ਰਾਗ ਆਸਾ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅੰਗਦ ਸਾਹਿਬ ਦੇ ੧੫, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਸ਼ਾਮਲ ਹਨ।
ਗੁਰਮਤਿ ਸੰਗੀਤ ਵਿਚ ਆਸਾ ਰਾਗ ਬਹੁਤ ਮਹੱਤਵਪੂਰਨ ਹੈ। ਇਸ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਦੇ ਚਾਰ ਹੋਰ ਪ੍ਰਕਾਰ ਵੀ ਸ਼ਾਮਲ ਹਨ, ਜਿਵੇਂ ਰਾਗ ਆਸਾ ਕਾਫੀ, ਆਸਾਵਰੀ ਸੁਧੰਗ, ਆਸਾ ਆਸਾਵਰੀ, ਅਤੇ ਆਸਾਵਰੀ।
ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਆਸਾ ਰਾਗ ਤੇ ਮਾਂਡ ਰਾਗ ਵਿਚ ਸਵਰ ਬੇਸ਼ੱਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਣ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ’ਤੇ ਅਧਾਰਤ ਮੰਨੇ ਜਾਂਦੇ ਹਨ।
ਆਸਾ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ ਮਾਸਟਰ ਭਾਈ ਪ੍ਰੇਮ ਸਿੰਘ ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀ ਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ-ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ-ਸੰਗੀਤ, ਅਰਧ-ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ’ਤੇ ਵੀ ਛਾਇਆ ਹੋਇਆ ਹੈ।
ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿੱਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ।
ਰਾਗ ਆਸਾ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਗਾ ਤੇ ਨੀ (ਅਰੋਹ ਵਿਚ)।
ਜਾਤੀ: ਔੜਵ-ਸੰਪੂਰਨ।
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ, ਗਾ ਰੇ ਸਾ ਰੇ ਗਾ ਸਾ।
ਮੁੱਖ ਅੰਗ (ਪਕੜ): ਰੇ ਮਾ, ਪਾ, ਧਾ ਸਾ (ਤਾਰ ਸਪਤਕ), ਨੀ ਧਾ ਪਾ ਮਾ, ਗਾ ਸਾ ਰੇ ਗਾ ਸਾ।
ਗਾਇਨ ਸਮਾਂ
ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼।
ਸ਼ਬਦ ੪
ਰਾਗ ਗਉੜੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਗਉੜੀ ਰਾਗ ਨੂੰ ਤਰਤੀਬ ਅਨੁਸਾਰ ਤੀਜਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਤਿੰਨ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੫੧ ਤੋਂ ੩੪੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੪੦, ਗੁਰੂ ਅਮਰਦਾਸ ਸਾਹਿਬ ਦੇ ੩੯, ਗੁਰੂ ਰਾਮਦਾਸ ਸਾਹਿਬ ਦੇ ੧੧੫, ਗੁਰੂ ਅਰਜਨ ਸਾਹਿਬ ਦੇ ੪੬੨, ਗੁਰੂ ਤੇਗ ਬਹਾਦਰ ਸਾਹਿਬ ਦੇ ੯, ਭਗਤ ਕਬੀਰ ਜੀ ਦੇ ੧੪੩, ਭਗਤ ਨਾਮਦੇਵ ਜੀ ਦਾ ੧ ਤੇ ਭਗਤ ਰਵਿਦਾਸ ਜੀ ਦੇ ੫ ਸ਼ਬਦ ਦਰਜ ਹਨ।
ਗਉੜੀ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਰਾਗ ਵਿਚ ਮਨ, ਮਤਿ, ਬੁਧਿ, ਆਤਮਾ, ਮੌਤ, ਮੁਕਤੀ ਆਦਿ ਗੰਭੀਰ ਵਿਸ਼ਿਆਂ ਨਾਲ ਸੰਬੰਧਤ ਬਾਣੀ ਉਚਾਰਨ ਕੀਤੀ ਹੈ।
ਗੁਰਮਤਿ ਸੰਗੀਤ ਵਿਚ ਗਉੜੀ ਰਾਗ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਦੇ ਸਮੂਹ ਰਾਗਾਂ ਵਿਚੋਂ ਸਭ ਤੋਂ ਵੱਧ ਬਾਣੀ ਇਸੇ ਰਾਗ ਵਿਚ ਦਰਜ ਹੈ। ਗੁਰੂ ਅਰਜਨ ਸਾਹਿਬ ਰਾਗ ਗਉੜੀ ਦਾ ਜਿਕਰ ਕਰਦੇ ਹੋਏ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਗਉੜੀ ਰਾਗਣੀ ਗਾ ਕੇ ਤਾਂ ਹੀ ਭਾਗਸ਼ੀਲ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਵੇ ਅਤੇ ਸੱਚੇ ਗੁਰ-ਸ਼ਬਦ ਅਨੁਸਾਰ ਚੱਲਣ ਨੂੰ ਆਪਣਾ ਸ਼ਿੰਗਾਰ ਬਣਾਵੇ:
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ॥ -ਗੁਰੂ ਗ੍ਰੰਥ ਸਾਹਿਬ ੩੧੧
ਗਉੜੀ ਇਕ ਪੁਰਾਤਨ ਰਾਗ ਹੈ। ਹਿੰਦੁਸਤਾਨੀ ਸੰਗੀਤ ਦੇ ਪੁਰਾਤਨ ਗ੍ਰੰਥਾਂ ਵਿਚ ਗਉੜੀ ਰਾਗ ਨੂੰ ਗੋਰੀ, ਗੌੜੀ, ਗਵਰੀ, ਗਉਰੀ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਗਉੜੀ’ ਇਕ ਮੁੱਖ ਰਾਗ ਦੇ ਰੂਪ ਵਿਚ ਵੀ ਆਉਂਦਾ ਹੈ ਅਤੇ ਇਸ ਰਾਗ ਦੇ ੧੧ ਹੋਰ ਮਿਸ਼ਰਤ ਪ੍ਰਕਾਰ ਵੀ ਦਰਜ ਹਨ: ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ ਤੇ ਗਉੜੀ ਸੋਰਠਿ।
‘ਸੰਗੀਤ ਰਤਨਾਕਰ ਗ੍ਰੰਥ’ ਵਿਚਲੇ ਪੰਜ ਗੀਤਾਂ ਸ਼ੁਧਾ, ਭਿੰਨਾ, ਗਉੜੀ, ਬੈਸਰਾ, ਸਾਧਾਰਣੀ ਵਿਚੋਂ ‘ਗਉੜੀ’ ਵੀ ਇਕ ਗੀਤ ਹੈ। ਇਸ ਦੇ ਦੋ ਭੇਦ ‘ਗਉੜੀ’ ਅਤੇ ‘ਔਹਾਟੀ’ ਹਨ। ‘ਗਉੜੀ’ ਉਸ ਗੀਤ ਨੂੰ ਕਹਿੰਦੇ ਹਨ, ਜਿਸ ਵਿਚ ਰਾਗ ਦੇ ਅਜਿਹੇ ਸੁਰ ਸਮੂਹਾਂ ਦਾ ਪ੍ਰਯੋਗ ਹੋਵੇ ਜੋ ਸੁਣਨ ਵਿਚ ਚੰਗੇ ਲੱਗਦੇ ਹੋਣ। ਮੰਦਰ, ਮੱਧ ਅਤੇ ਤਾਰ ਸਪਤਕ ਦੀ ਜਗ੍ਹਾ ’ਤੇ ਸਥਿਤੀ ਨਿਰੰਤਰ ਹੋਵੇ, ਕੰਨਾਂ ਨੂੰ ਭਾਉਂਦੀ ਹੋਵੇ ਅਤੇ ਗੌੜਵ/ਗੌੜ (ਪੂਰਬੀ ਬੰਗਾਲ ਅਤੇ ਉੜੀਸਾ ਦੇ ਵਿਚਕਾਰਲੇ) ਦੇਸ਼ ਵਿਚ ਪ੍ਰਸਿੱਧ ਵੀ ਹੋਵੇ।
‘ਆਇਨ-ਏ-ਅਕਬਰੀ’ ਦੇ ਹਵਾਲੇ ਨਾਲ ਡਾ. ਕਿਰਪਾਲ ਸਿੰਘ ਇਸ ਰਾਗ ਦੀ ਉਤਪਤੀ ਸੰਬੰਧੀ ਦੋ ਵਿਚਾਰ ਪ੍ਰਗਟ ਕਰਦੇ ਹਨ। ਪਹਿਲਾ, ਇਸ ਰਾਗ ਦਾ ਮੁੱਢ ਬੰਗਾਲ ਵਿਚ ਬੱਝਾ ਹੋਵੇਗਾ ਅਤੇ ਦੂਜਾ ਇਹ ਕਿ ਗਉੜੀ/ਗੌਰੀ (ਸ਼ਿਵਜੀ ਦੀ ਪਤਨੀ) ਇਸ ਰਾਗ ਦੀ ਮੋਢੀ ਹੋਵੇਗੀ।
ਰਾਗ-ਰਾਗਣੀ ਪੱਧਤੀ ਵਿਚ ਗਉੜੀ ਰਾਗ ਬਾਰੇ ਵਖ-ਵਖ ਵਿਚਾਰ ਪਾਏ ਜਾਂਦੇ ਹਨ। ਹਨੂੰਮਾਨ ਮਤ ਅਤੇ ਭਰਤ ਮਤ ਵਿਚ ਇਸ ਰਾਗ ਨੂੰ ਮਾਲਕੌਂਸ ਰਾਗ ਦੀ ਰਾਗਣੀ ਮੰਨਿਆ ਗਿਆ ਹੈ।
ਬੈਰਾਰੀ ਕਰਨਾਟੀ ਧਰੀ।। ਗਵਰੀ ਗਾਵਹਿ ਆਸਾਵਰੀ।।
ਤਿਹ ਪਾਛੈ ਸਿੰਧਵੀ ਅਲਾਪੀ।। ਸਿਰੀ ਰਾਗ ਸਿਉ ਪਾਂਚਉ ਥਾਪੀ।। -ਗੁਰੂ ਗ੍ਰੰਥ ਸਾਹਿਬ ੧੪੩੦
ਗਉੜੀ ਵਖ-ਵਖ ਅੰਗਾਂ ਤੋਂ ਗਾਇਆ-ਵਜਾਇਆ ਜਾਣ ਵਾਲਾ ਰਾਗ ਹੈ। ਭਾਈ ਅਵਤਾਰ ਸਿੰਘ ਤੇ ਭਾਈ ਗੁਰਚਰਨ ਸਿੰਘ ਅਨੁਸਾਰ ਗਉੜੀ ‘ਭੈਰਵ’ ਅਤੇ ‘ਪੂਰਵੀ’ ਅੰਗਾਂ ਤੋਂ ਗਾਇਆ ਜਾਣ ਵਾਲਾ ਰਾਗ ਹੈ।
ਰਾਗ ਗਉੜੀ ਦਾ ਸਰੂਪ
ਥਾਟ: ਭੈਰਵ।
ਸਵਰ: ਰਿਸ਼ਭ, ਧੈਵਤ (ਕੋਮਲ), ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਗਾ ਰੇ (ਕੋਮਲ), ਮਾ ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਮਾ ਪਾ, ਧਾ (ਕੋਮਲ) ਪਾ ਮਾ ਗਾ, ਰੇ (ਕੋਮਲ) ਗਾ ਰੇ (ਕੋਮਲ), ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਮਾ ਧਾ (ਕੋਮਲ) ਪਾ, ਧਾ (ਕੋਮਲ) ਮਾ ਪਾ ਮਾ ਗਾ ਰੇ (ਕੋਮਲ), ਗਾ ਰੇ (ਕੋਮਲ) ਸਾ ਨੀ (ਮੰਦਰ ਸਪਤਕ), ਸਾ।
ਗਾਇਨ ਸਮਾਂ
ਰਾਤ ਦਾ ਪਹਿਲਾ ਪਹਿਰ।
ਸ਼ਬਦ ੬
ਰਾਗ ਰਾਮਕਲੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਰਾਮਕਲੀ ਰਾਗ ਨੂੰ ਤਰਤੀਬ ਅਨੁਸਾਰ ਅਠਾਰ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ, ਚਾਰ ਭਗਤ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੬ ਤੋਂ ੯੭੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੬੬, ਗੁਰੂ ਅੰਗਦ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੧੬੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦੇ ੪ ਅਤੇ ਭਗਤ ਰਵਿਦਾਸ ਜੀ ਤੇ ਭਗਤ ਬੇਣੀ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
ਰਾਮਕਲੀ ਬਹੁਤ ਪੁਰਾਣਾ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਲਈ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ, ਰਾਮਕੇਲੀ ਆਦਿ ਨਾਂਵਾਂ ਦੀ ਵਰਤੋਂ ਕੀਤੀ ਵੀ ਮਿਲਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨਾਲੋਂ ਜਿਆਦਾ ਸ਼ਬਦ ਦੀ ਪ੍ਰਧਾਨਤਾ ਹੈ। ਰਾਗ ਇਕ ਸਾਧਨ ਹੈ, ਜਿਸ ਨੇ ਰਮਤ-ਰਾਮ ਨੂੰ ਹਿਰਦੇ ਵਿਚ ਵਸਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦਾ ਜਿਕਰ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੇਕਰ ਇਸ ਰਾਗ ਦੇ ਗਾਇਨ ਰਾਹੀਂ ਵਿਆਪਕ-ਪ੍ਰਭੂ ਮਨ ਵਿਚ ਵਸ ਜਾਵੇ ਤਾਂ ਹੀ ਅਸਲ ਸਾਜ-ਸਿੰਗਾਰ ਹੋਇਆ ਜਾਣੋ: ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ -ਗੁਰੂ ਗ੍ਰੰਥ ਸਾਹਿਬ ੯੫੦
ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦੇ ਅੰਤਰਗਤ ‘ਰਾਮਕਲੀ ਦਖਣੀ’ ਨਾਮ ਦਾ ਰਾਗ ਵੀ ਦਰਜ ਹੈ। ਇਹ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਾਪਤ ਹੁੰਦਾ ਹੈ। ਹਿੰਦੁਸਤਾਨੀ ਜਾਂ ਕਰਨਾਟਕੀ (ਦੱਖਣੀ) ਸੰਗੀਤ ਵਿਚ ਇਹ ਰਾਗ ਨਹੀਂ ਮਿਲਦਾ।
ਰਾਮਕਲੀ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਹਿੰਦੁਸਤਾਨੀ ਸੰਗੀਤ ਦੇ ਭਰਤ ਮਤ ਵਿਚ ਇਸ ਨੂੰ ਹਿੰਡੋਲ ਰਾਗ ਦੀ ਰਾਗਣੀ ਅਤੇ ਹਨੂਮਾਨ ਮਤ ਵਿਚ ਸ੍ਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ।
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨੇ ਰਾਮਕਲੀ ਦੇ ਤਿੰਨ ਵਖ-ਵਖ ਪ੍ਰਕਾਰਾਂ ਦਾ ਜਿਕਰ ਕੀਤਾ ਹੈ। ਪਹਿਲਾ, ਔੜਵ-ਸੰਪੂਰਨ, ਜਿਸ ਵਿਚ ਨੀ ਕੋਮਲ ਤੇ ਮਾ ਸ਼ੁਧ ਲੱਗਦੇ ਹਨ। ਦੂਜੇ ਵਿਚ ਦੋਵੇਂ ਨੀ ਲੱਗਦੇ ਹਨ। ਤੀਜੇ ਪ੍ਰਕਾਰ ਵਿਚ ਦੋਵੇਂ ਮਾ ਤੇ ਦੋਵੇਂ ਨੀ ਲੱਗਦੇ ਹਨ। ਪਾ ਵਾਦੀ ਤੇ ਸਾ ਸੰਵਾਦੀ ਹੈ।
ਰਾਗ ਰਾਮਕਲੀ ਦਾ ਸਰੂਪ
ਥਾਟ: ਭੈਰਵ।
ਸਵਰ: ਰੇ ਤੇ ਧਾ ਕੋਮਲ, ਦੋਵੇਂ ਮਾ, ਦੋਵੇਂ ਨੀ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ (ਕੁਝ ਵਿਦਵਾਨ ਸੰਪੂਰਨ-ਸੰਪੂਰਨ ਵੀ ਮੰਨਦੇ ਹਨ)।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ, ਗਾ ਮਾ ਪਾ, ਧਾ (ਕੋਮਲ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਧਾ (ਕੋਮਲ) ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ) ਸਾ।
ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।
ਸ਼ਬਦ ੭
ਰਾਗ ਗੂਜਰੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਗੂਜਰੀ ਰਾਗ ਨੂੰ ਤਰਤੀਬ ਅਨੁਸਾਰ ਪੰਜਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੯ ਤੋਂ ਲੈ ਕੇ ਪੰਨਾ ੫੨੬ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯, ਗੁਰੂ ਰਾਮਦਾਸ ਸਾਹਿਬ ਦੇ ੮, ਗੁਰੂ ਅਰਜਨ ਸਾਹਿਬ ਦੇ ੩੫ ਸ਼ਬਦ ਹਨ। ਭਗਤਾਂ ਵਿਚੋਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦੇ ੨-੨ ਅਤੇ ਭਗਤ ਰਵਿਦਾਸ ਜੀ ਤੇ ਭਗਤ ਜੈਦੇਵ ਜੀ ਦਾ ੧-੧ ਸ਼ਬਦ ਸ਼ਾਮਲ ਹੈ।
ਪ੍ਰਾਚੀਨ ਤੇ ਪ੍ਰਸਿੱਧ ਰਾਗ ਗੂਜਰੀ, ਭਗਤੀ ਭਾਵਾਂ ਦੇ ਗਾਇਨ ਲਈ ਵਿਸ਼ੇਸ਼ ਤੇ ਢੁਕਵਾਂ ਮੰਨਿਆ ਗਿਆ ਹੈ। ਕਰੁਣਾ ਰਸ ਨਾਲ ਓਤਪੋਤ ਹੋਣ ਕਾਰਣ ਸੰਗੀਤਕਾਰਾਂ ਨੇ ਇਸ ਰਾਗ ਦੀ ਪ੍ਰਕਿਰਤੀ ‘ਕਰੁਣਾ’ ਮੰਨੀ ਹੈ।
ਇਸ ਰਾਗ ਦਾ ਵਰਣਨ ਕੁਝ ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਵੀ ਮਿਲਦਾ ਹੈ। ਪਰ ਰਾਗ ਦੀ ਉਤਪਤੀ ਸੰਬੰਧੀ ਵਿਦਵਾਨਾਂ ਦੇ ਵਿਚਾਰਾਂ ਵਿਚ ਭਿੰਨਤਾ ਪਾਈ ਜਾਂਦੀ ਹੈ। ਇਕ ਮਤ ਅਨੁਸਾਰ ਇਸ ਰਾਗ ਦੀ ਉਤਪਤੀ ਗੁਜਰਾਤ ਵਿਚ ਹੋਈ। ਇਸੇ ਲਈ ਇਸ ਦਾ ਨਾਂ ਗੂਜਰੀ ਪੈ ਗਿਆ। ਦੂਜੇ ਮਤ ਅਨੁਸਾਰ ਗਵਾਲੀਅਰ ਦੇ ਮਹਾਰਾਜਾ ਮਾਨ ਸਿੰਘ ਤੋਮਰ ਦੀ ਗੂਜਰੀ ਰਾਣੀ, ਮ੍ਰਿਗ ਨੈਣੀ ਨੇ ਇਸ ਰਾਗ ਦੀ ਰਚਨਾ ਕੀਤੀ। ਪਰ ਸੰਗੀਤਕ ਗ੍ਰੰਥਾਂ ਵਿਚ ਇਨ੍ਹਾਂ ਬਾਰੇ ਠੋਸ ਸਬੂਤ ਨਾ ਮਿਲਣ ਕਾਰਣ ਵਿਦਵਾਨ ਇਨ੍ਹਾਂ ਨੂੰ ਮਨਘੜਤ ਕਥਾਵਾਂ ਹੀ ਮੰਨਦੇ ਹਨ।
ਗੁਰੂ ਗ੍ਰੰਥ ਵਿਸ਼ਵਕੋਸ਼ ਅਨੁਸਾਰ, “ਇਸ ਦਾ ਮੂਲ ਸਰੋਤ ਗੁੱਜਰ ਜਾਤੀ ਦਾ ਲੋਕ-ਸੰਗੀਤ ਮੰਨਿਆ ਜਾਂਦਾ ਹੈ। ਪੰਜਾਬ ਅਤੇ ਉਸ ਦੇ ਨਿਕਟ-ਵਰਤੀ ਪ੍ਰਦੇਸ਼ਾਂ ਵਿਚ ਗੁੱਜਰ ਜਾਤਿ ਦਾ ਵਿਸ਼ੇਸ਼ ਰੂਪ ਵਿਚ ਨਿਵਾਸ ਰਿਹਾ ਹੈ। ਇਸ ਲਈ ਇਸ ਰਾਗ ਦਾ ਪ੍ਰਚਲਨ ਵੀ ਇਸੇ ਖੇਤਰ ਵਿਚ ਅਧਿਕ ਹੋਇਆ ਹੈ। ਇਹ ਰਾਗ ਸਾਰੀਆਂ ਰੁੱਤਾਂ ਵਿਚ ਸਵੇਰ ਵੇਲੇ ਗਾਇਆ ਜਾਂਦਾ ਹੈ।”
ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਗੂਜਰੀ ਦੇ ਨੌਂ ਪ੍ਰਕਾਰਾਂ ਦਾ ਵਰਣਨ ਮਿਲਦਾ ਹੈ। ਮਹਾਰਾਸ਼ਟਰ ਗੂਜਰੀ, ਦੱਖਣ ਗੂਜਰੀ, ਦ੍ਰਾਵੜੀ ਗੂਜਰੀ, ਉਤਰਾ ਗੂਜਰੀ, ਸੌਰਾਸ਼ਟਰ ਗੂਜਰੀ, ਮੰਗਲ ਗੂਜਰੀ, ਰਾਮਕਲੀ ਗੂਜਰੀ, ਬਹੁਲਾ ਗੂਜਰੀ ਤੇ ਸਯਾਮ ਗੂਜਰੀ। ਪਰ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਰਾਗ ਗੂਜਰੀ ਦਾ ਹੀ ਜਿਕਰ ਹੋਇਆ ਹੈ। ਉਸ ਦੇ ਕਿਸੇ ਪ੍ਰਕਾਰ ਦਾ ਉਲੇਖ ਨਹੀਂ ਮਿਲਦਾ।
ਰਾਗਮਾਲਾ ਵਿਚ ਗੂਜਰੀ ਰਾਗ ਨੂੰ ਦੀਪਕ ਰਾਗ ਦੀ ਇਕ ਰਾਗਣੀ ਮੰਨਿਆ ਗਿਆ ਹੈ। ਇਸ ਦਾ ਉਲੇਖ ਇਸ ਤਰ੍ਹਾਂ ਆਇਆ ਹੈ:
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ -ਗੁਰੂ ਗ੍ਰੰਥ ਸਾਹਿਬ ੧੪੩੦
ਪੰਡਿਤ ਲੋਚਨ ਤੇ ਹਿਰਦੈ ਨਾਰਾਇਣ ਦੇਵ ਨੇ ਗੂਜਰੀ ਰਾਗ ਨੂੰ ਗੌਰੀ ਥਾਟ ਤੋਂ ਜਨਮਿਆਂ ਰਾਗ ਮੰਨਿਆ ਹੈ। ਪਰ ਵਰਤਮਾਨ ਸਮੇਂ ਵਿਚ ਪ੍ਰਚਲਤ ਰਾਗ ਗੂਜਰੀ ਨੂੰ ਤੋੜੀ ਥਾਟ ਦਾ ਹੀ ਇਕ ਪ੍ਰਕਾਰ ਮੰਨ ਕੇ ਗੂਜਰੀ ਤੋੜੀ ਦਾ ਨਾਮ ਦਿੱਤਾ ਜਾਂਦਾ ਹੈ।
ਗੂਜਰੀ ਇਕ ਉਤਰਾਂਗ ਪ੍ਰਧਾਨ ਰਾਗ ਹੈ। ਇਸ ਦਾ ਚਲਨ ਜਿਆਦਾ ਮੱਧ ਤੇ ਤਾਰ ਸਪਤਕਾਂ ਵਿਚ ਰਹਿੰਦਾ ਹੈ। ਉਂਞ ਇਹ ਰਾਗ ਤਿੰਨਾਂ ਸਪਤਕਾਂ ਵਿਚ ਹੀ ਗਾਇਆ ਜਾਂਦਾ ਹੈ।
ਗੁਰਮਤਿ ਸੰਗੀਤ ਦੇ ਲਗਭਗ ਸਾਰੇ ਹੀ ਵਿਦਵਾਨਾਂ ਨੇ ਗੂਜਰੀ ਦੇ ਜਿਸ ਸਰੂਪ ਨੂੰ ਪ੍ਰਮਾਣਤ ਮੰਨਿਆ ਹੈ। ਰਾਗ ਨਿਰਣਾਇਕ ਕਮੇਟੀ ਵੱਲੋਂ ਵੀ ਇਸੇ ਸਰੂਪ ਨੂੰ ਮਾਨਤਾ ਦਿਤੀ ਗਈ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ:
ਰਾਗ ਗੂਜਰੀ ਦਾ ਸਰੂਪ
ਥਾਟ: ਤੋੜੀ
ਸਵਰ: ਰਿਸ਼ਭ, ਗੰਧਾਰ ਤੇ ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਾਰੇ ਸ਼ੁੱਧ
ਵਰਜਿਤ ਸਵਰ: ਪੰਚਮ
ਜਾਤੀ: ਸ਼ਾੜਵ-ਸ਼ਾੜਵ
ਵਾਦੀ: ਧੈਵਤ
ਸੰਵਾਦੀ: ਰਿਸ਼ਭ
ਆਰੋਹ: ਸਾ ਰੇ (ਕੋਮਲ), ਗਾ (ਕੋਮਲ) ਮਾ (ਤੀਵਰ) ਧਾ (ਕੋਮਲ), ਨੀ, ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਮਾ (ਤੀਵਰ) ਗਾ (ਕੋਮਲ) ਰੇ (ਕੋਮਲ), ਗਾ (ਕੋਮਲ) ਰੇ (ਕੋਮਲ) ਸਾ।
ਮੁਖ ਅੰਗ (ਪਕੜ): ਧਾ (ਕੋਮਲ), ਮਾ (ਤੀਵਰ) ਧਾ (ਕੋਮਲ), ਨੀ ਧਾ (ਕੋਮਲ), ਮਾ (ਤੀਵਰ) ਧਾ (ਕੋਮਲ) ਮਾ (ਤੀਵਰ) ਗਾ (ਕੋਮਲ) ਰੇ (ਕੋਮਲ), ਰੇ (ਕੋਮਲ) ਗਾ (ਕੋਮਲ) ਰੇ (ਕੋਮਲ) ਸਾ।
ਗਾਇਨ ਸਮਾਂ
ਦਿਨ ਦਾ ਦੂਜਾ ਪਹਿਰ।



