Guru Granth Sahib Logo
  
ਸ਼ਬਦ ਅਤੇ ਸ਼ਬਦ
ਰਾਗ ਸਿਰੀਰਾਗ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਸਿਰੀਰਾਗ/ਸ੍ਰੀਰਾਗ
Bani Footnote ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਦੋਵੇਂ ਤਰ੍ਹਾਂ ਲਿਖਿਆ ਗਿਆ ਹੈ।
ਨੂੰ ਤਰਤੀਬ ਅਨੁਸਾਰ ਪਹਿਲਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪ ਤੋਂ ੯੩ ਤਕ ਦਰਜ ਹੈ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਦੇ ੬੦, ਗੁਰੂ ਅੰਗਦ ਸਾਹਿਬ ਦੇ ੨, ਗੁਰੂ ਅਮਰਦਾਸ ਸਾਹਿਬ ਦੇ ੭੨, ਗੁਰੂ ਰਾਮਦਾਸ ਸਾਹਿਬ ਦੇ ੩੫, ਗੁਰੂ ਅਰਜਨ ਸਾਹਿਬ ਦੇ ੪੨, ਭਗਤ ਕਬੀਰ ਜੀ ਦੇ ੨, ਭਗਤ ਤ੍ਰਿਲੋਚਨ, ਭਗਤ ਬੇਣੀ ਤੇ ਭਗਤ ਰਵਿਦਾਸ ਜੀ ਦਾ ੧-੧ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੦੮


ਸਿਰੀਰਾਗ ਇਕ ਪੁਰਾਤਨ, ਮਧੁਰ ਅਤੇ ਕਠਿਨ ਰਾਗ ਹੈ। ਇਸ ਰਾਗ ਸੰਬੰਧੀ ਗੁਰੂ ਅਮਰਦਾਸ ਸਾਹਿਬ ਦਾ ਫਰਮਾਨ ਹੈ ਕਿ ਸਾਰੇ ਰਾਗਾਂ ਵਿਚੋਂ ਸਿਰੀਰਾਗ ਪ੍ਰਧਾਨ ਰਾਗ ਹੈ। ਪਰ ਇਹ ਰਾਗ ਗਾਇਆ ਤਾਂ ਹੀ ਸਫਲ ਹੈ, ਜੇ ਜੀਵ ਇਸ ਰਾਹੀਂ ਸਦਾ-ਥਿਰ ਪ੍ਰਭੂ ਨਾਲ ਪਿਆਰ ਪਾਵੇ।
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ -ਗੁਰੂ ਗ੍ਰੰਥ ਸਾਹਿਬ ੮੩

ਭਾਈ ਗੁਰਦਾਸ ਜੀ ਵੀ ਇਸ ਰਾਗ ਨੂੰ ਸਰਵੋਤਮ ਰਾਗ ਮੰਨਦੇ ਹਨ।
ਪੰਛੀਅਨ ਮੈ ਹੰਸ ਮ੍ਰਿਗ ਰਾਜਨ ਮੈ ਸਾਰਦੂਲ ਰਾਗਨ ਮੇ ਸਿਰੀਰਾਗੁ ਪਾਰਸ ਪਖਾਨ ਹੈ ॥ -ਭਾਈ ਗੁਰਦਾਸ ਜੀ, ਕਬਿਤ ੩੭੬/੩

ਗੁਰਮਤਿ ਪਰੰਪਰਾ ਤੋਂ ਇਲਾਵਾ ਵੀ, ਰਾਗ-ਰਾਗਨੀ ਪਰੰਪਰਾ ਨੂੰ ਮਾਨਤਾ ਦੇਣ ਵਾਲੇ ਭਿੰਨ-ਭਿੰਨ ਮਤਾਂ ਨੇ ਸਿਰੀਰਾਗ ਨੂੰ ਇਕ ਪ੍ਰਮੁੱਖ ਪੁਰਖ ਰਾਗ ਮੰਨਿਆ ਹੈ। ਪੰਡਤ ਓਅੰਕਾਰ ਨਾਥ ਠਾਕੁਰ, ਪ੍ਰਚਲਤ ਮਿਥਹਾਸਕ ਦ੍ਰਿਸ਼ਟੀਕੋਣ ਤੋਂ ਇਸ ਰਾਗ ਦੇ ਨਾਮ ਸੰਬੰਧੀ ਲਿਖਦੇ ਹਨ ਕਿ “ਸ਼ੰਕਰ ਦੇ ਪੰਜ ਮੁਖਾਂ ਤੋਂ ਬਾਕੀ ਪੰਜ ਰਾਗਾਂ ਦੀ ਅਤੇ ਪਾਰਬਤੀ ਦੇ ‘ਸ੍ਰੀ’ ਮੁਖ ਤੋਂ ਇਸ ਛੇਵੇਂ ਰਾਗ ਦੀ ਉਤਪਤੀ ਮੰਨੀ ਜਾਣ ਦੇ ਕਾਰਣ, ਇਸ ਦਾ ਨਾਮ ‘ਸ੍ਰੀ’ ਹੈ।” ਇਸ ਮਿਥਹਾਸਕਤਾ ਵਿਚ ਸਚਾਈ ਦਾ ਕਿੰਨਾ ਕੁ ਅੰਸ਼ ਮੌਜੂਦ ਹੈ, ਇਹ ਕਹਿਣਾ ਕਠਿਨ ਹੈ। ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਇਹ ਇਕ ਪ੍ਰਾਚੀਨ ਰਾਗ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੬


ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਵਿਚ ਇਸ ਰਾਗ ਨੂੰ ਪਹਿਲੇ ਸਥਾਨ ’ਤੇ ਰਖੇ ਜਾਣ ਸੰਬੰਧੀ ਪ੍ਰੋ. ਤਾਰਾ ਸਿੰਘ
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੭
ਦੀ ਮਾਨਤਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਹਿੰਦੁਸਤਾਨੀ ਸੰਗੀਤ ਦੀ ਪੁਰਾਤਨ ਪਰੰਪਰਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ। ਉਨ੍ਹਾਂ ਨੇ ਸੰਗੀਤ ਦੇ ਪ੍ਰਾਕਿਰਤਕ ਜਾਂ ਸ਼ੁਧ-ਸਵਰ ਸਪਤਕ ਤੋਂ ਉਤਪੰਨ ਹੋਏ ਸਿਰੀਰਾਗ ਨੂੰ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਪਹਿਲਾ ਸਥਾਨ ਪ੍ਰਦਾਨ ਕੀਤਾ ਹੈ।

ਮੱਧਕਾਲ ਵਿਚ ਸ਼ੁਧ-ਸਵਰ ਸਪਤਕ ਵਿਚ ਗੰਧਾਰ ਤੇ ਨਿਸ਼ਾਦ ਕੋਮਲ ਦਾ ਪ੍ਰਯੋਗ ਹੁੰਦਾ ਸੀ, ਜੋ ਅੱਜ ਦੇ ਕਾਫੀ ਥਾਟ ਦੇ ਸਮਾਨ ਹੈ। ਸਿਰੀਰਾਗ ਵੀ ਕਾਫੀ ਥਾਟ ਦੇ ਸਵਰਾਂ ’ਤੇ ਹੀ ਗਾਇਆ ਜਾਂਦਾ ਸੀ। ਅੱਜ ਵੀ ਦਖਣੀ ਸੰਗੀਤ ਪ੍ਰਣਾਲੀ ਵਿਚ ਸਿਰੀਰਾਗ ਦਾ ਇਹ ਉੱਤਰੀ ਭਾਰਤ ਵਾਲਾ ਕਾਫੀ ਥਾਟ ਵਾਲਾ ਸਰੂਪ ਹੀ ਪ੍ਰਚਲਤ ਹੈ, ਜਿਸ ਨੂੰ ਉਹ ‘ਖਰਹਰ ਪ੍ਰਿਆ’ ਕਹਿੰਦੇ ਹਨ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੧


ਆਧੁਨਿਕ ਥਾਟ ਪਧਤੀ ਦੇ ਸਮਰਥਕਾਂ ਨੇ ਸਿਰੀਰਾਗ ਦਾ ਵਰਗੀਕਰਣ ਪੂਰਵੀ ਥਾਟ ਦੇ ਅੰਤਰਗਤ ਕੀਤਾ ਹੈ। ਨਾਦ ਸ਼ਾਸਤਰ ਦੇ ਦ੍ਰਿਸ਼ਟੀਕੋਣ ਅਨੁਸਾਰ ਇਸ ਰਾਗ ਵਿਚ ਰਿਸ਼ਭ ਧੈਵਤ ਕੋਮਲ, ਮਧਿਅਮ ਤੀਵਰ ਅਤੇ ਹੋਰ ਸੁਰ ਸ਼ੁਧ ਲੱਗਦੇ ਹਨ। ਇਸ ਦੇ ਆਰੋਹ ਵਿਚ ਗੰਧਾਰ ਤੇ ਧੈਵਤ ਵਰਜਿਤ ਕਰਨ ਦੀ ਪ੍ਰਥਾ ਹੈ। ਅਵਰੋਹ ਵਿਚ ਵਕਰ ਰੀਤ ਨਾਲ ਸੱਤ ਸੁਰ ਵਰਤੇ ਜਾਂਦੇ ਹਨ। ਇਸ ਕਾਰਣ ਇਸ ਦੀ ਜਾਤੀ ਔੜਵ-ਵਕਰ ਸੰਪੂਰਨ ਹੈ। ਇਸ ਦਾ ਵਾਦੀ ਸੁਰ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਕੁਝ ਵਿਦਵਾਨ ਇਸ ਦਾ ਵਾਦੀ ਰਿਸ਼ਭ ਤੇ ਸੰਵਾਦੀ ਧੈਵਤ ਮੰਨਦੇ ਹਨ।
Bani Footnote ਪ੍ਰੋ. ਤਾਰਾ ਸਿੰਘ, ਗੁਰੂ ਰਾਮਦਾਸ ਰਾਗ ਰਤਨਾਵਲੀ, ਪੰਨਾ ੨


ਭਾਈ ਵੀਰ ਸਿੰਘ
Bani Footnote ਭਾਈ ਵੀਰ ਸਿੰਘ, ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ, ਪੰਨਾ ੨੩
ਨੇ ਸਿਰੀਰਾਗ ਨੂੰ ਗੁਰਮਤਿ ਸੰਗੀਤ ਵਿਚ ਖਾਲਸ ਸ਼ੁਧ ਰਾਗ ਮੰਨਿਆ ਹੈ। ਭਾਈ ਅਵਤਾਰ ਸਿੰਘ ਤੇ ਭਾਈ ਗੁਰਚਰਨ ਸਿੰਘ
Bani Footnote ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ ਪਹਿਲਾ, ਪੰਨਾ ੩-੧੯
ਅਤੇ ਸੰਤ ਸਰਵਣ ਸਿੰਘ ਗੰਧਰਵ ਤੇ ਡਾ. ਗੁਰਨਾਮ ਸਿੰਘ
Bani Footnote ਉਧਰਤ, ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੩
ਨੇ ਸਿਰੀਰਾਗ ਦੇ ਪੂਰਵੀ ਤੇ ਕਾਫੀ ਥਾਟ ਵਾਲੇ ਦੋ ਵਖ-ਵਖ ਸਰੂਪਾਂ ਦਾ ਵਰਣਨ ਕੀਤਾ ਹੈ। ਜਦਕਿ ਸ. ਗਿਆਨ ਸਿੰਘ ਐਬਟਾਬਾਦ,
Bani Footnote ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੬
ਪ੍ਰੋ. ਤਾਰਾ ਸਿੰਘ,
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ,  ਪੰਨਾ ੭-੮
ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧
ਆਦਿ ਨੇ ਪੂਰਵੀ ਥਾਟ ਵਾਲਾ ਸਰੂਪ ਹੀ ਦਰਸਾਇਆ ਹੈ। ਹੇਠਾਂ ਇਹੀ ਸਰੂਪ ਦਿੱਤਾ ਜਾ ਰਿਹਾ ਹੈ।

ਰਾਗ ਸਿਰੀਰਾਗ ਦਾ ਸਰੂਪ 
ਥਾਟ: ਪੂਰਵੀ।
ਸਵਰ: ਰਿਸ਼ਭ, ਧੈਵਤ ਕੋਮਲ, ਮਧਿਅਮ ਤੀਵਰ ਹੋਰ ਸਭ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਅਤੇ ਧੈਵਤ।
ਜਾਤੀ: ਔੜਵ-ਸੰਪੂਰਨ।
ਵਾਦੀ: ਰਿਸ਼ਭ।
ਸੰਵਾਦੀ: ਪੰਚਮ।
ਆਰੋਹ: ਸਾ ਰੇ (ਕੋਮਲ), ਮਾ (ਤੀਵਰ) ਪਾ, ਨੀ ਸਾਂ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ) ਪਾ, ਮਾ (ਤੀਵਰ), ਗਾ, ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਸਾ, ਰੇ (ਕੋਮਲ), ਰੇ (ਕੋਮਲ), ਪਾ, ਪਾ ਮਾ (ਤੀਵਰ) ਗਾ ਰੇ (ਕੋਮਲ), ਰੇ (ਕੋਮਲ) ਸਾ।

ਗਾਇਨ ਸਮਾਂ
ਸ਼ਾਮ ਦਾ ਸੰਧੀ ਪ੍ਰਕਾਸ਼।

ਸ਼ਬਦ ੨
ਰਾਗ ਰਾਮਕਲੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਰਾਮਕਲੀ ਰਾਗ ਨੂੰ ਤਰਤੀਬ ਅਨੁਸਾਰ ਅਠਾਰ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ, ਚਾਰ ਭਗਤ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੬ ਤੋਂ ੯੭੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੬੬, ਗੁਰੂ ਅੰਗਦ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੧੬੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦੇ ੪ ਅਤੇ ਭਗਤ ਰਵਿਦਾਸ ਜੀ ਤੇ ਭਗਤ ਬੇਣੀ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੦
ਬਾਬਾ ਸੁੰਦਰ ਜੀ ਵੱਲੋਂ ਉਚਾਰਣ ਕੀਤੀ ਬਾਣੀ ‘ਸਦੁ’ ਅਤੇ ਭਾਈ ਬਲਵੰਡ ਜੀ ਤੇ ਭਾਈ ਸਤਾ ਜੀ ਵਲੋਂ ਉਚਾਰਣ ਕੀਤੀ ‘ਰਾਮਕਲੀ ਕੀ ਵਾਰ’ ਵੀ ਇਸੇ ਹੀ ਰਾਗ ਵਿਚ ਦਰਜ ਹਨ। ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’ ਤੇ ‘ਓਅੰਕਾਰ’ ਅਤੇ ਗੁਰੂ ਅਮਰਦਾਸ ਸਾਹਿਬ ਨੇ ‘ਅਨੰਦੁ’ ਬਾਣੀਆਂ ਦਾ ਉਚਾਰਣ ਵੀ ਇਸੇ ਹੀ ਰਾਗ ਵਿਚ ਕੀਤਾ ਹੈ।

ਰਾਮਕਲੀ ਬਹੁਤ ਪੁਰਾਣਾ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਲਈ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ, ਰਾਮਕੇਲੀ ਆਦਿ ਨਾਂਵਾਂ ਦੀ ਵਰਤੋਂ ਕੀਤੀ ਵੀ ਮਿਲਦੀ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੫੫-੫੬
ਸਵੇਰ ਵੇਲੇ ਦੇ ਰਾਗਾਂ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। ਇਹ ਕਰੁਣਾ ਦਾ ਰਾਗ ਹੈ। ਇਸ ਰਾਗ ਨੂੰ ਨਾਥ-ਜੋਗੀਆਂ
Bani Footnote ਨਾਥ ਪੰਥ ਜਾਂ ਸੰਪਰਦਾਇ ਹਿੰਦੂ ਧਰਮ ਦੀ ਸ਼ੈਵ ਪਰੰਪਰਾ ਤੋਂ ਉਤਪੰਨ ਹੋਈ ਹੈ। ਇਹ ਜੋਗ ਪਰੰਪਰਾ ਦੀਆਂ ਮੁੱਖ ਸੰਪਰਦਾਵਾਂ ਵਿਚੋਂ ਇਕ ਹੈ। ‘ਨਾਥ’ (ਸ਼ਾਬਦਕ ਅਰਥ, ਸੁਆਮੀ) ਸ਼ਬਦ ਦੀ ਵਰਤੋਂ ਜੋਗੀਆਂ ਦੇ ਮੁੱਖ ਮਹੰਤ ਲਈ ਵੀ ਕੀਤੀ ਜਾਂਦੀ ਹੈ, ਜਿਸ ਅੱਗੇ ਸਾਰੇ ਜੋਗੀ ਆਪਣਾ ਸੀਸ ਝੁਕਾਉਂਦੇ ਹਨ। ਜੋਗੀ ਹਿੰਦੂ ਧਰਮ ਦੇ ਤਿੰਨ ਪ੍ਰਮੁਖ ਦੇਵਤਿਆਂ ਵਿਚੋਂ ਇਕ ਦੇਵਤੇ ਸ਼ਿਵ ਨੂੰ ਆਪਣਾ ਇਸ਼ਟ (ਆਦਿ ਨਾਥ) ਮੰਨਦੇ ਹਨ। ਇਸ ਸੰਪਰਦਾਇ ਦੇ ਮੋਢੀ ਮਤਸਯੰਦਰਨਾਥ ਜਾਂ ਮਛਿੰਦਰਨਾਥ ਦਸਵੀਂ ਸਦੀ ਦੇ ਅਰੰਭ ਵੇਲੇ ਹੋਏ ਹਨ। ਗਿਆਰ੍ਹਵੀਂ ਸਦੀ ਦੇ ਅਰੰਭ ਵਿਚ ਉਨ੍ਹਾਂ ਦੇ ਚੇਲੇ ਗੋਰਖਨਾਥ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ। ਨਾਥ ਪੰਥ ਮੁੱਖ ਤੌਰ ’ਤੇ ਸ਼ੈਵ ਮਤ, ਬੁੱਧ ਮਤ, ਹਠ ਜੋਗ ਅਤੇ ਤਾਂਤਰਿਕ ਜੋਗ ਦੇ ਸਿਧਾਂਤਾਂ ਦੇ ਮੇਲ ਤੋਂ ਬਣਿਆ ਹੈ। ਨਾਥ ਪਰੰਪਰਾ ਵਿਚ ਨੌਂ ਮੁੱਖ ਨਾਥ (ਜੋਗੀ) ਮੰਨੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਨ੍ਹਾਂ ਦਾ ਜਿਕਰ ਹੋਇਆ ਹੈ, ਜਿਵੇਂ ਕਿ: ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥ -ਗੁਰੂ ਗ੍ਰੰਥ ਸਾਹਿਬ ੧੩੯੦
ਨੇ ਵਿਸ਼ੇਸ਼ ਰੂਪ ਵਿਚ ਅਪਣਾਇਆ ਹੈ। ਬਾਣੀਕਾਰਾਂ ਨੇ ਵੀ ਨਾਥ-ਜੋਗੀਆਂ ਜਾਂ ਸਿਧਾਂ
Bani Footnote ਭਾਰਤੀ ਧਾਰਮਕ ਪਰੰਪਰਾਵਾਂ ਵਿਚ ‘ਸਿਧ’ ਸ਼ਬਦ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ, ਜਿਸ ਦਾ ਸ਼ਾਬਦਕ ਅਰਥ ਹੈ, ਇਕ ਗਿਆਨਵਾਨ ਜਾਂ ਪੁੱਗਿਆ ਹੋਇਆ ਜੋਗੀ। ਇਹ ਉਨ੍ਹਾਂ ਚੁਰਾਸੀ ਪੁੱਗੇ ਹੋਏ ਜੋਗੀਆਂ ਦਾ ਵੀ ਸੰਕੇਤਕ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਅੱਠ ਸਿਧੀਆਂ (ਅਸਾਧਾਰਣ ਸਰੀਰਕ ਅਤੇ ਅਧਿਆਤਮਕ ਯੋਗਤਾਵਾਂ) ਸਨ। 
ਨਾਲ ਵਾਰਤਾਲਾਪ ਰਚਾਉਣ ਵੇਲੇ ਉਚਾਰਣ ਕੀਤੀ ਬਾਣੀ, ਜਿਆਦਾਤਰ ਇਸੇ ਹੀ ਰਾਗ ਵਿਚ ਉਚਾਰੀ ਹੈ। ਇਸ ਪਖੋਂ ਗੁਰੂ ਨਾਨਕ ਸਾਹਿਬ ਵੱਲੋਂ ਇਸ ਰਾਗ ਵਿਚ ਉਚਾਰਣ ਕੀਤੀ ਬਾਣੀ ‘ਸਿਧ ਗੋਸਟਿ’ ਨੂੰ ਦੇਖ ਸਕਦੇ ਹਾਂ।

ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨਾਲੋਂ ਜਿਆਦਾ ਸ਼ਬਦ ਦੀ ਪ੍ਰਧਾਨਤਾ ਹੈ। ਰਾਗ ਇਕ ਸਾਧਨ ਹੈ, ਜਿਸ ਨੇ ਰਮਤ-ਰਾਮ ਨੂੰ ਹਿਰਦੇ ਵਿਚ ਵਸਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦਾ ਜਿਕਰ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੇਕਰ ਇਸ ਰਾਗ ਦੇ ਗਾਇਨ ਰਾਹੀਂ ਵਿਆਪਕ-ਪ੍ਰਭੂ ਮਨ ਵਿਚ ਵਸ ਜਾਵੇ ਤਾਂ ਹੀ ਅਸਲ ਸਾਜ-ਸੀਂਗਾਰ ਹੋਇਆ ਜਾਣੋ: ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ -ਗੁਰੂ ਗ੍ਰੰਥ ਸਾਹਿਬ ੯੫੦

ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦੇ ਅੰਤਰਗਤ ‘ਰਾਮਕਲੀ ਦਖਣੀ’ ਨਾਮ ਦਾ ਰਾਗ ਵੀ ਦਰਜ ਹੈ। ਇਹ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਾਪਤ ਹੁੰਦਾ ਹੈ। ਹਿੰਦੁਸਤਾਨੀ ਜਾਂ ਕਰਨਾਟਕੀ (ਦੱਖਣੀ) ਸੰਗੀਤ ਵਿਚ ਇਹ ਰਾਗ ਨਹੀਂ ਮਿਲਦਾ।

ਰਾਮਕਲੀ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਹਿੰਦੁਸਤਾਨੀ ਸੰਗੀਤ ਦੇ ਭਰਤ ਮਤ ਵਿਚ ਇਸ ਨੂੰ ਹਿੰਡੋਲ ਰਾਗ ਦੀ ਰਾਗਣੀ ਅਤੇ ਹਨੂਮਾਨ ਮਤ ਵਿਚ ਸ੍ਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਦੂਜਾ, ਪੰਨਾ ੫੭
ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਭੈਰਵ ਥਾਟ ਦੀ ਔੜਵ-ਸੰਪੂਰਨ ਰਾਗਣੀ ਮੰਨਿਆ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੩੪


ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਨੇ ਰਾਮਕਲੀ ਦੇ ਤਿੰਨ ਵਖ-ਵਖ ਪ੍ਰਕਾਰਾਂ ਦਾ ਜਿਕਰ ਕੀਤਾ ਹੈ। ਪਹਿਲਾ, ਔੜਵ-ਸੰਪੂਰਨ, ਜਿਸ ਵਿਚ ਨੀ ਕੋਮਲ ਤੇ ਮਾ ਸ਼ੁਧ ਲਗਦੇ ਹਨ। ਦੂਜੇ ਵਿਚ ਦੋਵੇਂ ਨੀ ਲੱਗਦੇ ਹਨ। ਤੀਜੇ ਪ੍ਰਕਾਰ ਵਿਚ ਦੋਵੇਂ ਮਾ ਤੇ ਦੋਵੇਂ ਨੀ ਲੱਗਦੇ ਹਨ। ਪਾ ਵਾਦੀ ਤੇ ਸਾ ਸੰਵਾਦੀ ਹੈ।
Bani Footnote ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ ਦੂਜਾ, ਪੰਨਾ ੫੨੫
ਇਹ ਤੀਜਾ ਪ੍ਰਕਾਰ ਹੀ ਵਧੇਰੇ ਪ੍ਰਚਲਤ ਹੈ। ਸ. ਗਿਆਨ ਸਿੰਘ ਐਬਟਾਬਾਦ, ਡਾ. ਗੁਰਨਾਮ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੫੫
ਨੇ ਇਸ ਰਾਗ ਦਾ ਜਿਹੜਾ ਸਰੂਪ ਦਰਸਾਇਆ ਹੈ, ਉਹ ਹੇਠ ਲਿਖੇ ਅਨੁਸਾਰ ਹੈ:

ਰਾਗ ਰਾਮਕਲੀ ਦਾ ਸਰੂਪ
ਥਾਟ: ਭੈਰਵ।
ਸਵਰ: ਰੇ ਤੇ ਧਾ ਕੋਮਲ, ਦੋਵੇਂ ਮਾ, ਦੋਵੇਂ ਨੀ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ (ਕੁਝ ਵਿਦਵਾਨ ਸੰਪੂਰਨ-ਸੰਪੂਰਨ ਵੀ ਮੰਨਦੇ ਹਨ)।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ, ਗਾ ਮਾ ਪਾ, ਧਾ (ਕੋਮਲ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਧਾ (ਕੋਮਲ) ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ) ਸਾ।

ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।

ਸ਼ਬਦ
ਰਾਗ ਵਡਹੰਸੁ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਵਡਹੰਸੁ ਰਾਗ ਨੂੰ ਤਰਤੀਬ ਅਨੁਸਾਰ ਅੱਠਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੫੭ ਤੋਂ ੫੯੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੩, ਗੁਰੂ ਅਮਰਦਾਸ ਸਾਹਿਬ ਦੇ ੬੧, ਗੁਰੂ ਰਾਮਦਾਸ ਸਾਹਿਬ ਦੇ ੩੦ ਅਤੇ ਗੁਰੂ ਅਰਜਨ ਸਾਹਿਬ ਦੇ ੧੬ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩- ੧੦੭


ਗੁਰਮਤਿ ਸੰਗੀਤ ਵਿਚ ਵਡਹੰਸੁ ਰਾਗ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਲੋਕ-ਕਾਵਿ ਧੁਨਾਂ (ਘੋੜੀਆਂ, ਅਲਾਹਣੀਆਂ ਆਦਿ) ਲਈ ਵੀ ਕੀਤਾ ਹੈ। ਗੁਰੂ ਸਾਹਿਬਾਨ ਨੇ ਮੌਤ ਨਾਲ ਸੰਬੰਧਤ ਕਾਵਿ-ਰੂਪ ‘ਅਲਾਹਣੀਆਂ’ ਅਤੇ ਵਿਆਹ ਨਾਲ ਸੰਬੰਧਤ ਕਾਵਿ-ਰੂਪ ‘ਘੋੜੀਆਂ’ ਵਿਚ ਇਸ ਰਾਗ ਦੀ ਵਰਤੋਂ ਕਰ ਕੇ ਗੁਰਬਾਣੀ ਵਿਚਲੀ ‘ਦੁਖ-ਸੁਖ’ ਦੀ ਸਮਾਨਤਾ ਨੂੰ ਉਜਾਗਰ ਕੀਤਾ ਹੈ।

ਸੰਸਕ੍ਰਿਤ ਗ੍ਰੰਥਾਂ ਵਿਚ ਵਡਹੰਸੁ ਰਾਗ ਦਾ ਨਾਮ ‘ਵਡਹੰਸਿਕਾ’ ਲਿਖਿਆ ਮਿਲਦਾ ਹੈ ਅਤੇ ਇਸ ਨੂੰ ਇਕ ਰਾਗਣੀ ਮੰਨਿਆ ਗਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੧੯੧
ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ਦੋ ਪ੍ਰਕਾਰ ਵਡਹੰਸੁ ਅਤੇ ਵਡਹੰਸੁ ਦਖਣੀ, ਦਰਜ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਇਸ ਰਾਗ ਦਾ ਜਿਕਰ ਨਹੀਂ ਹੈ।

ਵਡਹੰਸੁ ਰਾਗ ਵਿਚ ਤਿਲਕ ਕਾਮੋਦ, ਬਰਵਾ ਅਤੇ ਦੇਸ ਰਾਗਾਂ ਦੀ ਝਲਕ ਮਿਲਦੀ ਹੈ।
Bani Footnote ਡਾ. ਗੁਰਨਾਮ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ, ਪੰਨਾ ੯੩
ਸੰਗੀਤ ਅਚਾਰੀਆਂ ਨੇ ਇਸ ਰਾਗ ਦਾ ਵਰਗੀਕਰਨ ਖਮਾਜ ਥਾਟ ਵਿਚ ਕੀਤਾ ਹੈ। ਇਸ ਰਾਗ ਵਿਚ ਜਦੋਂ, ‘ਧਾਮਾ ਪਾਨੀਸਾ (ਤਾਰ ਸਪਤਕ)’ ਸੁਰ ਵਰਤੇ ਜਾਂਦੇ ਹਨ ਤਾਂ ਸ੍ਰੋਤਿਆਂ ਨੂੰ ‘ਬਰਵਾ ਰਾਗ’ ਦੀ ਝਲਕ ਦਿਖਾਈ ਦਿੰਦੀ ਹੈ ਪਰ, ਇਸ ਤੋਂ ਬਾਅਦ ਜਦੋਂ ਗਾਇਕ ‘ਰੇ (ਤਾਰ ਸਪਤਕ) ਨੀ (ਕੋਮਲ) ਧਾਪਾ, ਧਾ ਮਾ ਗਾਰੇ’ ਦੀ ਸੁਰ ਸੰਗਤੀ ਲੈਂਦਾ ਹੈ, ਤਾਂ ਇਹ ਭਰਮ ਦੂਰ ਹੋ ਜਾਂਦਾ ਹੈ। ਇਸ ਨਾਲ ਮੇਲ ਰਖਣ ਵਾਲਾ ਰਾਗ ‘ਦੇਸ’ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੦੩


ਭਾਈ ਵੀਰ ਸਿੰਘ ਅਨੁਸਾਰ ਵਡਹੰਸੁ ਰਾਗ ਨੂੰ ਭਰਤ ਮਤ ਵਿਚ ਸਿਰੀਰਾਗ ਦਾ ਪੁੱਤਰ, ਸ਼ਿਵ ਮਤ ਵਿਚ ਪੰਚਮ ਰਾਗ ਦੀ ਰਾਗਣੀ, ਰਾਗਾਰਣਵ ਮਤ ਵਿਚ ਮੇਘ ਦੀ ਰਾਗਣੀ ਅਤੇ ‘ਸੁਰ ਤਾਲ ਸਮੂਹ’ ਗ੍ਰੰਥ ਵਿਚ ਮਾਲਕੌਂਸ ਦਾ ਪੁੱਤਰ ਮੰਨਿਆ ਗਿਆ ਹੈ। ਮਾਰੂ, ਗੌਰਾਨੀ ਦੁਰਗਾ, ਧਨਾਸਰੀ ਅਤੇ ਜੈਤਸਰੀ ਦੇ ਮੇਲ ਨਾਲ ਵਡਹੰਸੁ ਬਣਦਾ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੧੯੦


ਵਡਹੰਸੁ ਰਾਗ ਦੇ ਸਰੂਪ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਹ ਖਮਾਜ ਥਾਟ ਦਾ ਰਾਗ ਹੈ। ਇਸ ਵਿਚ ਦੋਵੇਂ ਨਿਸ਼ਾਦ ਲੱਗਦੇ ਹਨ ਅਤੇ ਬਾਕੀ ਸਵਰ ਸ਼ੁਧ ਹਨ। ਪੰਚਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ। ਇਸ ਦਾ ਬਰਵੇ ਰਾਗ ਨਾਲ ਬਹੁਤ ਮੇਲ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੮੧


ਗੁਰਮਤਿ ਸੰਗੀਤ ਦੇ ਵਿਦਵਾਨਾਂ ਸ. ਗਿਆਨ ਸਿੰਘ ਐਬਟਾਬਾਦ,
Bani Footnote ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੯੬
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ,
Bani Footnote ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ-ਪਹਿਲਾ, ਪੰਨਾ ੨੫੧
ਪ੍ਰੋ. ਤਾਰਾ ਸਿੰਘ
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੦੪
ਅਤੇ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧ ਪੰਨਾ ੨੨
ਆਦਿ ਵਡਹੰਸ ਰਾਗ ਦੇ ਨਿਮਨ ਸਰੂਪ ਬਾਰੇ ਇਕ ਮਤ ਹਨ:

ਰਾਗ ਵਡਹੰਸੁ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਬਾਕੀ ਸ਼ੁਧ।
ਵਰਜਿਤ ਸਵਰ: ਗੰਧਾਰ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ ਰੇ ਮਾ ਪਾ, ਧਾ ਨੀ (ਕੋਮਲ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਰੇ ਮਾ ਪਾ ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਕੋਮਲ ਮੰਦਰ ਸਪਤਕ) ਪਾ (ਮੰਦਰ ਸਪਤਕ) ਨੀ (ਮੰਦਰ ਸਪਤਕ) ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।
Bani Footnote ਪ੍ਰੋ. ਪਿਆਰਾ ਸਿੰਘ ਪਦਮ, (ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੨੯੭) ਅਨੁਸਾਰ ਵਡਹੰਸ ਰਾਗ ਗਾਉਣ ਦਾ ਸਮਾਂ ਦੁਪਹਿਰ ਜਾਂ ਰਾਤ ਦਾ ਦੂਜਾ ਪਹਿਰ ਹੈ।


ਸ਼ਬਦ
ਰਾਗ ਆਸਾ
ਗੁਰਮਤਿ ਸੰਗੀਤ ਵਿਚ ਆਸਾ ਰਾਗ ਬਹੁਤ ਮਹੱਤਵਪੂਰਨ ਹੈ। ਇਸ ਰਾਗ ਦੀਆਂ ਮਧੁਰ ਸੁਰਾਂਵਲੀਆਂ, ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ‘ਆਸਾ ਕੀ ਵਾਰ’ ਦੇ ਰਾਹੀਂ ਪ੍ਰਵੇਸ਼ ਕਰਦੀਆਂ ਹਨ। ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿਚ ਸਮਾਉਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਂ ‘ਸੋ ਦਰੁ’ ਦੀ ਕੀਰਤੀ ਗਾਉਂਦੀਆਂ ਹਨ।
 
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਆਸਾ ਰਾਗ ਨੂੰ ਤਰਤੀਬ ਅਨੁਸਾਰ ਚਉਥਾ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੪੭ ਤੋਂ ੪੮੮ ਤਕ ਬਾਣੀ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅੰਗਦ ਸਾਹਿਬ ਦੇ ੧੫, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਅਤੇ ਬਾਬਾ ਫਰੀਦ ਜੀ ਦੇ ੨-੨ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੦੮
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵਧ ਸ਼ਬਦ ਇਸੇ ਹੀ ਰਾਗ ਵਿਚ ਉਚਾਰਣ ਕੀਤੇ ਹਨ।
 
ਆਸਾ ਰਾਗ ਦੇ ਅਨੇਕ ਪ੍ਰਕਾਰ ਪ੍ਰਚਲਤ ਹਨ। ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਵਖ-ਵਖ ਅੰਗਾਂ ਸਹਿਤ ਬਾਖੂਬੀ ਗਾਇਨ ਕਰਦੇ ਸਨ। ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ। ਗੁਰੂ ਗ੍ਰੰਥ ਸਾਹਿਬ ਵਿਚ ਆਸਾ ਦੇ ਚਾਰ ਹੋਰ ਪ੍ਰਕਾਰ ਵੀ ਸ਼ਾਮਲ ਹਨ, ਜਿਵੇਂ ਰਾਗ ਆਸਾ ਕਾਫੀ, ਆਸਾਵਰੀ ਸੁਧੰਗ, ਆਸਾ ਆਸਾਵਰੀ, ਅਤੇ ਆਸਾਵਰੀ।

ਆਸਾ ਰਾਗ ਹਿੰਦੁਸਤਾਨੀ ਸੰਗੀਤ ਦੇ ਪ੍ਰਚਲਤ ਰਾਗਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ। ਸੰਗੀਤਕ ਗ੍ਰੰਥਾਂ ਵਿਚ ਵੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਇਸ ਰਾਗ ਨਾਲ ਮਿਲਦਾ-ਜੁਲਦਾ ਰਾਗ ‘ਮਾਂਡ’ ਵੀ ਹੈ। ਆਸਾ ਰਾਗ ਤੇ ਮਾਂਡ ਰਾਗ ਵਿਚ ਸਵਰ ਬੇਸ਼ੱਕ ਉਹੀ ਪ੍ਰਯੋਗ ਹੁੰਦੇ ਹਨ, ਪਰ ਵਖੋ-ਵਖਰੇ ਚਲਣ ਕਾਰਣ ਇਹ ਰਾਗ ਇਕ ਦੂਜੇ ਤੋਂ ਭਿੰਨ ਹੋ ਜਾਂਦੇ ਹਨ। ਇਹ ਦੋਵੇਂ ਹੀ ਰਾਗ ਲੋਕ-ਧੁਨਾਂ ’ਤੇ ਅਧਾਰਤ ਮੰਨੇ ਜਾਂਦੇ ਹਨ। 
 
ਆਸਾ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ ਮਾਸਟਰ ਭਾਈ ਪ੍ਰੇਮ ਸਿੰਘ ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀ ਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।
 
ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ-ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਸਨ/ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ-ਸੰਗੀਤ, ਅਰਧ-ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ’ਤੇ ਵੀ ਛਾਇਆ ਹੋਇਆ ਹੈ।

ਸ੍ਰੀ ਵਿਮਲਕਾਂਤ ਰਾਏ ਚੌਧਰੀ ਨੇ ਹਿੰਦੁਸਤਾਨੀ ਸੰਗੀਤ ਦੇ ਰਾਗ ਆਸ਼ਾ ਦੇ ਦੋ ਸਰੂਪ ਦਿੱਤੇ ਹਨ। ਇਕ ਵਿਚ ਰੇ ਗਾ ਧਾ ਨੀ ਕੋਮਲ ਅਤੇ ਦੂਜੇ ਸਰੂਪ ਵਿਚ ਨੀ ਕੋਮਲ ਅਤੇ ਜਾਤੀ ਔੜਵ-ਸ਼ਾੜਵ ਦੱਸੀ ਹੈ। ਰਾਗ ਆਸ਼ਾ ਦਾ ਇਹ ਦੂਜਾ ਸਰੂਪ ਗੁਰਮਤਿ ਸੰਗੀਤ ਵਿਚ ਪ੍ਰਚਲਤ ਆਸਾ ਰਾਗ ਦੇ ਸਰੂਪ ਦੇ ਨੇੜੇ ਹੈ,
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੭੦
‘ਰਾਗ ਨਿਰਣਾਇਕ ਕਮੇਟੀ’ ਵੱਲੋਂ ਵੀ ਇਸੇ ਸਰੂਪ ਨੂੰ ਮਾਨਤਾ ਦਿੱਤੀ ਗਈ ਹੈ
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੧੦
ਜੋ ਕਿ ਹੇਠ ਲਿਖੇ ਅਨੁਸਾਰ ਹੈ:
 
ਰਾਗ ਆਸਾ ਦਾ ਸਰੂਪ
ਥਾਟ: ਬਿਲਾਵਲ। 
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਗਾ ਤੇ ਨੀ (ਅਰੋਹ ਵਿਚ)।
ਜਾਤੀ: ਔੜਵ-ਸੰਪੂਰਨ। 
ਵਾਦੀ: ਮਧਿਅਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ, ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ ਪਾ, ਮਾ, ਗਾ ਰੇ ਸਾ ਰੇ ਗਾ ਸਾ।
ਮੁੱਖ ਅੰਗ (ਪਕੜ): ਰੇ ਮਾ, ਪਾ, ਧਾ ਸਾ (ਤਾਰ ਸਪਤਕ), ਨੀ ਧਾ ਪਾ ਮਾ, ਗਾ ਸਾ ਰੇ ਗਾ ਸਾ।

ਗਾਇਨ ਸਮਾਂ
ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼।

ਸ਼ਬਦ
ਰਾਗ ਬਿਲਾਵਲ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਬਿਲਾਵਲ ਰਾਗ ਨੂੰ ਤਰਤੀਬ ਅਨੁਸਾਰ ਸੋਲ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਚਾਰ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੯੫ ਤੋਂ ੮੫੮ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੩੦, ਗੁਰੂ ਅਮਰਦਾਸ ਸਾਹਿਬ ਦੇ ੫੧, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੩੭, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਰਵਿਦਾਸ ਜੀ ਦੇ ੨ ਅਤੇ ਭਗਤ ਨਾਮਦੇਵ ਜੀ ਤੇ ਭਗਤ ਸਧਨਾ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩-੧੧੦


ਬਿਲਾਵਲ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਮੱਧਕਾਲ ਦੇ ਲਗਭਗ ਹਰੇਕ ਗ੍ਰੰਥਕਾਰ ਨੇ ਇਸ ਰਾਗ ਦਾ ਜਿਕਰ ਕੀਤਾ ਹੈ। ਸੰਸਕ੍ਰਿਤ ਗ੍ਰੰਥਕਾਰ ਇਸ ਨੂੰ ਵੇਲਾਵਲੀ, ਵਿਲਾਵਲੀ ਜਾਂ ਬਿਲਾਵਲੀ ਕਹਿੰਦੇ ਹਨ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦
ਇਸ ਰਾਗ ਦੇ ਹੋਰ ਵੀ ਅਨੇਕ ਪ੍ਰਕਾਰ ਪ੍ਰਚਲਤ ਹਨ, ਜਿਵੇਂ: ਅਲਹੀਆ ਬਿਲਾਵਲ, ਸ਼ੁਕਲ ਬਿਲਾਵਲ, ਦੇਵਗਿਰੀ ਬਿਲਾਵਲ, ਯਮਨੀ ਬਿਲਾਵਲ, ਬਿਹਾਗ ਬਿਲਾਵਲ, ਸੂਹਾ ਬਿਲਾਵਲ, ਏਮਨ ਬਿਲਾਵਲ, ਕਾਮੋਦੀ ਬਿਲਾਵਲ, ਬਿਲਾਵਲ, ਮਧਰਮੀਆ ਬਿਲਾਵਲ ਆਦਿ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਦੂਜਾ, ਪੰਨਾ ੩
ਗੁਰੂ ਗ੍ਰੰਥ ਸਾਹਿਬ ਵਿਚ ਬਿਲਾਵਲ ਰਾਗ ਦੇ ਦੋ ਹੋਰ ਪ੍ਰਕਾਰ, ਬਿਲਾਵਲ ਦਖਣੀ ਅਤੇ ਬਿਲਾਵਲ ਮੰਗਲ ਦਰਜ ਹਨ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ-ਦੂਜਾ, ਪੰਨਾ ੬


ਬਿਲਾਵਲ ਨੂੰ ਮੰਗਲਮਈ ਤੇ ਖੁਸ਼ੀ ਦਾ ਰਾਗ ਮੰਨਿਆ ਗਿਆ ਹੈ। ਖੁਸ਼ੀ ਦੇ ਸਮਾਗਮਾਂ ਸਮੇਂ ਬਿਲਾਵਲ ਰਾਗ ਵਿਚ ਕੀਰਤਨ ਕਰਨ ਦੀ ਪ੍ਰਥਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਰਾਗ ਦੇ ਅੰਤਰਗਤ ਉਚਾਰੀ ਗਈ ਬਾਣੀ ਵਿਚ ਪਰਮਾਤਮਾ ਦੇ ਮਿਲਾਪ ਉਪਰੰਤ ਪੈਦਾ ਹੋਈ ਨਿਰਾਲੀ ਖੁਸ਼ੀ, ਜਿਹੜੀ ਆਤਮਕ ਜਿੰਦਗੀ ਦੇ ਸਫਰ ਵਿਚ ਹੁਲਾਸ, ਖੇੜਾ ਅਤੇ ਅਨੰਦ ਪੈਦਾ ਕਰਦੀ ਹੈ, ਦਾ ਵਧੇਰੇ ਵਰਣਨ ਹੈ।
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੫
ਪਰ ਗੁਰਬਾਣੀ ਅਨੁਸਾਰ ਬਿਲਾਵਲ ਸਮੇਤ ਸਮੂਹ ਰਾਗ-ਨਾਦ ਤਦ ਹੀ ਸੁਹਾਵਣੇ ਹਨ, ਜਦ ਹਿਰਦਾ ਨਾਮ ਨਾਲ ਜੁੜਿਆ ਹੋਵੇ: ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ -ਗੁਰੂ ਗ੍ਰੰਥ ਸਾਹਿਬ ੮੪੯

ਕੁਝ ਵਿਦਵਾਨ ਬਿਲਾਵਲ ਨੂੰ ਸੰਪੂਰਣ ਜਾਤੀ ਦਾ ਰਾਗ ਮੰਨਦੇ ਹਨ ਅਤੇ ਕੁਝ ਰਾਗਣੀ ਮੰਨਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਵੀ ਇਸ ਨੂੰ ਸੰਪੂਰਣ ਜਾਤੀ ਦਾ ਰਾਗ ਹੀ ਮੰਨਦੇ ਹਨ, ਜਿਸ ਵਿਚ ਸਾਰੇ ਸਵਰ ਸ਼ੁਧ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੮੭੬
ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਬਿਲਾਵਲ ਨੂੰ ਭੈਰਵ ਰਾਗ ਦਾ ਪੁੱਤਰ
Bani Footnote ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ।। ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ।।੧।। -ਗੁਰੂ ਗ੍ਰੰਥ ਸਾਹਿਬ ੧੪੩੦
ਅਤੇ ਬਿਲਾਵਲੀ ਨੂੰ ਭੈਰਵ ਰਾਗ ਦੀ ਪਤਨੀ
Bani Footnote ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆ ਕੀ ਗਾਵਹਿ ਬੰਗਲੀ ॥ ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥ -ਗੁਰੂ ਗ੍ਰੰਥ ਸਾਹਿਬ ੧੪੩੦
(ਰਾਗਣੀ) ਮੰਨਿਆ ਗਿਆ ਹੈ। ਬੇਸ਼ੱਕ ਰਾਗਮਾਲਾ ਵਿਚ ਬਿਲਾਵਲ ਅਤੇ ਬਿਲਾਵਲੀ ਨੂੰ ਵਖ-ਵਖ ਮੰਨਿਆ ਗਿਆ ਹੈ। ਪਰ ਪ੍ਰੋ. ਤਾਰਾ ਸਿੰਘ ਤੇ ਹੋਰਨਾਂ ਵਿਦਵਾਨਾਂ ਵੱਲੋਂ ਬਿਲਾਵਲ ਨੂੰ ਹੀ ਬਿਲਾਵਲੀ ਕਿਹਾ ਗਿਆ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦


ਬਿਲਾਵਲ, ਆਪਣੇ ਹੀ ਥਾਟ ਤੋਂ ਜਨਮਿਆ ਰਾਗ ਹੈ। ਪੰਡਿਤ ਭਾਤਖੰਡੇ ਨੇ ਬਿਲਾਵਲ ਥਾਟ ਨੂੰ ਸ਼ੁਧ ਥਾਟ ਮੰਨਿਆ ਹੈ।
Bani Footnote ਮ੍ਰਿਗੇਂਦਰ ਸਿੰਘ, ਵਾਦਨ ਸਾਗਰ, ਪੰਨਾ ੧੨
ਇਸ ਥਾਟ/ਰਾਗ ਵਿਚ ਸਾਰੇ ਸਵਰ ਸ਼ੁਧ ਲੱਗਦੇ ਹਨ। ਇਹ ਸਵੇਰ ਵੇਲੇ ਦਾ ਰਾਗ ਹੈ। ਇਸ ਕਾਰਣ ਇਸ ਨੂੰ ਸਵੇਰ ਦਾ ਕਲਿਆਣ ਵੀ ਕਿਹਾ ਜਾਂਦਾ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੭੦
ਉੱਤਰੀ ਸੰਗੀਤ ਪਧਤੀ ਵਿਚ ਉਨੀਵੀਂ ਸਦੀ ਦੇ ਪਹਿਲੇ ਹਿੱਸੇ ਤੋਂ ਬਿਲਾਵਲ ਨੂੰ ਅਧਾਰ ਸਪਤਕ ਮੰਨਿਆ ਜਾਂਦਾ ਹੈ। ਬਿਲਾਵਲ ਦਾ ਸਵਰ ਸਪਤਕ ਪੱਛਮੀ ਸੰਗੀਤ ਦੇ ਸੀ-ਮੇਜਰ ਨਾਲ ਮਿਲਦਾ ਹੈ। ਅੱਜ ਇਹ ਬਿਲਾਵਲ ਥਾਟ ਦਾ ਮੁੱਖ ਰਾਗ ਹੈ।
Bani Footnote ਦ ਇਨਸਾਈਕਲੋਪੀਡਿਆ ਆਫ ਸਿਖਇਜ਼ਮ, ਭਾਗ ਦੋ, ਪੰਨਾ ੧੭੩-੧੭੪


ਗੁਰਮਤਿ ਸੰਗੀਤ ਵਿਚ ਬਿਲਾਵਲ ਰਾਗ ਪ੍ਰਚਲਤ ਤੇ ਮਹੱਤਵਪੂਰਨ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ। ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਰਤਨ ਚੌਂਕੀਆਂ
Bani Footnote ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤਕ ਹੋਣ ਵਾਲੇ ਕੀਰਤਨ ਨੂੰ ਵਖ-ਵਖ ਸਮਿਆਂ ਵਿਚ ਵੰਡ ਕੇ ਕੀਰਤਨ ਚੌਂਕੀਆਂ ਦਾ ਨਾਂ ਦਿੱਤਾ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼, ਪੰਨਾ ੪੬੩) ਅਨੁਸਾਰ ਇਨ੍ਹਾਂ ਚੌਂਕੀਆਂ ਦੀ ਗਿਣਤੀ ਚਾਰ ਹੈ: ੧. ਅਮ੍ਰਿਤ ਵੇਲੇ ‘ਆਸਾ ਦੀ ਵਾਰ ਦੀ ਚੌਂਕੀ’ ੨. ਸਵਾ ਪਹਿਰ ਦਿਨ ਚੜ੍ਹੇ ‘ਚਰਨਕਵਲ ਦੀ ਚੌਂਕੀ’ ੩. ਸੰਝ ਵੇਲੇ ‘ਸੋਦਰ ਦੀ ਚੌਂਕੀ’ ੪. ਚਾਰ ਘੜੀ ਰਾਤ ਬੀਤਣ ‘ਤੇ ‘ਕਲਯਾਨ ਦੀ ਚੌਂਕੀ’। ਪਰ ਡਾ. ਜਸਵੰਤ ਸਿੰਘ ਨੇਕੀ (ਅਰਦਾਸ, ਪੰਨਾ ੨੨੧) ਨੇ ਇਨ੍ਹਾਂ ਚੌਂਕੀਆਂ ਵਿਚ ਸੂਰਜ ਚੜ੍ਹਦੇ ਸਾਰ ਅਰੰਭ ਹੋਣ ਵਾਲੀ ‘ਬਿਲਾਵਲ ਦੀ ਚੌਂਕੀ’ ਦਾ ਵੀ ਉਲੇਖ ਕੀਤਾ ਹੈ।
ਦੀ ਜਿਹੜੀ ਮਰਆਦਾ ਕਾਇਮ ਕੀਤੀ, ਉਸ ਵਿਚ ਆਸਾ ਕੀ ਵਾਰ ਦੀ ਚੌਂਕੀ ਤੋਂ ਬਾਅਦ ਬਿਲਾਵਲ ਦੀ ਚੌਂਕੀ ਨੂੰ ਸਥਾਪਤ ਕੀਤਾ। ਅੱਜ ਵੀ ਬਿਲਾਵਲ ਦੀ ਕੀਰਤਨ ਚੌਂਕੀ ਵਿਚ ਤਿੰਨ ਰਾਗੀ ਜਥੇ ਤਕਰੀਬਨ ਸਵੇਰੇ ਸਤ ਵਜੇ ਤੋਂ ਦਸ ਵਜੇ ਤਕ ਕੀਰਤਨ ਦੀ ਸੇਵਾ ਕਰਦੇ ਹਨ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਨ, ਭਾਗ ਦੂਜਾ, ਪੰਨਾ ੫


ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਸ. ਗਿਆਨ ਸਿੰਘ ਐਬਟਾਬਾਦ, ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰਸੀਪਲ ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧, ਪੰਨਾ ੪੭
ਤੇ ਹੋਰਨਾਂ ਵਿਦਵਾਨਾਂ ਨੇ ਬਿਲਾਵਲ ਰਾਗ ਦਾ ਜੋ ਸਰੂਪ ਦਰਸਾਇਆ ਹੈ, ਉਹ ਨਿਮਨਲਿਖਤ ਅਨੁਸਾਰ ਹੈ:

ਰਾਗ ਬਿਲਾਵ ਦਾ ਸਰੂਪ
ਥਾਟ: ਬਿਲਾਵਲ।
ਸਵਰ: ਸਾਰੇ ਸ਼ੁਧ।
ਵਰਜਿਤ ਸਵਰ: ਕੋਈ ਨਹੀਂ।
ਜਾਤੀ: ਸੰਪੂਰਨ-ਸੰਪੂਰਨ।
ਵਾਦੀ: ਧੈਵਤ।
ਸੰਵਾਦੀ: ਗੰਧਾਰ।
ਆਰੋਹ: ਸਾ, ਰੇ ਗਾ, ਮਾ ਪਾ, ਧਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ, ਪਾ, ਮਾ ਗਾ, ਰੇ ਸਾ।
ਮੁੱਖ ਅੰਗ (ਪਕੜ): ਗਾ ਰੇ, ਗਾ ਪਾ ਧਾ ਪਾ, ਮਾ ਗਾ, ਮਾ ਰੇ ਸਾ।

ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।