ਗੁਰ ਬਿਲਾਸ ਪਾਤਸ਼ਾਹੀ ੬ ਅਨੁਸਾਰ ‘ਸਦੁ’ ਬਾਣੀ ਦੇ ਬਾਣੀਕਾਰ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਸਾਹਿਬ ਦੇ ਪੜਪੋਤੇ, ਬਾਬਾ ਮੋਹਰੀ ਜੀ ਦੇ ਪੋਤਰੇ ਅਤੇ ਬਾਬਾ ਅਨੰਦ ਜੀ ਦੇ ਪੁੱਤਰ ਸਨ।


ਗੁਰੂ ਅਮਰਦਾਸ ਸਾਹਿਬ ਦਾ ਜਨਮ, ਵਿਆਹ ਅਤੇ ਸੰਤਾਨ
ਗੁਰੂ ਅਮਰਦਾਸ ਸਾਹਿਬ ਦੇ ਜਨਮ ਬਾਰੇ ਇਤਿਹਾਸ ਵਿਚ ਦੋ ਮਿਤੀਆਂ ਪ੍ਰਚਲਤ ਹਨ। ਪਹਿਲੀ ਮਿਤੀ ੧੪੭੯ ਈ. ਅਤੇ ਦੂਜੀ ੧੫੦੯ ਈ.। ਪਹਿਲੀ ਮਿਤੀ ਨਾਲ ਪ੍ਰਿ. ਤੇਜਾ ਸਿੰਘ, ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਗਿ. ਸੋਹਣ ਸਿੰਘ ਸੀਤਲ ਆਦਿ ਵਿਦਵਾਨਾਂ ਨੇ ਅਤੇ ਦੂਜੀ ਨਾਲ ਪ੍ਰੋ. ਪਿਆਰਾ ਸਿੰਘ ਪਦਮ, ਭਾਈ ਰਣਧੀਰ ਸਿੰਘ ਰੀਸਰਚ ਸਕਾਲਰ, ਡਾ. ਹਰਜਿੰਦਰ ਸਿੰਘ ਦਿਲਗੀਰ ਆਦਿ ਵਿਦਵਾਨਾਂ ਨੇ ਆਪਣੀ ਸਹਿਮਤੀ ਜਤਾਈ ਹੈ।


ਇਸੇ ਤਰ੍ਹਾਂ ਗੁਰੂ ਸਾਹਿਬ ਦੇ ਵਿਆਹ ਦੀਆਂ ਵੀ ਦੋ ਮਿਤੀਆਂ ਹੀ ਮੰਨੀਆਂ ਜਾਂਦੀਆਂ ਹਨ। ਪਹਿਲੀ ੧੫੦੨ ਈ. ਅਤੇ ਦੂਜੀ ੧੫੩੨ ਈ.। ਪਰ ਜਿਕਰਜੋਗ ਹੈ ਕਿ ਆਪ ਜੀ ਦੀ ਸੰਤਾਨ ਦੇ ਜਨਮ ਬਾਰੇ ਵਿਦਵਾਨਾਂ ਦੁਆਰਾ ਦਿੱਤੀਆਂ ਮਿਤੀਆਂ ਵਿਚ ਜਿਆਦਾ ਫਰਕ ਨਹੀਂ। ਬੀਬੀ ਭਾਨੀ ਜੀ ਦਾ ਜਨਮ ੧੫੩੩ ਜਾਂ ੧੫੩੪ ਈ., ਬਾਬਾ ਮੋਹਨ ਜੀ ਦਾ ੧੫੩੬ ਜਾਂ ੧੫੩੭ ਈ. ਨੂੰ ਅਤੇ ਬਾਬਾ ਮੋਹਰੀ ਜੀ ਦਾ ਜਨਮ ੧੫੩੯ ਈ. ਦਾ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਬੀਬੀ ਦਾਨੀ ਜੀ ਨਾਮ ਦੀ ਇਕ ਹੋਰ ਪੁੱਤਰੀ ਦਾ ਵੀ ਜਿਕਰ ਮਿਲਦਾ ਹੈ। ਬਾਬਾ ਮੋਹਰੀ ਜੀ ਦੇ ਪੁੱਤਰ ਬਾਬਾ ਅਨੰਦ ਜੀ ਦਾ ਜਨਮ ੧੫੫੪ ਈ. ਦਾ ਮੰਨਿਆ ਜਾਂਦਾ ਹੈ।

ਇਸ ਤਰ੍ਹਾਂ ਗੁਰੂ ਸਾਹਿਬ ਦੇ ਜਨਮ ਅਤੇ ਵਿਆਹ ਦੀਆਂ ਮਿਤੀਆਂ ਕਰਮਵਾਰ ੧੫੦੯ ਈ. ਅਤੇ ੧੫੩੨ ਈ. ਵਧੇਰੇ ਤਰਕਸੰਗਤ ਜਾਪਦੀਆਂ ਹਨ। ਇਸ ਦਾ ਕਾਰਣ ਇਹ ਹੈ ਕਿ ਗੁਰੂ ਸਾਹਿਬ ਦੇ ਜਨਮ ਨੂੰ ੧੪੭੯ ਈ. ਵਿਚ ਹੋਇਆ ਮੰਨ ਕੇ ੧੫੦੨ ਈ. ਵਿਚ ਵਿਆਹ ਹੋਣਾ ਤਾਂ ਦਰੁਸਤ ਜਾਪਦਾ ਹੈ, ਕਿਉਂਕਿ ੨੨-੨੩ ਸਾਲ ਦੀ ਉਮਰ ਵਿਆਹ ਲਈ ਢੁਕਵੀਂ ਹੈ। ਪ੍ਰੰਤੂ ਵਿਆਹ ਤੋਂ ਬਾਅਦ ਲਗਪਗ ੩੦ ਸਾਲ ਤਕ ਸੰਤਾਨ ਨਾ ਹੋਣ ਦਾ ਕੋਈ ਜਿਕਰ ਜਾਂ ਕਾਰਣ ਇਤਿਹਾਸ ਵਿਚ ਨਹੀਂ ਮਿਲਦਾ।
ਇਥੇ ਇਹ ਵੀ ਜਿਕਰਜੋਗ ਹੈ ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਇਸ ਬਾਣੀ ਦੇ ਛੰਦਾਂ ਵਿਚਲੀ ਰਸਦਾਇਕਤਾ ਦੇ ਅਧਾਰ ’ਤੇ ਇਕ ਵਖਰਾ ਵਿਚਾਰ ਦਿੱਤਾ ਹੈ। ਉਨ੍ਹਾਂ ਅਨੁਸਾਰ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦੇ ਅੰਤਮ ਸਮੇਂ ਦਾ ਆਪਣੇ ਵਡੇਰਿਆਂ ਤੋਂ ਸੁਣਿਆ ਬਿਰਤਾਂਤ ਗੁਰੂ ਅਰਜਨ ਸਾਹਿਬ ਨੂੰ ਸੁਣਾਇਆ। ਇਸ ਬਿਰਤਾਂਤ ਦੇ ਅਧਾਰ ’ਤੇ ਬਾਣੀ ਦੀ ਰਚਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ। ਆਦਿ ਗ੍ਰੰਥ ਵਿਚ ਬਾਣੀ ਲਿਖਾਉਣ ਸਮੇਂ ਬਾਬਾ ਸੁੰਦਰ ਜੀ ਦਾ ਨਾਮ ਹੀ ਅੰਤ ਵਿਚ ਰਖਿਆ ਅਤੇ ਬਿਰਤਾਂਤ ਸੁਣਾਉਣ ਲਈ ਉਨ੍ਹਾਂ ਨੂੰ ‘ਸਿਰੋਪਾਉ’ ਦੇ ਕੇ ਸਨਮਾਨਤ ਕੀਤਾ।

ਪਰ ਇਹ ਵਿਚਾਰ ਦਰੁਸਤ ਨਹੀਂ ਜਾਪਦਾ। ਪਰੰਪਰਾ ਅਨਸਾਰ ਮੁੱਢ ਤੋਂ ਹੀ ਇਸ ਬਾਣੀ ਦਾ ਕਰਤਾ ਬਾਬਾ ਸੁੰਦਰ ਜੀ ਨੂੰ ਹੀ ਮੰਨਿਆ ਜਾਂਦਾ ਰਿਹਾ ਹੈ। ਦੂਜਾ, ਇਸ ਬਾਣੀ ਦੇ ਅੰਤਲੇ ਪਦੇ ਵਿਚ ਬਾਬਾ ਸੁੰਦਰ ਜੀ ਦੇ ਨਾਂ ਦੀ ਮੁਹਰ-ਛਾਪ ਇਸ ਬਾਣੀ ਨੂੰ ਉਨ੍ਹਾਂ ਦੁਆਰਾ ਹੀ ਉਚਾਰਣ ਕੀਤੇ ਹੋਣ ਦੀ ਸਪਸ਼ਟ ਗਵਾਹੀ ਦੇ ਰਹੀ ਹੈ: ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥ -ਗੁਰੂ ਗ੍ਰੰਥ ਸਾਹਿਬ ੯੨੪
‘ਸਦੁ’ ਬਾਣੀ ਦਾ ਉਚਾਰਣ ਸਮਾਂ ਤੇ ਸਥਾਨ
ਇਸ ਬਾਣੀ ਦੇ ਰਚਨਾਕਾਲ ਸੰਬੰਧੀ ਦੋ ਵਿਚਾਰ ਪ੍ਰਚਲਤ ਹਨ। ਪਹਿਲਾ ਵਿਚਾਰ ਮਹਿਮਾ ਪ੍ਰਕਾਸ਼ ਵਾਰਤਕ ਵਿਚੋਂ ਹੈ, ਜਿਸ ਅਨੁਸਾਰ ਜਦੋਂ ਗੁਰੂ ਅਮਰਦਾਸ ਸਾਹਿਬ ਜੋਤੀ-ਜੋਤਿ ਸਮਾਉਣ ਲੱਗੇ ਅਤੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਗੱਦੀ ਬਖਸ਼ੀ, ਉਸ ਸਮੇਂ ਬਾਬਾ ਸੁੰਦਰ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ।


ਦੂਜਾ ਵਿਚਾਰ ‘ਗੁਰ ਬਿਲਾਸ ਪਾਤਸ਼ਾਹੀ ੬’ ਅਤੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਮਿਲਦਾ ਹੈ। ਇਨ੍ਹਾਂ ਅਨੁਸਾਰ ਜਦੋਂ ਗੁਰੂ ਅਰਜਨ ਸਾਹਿਬ ਗੋਇੰਦਵਾਲ ਸਾਹਿਬ ਵਿਖੇ (ਲਗਭਗ ੧੫੮੯-੯੦ ਈ.) ਬਾਬਾ ਸੁੰਦਰ ਜੀ ਨੂੰ ਮਿਲੇ ਤਾਂ ਗੁਰੂ ਸਾਹਿਬ ਨੇ ਬਾਬਾ ਸੁੰਦਰ ਜੀ ਤੋਂ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤ ਸਮਾਉਣ ਦੇ ਸਮੇਂ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਨੇ ‘ਸਦੁ’ ਬਾਣੀ ਦੀ ਰਚਨਾ ਕਰ ਕੇ ਗੁਰੂ ਸਾਹਿਬ ਨੂੰ ਸੁਣਾਈ, ਜੋ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਲਈ ਰਖ ਲਈ।



ਰਾਏਜਸਬੀਰ ਸਿੰਘ ਦਾ ਵਿਚਾਰ ਹੈ ਕਿ ਇਹ ਗੱਲ ਵੀ ਸੰਭਵ ਨਹੀਂ ਕਿ ਬਾਬਾ ਸੁੰਦਰ ਜੀ ਨੇ ਉਸੇ ਵਕਤ ਹੀ ਆਪਣੀ ਇਹ ਰਚਨਾ ਰਚੀ ਅਤੇ ਗੁਰੂ ਸਾਹਿਬ ਨੂੰ ਦਿੱਤੀ ਹੋਵੇ। ਜਰੂਰ ਇਹ ਰਚਨਾ ਕੁਝ ਸਮਾਂ ਪਹਿਲਾਂ ਰਚੀ ਗਈ ਹੋਵੇਗੀ। ਜੇ ਅਸੀਂ ਇਸ ਬਾਣੀ ਦੇ ਰਚਨਾ-ਕਾਲ ਸਮੇਂ ਬਾਬਾ ਸੁੰਦਰ ਜੀ ਦੀ ਉਮਰ ਘੱਟ ਤੋਂ ਘੱਟ ੧੬-੧੭ ਸਾਲ ਵੀ ਮੰਨ ਲਈਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਰਚਨਾ ੧੫੮੮ ਈ. ਤੋਂ ਪਹਿਲਾਂ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਾਲ ੧੬੦੧-੧੬੦੪ ਈ. ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਸ ਬਾਣੀ ਦੀ ਰਚਨਾ ੧੫੮੮ ਤੋਂ ੧੬੦੧ ਈ. ਦੇ ਵਿਚਕਾਰ ਹੋਈ ਹੋਵੇਗੀ।
