Guru Granth Sahib Logo
  
‘ਅਨੰਦ ਸੰਸਕਾਰ’ ਵਿਚ ‘ਅਨੰਦ ਕਾਰਜ’ ਦੀ ਰਸਮ ਬਹੁਤ ਮਹੱਤਵਪੂਰਨ ਹੈ। ਅਨੰਦ ਕਾਰਜ ਨਾਲ ਹੀ ਅਨੰਦ ਸੰਸਕਾਰ ਸੰਪੂਰਨ ਹੁੰਦਾ ਹੈ। ਅਨੰਦ ਕਾਰਜ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੁੰਦਾ ਹੈ। ਇਨ੍ਹਾਂ ਰਸਮਾਂ ਅਤੇ ਇਨ੍ਹਾਂ ਦੇ ਨਿਭਾਏ ਜਾਣ ਸਮੇਂ ਪੜ੍ਹੇ ਜਾਣ ਵਾਲੇ ਸ਼ਬਦਾਂ ਬਾਰੇ ਪਿਛੇ ਵਿਚਾਰ ਕੀਤੀ ਜਾ ਚੁੱਕੀ ਹੈ। ਇਥੇ ਅਨੰਦ ਕਾਰਜ ਸਮੇਂ ਹੋਣ ਵਾਲੀਆਂ ਰਸਮਾਂ ਅਤੇ ਪੜ੍ਹੇ ਜਾਂਦੇ ਸ਼ਬਦਾਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ।

ਵਿਆਹ ਮਨੁਖੀ ਜੀਵਨ ਦਾ ਇਕ ਅਹਿਮ ਪੜਾਅ ਹੈ। ਵਿਆਹ ਤੋਂ ਬਾਅਦ ਲਾੜੇ ਅਤੇ ਲਾੜੀ ਨੇ ਆਪਣੀ ਗ੍ਰਿਹਸਤ ਜਿੰਦਗੀ ਜਿਊਣੀ ਹੁੰਦੀ ਹੈ। ਇਕ ਸਿਖ ਵਿਅਕਤੀ ਦਾ ਵਿਆਹ (ਅਨੰਦ ਕਾਰਜ) ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਹੁੰਦਾ ਹੈ। ਆਮ ਤੌਰ ’ਤੇ ਅਨੰਦ ਕਾਰਜ ਦੇ ਸਮੇਂ ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰਣ ਕੀਤੀ ‘ਲਾਵਾਂ’ ਬਾਣੀ ਦੇ ਪਾਠ ਅਤੇ ਕੀਰਤਨ ਦੇ ਨਾਲ-ਨਾਲ ਹੇਠ ਲਿਖੇ ਸ਼ਬਦ ਪੜ੍ਹੇ ਜਾਂ ਗਾਏ ਜਾਂਦੇ ਹਨ:

. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥ -ਗੁਰੂ ਗ੍ਰੰਥ ਸਾਹਿਬ ੯੧
. ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ -ਗੁਰੂ ਗ੍ਰੰਥ ਸਾਹਿਬ ੯੬੩
੩. ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥ -ਗੁਰੂ ਗ੍ਰੰਥ ਸਾਹਿਬ ੭੮
੪. ਪੂਰੀ ਆਸਾ ਜੀ ਮਨਸਾ ਮੇਰੇ ਰਾਮ॥ -ਗੁਰੂ ਗ੍ਰੰਥ ਸਾਹਿਬ ੫੭੭
੫. ਗਾਉ ਗਾਉ ਰੀ ਦੁਲਹਨੀ ਮੰਗਲਚਾਰਾ॥ -ਗੁਰੂ ਗ੍ਰੰਥ ਸਾਹਿਬ ੪੮੨
੬. ਅਨਦੁ ਕਰਹੁ ਮਿਲਿ ਸੁੰਦਰ ਨਾਰੀ॥ -ਗੁਰੂ ਗ੍ਰੰਥ ਸਾਹਿਬ ੮੦੬

ਸ਼ਬਦ
ਇਹ ਸ਼ਬਦ (ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ) ਮਨ-ਇਛਤ ਕਾਰਜ ਦੀ ਸਫਲਤਾ ਲਈ ਪ੍ਰਭੂ ਅੱਗੇ ਅਰਦਾਸ-ਬੇਨਤੀ ਕਰਨ ਦੀ ਪ੍ਰੇਰਣਾ ਦਿੰਦਾ ਹੈ। ਸਿਖ ਪਰੰਪਰਾ ਵਿਚ ਹਰ ਖੁਸ਼ੀ-ਗਮੀ ਦੇ ਮੌਕੇ, ਜਿਵੇਂ ਨਵੇਂ ਮਕਾਨ ਵਿਚ ਪ੍ਰਵੇਸ਼ ਕਰਨ, ਨਵਾਂ ਕਾਰ-ਵਿਹਾਰ ਅਰੰਭ ਕਰਨ, ਆਦਿ ਸਮੇਂ ਪ੍ਰਭੂ ਅੱਗੇ ਅਰਦਾਸ ਕਰਨ ਦਾ ਵਿਧਾਨ ਹੈ। ਅਰਦਾਸ ਸਾਰੇ ਸੰਸਕਾਰਾਂ ਦਾ ਜਰੂਰੀ ਅੰਗ ਹੈ।
Bani Footnote ਸਿੱਖ ਰਹਿਤ ਮਰਯਾਦਾ, ਪੰਨਾ ੨੬; ਇਸ ਤੋਂ ਅੱਗੇ ਇਸ ਵਿਚੋਂ ਲਏ ਹਵਾਲਿਆਂ ਲਈ ਪੈਰ-ਟਿੱਪਣੀਆਂ ਨਹੀਂ ਦਿੱਤੀਆਂ ਗਈਆਂ, ਕਿਉਂਕਿ ਬਾਕੀ ਹਵਾਲੇ ਵੀ ਇਸ ਦੇ ਪੰਨਿਆਂ (੨੨-੨੪) ਵਿਚੋਂ ਹੀ ਹਨ।
ਇਸ ਲਈ ਕਿਸੇ ਵੀ ਕਾਰਜ ਦੀ ਅਰੰਭਤਾ ਜਾਂ ਹੋਰਨਾ ਖੁਸ਼ੀ ਦੇ ਸਮਾਗਮਾਂ ਸਮੇਂ ਇਸ ਸ਼ਬਦ ਨੂੰ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਇਸੇ ਭਾਵ ਅਧੀਨ, ਅਨੰਦ ਕਾਰਜ ਦੀ ਅਰੰਭਤਾ ਵੀ ਇਸੇ ਹੀ ਸ਼ਬਦ ਨਾਲ ਕੀਤੀ ਜਾਂਦੀ ਹੈ।

ਅਨੰਦ ਕਾਰਜ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਦੀਵਾਨ ਸਜਾਇਆ ਜਾਂਦਾ ਹੈ। ਲਾੜਾ ਅਤੇ ਲਾੜੀ, ਉਨ੍ਹਾਂ ਦੇ ਪਰਵਾਰਕ ਮੈਂਬਰ, ਰਿਸ਼ਤੇਦਾਰ ਤੇ ਸਨੇਹੀ ਇਸ ਸਮੇਂ ਸੰਗਤ ਰੂਪ ਵਿਚ ਹਾਜਰ ਹੁੰਦੇ ਹਨ। ਲਾੜੇ ਅਤੇ ਲਾੜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਿਠਾਇਆ ਜਾਂਦਾ ਹੈ। ਲਾੜੀ, ਲਾੜੇ ਦੇ ਖੱਬੇ ਪਾਸੇ ਬੈਠਦੀ ਹੈ। ਹਾਲਾਂਕਿ ਇਸ ਸਮੇਂ ਸਜੇ ਦੀਵਾਨ ਵਿਚ ਪਹਿਲਾਂ ਹੀ ਗੁਰਬਾਣੀ ਕੀਰਤਨ ਚੱਲ ਰਿਹਾ ਹੁੰਦਾ ਹੈ, ਪਰ ਜਦੋਂ ਪਰਵਾਰ ਦੇ ਪ੍ਰਮੁੱਖ ਮੈਂਬਰ ਹਾਜਰ ਹੋ ਜਾਂਦੇ ਹਨ ਤੇ ਅਨੰਦ ਕਾਰਜ ਦੀ ਪੂਰਨ ਤਿਆਰੀ ਹੋ ਜਾਂਦੀ ਹੈ, ਤਦ ਹੀ ਇਸ ਸ਼ਬਦ ਨੂੰ ਪੜ੍ਹਿਆ ਜਾਂ ਗਾਇਆ ਜਾਂਦਾ ਹੈ।

ਇਸ ਤੋਂ ਉਪਰੰਤ ਅਰਦਾਸ ਕੀਤੀ ਜਾਂਦੀ ਹੈ। ਇਸ ਅਰਦਾਸ ਸਮੇਂ ਕੇਵਲ ਲਾੜੇ-ਲਾੜੀ ਅਤੇ ਉਨ੍ਹਾਂ ਦੇ ਮਾਪੇ (ਜੇ ਮਾਪੇ ਨਾ ਹੋਣ ਤਾਂ ਉਨ੍ਹਾਂ ਦੇ ਸਰਪ੍ਰਸਤ) ਹੀ ਖੜ੍ਹੇ ਹੁੰਦੇ ਹਨ। ਬਾਕੀ ਸਾਰੀ ਸੰਗਤ ਬੈਠੀ ਰਹਿੰਦੀ ਹੈ।

ਅਰਦਾਸ ਤੋਂ ਬਾਅਦ ਗ੍ਰੰਥੀ ਜਾਂ ਹੋਰ ਕਿਸੇ ਵਿਦਵਾਨ ਦੁਆਰਾ ਲਾੜੇ ਅਤੇ ਲਾੜੀ ਨੂੰ ਗੁਰਮਤਿ ਅਨੁਸਾਰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਸੂਹੀ ਰਾਗ ਵਿਚ ਉਚਾਰੀਆਂ ਲਾਵਾਂ ਦਾ ਭਾਵ ਸਮਝਾਇਆ ਜਾਂਦਾ ਹੈ। ਆਪਣੇ ਸੰਬੰਧ ਆਤਮਾ ਅਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੀ ਜਾਂਦੀ ਹੈ। ਦ੍ਰਿੜ ਕਰਵਾਇਆ ਜਾਂਦਾ ਹੈ ਕਿ ਸਿਖ ਧਰਮ ਵਿਚ ਵਿਆਹ ਕੇਵਲ ਇਕ ਸਮਾਜਕ ਸੰਬੰਧ ਹੀ ਨਹੀਂ, ਸਗੋਂ ਦੋ ਆਤਮਾਵਾਂ ਦਾ ਸੁਮੇਲ ਹੈ। ਇਸ ਲਈ ਉਨ੍ਹਾਂ ਦੋਵਾਂ ਨੇ ਗੁਰੂ ਅਮਰਦਾਸ ਸਾਹਿਬ ਦੇ ਬਚਨ ਅਨੁਸਾਰ ਇਕ ਰੂਪ ਹੋ ਕੇ ਰਹਿਣਾ ਹੈ: ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥ -ਗੁਰੂ ਗ੍ਰੰਥ ਸਾਹਿਬ ੭੮੮

ਉਪਦੇਸ਼ ਦੀਆਂ ਗੱਲਾਂ ਨੂੰ ਪ੍ਰਵਾਨ ਕਰਦਿਆਂ ਲਾੜੇ ਅਤੇ ਲਾੜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ। ਇਸ ਤੋਂ ਉਪਰੰਤ ‘ਪੱਲੇ ਦੀ ਰਸਮ’
Bani Footnote ਦੇਖੋ, ਸ਼ਬਦ ਨੰਬਰ ੨
ਹੁੰਦੀ ਹੈ।

ਇਥੇ ਇਹ ਵੀ ਜਿਕਰਜੋਗ ਹੈ ਕਿ ਪੁਰਾਣੇ ਸਮਿਆਂ ਵਿਚ ਬਰਾਤਾਂ ਕਈ-ਕਈ ਦਿਨ ਲਾੜੀ ਵਾਲਿਆਂ ਦੇ ਘਰ ਠਹਿਰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਅਨੰਦ ਕਾਰਜ ਅੰਮ੍ਰਿਤ ਵੇਲੇ ਕੀਤਾ ਜਾਂਦਾ ਸੀ ਅਤੇ ਅਨੰਦ ਕਾਰਜ ਤੋਂ ਪਹਿਲਾਂ ‘ਆਸਾ ਕੀ ਵਾਰ’ ਦਾ ਕੀਰਤਨ ਹੁੰਦਾ ਸੀ। ਪਰ ਅੱਜਕਲ ਬਰਾਤ ਇਕ ਦਿਨ ਲਈ ਹੀ ਲਾੜੀ ਦੇ ਘਰ ਜਾਂ ਕਿਸੇ ਨਿਸ਼ਚਿਤ ਥਾਂ (ਮੈਰਿਜ ਪੈਲੇਸ ਆਦਿ) ਪਹੁੰਚਦੀ ਹੈ। ਇਸ ਲਈ ਜਿਆਦਾਤਰ ‘ਆਸਾ ਕੀ ਵਾਰ’ ਦੇ ਕੀਰਤਨ ਦੀ ਥਾਂ ਗੁਰਬਾਣੀ ਦੇ ਕੁਝ ਸ਼ਬਦਾਂ ਦਾ ਹੀ ਕੀਰਤਨ ਕਰ ਲਿਆ ਜਾਂਦਾ ਹੈ। ਪ੍ਰੰਤੂ ਕਈ ਗੁਰਦੁਆਰਿਆਂ ਵਿਚ ਅੱਜ ਵੀ ਅਨੰਦ ਕਾਰਜ ਅੰਮ੍ਰਿਤ ਵੇਲੇ ਹੀ ਕਰਨ ਦੀ ਮਰਿਆਦਾ ਹੈ। ਜੇਕਰ ਗੁਰਦੁਆਰੇ ਵਿਚ ਰੋਜਾਨਾ ‘ਆਸਾ ਕੀ ਵਾਰ’ ਦਾ ਕੀਰਤਨ ਕਰਨ ਦੀ ਮਰਿਆਦਾ ਹੋਵੇ ਤਾਂ ਉਸ ਤੋਂ ਤੁਰੰਤ ਬਾਅਦ ਹੀ ਅਨੰਦ ਕਾਰਜ ਕਰਵਾ ਦਿੱਤਾ ਜਾਂਦਾ ਹੈ। ਪਰ ਇਸ ਦਾ ਇਹ ਭਾਵ ਬਿਲਕੁਲ ਵੀ ਨਹੀਂ ਕਿ ‘ਆਸਾ ਕੀ ਵਾਰ’ ਤੋਂ ਬਿਨਾਂ ਅਨੰਦ ਕਾਰਜ ਨਹੀਂ ਹੋ ਸਕਦਾ।

ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸਿਰੀਰਾਗੁ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੧ ਉਪਰ ਦਰਜ ਹੈ। ਇਹ ਸ਼ਬਦ ‘ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ’ ਦੀ ਵੀਹਵੀਂ ਪਉੜੀ ਹੈ। ਇਸ ਦੀਆਂ ੬ ਤੁਕਾਂ ਹਨ।

ਸ਼ਬਦ
ਇਹ ਸ਼ਬਦ (ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ) ਅਨੰਦ ਕਾਰਜ ਸਮੇਂ ‘ਪੱਲੇ ਦੀ ਰਸਮ’ ਮੌਕੇ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਇਸ ਕਰਕੇ ਇਸ ਨੂੰ ‘ਪੱਲੇ ਦਾ ਸ਼ਬਦ’ ਵੀ ਕਹਿ ਲਿਆ ਜਾਂਦਾ ਹੈ। ‘ਪੱਲੇ ਦੀ ਰਸਮ’ ਵਿਚ ਲਾੜੀ ਦਾ ਪਿਤਾ ਜਾਂ ਮੁਖੀ ਸੰਬੰਧੀ ਲਾੜੇ ਦਾ ਪੱਲਾ
Bani Footnote ਲਾਲ, ਗੁਲਾਬੀ, ਕੇਸਰੀ ਜਾਂ ਲਾੜੇ ਦੀ ਪੁਸ਼ਾਕ ਦੇ ਰੰਗ ਨਾਲ ਮੇਲ ਖਾਂਦਾ ਇਕ ਲੰਮਾ ਕੱਪੜਾ, ਜਿਹੜਾ ਉਸ ਦੀ ਪੁਸ਼ਾਕ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ। ਮਿਣਤੀ ਵਿਚ ਇਸ ਨੂੰ ਸਵਾਇਆ, ਭਾਵ ਸਵਾ ਦੋ ਜਾਂ ਸਵਾ ਤਿੰਨ ਮੀਟਰ ਰਖਿਆ ਜਾਂਦਾ ਹੈ। ਇਸ ਪਿਛੇ ਭਾਵਨਾ ਉਨ੍ਹਾਂ ਦੋਵਾਂ ਦੇ ਗ੍ਰਿਹਸਤ ਜੀਵਨ ਲਈ ਸ਼ੁਭ-ਕਾਮਨਾਵਾਂ ਦੀ ਹੁੰਦੀ ਹੈ। ਲਾੜਾ ਇਸ ਨੂੰ ਆਪਣੇ ਸੱਜੇ ਮੋਢੇ ਉੱਤੇ ਰਖ ਕੇ ਇਸ ਦਾ ਅਗਲਾ ਲੜ ਆਪਣੇ ਦੋਵਾਂ ਹੱਥਾਂ ਨਾਲ ਫੜਦਾ ਹੈ। ਇਸ ਅਗਲੇ ਹਿੱਸੇ ਨੂੰ ਝੋਲੀ ਨੁਮਾਂ ਬਣਾ ਕੇ ਇਸ ਵਿਚ ਮਿਲਣ ਵਾਲੇ ਸ਼ਗਨ ਪਵਾਉਂਦਾ ਹੈ। ਬਰਾਤ ਤੁਰਨ ਸਮੇਂ ਸਭ ਤੋਂ ਪਹਿਲਾਂ ਲਾੜੇ ਦੀ ਮਾਂ ਜਾਂ ਮਾਂ ਦੀਆਂ ਜਿੰਮੇਵਾਰੀਆਂ ਨਿਭਾਅ ਰਹੀ ਔਰਤ ਇਸ ਵਿਚ ਸ਼ਗਨ ਵਜੋਂ ਨਾਰੀਅਲ, ਲੱਡੂ ਅਤੇ ਕੁਝ ਪੈਸੇ ਪਾਉਂਦੀ ਹੈ। ਬਰਾਤ ਤੁਰਨ ਸਮੇਂ ਇਸ ਪੱਲੇ ਦਾ ਪਿਛਲਾ ਹਿੱਸਾ ਭੈਣਾਂ ਫੜਦੀਆਂ ਹਨ। ਅਨੰਦ ਕਾਰਜ ਸਮੇਂ ਇਹੀ ਪੱਲਾ ਲਾੜੀ ਨੂੰ ਫੜਾਇਆ ਜਾਂਦਾ ਹੈ।
ਲਾੜੀ ਨੂੰ ਫੜਾਉਂਦਾ ਹੈ। ਇਹ ਰਸਮ ਲਾੜੇ ਅਤੇ ਲਾੜੀ ਵੱਲੋਂ ਇਕ-ਦੂਜੇ ਨੂੰ ਅਪਣਾ ਲੈਣ ਦੀ ਸੰਕੇਤਕ ਹੈ।
Bani Footnote ‘ਸਿੱਖ ਰਹਿਤ ਮਰਯਾਦਾ’ ਵਿਚ ਲਾੜੇ ਦਾ ਪੱਲਾ ਲਾੜੀ ਦੇ ਹਥ ਫੜਾਉਣ ਦਾ ਜਿਕਰ ਤਾਂ ਹੈ ਪਰ ਇਸ ਰਸਮ ਵੇਲੇ ਉਪਰੋਕਤ ਸ਼ਬਦ ਨੂੰ ਪੜ੍ਹੇ ਜਾਂ ਗਾਏ ਜਾਣ ਦਾ ਉਲੇਖ ਨਹੀਂ ਹੈ।


ਕਈ ਵਾਰ ਕੁਝ ਸੱਜਣਾਂ ਵੱਲੋਂ ਇਹ ਸਮਝ ਲਿਆ ਜਾਂਦਾ ਹੈ ਕਿ ‘ਪੱਲੇ ਦੀ ਰਸਮ’ ਔਰਤ-ਮਰਦ ਦੀ ਬਰਾਬਰੀ ਨੂੰ ਨਕਾਰਦੀ ਹੈ, ਕਿਉਂਕਿ ਪਰੰਪਰਕ ਤੌਰ ’ਤੇ ਇਸ ਵਿਚ ਲਾੜੇ ਦਾ ਪੱਲਾ ਲਾੜੀ ਨੂੰ ਫੜਾਇਆ ਜਾਂਦਾ ਹੈ ਅਤੇ ਪੱਲਾ ਫੜਾਉਣ ਦੀ ਰਸਮ ਵੀ ਪਿਤਾ ਵੱਲੋਂ ਨਿਭਾਈ ਜਾਂਦੀ ਹੈ। ਪਰ ‘ਸਿੱਖ ਰਹਿਤ ਮਰਯਾਦਾ’ ਵਿਚ ‘ਪਿਤਾ ਜਾਂ ਮੁੱਖੀ ਸੰਬੰਧੀ’ ਵੱਲੋਂ ਇਸ ਰਸਮ ਨੂੰ ਨਿਭਾਇਆ ਜਾਣਾ ਲਿਖਿਆ ਹੈ, ਜੋ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਪਰਵਾਰ ਦਾ ਕੋਈ ਹੋਰ ਮੈਂਬਰ ਵੀ ਇਹ ਰਸਮ ਨਿਭਾ ਸਕਦਾ ਹੈ। ਅਸਲ ਵਿਚ ਮੱਧਕਾਲੀਨ ਸਮਾਜਕ-ਰਾਜਨੀਤਕ ਹਾਲਾਤ ਅੱਜ ਜਿੰਨੇ ਸੁਖਾਵੇਂ ਨਹੀਂ ਸਨ, ਇਸ ਲਈ ਵਿਆਹ, ਮੌਤ ਅਤੇ ਹੋਰ ਸਮਾਜਕ ਜਿੰਮੇਵਾਰੀਆਂ ਕੇਵਲ ਮਰਦਾਂ ਵੱਲੋਂ ਹੀ ਨਿਭਾ ਲਈਆਂ ਜਾਂਦੀਆਂ ਸਨ। ਪਿਤਾ-ਪੁਰਖੀ ਸਮਾਜ ਹੋਣ ਕਾਰਣ ਘਰ ਦਾ ਮੁੱਖੀ ਵੀ ਅਕਸਰ ਪਿਤਾ ਹੀ ਹੁੰਦਾ ਸੀ। ਘਰ-ਪਰਵਾਰ ਦੇ ਫੈਸਲੇ ਆਮ ਕਰਕੇ ਉਸ ਵੱਲੋਂ ਹੀ ਕੀਤੇ ਜਾਂਦੇ ਸਨ। ਉਹ ਹੀ ਧੀ ਜਾਂ ਪੁੱਤਰ ਦਾ ਰਿਸ਼ਤਾ ਤੈਅ ਕਰਦਾ ਸੀ। ਪਰ ਇਸ ਦਾ ਭਾਵ ਇਹ ਨਹੀਂ ਕਿ ਔਰਤਾਂ ਦੀ ਕੋਈ ਰਾਇ ਨਹੀਂ ਲਈ ਜਾਂਦੀ ਸੀ। ਇਹ ਸੱਚ ਹੈ ਕਿ ਸਮਾਜ ਦੀਆਂ ਰੂੜੀਵਾਦੀ ਕਦਰਾਂ-ਕੀਮਤਾਂ ਦੇ ਪ੍ਰਭਾਵ ਹੇਠ ਪਰਵਾਰਾਂ ਵਿਚ ਔਰਤਾਂ ਨੂੰ ਮਰਦ ਦੀ ਨਿਜੀ ਜਾਇਦਾਦ ਜਾਂ ਪਰਵਾਰ ਵਿਚ ਮਰਦ ਦੇ ਵਿਸਥਾਰ ਵਜੋਂ ਹੀ ਸਮਝਿਆ ਜਾਂਦਾ ਸੀ (ਅਤੇ ਜਾ ਸਕਦਾ ਹੈ)। ਪਰ ਵਿਆਹ ਨੂੰ ਸੱਚਮੁਚ ਦਾ ਇਕ ਅਨੰਦਾਇਕ ਕਾਰਜ ਬਣਾਉਣ ਲਈ ਲਾੜੀ ਸਮੇਤ ਘਰ ਦੀਆਂ ਔਰਤਾਂ ਦੀ ਸਹਿਮਤੀ, ਸ਼ਮੂਲੀਅਤ ਅਤੇ ਸਹਿਯੋਗ ਜਰੂਰੀ ਹਨ। ਕਈ ਸੱਜਣ ਪੱਲਾ ਫੜਾਉਣ ਦੀ ਰਸਮ ਨੂੰ ਲਾੜੀ ਦੇ ਪਿਤਾ ਵੱਲੋਂ ਲਾੜੀ, ਲਾੜੇ ਨੂੰ ਸੌਂਪਣ ਦੇ ਕਾਰਜ ਵਜੋਂ ਵੀ ਵੇਖ ਸਕਦੇ ਹਨ। ਪਰ ਇਥੇ ਇਸ ਨੂੰ ਜਾਂ ਅਜਿਹੀਆਂ ਹੋਰ ਸਭਿਆਚਾਰਕ ਪਰੰਪਰਾਵਾਂ ਨੂੰ ਸਿਖ ਸਿਧਾਂਤਾਂ ਅਤੇ ਸਿਖ ਨਜ਼ਰੀਏ ਤੋਂ ਵਾਚਣਾ ਬੇਹੱਦ ਜਰੂਰੀ ਹੈ। ਪੱਲਾ ਫੜਾਉਣ ਦਾ ਭਾਵ ਉਸ ਸਮੇਂ ਦੇ ਹਲਾਤਾਂ ਵਿਚ ਲਾੜੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਲਾੜੇ ਨੂੰ ਸੌਂਪਣਾ ਵੀ ਸਮਝਿਆ ਜਾ ਸਕਦਾ ਹੈ। ਇਸ ਨੂੰ ਲਾੜੇ ਅਤੇ ਲਾੜੀ ਦੋਵਾਂ ਵੱਲੋਂ ਇਕ ਦੂਜੇ ਨੂੰ ਸਵੀਕਾਰ ਕਰਨ, ਇਕ ਦੂਜੇ ਦੇ ਮਾਨ-ਸਨਮਾਨ ਦੀ ਰਾਖੀ ਕਰਨ ਅਤੇ ਇਕ ਦੂਜੇ ਦੀ ਨਿੱਜਤਾ ਦਾ ਆਦਰ ਕਰਨ ਦੀ ਵਿਅਕਤੀਗਤ ਜ਼ਿੰਮੇਵਾਰੀ ਦੇ ਰੂਪ ਵਿਚ ਵੀ ਸਮਝਿਆ ਜਾ ਸਕਦਾ ਹੈ। ਇਸ ਕਰਕੇ ਵਰਤਮਾਨ ਸਮੇਂ ਵਿਚ ਇਸ ਸੰਕੇਤਕ ਰਸਮ ਤੋਂ ਇਹ ਭਾਵ ਹਰਗਿਜ ਨਹੀਂ ਕਢਣਾ ਚਾਹੀਦਾ ਕਿ ਇਹ ਰਸਮ ਔਰਤ-ਮਰਦ ਦੀ ਬਰਾਬਰੀ ਨੂੰ ਨਕਾਰਦੀ ਹੈ ਜਾਂ ਔਰਤ ਦਾ ਦਰਜਾ ਮਰਦ ਦੇ ਮੁਕਾਬਲੇ ਛੋਟਾ ਹੈ। ਅਜੋਕੇ ਸਮੇਂ ਤਾਂ ਔਰਤਾਂ ਅਤੇ ਮਰਦ ਹਰ ਕਾਰਜ ਵਿਚ ਬਰਾਬਰ ਦੇ ਭਾਈਵਾਲ ਹੁੰਦੇ ਹਨ।

ਗੁਰਮਤਿ ਵਿਚ ਪ੍ਰਭੂ, ਪਤੀ ਹੈ ਅਤੇ ਜੀਵ (ਆਦਮੀ ਜਾਂ ਔਰਤ) ਪਤਨੀ ਹੈ। ਅਧਿਆਤਮਕ ਤੌਰ ’ਤੇ ਇਸ ਸ਼ਬਦ ਵਿਚ ਜੀਵ ਜਾਂ ਜਗਿਆਸੂ ਦੁਆਰਾ ਸਾਰੇ ਰਿਸ਼ਤੇ-ਨਾਤਿਆਂ ਨੂੰ ਕੂੜ ਸਮਝਦਿਆਂ, ਪ੍ਰਭੂ-ਪਤੀ ਦੇ ਪੱਲੇ ਲੱਗਣ ਦਾ ਜਿਕਰ ਹੈ। ਇਸ ਲਈ ਅਨੰਦ ਕਾਰਜ ਸਮੇਂ ਇਸ ਸ਼ਬਦ ਦਾ ਪੜ੍ਹਿਆ ਜਾਂ ਗਾਇਆ ਜਾਣਾ ਅਧਿਆਤਮਕ ਭਾਵਾਂ ਦਾ ਸਮਾਜੀਕਰਨ ਹੈ, ਜਿਹੜਾ ਇਸ ਰਸਮ ਨਾਲ ਰੂਪਮਾਨ ਹੁੰਦਾ ਹੈ।

ਇਨ੍ਹਾਂ ਸ਼ਬਦਾਂ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸੂਹੀ ਰਾਗ ਵਿਚ ਉਚਾਰੀਆਂ ਚਾਰ ਲਾਵਾਂ ਦਾ ਪਾਠ ਅਤੇ ਕੀਰਤਨ ਹੁੰਦਾ ਹੈ।
Bani Footnote ਅਨੰਦ ਸੰਸਕਾਰ/ਅਨੰਦ ਕਾਰਜ ਅਤੇ ਲਾਵਾਂ ਦੀ ਵਿਸਥਾਰਤ ਜਾਣਕਾਰੀ ਲਈ ਹੇਠਲੇ ਲਿੰਕ ਨੂੰ ਖੋਲੋ: https://app.gurugranthsahib.io/tggsp/panjabi/Bani/dsm/SuhiM/Introduction
ਹਰ ਲਾਵ ਦੇ ਪਾਠ ਤੋਂ ਬਾਅਦ ਲਾੜਾ ਅਤੇ ਉਸ ਦੇ ਪਿਛੇ ਲਾੜੀ ਪੱਲਾ ਫੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸੱਜੇ ਹੱਥ ਰਖਦੇ ਹੋਏ ਪ੍ਰਕਰਮਾ ਕਰਦੇ ਹਨ। ਪ੍ਰਕਰਮਾ ਸਮੇਂ ਰਾਗੀ ਸਿੰਘ ਲਾਵ ਦਾ ਗਾਇਨ ਕਰਦੇ ਹਨ। ਪ੍ਰਕਰਮਾ ਪੂਰੀ ਕਰ ਕੇ ਲਾੜਾ ਅਤੇ ਲਾੜੀ ਅਗਲੀ ਲਾਵ ਦਾ ਪਾਠ ਸੁਣਨ ਲਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਹਨ। ਚਉਥੀ ਲਾਵ ਦਾ ਕੀਰਤਨ ਅਤੇ ਪ੍ਰਕਰਮਾ ਪੂਰੀਆਂ ਹੋ ਜਾਣ ਤੋਂ ਬਾਅਦ ਲਾੜਾ ਅਤੇ ਲਾੜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਨਿਰਧਾਰਤ ਥਾਂ ’ਤੇ ਬੈਠ ਜਾਂਦੇ ਹਨ। ਰਾਗੀ ਸਿੰਘ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਅਤੇ ਅੰਤਲੀ ਪਉੜੀ ਦਾ ਪਾਠ ਜਾਂ ਗਾਇਨ ਕਰਦੇ ਹਨ। ‘ਸਿੱਖ ਰਹਿਤ ਮਰਯਾਦਾ’ ਅਨੁਸਾਰ ਇਸ ਤੋਂ ਬਾਅਦ ਅਨੰਦ ਕਾਰਜ ਦੀ ਸਮਾਪਤੀ ਦੀ ਅਰਦਾਸ ਹੁੰਦੀ ਹੈ ਅਤੇ ਕੜਾਹ ਪ੍ਰਸਾਦ ਵਰਤਾਇਆ ਜਾਂਦਾ ਹੈ। ਪਰ ਅਜੋਕੇ ਸਮੇਂ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਤੋਂ ਬਾਅਦ ਕੁਝ ਸ਼ਬਦਾਂ ਦਾ ਪਾਠ ਜਾਂ ਗਾਇਨ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਬਾਰੇ ਹੇਠਾਂ ਵਿਚਾਰ ਕੀਤੀ ਜਾ ਰਹੀ ਹੈ।

ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਮਕਲੀ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੯੬੩ ਉਪਰ ਦਰਜ ਹੈ। ਇਹ ਸ਼ਬਦ ‘ਰਾਮਕਲੀ ਕੀ ਵਾਰ’ ਦੀ ਚਉਦਵੀਂ ਪਉੜੀ ਨਾਲ ਆਇਆ ਪਹਿਲਾ ਸਲੋਕ ਹੈ। ਇਸ ਦੀਆਂ ਦੋ ਤੁਕਾਂ ਹਨ।

ਸ਼ਬਦ
ਲਾਵਾਂ ਅਤੇ ਅਨੰਦ ਸਾਹਿਬ ਦੇ ਗਾਇਨ ਤੋਂ ਬਾਅਦ ਇਸ ਸ਼ਬਦ (ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ) ਦੇ ਦੂਜੇ ਪਦੇ ‘ਵੀਆਹੁ ਹੋਆ ਮੇਰੇ ਬਾਬੁਲਾ’ ਨੂੰ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਇਸ ਵਿਚ ਜੀਵ-ਇਸਤਰੀ ਦੁਆਰਾ ਪ੍ਰਭੂ-ਪਤੀ ਦੇ ਮਿਲਾਪ ਦੀ ਸਿਖਰਲੀ ਅਵਸਥਾ ਦਾ ਵਰਣਨ ਹੈ। ਇਸ ਸ਼ਬਦ ਦੇ ਬਾਕੀ ਪਦਿਆਂ ਵਿਚ ਜੀਵ-ਇਸਤਰੀ ਦੁਆਰਾ ਪ੍ਰਭੂ-ਪਤੀ ਦੇ ਮਿਲਾਪ ਦੀ ਤਿਆਰੀ ਅਤੇ ਮਿਲਾਪ ਤੋਂ ਬਾਅਦ ਦੀ ਅਵਸਥਾ ਦਾ ਚਿਤਰਣ ਹੈ। ਸਮਾਜਕ ਰੂਪ ਵਿਚ ਅਨੰਦ ਕਾਰਜ ਤੋਂ ਬਾਅਦ ਇਸ ਸ਼ਬਦ ਦਾ ਗਾਇਨ ਲਾੜੇ ਅਤੇ ਲਾੜੀ ਦੇ ਅੰਤਰੀਵੀ ਚਾਵਾਂ ਨੂੰ ਰੂਪਮਾਨ ਕਰਦਾ ਜਾਪਦਾ ਹੈ। ਅਨੰਦ ਕਾਰਜ ਸਮੇਂ ਇਕੱਤਰ ਹੋਈ ਸੰਗਤ ਦੀ ਖੁਸ਼ੀ ਵੀ ਇਸ ਸ਼ਬਦ ਦੇ ਮਾਧਿਅਮ ਰਾਹੀਂ ਅਨੰਦ ਕਾਰਜ ਦੇ ਨਿਰਵਿਘਨਤਾ ਸਹਿਤ ਸੰਪੂਰਨ ਹੋਣ ਦੀ ਗਵਾਹੀ ਭਰਦੀ ਹੈ।

ਇਸ ਪਦੇ ਵਿਚ ਆਇਆ ‘ਬਾਬੁਲਾ’ (ਪਿਤਾ) ਸ਼ਬਦ ਵਿਸ਼ੇਸ਼ ਸੱਭਿਆਚਾਰਕ ਅਤੇ ਸਮਾਜਕ ਸੰਦਰਭ ਸਿਰਜਦਾ ਹੈ। ਇਸ ਨੂੰ ਲਾੜੀ ਵੱਲੋਂ ਆਪਣੇ ਪਿਤਾ ਨੂੰ ਕੀਤੇ ਸੰਬੋਧਨ ਵਜੋਂ ਨਹੀਂ ਸਮਝਣਾ ਚਾਹੀਦਾ। ਮਧਕਾਲੀ ਹਾਲਾਤ ਦੀ ਲੋੜ ਅਨੁਸਾਰ ਘਰ ਦਾ ਮੁੱਖੀ, ਪਿਤਾ ਜਾਂ ਪਰਵਾਰ ਦਾ ਕੋਈ ਹੋਰ ਵਡੇਰਾ ਮੈਂਬਰ ਹੁੰਦਾ ਸੀ। ਭਾਵੇਂ ਕਿ ਸਾਰੇ ਕਾਰਜ ਪਰਵਾਰ ਦੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ ਹੀ ਪੂਰੇ ਹੁੰਦੇ ਸਨ, ਪਰ ਜਿੰਮੇਵਾਰੀ ਕੇਵਲ ਮੁੱਖੀ ਦੀ ਹੀ ਸਮਝੀ ਜਾਂਦੀ ਸੀ। ਕਿਸੇ ਪਰਵਾਰਕ ਖੁਸ਼ੀ ਦੀ ਮੁਬਾਰਕਬਾਦ ਜਾਂ ਵਧਾਈ ਵੀ ਪਰਵਾਰ ਦੇ ਮੁੱਖੀ ਨੂੰ ਹੀ ਮੁਖਾਤਬ ਹੋ ਕੇ ਪਰਗਟ ਕੀਤੀ ਜਾਂਦੀ ਸੀ। ਪਰ ਇਸ ਦਾ ਭਾਵ ਇਹ ਨਹੀਂ ਸਮਝਣਾ ਚਾਹੀਦਾ ਕਿ ਪਰਵਾਰ ਦੀਆਂ ਔਰਤਾਂ ਜਾਂ ਬਾਕੀ ਮੈਂਬਰਾਂ ਨੂੰ ਵਧਾਈ ਨਹੀਂ ਦਿੱਤੀ ਜਾਂਦੀ ਸੀ। ਵਿਆਹ/ਡੋਲੀ ਨਾਲ ਸੰਬੰਧਤ ਇਕ ਪ੍ਰਸਿੱਧ ਪੰਜਾਬੀ ਲੋਕ-ਗੀਤ ਵਿਚ ਭਾਵੇਂ ਕਿ ਪਿਤਾ ਦਾ ਵੀ ਜਿਕਰ ਹੈ ਪਰ ਸੰਬੋਧਨ ਮਾਂ ਨੂੰ ਹੈ: ਅਜ ਦੀ ਦਿਹਾੜੀ ਰਖ ਡੋਲੀ ਨੀ ਮਾਂ, ਰਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਂ। ਇਸ ਲਈ ਇਸ ਪਦੇ ਵਿਚਲੇ ‘ਬਾਬੁਲਾ’ ਸੰਬੋਧਨ ਨੂੰ ਇਨ੍ਹਾਂ ਸੱਭਿਆਚਾਰਕ ਅਤੇ ਸਮਾਜਕ ਪ੍ਰਸੰਗਾਂ ਵਿਚ ਹੀ ਦੇਖਿਆ ਜਾਣਾ ਚਾਹੀਦਾ ਹੈ। ਇਸ ਸ਼ਬਦ ਵਿਚ ‘ਬਾਬੁਲ’ ਦਾ ਭਾਵ-ਅਰਥ ‘ਪਿਤਾ-ਸਮਾਨ ਸਤਿਸੰਗੀ ਮਿੱਤਰ’ ਵਜੋਂ ਕੀਤਾ ਗਿਆ ਹੈ। ਅਧਿਆਤਮਕ ਤੌਰ ’ਤੇ ਇਹ ਪਦਾ ਲਾੜੇ ਅਤੇ ਲਾੜੀ, ਦੋਵਾਂ ਦੀ ਅੰਤਰੀਵੀ ਖੁਸ਼ੀ ਨੂੰ ਦਰਸਾਉਂਦਾ ਹੈ।

ਗੁਰੂ ਰਾਮਦਾਸ ਸਾਹਿਬ ਦੁਆਰਾ ਰਾਗ ਸਿਰੀਰਾਗੁ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੮-੭੯ ਉਪਰ ਦਰਜ ਹੈ। ਇਸ ਸ਼ਬਦ ਦੇ ਪੰਜ ਪਦੇ ਹਨ। ਹਰ ਪਦੇ ਦੀਆਂ ਛੇ-ਛੇ ਤੁਕਾਂ ਹਨ।

ਸ਼ਬਦ
ਇਸ ਸ਼ਬਦ (ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ) ਦਾ ਚੌਥਾ ਪਦਾ (ਪੂਰੀ ਆਸਾ ਜੀ ਮਨਸਾ ਮੇਰੇ ਰਾਮ) ਉਪਰੋਕਤ ਸ਼ਬਦ ਤੋਂ ਬਾਅਦ ਪੜ੍ਹਿਆ ਜਾਂ ਗਾਇਆ ਜਾਂਦਾ ਹੈ।

ਪੰਜਾਬੀ ਸਭਿਆਚਾਰ ਵਿਚ ਮਨ ਭਾਉਂਦਾ ਵਰ (ਲਾੜਾ) ਮਿਲਣਾ ਲਾੜੀ ਅਤੇ ਉਸ ਦੇ ਪਰਵਾਰ ਲਈ ਕਿਸੇ ਡੂੰਘੀ ਮਨਸਾ ਪੂਰੀ ਹੋਣ ਵਰਗੀ ਅਗੰਮੀ ਖੁਸ਼ੀ ਦਾ ਸੂਚਕ ਹੈ। ਅਧਿਆਤਮਕ ਪਖ ਤੋਂ ਇਸ ਵਿਚ ਗੁਰ-ਸ਼ਬਦ ਰਾਹੀਂ ਹੋਏ ਪ੍ਰਭੂ-ਮਿਲਾਪ ਦੀ ਖੁਸ਼ੀ ਦਾ ਭਾਵਪੂਰਤ ਵਰਣਨ ਹੈ। ਇਸ ਪ੍ਰਕਾਰ ਇਹ ਸ਼ਬਦ ਅਧਿਆਤਮਕ ਖੁਸ਼ੀ ਦਾ ਸਭਿਆਚਾਰਕ ਪ੍ਰਗਟਾਵਾ ਹੀ ਹੈ।

ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਵਡਹੰਸੁ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੭੬-੫੭੭ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਪਦੇ ਹਨ। ਹਰੇਕ ਪਦੇ ਦੀਆਂ ੬ ਤੁਕਾਂ ਹਨ।

ਸ਼ਬਦ
ਇਹ ਸ਼ਬਦ (ਗਾਉ ਗਾਉ ਰੀ ਦੁਲਹਨੀ ਮੰਗਲਚਾਰਾ) ਅਨੰਦ ਕਾਰਜ ਸਮੇਂ ਲਾਵਾਂ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਸਮੇਂ ਵੀ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਇਸ ਵਿਚ ਪ੍ਰਭੂ-ਪਤੀ ਅਤੇ ਜੀਵ-ਇਸਤਰੀ ਦੇ ਮਿਲਾਪ ਦਾ ਜਿਕਰ ਹੈ। ਇਸ ਸ਼ਬਦ ਅਨੁਸਾਰ ਪ੍ਰਭੂ-ਪਤੀ ਜੀਵ-ਇਸਤਰੀ ਨੂੰ ਵਿਆਹੁਣ ਲਈ ਆਇਆ ਹੈ। ਸਾਰੇ ਕੁਦਰਤੀ ਤੱਤ ਅਤੇ ਪਰਾਭੌਤਕ ਸ਼ਕਤੀਆਂ ਵੀ ਇਸ ਮਿਲਾਪ ਦੀ ਖੁਸ਼ੀ ਨੂੰ ਮਨਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਅਧਿਆਤਮਕ ਅਵਸਥਾ ਨੂੰ ਵਿਆਹ ਨਾਲ ਸੰਬੰਧਤ ਸ਼ਬਦਾਵਲੀ (ਮੰਗਲਚਾਰਾ, ਬਰਾਤੀ, ਦੁਲਹਨੀ, ਦੂਲਹੁ, ਬੇਦੀ ਆਦਿ) ਨਾਲ ਦ੍ਰਿਸ਼ਮਾਨ ਕੀਤਾ ਗਿਆ ਹੈ।

ਇਸ ਸ਼ਬਦ ਵਿਚ ਸ਼ੁਰੂ ਤੋਂ ਲੈ ਕੇ ਅੰਤ ਤਕ ਵਿਆਹ ਦੇ ਦ੍ਰਿਸ਼ ਪੇਸ਼ ਕੀਤੇ ਗਏ ਹਨ। ਜਿਵੇਂ, ਬਰਾਤ ਦਾ ਢੁਕਣਾ, ਇਸਤਰੀਆਂ ਦਾ ਮੰਗਲਾਚਾਰ, ਭਾਵ ਖੁਸ਼ੀ ਦੇ ਗੀਤ ਗਾਉਣਾ, ਲਾਵਾਂ ਜਾਂ ਫੇਰਿਆਂ ਦੀ ਤਿਆਰੀ ਹੋਣਾ, ਲਾੜੇ ਦੁਆਰਾ ਲਾੜੀ ਨੂੰ ਵਿਆਹ ਕੇ ਲੈ ਜਾਣਾ ਆਦਿ। ਹੋ ਸਕਦਾ ਹੈ ਕਿ ਇਸੇ ਕਾਰਣ ਹੀ ਇਸ ਸ਼ਬਦ ਨੂੰ ਅਨੰਦ ਕਾਰਜ ਸਮੇਂ ਗਾਇਆ ਜਾਂਦਾ ਹੋਵੇ।

ਭਗਤ ਕਬੀਰ ਜੀ (ਜਨਮ ੧੩੯੮ ਈ.) ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੨ ਉਪਰ ਦਰਜ ਹੈ। ਇਸ ਸ਼ਬਦ ਦੇ ਦੋ-ਦੋ ਤੁਕਾਂ ਵਾਲੇ ਤਿੰਨ ਬੰਦ ਹਨ। ਦੋ ਤੁਕਾਂ ਵਾਲਾ ਹੀ ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।

ਸ਼ਬਦ
ਇਹ ਸ਼ਬਦ (ਅਨਦੁ ਕਰਹੁ ਮਿਲਿ ਸੁੰਦਰ ਨਾਰੀ) ਅਨੰਦ ਕਾਰਜ ਹੋਣ ਦੀ ਖੁਸ਼ੀ ਵਜੋਂ ਪੜ੍ਹਿਆ ਜਾਂ ਗਾਇਆ ਜਾਂਦਾ ਹੈ।
Bani Footnote ਸੰਤ ਹਰੀ ਸਿੰਘ ‘ਰੰਧਾਵੇ ਵਾਲੇ,’ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਰਦਾਈ ਸਟੀਕ: ਗੁਰਬਾਣੀ ਅਰਥ-ਭੰਡਾਰ, ਪੋਥੀ ਸੱਤਵੀਂ, ਪੰਨਾ ੫੧੨
ਆਮ ਕਰਕੇ ਇਸ ਸ਼ਬਦ ਦੀਆਂ ਤੁਕਾਂ ‘ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥’ ਨੂੰ ਸਥਾਈ ਬਣਾ ਕੇ ਇਸ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਇਸ ਦਾ ਕਾਰਣ ਇਨ੍ਹਾਂ ਤੁਕਾਂ ਦਾ ਲਾੜੇ-ਲਾੜੀ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਖੁਸ਼ੀ ਦੇ ਭਾਵਾਂ ਦੀ ਤਰਜਮਾਨੀ ਕਰਦੀਆਂ ਜਾਪਣਾ ਹੋ ਸਕਦਾ ਹੈ।

ਗੁਰੂ ਅਰਜਨ ਸਾਹਿਬ ਦੁਆਰਾ ਬਿਲਾਵਲੁ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੦੬ ਉਪਰ ਦਰਜ ਹੈ। ਇਸ ਸ਼ਬਦ ਦੇ ਦੋ-ਦੋ ਤੁਕਾਂ ਵਾਲੇ ਦੋ ਬੰਦ ਹਨ। ਦੋ ਤੁਕਾਂ ਵਾਲਾ ਹੀ ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ।