਘਟ ਖਰਚ ਵਾਲੀ ਹੈ।”
ਅਜਾਦ ਭਾਰਤ ਵਿਚ ਇਸ ਕਾਨੂੰਨ ਵਿਚ ਤਰਮੀਮ ਕਰਨ ਬਾਰੇ ਚਲੀ ਬਹਿਸ ਬਾਰੇ ਡਾ. ਗੁਰਚਰਨਜੀਤ ਸਿੰਘ ਲਾਂਬਾ ਨੇ ਲਿਖਿਆ ਹੈ: “੨੦੧੨ ਵਿਚ ਜਦੋਂ ਮੁਕੰਮਲ ਅਨੰਦ ਮੈਰਿਜ ਐਕਟ ਦੀ ਗੱਲ ਚਲੀ ਸੀ, ਉਸ ਸਮੇਂ ਕਾਨੂੰਨ ਵਿਚ ਡਾ. ਦਲਜੀਤ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਨੇ ਚੀਫ਼ ਖਾਲਸਾ ਦੇ ਸਹਿਯੋਗ ਨਾਲ ਐਸਾ ਖਰੜਾ ਤਿਆਰ ਕਰਵਾਇਆ। ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਜੀ ਗਾਂਧੀ ਨੇ ਵੀ ਇਕ ਨਿਜੀ ਬਿਲ ਪੇਸ਼ ਕੀਤਾ। ਪਰ ਸਰਕਾਰ ਨੇ ੧੯੦੯ ਵਾਲੇ ਕਾਨੂੰਨ ਵਿਚ ਤਰਮੀਮ ਤਾਂ ਕੀਤੀ ਪਰ ਇਹ ਕੇਵਲ ਅਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਕਾਨੂੰਨੀ ਵੈਧਤਾ ਪ੍ਰਦਾਨ ਕਰਨ ਅਤੇ ਇਸ ਨੂੰ ਪੰਜੀਕ੍ਰਿਤ (Registered) ਕਰਨ ਤਕ ਹੀ ਸੀਮਤ ਰਹੀ। ਬਾਕੀ ਹਾਲੇ ਤਕ ਵਿਆਹ ਕਾਨੂੰਨ ਦੀਆਂ ਸਾਰੀਆਂ ਮੱਦਾਂ ਅਤੇ ਸ਼ਰਤਾਂ ਹਿੰਦੂ ਮੈਰਜ ਐਕਟ, ੧੯੫੫ ਵਾਲੀਆਂ ਹੀ ਲਾਗੂ ਹਨ। ਇਸ ਵਿਚ ਵੀ ਅਨੰਦ ਵਿਆਹ ਨੂੰ ਅਨੰਦ ਮੈਰਿਜ ਐਕਟ, ੧੯੦੯ ਅਧੀਨ ਰਜਿਸਟਰਡ ਕਰਨ ਦੀ ਪੱਕੀ ਪਾਬੰਦੀ ਨਹੀਂ ਹੈ, ਬਲਕਿ ਇਹ ਵੀ ਰਾਜ ਸਰਕਾਰਾਂ ’ਤੇ ਛੱਡ ਦਿਤਾ ਗਿਆ ਹੈ ਕਿ ਉਹ ਇਸ ਬਾਰੇ ਨਿਯਮ ਬਣਾ ਸਕਦੇ ਹਨ।”
ਅਨੰਦ ਸੰਸਕਾਰ/ਅਨੰਦ ਕਾਰਜ
ਅਨੰਦ ਸੰਸਕਾਰ/ਅਨੰਦ ਕਾਰਜ ਸਿੱਖ ਰਹਿਤ ਮਰਿਆਦਾ ਵਿਚ ਦਰਸਾਏ ਸੰਸਕਾਰਾਂ (ਜਨਮ ਤੇ ਨਾਮ-ਸੰਸਕਾਰ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ, ਮਿਰਤਕ ਸੰਸਕਾਰ) ਵਿਚੋਂ ਸਿੱਖ ਜੀਵਨ ਦਾ ਇਕ ਅਹਿਮ ਸੰਸਕਾਰ ਹੈ। ਇਸ ਸੰਸਕਾਰ ਦਾ ਇਕ ਆਪਣਾ ਵਿਧਾਨ ਹੈ, ਜਿਸ ਨੂੰ ਸਿੱਖ ਰਹਿਤ ਮਰਿਆਦਾ ਵਿਚ ਹੇਠ ਲਿਖੇ ਅਨੁਸਾਰ ਦਰਸਾਇਆ ਗਿਆ ਹੈ:
(ੳ) ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਏ।
(ਅ) ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ।
(ੲ) ਸਿੱਖ ਦਾ ਵਿਆਹ ‘ਅਨੰਦ’ ਰੀਤੀ ਨਾਲ ਕਰਨਾ ਚਾਹੀਏ।
(ਸ) ਲੜਕੀ ਲੜਕੇ ਦਾ ਵਿਆਹ ਬਚਪਨ ਵਿਚ ਕਰਨਾ ਵਿਵਰਜਿਤ ਹੈ।
(ਹ) ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ ‘ਅਨੰਦ’ ਪੜ੍ਹਾਇਆ ਜਾਵੇ।
(ਕ) ‘ਅਨੰਦ’ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇਕ ਕ੍ਰਿਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।
(ਖ) ‘ਅਨੰਦ’ ਦਾ ਦਿਨ ਮੁਕੱਰਰ ਕਰਨ ਲੱਗਿਆਂ ਕੋਈ ਥਿਤਿ-ਵਾਰ, ਚੰਗੇ ਮੰਦੇ ਦਿਨ ਦੀ ਖੋਜ ਲਈ ਪੱਤ੍ਰੀ ਵਾਚਣਾ ਮਨਮਤ ਹੈ। ਕੋਈ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿਚ ਸਲਾਹ ਕਰ ਕੇ ਚੰਗਾ ਦਿਸੇ, ਨਿਯਤ ਕਰ ਲੈਣਾ ਚਾਹੀਏ।
(ਗ) ਸਿਹਰਾ, ਮੁਕਟ ਜਾਂ ਗਾਨਾ ਬੰਨ੍ਹਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿਚ ਪੈਰ ਪਾਉਣਾ, ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁਸ ਕੇ ਜਾਣਾ, ਛੰਦ ਪੜ੍ਹਨੇ, ਹਵਨ ਕਰਨਾ, ਵੇਦੀ ਗੱਡਣੀ, ਵੇਸਵਾ ਦਾ ਨਾਚ, ਸ਼ਰਾਬ ਆਦਿ ਮਨਮਤ ਹੈ।
(ਘ) ਜਿਤਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ, ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ, ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ‘ਫਤਹ’ ਗਜਾਈ ਜਾਵੇ।
(ਙ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲਗੇ। ਸੰਗਤ ਜਾਂ ਰਾਗੀ ਕੀਰਤਨ ਕਰਨ। ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣ। ਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇ। ਸੰਗਤ ਦੀ ਆਗਿਆ ਲੈ ਕੇ ‘ਅਨੰਦ’ ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰ ਕੇ ‘ਅਨੰਦ’ ਦੇ ਅਰੰਭ ਦਾ ਅਰਦਾਸਾ ਸੋਧੇ। ਫਿਰ ਉਹ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਿਹਸਤ ਧਰਮ ਦੇ ਫ਼ਰਜਾਂ ਦਾ ਉਪਦੇਸ਼ ਕਰੇ। ਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ। ਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸੰਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉਤੇ ਢਾਲਣ ਦੀ ਵਿਧੀ ਦੱਸੇ।
ਆਪਸ ਵਿਚ ਪ੍ਰੇਮ ਦੁਆਰਾ ‘ਏਕ ਜੋਤਿ ਦੁਇ ਮੂਰਤੀ’ ਹੋਣਾ ਦੱਸੇ ਤੇ ਇਕੁਰ ਗ੍ਰਿਹਸਤ ਧਰਮ ਨਿਬਾਹੁੰਦੇ ਹੋਏ ਆਪਣੇ ਸਾਂਝੇ ਭਰਤਾ ‘ਅਕਾਲ ਪੁਰਖ’ ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਬਾਹੁਣ ਦਾ ਸਾਧਨ ਬਨਾਉਣਾ ਹੈ। ਦੋਹਾਂ ਨੇ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈ। ਫਿਰ ਲੜਕੇ ਅਤੇ ਲੜਕੀ ਨੂੰ ਆਪੋ ਆਪਣੇ ਵਖੋ-ਵਖਰੇ, ਗ੍ਰਿਹਸਤ ਧਰਮ ਦੇ ਫ਼ਰਜ਼ ਦੱਸੇ ਜਾਣ।
ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈ। ਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿਚ ਇਕੋ ਜਿਹਾ ਪਿਆਰ ਕਰਨਾ ਤੇ ਵੰਡ ਛਕਣਾ ਹੈ। ਏਸ ਦੇ ਸਰੀਰ ਤੇ ਇੱਜਤ ਦੇ ਰਾਖੇ ਤੁਸੀਂ ਹੋ। ਇਸਤਰੀ-ਬਰਤ ਧਰਮ ਵਿਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਦੇ ਤੁਲ ਆਦਰ ਦੇਣਾ।
ਕੰਨਿਆ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਨ੍ਹਾਂ ਦੇ ‘ਨਿਰਮਲ ਭਉ’ ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿਚ ਆਪਣੇ ਪਤੀ-ਬਰਤ ਧਰਮ ਵਿਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾ।
ਉਪਦੇਸ਼ ਦੀਆਂ ਗੱਲਾ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ। ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਲਾ ੪ ਵਿਚ ਦਿੱਤਾ ਲਾਵਾਂ ਦਾ ਪਾਠ ਸੁਣਾਵੇ। ਹਰੇਕ ਲਾਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਅਤੇ ਪਿਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਾਰਮਾਂ ਕਰਨ। ਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇਕ ਲਾਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਵ ਸੁਣਨ ਲਈ ਖੜ੍ਹੇ ਹੋ ਜਾਣ। ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ’ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇ। ਫਿਰ ‘ਅਨੰਦ’ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
(ਚ) ਅਨਮਤ ਵਾਲਿਆਂ ਦਾ ਵਿਆਹ ‘ਅਨੰਦ’ ਰੀਤੀ ਨਾਲ ਨਹੀਂ ਹੋ ਸਕਦਾ।
(ਛ) ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ।
(ਜ) ਜੇ ਬਾਲਕੀ ਦੇ ਮਾਪੇ ਕਦਾਂਚ ਸਬੱਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦ ਤਿਆਰ ਹੋਵੇ, ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ, ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਮੇਂ ਖਾਂਦੇ ਰਹਿਣ, ਇਸੇ ਵਾਸਤੇ, ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹੈਨ।
(ਝ) ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।
(ਞ) ਪੁਨਰ ਵਿਆਹ ਦੀ ਵੀ ਇਹੋ ਰੀਤ ਹੈ, ਜੋ ‘ਅਨੰਦ’ ਲਈ ਉਤੇ ਦੱਸੀ ਹੈ।
(ਟ) ਆਮ ਹਾਲਤਾਂ ਵਿਚ ਸਿੱਖ ਨੂੰ ਇਕ ਇਸਤਰੀ ਹੁੰਦੇ ਦੂਜਾ ਵਿਆਹ ਨਹੀਂ ਕਰਨਾ ਚਾਹੀਏ।
(ਠ) ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।”
ਸਾਰਾਂਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਲਾਵਾਂ ਅਧਾਰਤ ਅਨੰਦ ਕਾਰਜ ਸਿਖ ਕੌਮ ਦੁਆਰਾ ਕੀਤੀ ਜੱਦੋ-ਜਹਿਦ ਦੀ ਲੰਮੇਰੀ ਪਰੰਪਰਾ ਹੈ। ਪੰਥ ਕੋਲ ਅਨੰਦ ਕਾਰਜ ਦਾ ਵਿਧਾਨ ਅਤੇ ਸ਼ਰਤਾਂ ਤਾਂ ਹਨ, ਪਰੰਤੂ ਅਨੰਦ ਕਾਰਜ ਨਾਲ ਹੋਏ ਵਿਆਹ ਲਈ ਮੁਕੰਮਲ ਕਾਨੂੰਨ ਨਹੀਂ ਹੈ। ਹਾਲੇ ਤਕ ਸਿਰਫ ਇਸ ਵਿਧੀ ਰਾਹੀਂ ਹੋਏ ਵਿਆਹ ਨੂੰ ਹੀ ਭਾਰਤੀ ਸੰਵਿਧਾਨ ਨੇ ਪ੍ਰਵਾਨਗੀ ਦਿੱਤੀ ਹੈ। ਪਰੰਤੂ ਇਹ ਪੂਰਨ ਰੂਪ ਵਿਚ ਹਿੰਦੂ ਮੈਰਿਜ ਐਕਟ ਦਾ ਬਦਲ ਨਹੀਂ ਬਣਿਆ। ਦੂਜੇ ਪਾਸੇ, ਪਾਕਿਸਤਾਨ ਵਿਚਲੇ ਪੰਜਾਬ ਦੀ ਸੂਬਾ ਸਰਕਾਰ ਨੇ ਮਾਰਚ ੨੦੧੮ ਵਿਚ ‘ਪੰਜਾਬ ਸਿਖ ਅਨੰਦ ਕਾਰਜ ਮੈਰਿਜ ਐਕਟ’ ਪਾਸ ਕੀਤਾ। ਹਾਲਾਂਕਿ ਸੂਬਾ ਸਰਕਾਰ (ਪੀ.ਐਮ.ਅਲ-ਐਨ) ਦੇ ਕਾਰਜਕਾਲ ਦੀ ਮਈ ੨੦੧੮ ਵਿਚ ਮਿਆਦ ਪੂਰੀ ਹੋ ਜਾਣ ਕਰਕੇ ਇਹ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਿਆ।



