ਸ਼ਬਦ ੧
‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ)’ ਵਿਚ ਵਿਚਾਰ-ਅਧੀਨ ਸ਼ਬਦ ਦੇ ਉਚਾਰਣ ਦਾ ਸੰਬੰਧ ਭਗਤ ਕਬੀਰ ਜੀ ਦੇ ਸਨੇਹੀ ਇਕ ਜੋਗੀ ਦੀ ਮੌਤ ਨਾਲ ਜੋੜਿਆ ਗਿਆ ਹੈ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੨, ਪੰਨਾ ੧੦੨੧
‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵੀ ਇਸ ਸੰਬੰਧੀ ਇਕ ਲੰਮੇਰੀ ਉਥਾਨਕਾ ਦਿੱਤੀ ਹੋਈ ਹੈ। ਇਸ ਉਥਾਨਕਾ ਅਨੁਸਾਰ ਪ੍ਰਾਣਾਯਾਮ ਕਰਨ ਵਾਲਾ ਇਕ ਜੋਗੀ ਭਗਤ ਕਬੀਰ ਜੀ ਦਾ ਮਿੱਤਰ ਸੀ। ਭਗਤ ਕਬੀਰ ਜੀ ਨੇ ਉਸ ਪਾਸੋਂ ਹਠ ਜੋਗ ਦੀ ਕਿਰਿਆ ਸਿੱਖੀ ਸੀ। ਇਸ ਲਈ ਗੁਰੂ-ਚੇਲੇ ਵਾਲੀ ਭਾਵਨਾ ਕਾਰਣ ਦੋਵੇਂ ਇਕ-ਦੂਜੇ ਨੂੰ ਮਿਲਦੇ ਰਹਿੰਦੇ ਸਨ। ਇਕ ਦਿਨ ਕਬੀਰ ਜੀ ਕੋਲ ਜੋਗੀ ਜੀ ਨੇ ਆਉਣਾ ਸੀ, ਪਰ ਉਹ ਨਾ ਆਏ। ਕਾਫੀ ਸਮਾਂ ਉਡੀਕਣ ਤੋਂ ਬਾਅਦ ਕਬੀਰ ਜੀ ਜੋਗੀ ਜੀ ਵੱਲ ਚੱਲ ਪਏ ਅਤੇ ਜਾ ਕੇ ਦੇਖਿਆ ਕਿ ਉਹ ਸੰਸਾਰ ਤਿਆਗ ਚੁੱਕੇ ਸਨ। ਕਬੀਰ ਜੀ ਨੇ ਕਰੁਣਾ ਰਸ ਵਿਚ ਇਹ ਸ਼ਬਦ ਉਚਾਰਿਆ।
ਸੰਤ ਕਿਰਪਾਲ ਸਿੰਘ, ‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਚੌਥੀ, ਪੰਨਾ ੮੩੮
ਭਾਈ ਵੀਰ ਸਿੰਘ ਅਨੁਸਾਰ ਇਸ ਸ਼ਬਦ ਦੀ ਸਮੁੱਚੀ ਵਿਚਾਰ ਦੱਸਦੀ ਹੈ ਕਿ ਕਿਸੇ ਹਠ ਜੋਗੀ ਦੇ ਦਿਹਾਂਤ ਹੋਣ ’ਤੇ ਉਸ ਨੂੰ ਨਿਸ਼ਕ੍ਰਿਆ ਪਿਆ ਦੇਖ ਕੇ, ਵੈਰਾਗ ਤੇ ਤਰਸ ਵਿਚ ਵਿਸਮਾਦਤ ਹੋ ਕੇ ਇਹ ਸ਼ਬਦ ਉਚਾਰਿਆ ਗਿਆ ਹੈ। ਇਸ ਵਿਚ ਦਰਦ ਵੀ ਹੈ ਤੇ ਸਿਖਿਆ ਵੀ, ਪਰ ਘ੍ਰਿਣਾ ਜਾਂ ਉਲਾਂਭੇ ਦੀ ਸੂਰਤ ਕੋਈ ਨਹੀਂ ਹੈ। ਅਜਿਹੇ ਭਾਵਾਂ ਵਿਚ ਜਾਣਾ ਕਬੀਰ ਜੀ ਦੀ ਸ਼ਾਨ ਦੇ ਵਿਰੁੱਧ ਹੈ ਅਤੇ ਨਾ ਹੀ ਇਸ ਸ਼ਬਦ ਦੇ ਪਦ ਅਰਥ ਇਸ ਦੀ ਇਜਾਜਤ ਦਿੰਦੇ ਹਨ।
ਭਾਈ ਵੀਰ ਸਿੰਘ, ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਛੇਵੀਂ, ਪੰਨਾ ੨੯੮੭
ਪਰ ਪ੍ਰੋ. ਸਾਹਿਬ ਸਿੰਘ ਅਨੁਸਾਰ ਇਸ ਸ਼ਬਦ ਵਿਚ ਸਰੀਰ ਦੀਆਂ ਗੱਲਾਂ ਕਰਨ ਵਾਲੇ ਮਨ ਦੇ ਤੁਰ ਜਾਣ ਦੀ ਗੱਲ ਕਹੀ ਗਈ ਹੈ। ਜਿਨ੍ਹਾਂ ਟੀਕਾਕਾਰਾਂ ਨੇ ਕਿਸੇ ਜੋਗੀ ਦੇ ਮਰਨ ਦੀ ਕਹਾਣੀ ਇਸ ਸ਼ਬਦ ਨਾਲ ਜੋੜੀ ਹੈ, ਉਨ੍ਹਾਂ ਨੇ ਇਸ ਸ਼ਬਦ ਵਿਚ ਆਏ ਲਫਜ ‘ਮੰਦਰੁ’ (ਜਿਨਿ ਇਹੁ ਮੰਦਰੁ ਕੀਨਾ) ਦਾ ਅਰਥ ਸਰੀਰ ਕਰ ਦਿੱਤਾ ਹੈ। ਪ੍ਰੋ. ਸਾਹਿਬ ਸਿੰਘ ਨੇ ਇਸ ਦਾ ਅਰਥ ‘ਢੋਲ ਜਾਂ ਸਰੀਰ ਦੇ ਮੋਹ ਦਾ ਢੋਲ’ ਕਰਦਿਆਂ, ਇਸ ਨੂੰ ਮਨ ਨਾਲ ਜੋੜ ਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਸ਼ਬਦ ਵਿਚ ਮਨ ਦੇ ਸੁਧਰਨ ਦੀ ਗੱਲ ਹੈ ਨਾ ਕਿ ਕਿਸੇ ਮਿੱਠ ਬੋਲੜੇ ਜੋਗੀ ਦੇ ਮਰਨ ਦੀ।
ਪ੍ਰੋ. ਸਾਹਿਬ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ, ਪੰਨਾ ੭੨੩-੭੨੬
ਗਿ. ਹਰਿਬੰਸ ਸਿੰਘ ਅਨੁਸਾਰ ਵੀ ਇਸ ਸ਼ਬਦ ਵਿਚ ‘ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ’ (ਗੁਰੂ ਗ੍ਰੰਥ ਸਾਹਿਬ ੪੮੦) ਅਤੇ ‘ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ’ (ਗੁਰੂ ਗ੍ਰੰਥ ਸਾਹਿਬ ੪੮੦) ਆਦਿ ਨੂੰ ਵੇਖ ਕੇ ਸੰਪਰਦਾਈ ਟੀਕਾਕਾਰਾਂ ਨੇ ਇਸ ਸ਼ਬਦ ਦਾ ਸੰਬੰਧ ਕਿਸੇ ਮੋਏ ਹੋਏ ਜੋਗੀ ਨਾਲ ਜੋੜਿਆ ਹੈ। ਪ੍ਰੰਤੂ ‘ਜੀਵਤ ਬੰਧਨ ਤੋਰੇ’ ਵਾਲੀ ਪੰਕਤੀ ਤੋਂ ਇਸ ਗੱਲ ਦਾ ਨਿਰਣਾ ਹੋ ਜਾਂਦਾ ਹੈ ਕਿ ਇਹ ਕਿਸੇ ਮਰ ਚੁੱਕੇ ਜੋਗੀ ਦੀ ਵਾਰਤਾ ਨਹੀਂ, ਸਗੋਂ ਵਿਸ਼ੇਸ਼ ਅਵਸਥਾ ਦਾ ਵਿਵਰਣ ਹੈ।
ਗਿ. ਹਰਿਬੰਸ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ, ਪੋਥੀ ਛੇਵੀਂ, ਪੰਨਾ ੩੯੩
ਸ਼ਬਦ ੨
ਭਗਤ ਫਰੀਦ ਜੀ ਵੱਲੋਂ ਵਿਚਾਰ-ਅਧੀਨ ਸ਼ਬਦ ਦੇ ਉਚਾਰੇ ਜਾਣ ਸੰਬੰਧੀ ‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਕਥਾ ਦਰਜ ਹੈ। ਇਕ ਬਗਲਾ ਦਰਿਆ ਦੇ ਕੰਢੇ ਬੈਠਾ ਇਕ ਮੱਛੀ ਨੂੰ ਮੂੰਹ ਵਿਚ ਫੜ੍ਹ ਕੇ ਬਾਰ-ਬਾਰ ਉਪਰ ਵੱਲ ਸੁੱਟ ਰਿਹਾ ਅਤੇ ਦੁਬਾਰਾ ਚੁੰਝ ਵਿਚ ਬੋਚ ਰਿਹਾ ਸੀ। ਉਹ ਮੱਛੀ ਨੂੰ ਟੁਕ-ਟੁਕ ਕੇ ਖਾਈ ਵੀ ਜਾ ਰਿਹਾ ਸੀ। ਉਸ ਦੇ ਸਿਰ ਉਪਰੋਂ ਲੰਘ ਰਿਹਾ ਬਾਜ ਉਸ ਉਪਰ ਝਪਟਿਆ ਅਤੇ ਮੱਛੀ ਸਮੇਤ ਉਸ ਨੂੰ ਆਪਣੇ ਪੰਜਿਆਂ ਵਿਚ ਫਸਾ ਕੇ ਲੈ ਗਿਆ। ਫਰੀਦ ਜੀ ਨੇ ਇਹ ਸਾਰਾ ਦ੍ਰਿਸ਼ ਦੇਖ ਕੇ ਇਸ ਸ਼ਬਦ ਦਾ ਉਚਾਰਣ ਕੀਤਾ। ਫਰੀਦ ਜੀ ਨੇ ਕਥਨ ਕੀਤਾ ਕਿ ਬਗਲੇ ਵਾਂਗ ਹੀ ਅਲਪਗ ਜੀਵ, ਮਰਨਾ ਵਿਸਾਰ ਕੇ ਸੰਸਾਰ ਰੂਪੀ ਦਰਿਆ ਦੇ ਕਿਨਾਰੇ ਬੈਠਾ ਕਈ ਤਰ੍ਹਾਂ ਦੀਆਂ ਖੁਸ਼ੀਆਂ ਮਾਣਦਾ ਹੈ। ਜਿਸ ਤਰ੍ਹਾਂ ਰੱਬ ਦੇ ਭੇਜੇ ਬਾਜ ਕਰਕੇ ਬਗਲੇ ਦੀਆਂ ਸਾਰੀਆਂ ਖੁਸ਼ੀਆਂ ਵਿਸਰ ਗਈਆਂ, ਉਸੇ ਤਰ੍ਹਾਂ ਜਦੋਂ ਜੀਵ ਉੱਤੇ
ਜਮਦੂਤ ਰੂਪੀ ਬਾਜ ਆ ਪੈਂਦੇ ਹਨ ਤਾਂ ਉਸ ਦੀਆਂ ਵੀ ਸਾਰੀਆਂ ਖੁਸ਼ੀਆਂ ਵਿਸਰ ਜਾਂਦੀਆਂ ਹਨ।
ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਦਸਵੀਂ, ਪੰਨਾ ੪੩੨-੪੩੩
ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਵੀ ਇਸੇ ਸਾਖੀ ਦੇ ਪ੍ਰਸੰਗ ਵਿਚ ਹੀ ਇਸ ਸ਼ਬਦ ਦੇ ਅਰਥ ਕੀਤੇ ਹਨ।
ਸੰਤ ਹਰੀ ਸਿੰਘ ‘ਰੰਧਾਵੇ ਵਾਲੇ,’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ-ਭੰਡਾਰ, ਪੋਥੀ ਬਾਰ੍ਹਵੀਂ, ਪੰਨਾ ੨੩੨-੨੩੩
ਪਰ ਬਾਕੀ ਟੀਕਿਆਂ ਅਤੇ ਟੀਕਾਕਾਰਾਂ, ਜਿਵੇਂ ਫਰੀਦਕੋਟ ਵਾਲਾ ਟੀਕਾ, ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਵੀਰ ਸਿੰਘ (ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ), ਪ੍ਰੋ. ਸਾਹਿਬ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ), ਗਿ. ਹਰਿਬੰਸ ਸਿੰਘ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ) ਆਦਿ ਨੇ ਇਸ ਸ਼ਬਦ ਵਿਚਲੇ ਬਗਲੇ ਦੇ ਕੇਲ ਕਰਨ ਨੂੰ ਇਕ ਦ੍ਰਿਸ਼ਟਾਂਤ ਵਜੋਂ ਹੀ ਲਿਆ ਹੈ।
ਸ਼ਬਦ ੩
ਇਤਿਹਾਸਕ ਪਖ ਤੋਂ ਇਸ ਸ਼ਬਦ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।
ਸ਼ਬਦ ੪
‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ)’ ਅਨੁਸਾਰ ਇਕ ਵਾਰ ਭਗਤ ਕਬੀਰ ਜੀ ਦਾ ਕੋਈ ਰਿਸ਼ਤੇਦਾਰ ਅਕਾਲ ਚਲਾਣਾ ਕਰ ਗਿਆ। ਸਾਰੇ ਰਿਸ਼ਤੇਦਾਰ ਰੋਣ ਲੱਗੇ ਪਰ ਆਪ ਜੀ ਚੁੱਪ ਸਨ। ਇਹ ਦੇਖ ਕੇ ਕੁਝ ਰਿਸ਼ਤੇਦਾਰ ਆਪ ਜੀ ਨੂੰ ਕਹਿਣ ਲੱਗੇ ਕਿ ਸਾਰੇ ਰੋ ਰਹੇ ਹਨ, ਤੁਸੀਂ ਕਿਉਂ ਨਹੀਂ ਰੋਂਦੇ? ਉਸ ਸਮੇਂ ਆਪ ਜੀ ਨੇ ਵੈਰਾਗ ਵਿਚ ਇਸ ਸ਼ਬਦ ਦਾ ਉਚਾਰਣ ਕੀਤਾ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੧, ਪੰਨਾ ੭੩੫
ਪਰ ‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਇਸ ਤੋਂ ਵਖਰੀ ਉਥਾਨਕਾ ਦਿੱਤੀ ਗਈ ਹੈ। ਇਸ ਉਥਾਨਕਾ ਅਨੁਸਾਰ ਇਕ ਲੜਕਾ ਹਰ ਰੋਜ ਭਗਤ ਕਬੀਰ ਜੀ ਦੀ ਸੰਗਤ ਵਿਚ ਆਉਂਦਾ ਸੀ। ਪਰ ਆਪਣੇ ਵਿਆਹ ਤੋਂ ਬਾਅਦ ਉਸ ਨੇ ਪਰਵਾਰਕ ਜਿੰਮੇਵਾਰੀਆਂ ਵਿਚ ਫਸ ਕੇ ਸੰਗਤ ਵਿਚ ਆਉਣਾ ਛੱਡ ਦਿੱਤਾ। ਇਕ ਦਿਨ ਉਸ ਦਾ ਮੇਲ ਆਪ ਜੀ ਨਾਲ ਹੋਇਆ। ਆਪ ਜੀ ਨੇ ਉਸ ਲੜਕੇ ਨੂੰ ਸੰਗਤ ਵਿਚ ਨਾ ਆਉਣ ਦਾ ਕਾਰਣ ਪੁੱਛਿਆ। ਉਸ ਲੜਕੇ ਨੇ ਜਵਾਬ ਦਿੱਤਾ ਕਿ ਪਰਵਾਰ ਦੇ ਪਾਲਣ-ਪੋਸਣ ਵਿਚ ਹੀ ਸਮਾਂ ਲੰਘ ਜਾਂਦਾ ਹੈ, ਸੰਗਤ ਲਈ ਸਮਾਂ ਹੀ ਨਹੀਂ ਬਚਦਾ। ਆਪ ਜੀ ਨੇ ਉਸ ਨੂੰ ਸਮਝਾਉਣ ਲਈ ਇਹ ਸ਼ਬਦ ਉਚਾਰਿਆ।
ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਤੀਜੀ, ਪੰਨਾ ੯੭੪
ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕਿਸੇ ਦੁਖੀ ਆਦਮੀ, ਜਿਸ ਦਾ ਕਿਸੇ ਕਾਰਣ ਸਾਰਾ ਪਰਵਾਰ ਖਤਮ ਹੋ ਗਿਆ ਸੀ, ਨੂੰ ਹੌਂਸਲਾ ਦੇਣ ਲਈ ਇਸ ਸ਼ਬਦ ਦਾ ਉਚਾਰਣ ਹੋਇਆ ਮੰਨਿਆ ਹੈ।
ਸੰਤ ਹਰੀ ਸਿੰਘ ‘ਰੰਧਾਵੇ ਵਾਲੇ,’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ-ਭੰਡਾਰ, ਪੋਥੀ ਚੌਥੀ, ਪੰਨਾ ੩੦੭
ਪਰ ਬਾਕੀ ਟੀਕਿਆਂ ਅਤੇ ਟੀਕਾਕਾਰਾਂ ਜਿਵੇਂ ‘ਫਰੀਦਕੋਟ ਵਾਲਾ ਟੀਕਾ,’ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,’ ਭਾਈ ਵੀਰ ਸਿੰਘ (ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ), ਪ੍ਰੋ. ਸਾਹਿਬ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ), ਗਿ. ਹਰਿਬੰਸ ਸਿੰਘ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ) ਆਦਿ ਨੇ ਇਸ ਤਰ੍ਹਾਂ ਦੀ ਕੋਈ ਸਾਖੀ ਜਾਂ ਉਥਾਨਕਾ ਨਹੀਂ ਦਿੱਤੀ।
ਸ਼ਬਦ ੫
ਇਤਿਹਾਸਕ ਪਖ ਤੋਂ ਇਸ ਸ਼ਬਦ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।
ਸ਼ਬਦ ੬
‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ)’ ਅਤੇ ‘ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਨੁਸਾਰ ਇਕ ਸਿਖ ਦਾ ਪਿਤਾ ਗੁਜਰ ਗਿਆ। ਉਹ ਆਪਣੇ ਪਿਤਾ ਨੂੰ ਪੁਕਾਰ-ਪੁਕਾਰ ਕੇ ਉੱਚੀ-ਉੱਚੀ ਰੋ ਰਿਹਾ ਸੀ। ਗੁਰੂ ਅਰਜਨ ਸਾਹਿਬ ਨੇ ਉਸ ਨੂੰ ਉਪਦੇਸ਼ ਤੇ ਧਰਵਾਸ ਦੇਣ ਲਈ ਵਿਚਾਰ-ਅਧੀਨ ਸ਼ਬਦ ਉਚਾਰਿਆ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੩, ਪੰਨਾ ੧੮੨੨; ਸੰਤ ਕਿਰਪਾਲ ਸਿੰਘ, ਸੰਪਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੋਥੀ ਸਤਵੀਂ, ਪੰਨਾ ੫੮
‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ-ਭੰਡਾਰ’ ਅਨੁਸਾਰ ਸ੍ਰੀ ਅੰਮ੍ਰਿਤਸਰ ਦੇ ਕਿਸੇ ਵਿਦਵਾਨ ਪੰਡਤ ਦੇ ਪੁੱਤਰ ਦੇ ਅਕਾਲ-ਚਲਾਣਾ ਕਰ ਜਾਣ ਤੋਂ ਬਾਅਦ, ਉਸ ਪੰਡਤ ਨੂੰ ਇਕ ਸਿਖ ਗੁਰੂ ਅਰਜਨ ਸਾਹਿਬ ਦੀ ਸ਼ਰਣ ਵਿਚ ਲੈ ਆਇਆ। ਪੰਡਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪਣੀ ਕਿਰਪਾ ਦ੍ਰਿਸ਼ਟੀ ਸਦਕਾ ਮੈਨੂੰ ਇਕ ਵਾਰ ਮੇਰੇ ਪੁੱਤਰ ਦੀ ਰੂਹ ਨਾਲ ਮਿਲਾ ਦਿੱਤਾ ਜਾਵੇ। ਗੁਰੂ ਸਾਹਿਬ ਉਸ ਦੇ ਪੁੱਤਰ ਦੀ ਰੂਹ ਨੂੰ ਉਸ ਦੇ ਸਾਹਮਣੇ ਲੈ ਆਏ। ਮੋਹ ਦਾ ਮਾਰਿਆ ਜਦੋਂ ਉਹ ਰੂਹ ਨੂੰ ਗਲਵਕੜੀ ਵਿਚ ਲੈਣ ਲੱਗਾ ਤਾਂ ਉਹ ਉਸ ਦੇ ਹੱਥ ਨਾ ਆਈ। ਰੂਹ ਵੱਲੋਂ ਉਸ ਨੂੰ ਕਿਹਾ ਗਿਆ ਕਿ ਹੁਣ ਮੈਂ ਤੇਰਾ ਪੁੱਤਰ ਨਹੀਂ ਹਾਂ। ਮੈਂ ਰੱਬੀ ਹੁਕਮ ਵਿਚ ਤੇਰੇ ਪੁੱਤਰ ਦੇ ਰੂਪ ਵਿਚ ਪੈਦਾ ਹੋਇਆ ਸੀ ਅਤੇ ਹੁਣ ਜਿਥੇ ਹੁਕਮ ਹੋਵੇਗਾ ਉਥੇ ਚਲਾ ਜਾਵਾਂਗਾ। ਇਹ ਕਹਿ ਕੇ ਰੂਹ ਅਲੋਪ ਹੋ ਗਈ। ਨਿਰਾਸ਼ ਹੋ ਕੇ ਪੰਡਤ ਨੇ ਗੁਰੂ ਸਾਹਿਬ ਨੂੰ ਆਪਣੇ ਮੋਹ ਦੀ ਨਵਿਰਤੀ ਕਰਨ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਸ਼ਬਦ ਦਾ ਉਚਾਰਣ ਕਰ ਕੇ ਉਸ ਨੂੰ ਉਪਦੇਸ ਦਿੱਤਾ।
ਸੰਤ ਹਰੀ ਸਿੰਘ ‘ਰੰਧਾਵੇ ਵਾਲੇ,’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ-ਭੰਡਾਰ, ਪੋਥੀ ਅਠਵੀਂ, ਪੰਨਾ ੧੮੨
ਪਰ ਬਾਕੀ ਟੀਕਿਆਂ ਅਤੇ ਟੀਕਾਕਾਰਾਂ ਜਿਵੇਂ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,’ ਪ੍ਰੋ. ਸਾਹਿਬ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ), ਗਿ. ਹਰਿਬੰਸ ਸਿੰਘ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ) ਆਦਿ ਨੇ ਇਸ ਤਰ੍ਹਾਂ ਦੀ ਕੋਈ ਸਾਖੀ ਜਾਂ ਉਥਾਨਕਾ ਨਹੀਂ ਦਿੱਤੀ।
ਸ਼ਬਦ ੭
ਇਤਿਹਾਸਕ ਪਖ ਤੋਂ ਇਸ ਸ਼ਬਦ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।