Guru Granth Sahib Logo
  
ਬਾਣੀ
ਇਸ ਬਾਣੀ ਦੇ ਇਤਿਹਾਸਕ ਪਖ ਦੀਆਂ ਅਨੇਕ ਤੰਦਾਂ ਹਨ। ਇਨ੍ਹਾਂ ਵਿਚੋਂ ਪਹਿਲੀ ਦਾ ਸੰਬੰਧ ਇਸ ਬਾਣੀ ਵਿਚਲੇ ਸ਼ਬਦਾਂ ਦੇ ਉਚਾਰੇ ਜਾਣ ਨਾਲ ਜੁੜਦਾ ਹੈ। ਉਦਾਹਰਣ ਵਜੋਂ ‘ਆਰਤੀ’ ਵਾਲੇ ਸ਼ਬਦ ਨੂੰ ਵੇਖ ਸਕਦੇ ਹਾਂ।

ਇਸ ਦੀ ਦੂਜੀ ਤੰਦ ਇਸ ਬਾਣੀ ਦੇ ਪਾਠ/ਪੜ੍ਹਨ ਦੇ ਸਮੇਂ ਨਾਲ ਜੁੜਦੀ ਹੈ। ਜਿਵੇਂ, ਫਰੀਦਕੋਟੀ ਤੇ ਸੰਪਰਦਾਈ ਦੋਹਾਂ ਟੀਕਿਆਂ ਨੇ ਸ਼ੁਰੂਆਤੀ ਸਮੇਂ ਵਿਚ ਇਸ ਬਾਣੀ ਨੂੰ ਦੁਪਹਿਰ ਸਮੇਂ ਪੜ੍ਹੀ ਜਾਣ ਵਾਲੀ ਲਿਖਿਆ ਹੈ। ਉਨ੍ਹਾਂ ਅਨੁਸਾਰ ਭਾਈ ਲਹਿਣਾ (ਬਾਅਦ ਵਿਚ ਗੁਰੂ ਅੰਗਦ ਸਾਹਿਬ) ਦੀ ਬੇਨਤੀ ’ਤੇ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਨੂੰ ਸੌਣ ਵੇਲੇ ਪੜ੍ਹਨ ਦੀ ਆਗਿਆ ਕੀਤੀ। ਉਸ ਤੋਂ ਬਾਅਦ ਇਸ ਬਾਣੀ ਦਾ ਪਾਠ ਰਾਤ ਨੂੰ ਕਰਨ ਦੀ ਮਰਿਆਦਾ ਚਲ ਪਈ।
Bani Footnote ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੧, ਪੰਨਾ ੩੬; ਕ੍ਰਿਪਾਲ ਸਿੰਘ (ਟੀਕਾ.), ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੈਂਚੀ ਪਹਿਲੀ, ਪੰਨਾ ੨੨੦-੨੨੧


ਇਸ ਪ੍ਰਸੰਗ ਨੂੰ ਭਾਈ ਸੰਤੋਖ ਸਿੰਘ ਜੀ ਨੇ ਇਸ ਪ੍ਰਕਾਰ ਬਿਆਨ ਕੀਤਾ ਹੈ: ਇਕ ਦਿਨ ਬੇਦੀ ਕੁਲ ਦੇ ਦੀਪਕ (ਗੁਰੂ ਨਾਨਕ ਜੀ) ਬੈਠੇ ਹੋਏ ਸਨ। (ਲਹਿਣਾ ਜੀ) ਕੋਲ ਬੈਠੇ ਹੋਏ ਗੁਰੂ ਜੀ ਦੇ ਚਰਨ ਘੁੱਟ ਰਹੇ ਸਨ। ਜਦ ਉਨ੍ਹਾਂ ਪਿੰਨੀ ਨੂੰ ਵੇਖਿਆ, ਤਾਂ ਉਸ ਨੂੰ ਬਹੁਤ ਝਰੀਟਾਂ ਪਈਆਂ ਹੋਈਆਂ ਸਨ। ਲਹਿਣਾ ਜੀ ਨੇ ਦੋਨੋਂ ਹੱਥ ਜੋੜ ਕੇ ਪੁੱਛਿਆ, ‘ਹੇ ਮੁਕਤੀ ਦੇ ਦਾਤਾ (ਗੁਰੂ ਨਾਨਕ ਜੀ)! ਇਹ ਕੰਡੇ ਕਿਸ ਤਰ੍ਹਾਂ ਵੱਜ ਗਏ ਹਨ? ਐਸੀਆਂ (ਕੰਡਿਆਲੀਆਂ) ਥਾਂਵਾਂ ‘ਤੇ ਤਾਂ ਕਦੇ ਆਪ ਗਏ ਹੀ ਨਹੀਂ। ਇਹ ਝਰੀਟਾਂ ਹੁਣੇ ਹੀ ਲੱਗੀਆਂ ਜਾਪਦੀਆਂ ਹਨ। ਇਸ ਦਾ ਕਾਰਣ ਤਾਂ ਮੈਨੂੰ ਦੱਸੋ।’

ਲਹਿਣਾ ਜੀ ਦੇ ਇਹ ਬੋਲ ਸੁਣ ਕੇ ਗੁਰੂ ਜੀ ਨੇ ਆਖਿਆ, ‘ਇਕ ਆਜੜੀ, ਜਿਥੇ ਬਹੁਤ ਝਾੜ ਕੰਡੇ ਨੇ, ਇੱਜੜ (ਬੱਕਰੀਆਂ) ਚਰਾ ਰਿਹਾ ਹੈ। ਉਹ ਇਕ ਮਨ ਹੋ ਕੇ ਪ੍ਰੇਮ ਨਾਲ ਕੀਰਤਨ-ਸੋਹਿਲੇ ਦਾ ਪਾਠ ਕਰਦਾ ਫਿਰ ਰਿਹਾ ਹੈ। ਅਸੀਂ ਉਸ ਦੇ ਨਾਲ ਵਿਚਰ ਰਹੇ ਹਾਂ। ਉਸ ਦੇ ਅੰਗਾਂ ਨੂੰ ਕੰਡਾ ਨਹੀਂ ਲੱਗਣ ਦੇਣਾ। ਸਮਝੋ ਅਸਾਂ ਦੇ ਉਥੋਂ ਇਹ ਝਰੀਟਾਂ ਲੱਗੀਆਂ ਹਨ। ਹੇ ਲਹਿਣੇ! ਤੂੰ ਮੇਰੇ ਬੋਲ ਸੱਚ ਜਾਣ ਕੇ ਮੰਨ ਲੈ। ਕੋਈ ਵੀ ਜਿਥੇ ਕਿਤੇ ਵੀ ਕੀਰਤਨ-ਸੋਹਿਲਾ ਦਾ ਪਾਠ ਕਰਦਾ ਹੋਵੇਗਾ, ਯਕੀਨੀ ਤੌਰ ‘ਤੇ ਮੈਂ ਉਸ ਦੇ ਕੋਲ ਹੁੰਦਾ ਹਾਂ।’

ਇਹ ਕਹਿਣ ਪਿੱਛੋਂ ਉਨ੍ਹਾਂ ਇਕ ਸਿਖ ਨੂੰ ਸੱਦਿਆ ਤੇ ਉਸ ਨੂੰ ਮੁਕਤੀ ਦੇ ਦਾਤਾ (ਗੁਰੂ ਜੀ) ਨੇ ਕਿਹਾ, ‘ਫਲਾਨੀ ਥਾਂ ‘ਤੇ ਜੋ ਆਜੜੀ ਬਹੁਤ ਪ੍ਰੇਮ ਨਾਲ ਇੱਜੜ ਨੂੰ ਚਰਾ ਰਿਹਾ ਹੈ। ਤੁਸੀਂ ਵੇਖ ਕੇ ਉਸ ਦੇ ਕੋਲ ਜਾਵੋ ਅਤੇ ਬਹੁਤ ਹੀ ਸਤਿਕਾਰ ਨਾਲ ਉਸ ਨੂੰ ਬੁਲਾ ਕੇ ਲਿਆਵੋ।’

ਸੰਦੇਸ਼ ਸੁਣ ਕੇ ਆਜੜੀ ਉਸ ਸਿਖ ਨਾਲ ਚਲ ਪਿਆ ਅਤੇ ਗੁਰੂ ਜੀ ਕੋਲ ਆ ਕੇ ਚਰਨਾਂ ’ਤੇ ਮੱਥਾ ਟੇਕਿਆ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਹੋਏ ਆਜੜੀ ਨੂੰ ਬਚਨ ਕੀਤਾ, ‘ਕੀਰਤਨ ਸੋਹਿਲੇ ਦਾ ਪਾਠ ਜੋ ਤੇਰੇ ਯਾਦ ਹੈ, ਇਸ ਨੂੰ ਸੌਣ ਵੇਲੇ ਪੜ੍ਹਿਆ ਕਰੋ। ਇਸ ਤਰ੍ਹਾਂ ਕਰਨ ਨਾਲ ਬਹੁਤ ਖੁਸ਼ੀਆਂ ਮਿਲਣਗੀਆਂ ਅਤੇ ਮਨ ਵਿਚੋਂ ਈਰਖਾ ਦੂਰ ਹੋ ਜਾਏਗੀ।’ ਆਜੜੀ ਨੇ ਸੁਣ ਕੇ ਬੇਨਤੀ ਕੀਤੀ, ‘ਜਿਸ ਤਰ੍ਹਾਂ ਵੀ ਆਪ ਜੀ ਦੀ ਆਗਿਆ ਹੋਵੇ, ਹੁਣ ਮੈਂ ਉਸੇ ਤਰ੍ਹਾਂ ਰਾਤ ਨੂੰ ਹੀ ਹਿਰਦੇ ਵਿਚ ਪ੍ਰੇਮ ਸਹਿਤ ਪਾਠ ਕਰਾਂਗਾ ਅਤੇ ਇਹੋ ਹੀ ਸ਼ਾਂਤੀਦਾਇਕ ਰੀਤੀ ਸਮਝਾਂਗਾ।’
Bani Footnote ਕਵਿ ਚੂੜਾਮਣਿ ਭਾਈ ਸੰਤੋਖ ਸਿੰਘ, ਸ੍ਰੀ ਗੁਰ ਨਾਨਕ ਪ੍ਰਕਾਸ਼, ਉਤਰਾਰਧ (ਭਾਗ ਦੂਜਾ), ਡਾ. ਕਿਰਪਾਲ ਸਿੰਘ (ਸੰਪਾ.), ਪੰਨਾ ੪੯੮-੪੯੯ ਤੋਂ ਅਨੁਕੂਲਿਆ।


ਫਰੀਦਕੋਟੀ ਟੀਕੇ ਅਨੁਸਾਰ ਗੁਰੂ ਅਰਜਨ ਸਾਹਿਬ ਦੇ ਸਮੇਂ ਤਕ ਇਸ ਬਾਣੀ ਵਿਚ ਪਹਿਲੇ ਤਿੰਨ ਸ਼ਬਦ ਹੀ ਪੜ੍ਹੇ ਜਾਂਦੇ ਸਨ। ਗੁਰੂ ਸਾਹਿਬ ਨੇ ਇਸ ਵਿਚ ਮਗਰਲੇ ਦੋ ਸ਼ਬਦ ਮਿਲਾ ਕੇ ਇਸ ਬਾਣੀ ਵਿਚ ਵਾਧਾ ਕੀਤਾ: “ਇਹ ਮ੍ਰਯਾਦਾ ਸੋਹਿਲੇ ਕੀ ਆਦਿ ਗੁਰੂ ਜੀ ਸੇਂ ਚਲੀ, ਤੀਨ ਸਬਦੋਂ ਕਾ ਪਾਠੁ ਹੋਤਾ ਰਹਾ। ਏਕ ਸਮੇਂ ਪੰਚਮ ਗੁਰੂ ਜੀ ਕੇ ਆਗੇ ਏਕ ਵਣਜਾਰੇ ਸਿਖ ਨੇ ਬੇਨਤੀ ਕਰੀ, ਕਿ ਹੇ ਸਚੇ ਪਾਤਿਸਾਹ! ਹਮ ਲੋਕੋਂ ਕੋ ਬਿਦੇਸ ਮੈ ਚੋਰ ਵਾ ਭੂਤਾਦਿਕੋਂ ਕਰ ਕੇ ਭ੍ਯੰਕਰ ਅਸਥਾਨੋ ਮੇਂ ਰਹਨਾ ਹੋਤਾ ਹੈ। ਸੋ, ਜਿਸ ਤੇ ਹਮਾਰੀ ਸਰਬ ਪ੍ਰਕਾਰ ਰਖ੍ਯਾ ਹੋਵੇ, ਕ੍ਰਿਪਾ ਕਰਕੇ ਐਸਾ ਮੰਤ੍ਰ ਕਹੋ। ਤਬ ਗੁਰੂ ਮਹਾਂਰਾਜ ਜੀ ਨੇ ਪਹਿਲੇ ਤੀਨ ਸਬਦੋਂ ਮੈਂ ਔਰ ਦੋ ਸਬਦ ਮਿਲਾਕਰ ਸੋਹਿਲਾ ਮੰਤ੍ਰੁ ਕਹਾ। ਇੱਕੁ ਸਬਦ ਚੌਥੇ ਗੁਰੂ ਜੀ ਕਾ ਅਰੁ ਏਕੁ ਅਪਨਾਂ। ਏਹੁ ਸੋਹਿਲਾ ਮੰਤ੍ਰੁ ਪਹਿਰੂਆ ਹੈ, ਪੱਕੇ ਕੋਟ ਕੇ ਤਾਲੇ ਵਤ ਸਿਖੋਂ ਕੇ ਧਨ ਮਾਲ ਕਾ ਰਖਕੁ ਹੈ; ‘ਜਪੁ’ ਜੀ ਇਸ ਕੀ ਕੁੰਜੀ ਹੈ॥”
Bani Footnote ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਜਿਲਦ ੧, ਪੰਨਾ ੩੬-੩੭


ਉਪਰੋਕਤ ਸਾਖੀਆਂ ਵਿਚੋਂ ਜਿਥੇ ਇਸ ਬਾਣੀ ਦਾ ਇਤਿਹਾਸਕ ਪਖ ਉਜਾਗਰ ਹੁੰਦਾ ਹੈ, ਉਥੇ ਇਨ੍ਹਾਂ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਗੁਰੂ ਹਮੇਸ਼ਾ ਹੀ ਸਿਖ ਦੇ ਅੰਗ-ਸੰਗ ਰਹਿੰਦਾ ਹੈ। ਖਾਸ ਕਰ ਉਸ ਸਮੇਂ, ਜਦੋਂ ਸਿਖ ਬਾਣੀ ਨਾਲ ਜੁੜਦਾ ਹੈ। ਇਸ ਲਈ ਸਿਖ ਨੂੰ ਬਾਹਰੀ ਭਟਕਣਾਂ ਦੀ ਥਾਂ ਗੁਰੂ ਦੀ ਬਾਣੀ ਉਪਰ ਪੂਰਨ ਵਿਸ਼ਵਾਸ਼ ਹੋਣਾ ਚਾਹੀਦਾ ਹੈ।

ਸ਼ਬਦ ੩
ਇਸ ਸ਼ਬਦ ਦੇ ਉਚਾਰਣ ਦਾ ਸੰਬੰਧ ਪੁਰੀ (ਉੜੀਸਾ/ਓਡੀਸ਼ਾ)
Bani Footnote ਭਾਰਤ ਦੇ ਪੂਰਬੀ ਤਟ ‘ਤੇ ਵਸੇ ਇਸ ਪ੍ਰਦੇਸ਼ ਦੇ ਵੇਰਵੇ ਪ੍ਰਾਚੀਨ ਗ੍ਰੰਥਾਂ ਵਿਚ ਵਖ-ਵਖ ਨਾਂਵਾਂ ਨਾਲ ਆਏ ਹਨ। ਇਨ੍ਹਾਂ ਵਿਚੋਂ ਔਡਰ, ਪੌਂਦਰ ਕਲਿੰਗ, ਉਤਕਲ ਆਦਿ ਨਾਂ ਮਹਾਂਭਾਰਤ ਵਿਚ ਮਿਲਦੇ ਹਨ। ਅਸ਼ੋਕ ਮੌਰੀਆ ਨੇ ਇਸ ਪ੍ਰਦੇਸ਼ ਨੂੰ ੨੬੧ ਈ. ਪੂ. ਵਿਚ ਜਿਤਿਆ ਸੀ। -ਵਿਜੇਂਦਰ ਕੁਮਾਰ ਮਾਥੁਰ, ਇਤਿਹਾਸਿਕ ਸਥਾਨਾਵਲੀ, ਪੰਨਾ ੧੪੮
ਵਿਚਲੇ ਜਗਨ ਨਾਥ
Bani Footnote ਬੰਗਾਲ ਸਮੇਤ ਹਿੰਦੁਸਤਾਨ ਦੇ ਕਈ ਹੋਰਨਾਂ ਸੂਬਿਆਂ ਵਿਚ ਪੂਜੀ ਜਾਣ ਵਾਲੀ ਵਿਸ਼ਨੂੰ ਅਥਵਾ ਕ੍ਰਿਸ਼ਨ ਜੀ ਦੀ ਇਕ ਖਾਸ ਮੂਰਤੀ ਦਾ ਨਾਮ ਜਗਨ ਨਾਥ ਹੈ। ਪੁਰੀ (ਓਡੀਸ਼ਾ) ਵਿਚ ਇਸ ਦੀ ਬਹੁਤ ਮਾਨਤਾ ਹੈ। ਲੋਕ ਦੇਸ-ਵਿਦੇਸ ਤੋਂ ਇਥੇ ਜੂਨ-ਜੁਲਾਈ (ਹਾੜ ਸੁਦੀ ੨) ਨੂੰ ਹੋਣ ਵਾਲੇ ਰਥ-ਯਾਤ੍ਰਾ ਪੁਰਬ ਸਮੇਂ ਇਕੱਠੇ ਹੁੰਦੇ ਹਨ। ਇਸ ਮੌਕੇ ਜਗਨ ਨਾਥ ਦੀ ਮੂਰਤੀ ਨੂੰ ੧੬ ਪਹੀਆਂ ਵਾਲੇ ੪੮ ਫੁਟ ਉਚੇ ਰਥ ਵਿਚ ਰਖਿਆ ਜਾਂਦਾ ਹੈ। ਇਸ ਰਥ ਨਾਲ ੧੪ ਪਹੀਆਂ ਵਾਲਾ ੪੪ ਫੁਟ ਉਚਾ ਬਲਰਾਮ ਦਾ ਅਤੇ ੧੨ ਪਹੀਆਂ ਵਾਲਾ ੪੩ ਫੁਟ ਉਚਾ ਭਦ੍ਰਾ ਦਾ ਰਥ ਵੀ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਲੋਕ ਮੁਕਤੀ ਪਾਉਣ ਲਈ ਰਥ ਦੇ ਪਹੀਏ ਹੇਠ ਆ ਕੇ ਪ੍ਰਾਣ ਤਿਆਗ ਦਿੰਦੇ ਸਨ। ...ਸਕੰਦ ਪੁਰਾਣ ਵਿਚ ਜਗਨ ਨਾਥ ਬਾਬਤ ਇਕ ਅਨੋਖੀ ਕਥਾ ਹੈ ਕਿ ਜਦੋਂ ਕ੍ਰਿਸ਼ਨ ਜੀ ਨੂੰ ਸ਼ਿਕਾਰੀ ‘ਜਰ’ ਨੇ ਮਾਰ ਦਿਤਾ, ਤਾਂ ਉਨ੍ਹਾਂ ਦਾ ਸਰੀਰ ਇਕ ਬਿਰਛ ਥੱਲੇ ਪਿਆ-ਪਿਆ ਸੜ ਗਿਆ। ਕੁਝ ਸਮੇਂ ਪਿਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਨੂੰ ਇਕ ਸੰਦੂਕ ਵਿਚ ਪਾ ਕੇ ਰਖ ਦਿੱਤਾ। ਉੜੀਸਾ ਦੇ ਰਾਜੇ ਇੰਦ੍ਰਦ੍ਯੁਮਨ ਨੂੰ ਵਿਸ਼ਨੂੰ ਵਲੋਂ ਹੁਕਮ ਹੋਇਆ ਕਿ ਜਗਨ ਨਾਥ ਦਾ ਇਕ ਬੁਤ ਬਣਾ ਕੇ ਉਹ ਅਸਥੀਆਂ ਉਸ ਬੁਤ ਵਿਚ ਸਥਾਪਨ ਕਰੇ। ਇੰਦ੍ਰਦ੍ਯੁਮਨ ਦੀ ਪ੍ਰਾਰਥਨਾ ਮੰਨ ਕੇ ਦੇਵਤਿਆਂ ਦਾ ਮਿਸਤਰੀ ਵਿਸ਼ਵਕਰਮਾ ਬੁਤ ਬਣਾਉਣ ਲੱਗ ਪਿਆ। ਪਰ ਉਸਨੇ ਰਾਜੇ ਨਾਲ ਇਹ ਸ਼ਰਤ ਕਰ ਲਈ ਕਿ ਜੇ ਕੋਈ ਬਣਦੀ ਹੋਈ ਮੂਰਤੀ ਨੂੰ ਪੂਰਨ ਹੋਣ ਤੋਂ ਪਹਿਲਾਂ ਹੀ ਦੇਖ ਲਵੇਗਾ, ਤਾਂ ਉਹ ਕੰਮ ਉਥੇ ਦਾ ਉਥੇ ਹੀ ਛੱਡ ਦੇਵੇਗਾ। ਪੰਦਰਾਂ ਦਿਨ ਮਗਰੋਂ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼ਵਕਰਮਾ ਪਾਸ ਜਾ ਪੁੱਜਾ। ਵਿਸ਼ਵਕਰਮਾ ਨੇ ਗੁੱਸੇ ਵਿਚ ਆ ਕੇ ਕੰਮ ਛੱਡ ਦਿੱਤਾ ਜਿਸ ਕਾਰਣ ਜਗਨ ਨਾਥ ਦਾ ਬੁਤ ਬਿਨਾ ਹੱਥਾਂ ਅਤੇ ਪੈਰਾਂ ਦੇ ਹੀ ਰਹਿ ਗਿਆ। ਬ੍ਰਹਮਾ ਨੇ ਰਾਜਾ ਇੰਦ੍ਰਦ੍ਯੁਮਨ ਦੀ ਬੁਤ ਨੂੰ ਪੂਰਾ ਕਰਨ ਦੀ ਪ੍ਰਾਰਥਨਾ ਸਵਿਕਾਰ ਕਰਕੇ ਬੁਤ ਨੂੰ ਅੱਖਾਂ ਅਤੇ ਆਤਮਾ ਬਖਸ਼ਕੇ ਆਪਣੇ ਹੱਥੀਂ ਥਾਪਿਆ।...ਪਰ ਇਤਿਹਾਸ ਤੋਂ ਸਿਧ ਹੁੰਦਾ ਹੈ ਕਿ ਜਗਨ ਨਾਥ ਦਾ ਮੰਦਰ ਰਾਜਾ ਅਨੰਤ ਵਰਮਾ ਨੇ ਬਣਵਾਇਆ ਸੀ, ਜੋ ਸੰਨ ੧੦੭੬ ਤੋਂ ੧੧੪੭ ਤੀਕ ਗੰਗਾ ਅਤੇ ਗੋਦਾਵਰੀ ਦੇ ਮੱਧ ਵਿਚ ਰਾਜ ਕਰਦਾ ਸੀ। -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੫੦੦ ਤੋਂ ਅਨੁਕੂਲਿਆ।
ਮੰਦਰ ਨਾਲ ਜੋੜਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਇਥੇ ਬੰਗਾਲ ਤੋਂ ਹੁੰਦੇ ਹੋਏ ਪਹੁੰਚੇ ਸਨ। “ਉਨ੍ਹਾਂ ਨੇ ਮਯੂਰਭੰਜ ਅਤੇ ਬਾਲਾਸੋਰ ਜਿਲ੍ਹਿਆਂ ਵਿਚੋਂ ਲੰਘ ਕੇ ਮਹਾਂਨਦੀ, ਬ੍ਰਾਹਮਣੀ ਆਦਿ ਨਦੀਆਂ ਨੂੰ ਪਾਰ ਕੀਤਾ।... ਕਟਕ ਵਿਖੇ ਮਹਾਂਨਦੀ ਕੰਢੇ ਆਰਾਮ ਕੀਤਾ ਅਤੇ ਧਵਲੇਸ਼ਵਰ ਮਹਾਂਦੇਵ ਦੇ ਪੁਰਾਤਨ ਮੰਦਰ ਵਿਚ ਵੀ ਪਹੁੰਚੇ।…. ਇਸ ਤੋਂ ਮਗਰੋਂ ਗੁਰੂ ਸਾਹਿਬ ਭੁਵਨੇਸਵਰ ਵੱਲ ਚਲੇ ਗਏ।”
Bani Footnote ਮਹਾਂਨਦੀ ਦੇ ਕੰਢੇ ਜਿਥੇ ਗੁਰੂ ਸਾਹਿਬ ਦੇ ਅਰਾਮ ਕੀਤਾ ਉਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ। ਇਸ ਨੂੰ ਗੁਰਦੁਆਰਾ ਗੁਰੂ ਨਾਨਕ ਦਾਤਣ ਸਾਹਿਬ ਜਾਂ ਗੁਰਦੁਆਰਾ ਕਾਲੀਬੋਡਾ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ‘ਸਾਹਰਾ ਦਰਖਤ’ ਦੀ ਦਾਤਣ ਕਰਦਿਆਂ ਉਸਦਾ ਟੁਕੜਾ ਧਰਤੀ ਵਿਚ ਗਡ ਦਿਤਾ ਸੀ, ਜਿਹੜਾ ਸਮੇਂ ਨਾਲ ਕਾਫੀ ਵਡਾ ਦਰਖਤ ਬਣ ਗਿਆ। ਇਹ ਪੁਰਾਣਾ ਦਰਖਤ ਕੁਝ ਚਿਰ ਪਹਿਲਾਂ ਡਿਗ ਪਿਆ ਅਤੇ ਇਸ ਦੇ ਤਣੇ ਦਾ ਇਕ ਟੁਕੜਾ ਗੁਰਦੁਆਰਾ ਸਾਹਿਬ ਵਿਚ ਸੰਭਾਲਿਆ ਹੋਇਆ ਹੈ। ਪੁਰਾਣੇ ਦਰਖਤ ਦੀਆਂ ਜੜ੍ਹਾਂ ਵਿਚੋਂ ਇਕ ਹੋਰ ਦਰਖਤ ਉਗ ਪਿਆ। ਜੂਨ ੧੯੬੯ ਈ. ਵਿਚ ਜਦੋਂ ਲੇਖਕ ਇਸ ਥਾਂ ਗਿਆ ਤਾਂ ਉਸਨੇ ਦਰਖਤ ਦੇ ਨੇੜੇ ਮੂਲ ਮੰਤਰ, ਗੁਰੂ ਨਾਨਕ ਸਾਹਿਬ ਦਾ ਨਾਂ ਅਤੇ ਵਾਹਿਗੁਰੂ ਸ਼ਬਦ ਫੱਟੇ ਉਪਰ ਉਕਰੇ ਹੋਏ ਦੇਖੇ ਸਨ। ਉਸ ਲਿਖਤ ਦੇ ਨੇੜੇ ਹੀ ਸ਼ਿਵਲਿੰਗ ਤੇ ਨੰਦੀ ਬਲਦ ਦੀ ਮੂਰਤੀ ਕਟਕ ਦੇ ਸ਼ੈਵ ਮਤੀਆਂ ਦਾ ਇਸ ਥਾਂ ਉਪਰ ਹਕ ਜਤਾਉਣ ਵੱਲ ਇਸ਼ਾਰਾ ਕਰਦੀ ਸੀ। ਧਵਲੇਸ਼ਵਰ ਦੇ ਮਹਾਂਦੇਵ ਮੰਦਰ ਦਾ ਮਹੰਤ ਗੁਰੂ ਸਾਹਿਬ ਦੇ ਬਚਨਾਂ ਤੋਂ ਬਹੁਤ ਪ੍ਰਭਾਵਤ ਹੋਇਆ। ਉਸਨੇ ਉਨ੍ਹਾਂ ਦਾ ਸਿਖ ਬਣਨ ਦੀ ਇੱਛਾ ਪ੍ਰਗਟਾਈ। ਇਥੋਂ ਦੇ ਰਾਜੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕੁਝ ਜਮੀਨ ਉਨ੍ਹਾਂ ਨੂੰ ਭੇਂਟ ਕੀਤੀ। ਇਸ ਵਿਚੋਂ ਕੁਝ ਜਮੀਨ ਉਥੋਂ ਦੇ ਗੁਰਦੁਆਰਾ ਪ੍ਰਬੰਧਕਾਂ ਤੇ ਕੁਝ ਉਦਾਸੀਆਂ ਦੇ ਅਧਿਕਾਰ ਹੇਠ ਹੈ। ਕਿਹਾ ਜਾਂਦਾ ਹੈ ਕਿ ਇਕ ਉਦਾਸੀ ਸਾਧੂ ਪੰਜਾਬ ਤੋਂ ਜਾ ਕੇ ਇਥੇ ਵਸ ਗਿਆ। ਉਸ ਨੇ ਸਥਾਨਕ ਲੋਕਾਂ ਨੂੰ ਵਾਹਿਗੁਰੂ ਨਾਮ ਜਪਣ ਦਾ ਉਪਦੇਸ਼ ਦਿਤਾ। ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਵਾਹਿਗੁਰੂ ਮੱਠ ਪੈ ਗਿਆ। -ਸੁਰਿੰਦਰ ਸਿੰਘ ਕੋਹਲੀ, ਟਰੈਵਲਜ ਆਫ਼ ਗੁਰੂ ਨਾਨਕ, ਪੰਨਾ ੫੮-੫੯ ਤੋਂ ਅਨੁਕੂਲਿਆ।


ਗੁਰੂ ਸਾਹਿਬ ਦੇ ਸਮੇਂ ਓਡੀਸ਼ਾ ਵਿਚ ਪਰਾਤਾਪੁਰਦੇਵ
Bani Footnote ਮਿਹਰਬਾਨ ਨੇ ਇਸ ਦਾ ਨਾਮ ਭਰਥਰੀ ਲਿਖਿਆ ਹੈ। -ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ ੨੦੦
ਨਾਂ ਦਾ ਰਾਜਾ ਰਾਜ ਕਰਦਾ ਸੀ, ਜੋ ਵੈਸ਼ਨਵ ਮਤ ਦਾ ਅਨੁਯਾਈ ਸੀ। ਇਥੇ ਗੁਰੂ ਸਾਹਿਬ ਦਾ ਮੇਲ ਪ੍ਰਸਿਧ ਵੈਸ਼ਨਵ ਭਗਤ ਚੈਤੰਨਯ ਨਾਲ ਵੀ ਹੋਇਆ। ਪੁਰੀ ਗਜ਼ਟੀਅਰ ਅਨੁਸਾਰ ਚੈਤੰਨਯ ਜੀ ਇਥੇ ੧੫੧੦ ਈ. ਵਿਚ ਆਏ।
Bani Footnote ਐਲ. ਐਸ. ਐਸ. ਓ’ ਮੈਲੇ, ਬੰਗਾਲ ਡਿਸਟ੍ਰਿਕਟ ਗਜ਼ਟੀਅਰ, ਪੰਨਾ ੩੧
ਗੁਰੂ ਨਾਨਕ ਸਾਹਿਬ ਦਾ ਆਗਮਨ ਵੀ ਇਥੇ ਤਕਰੀਬਨ ੭ ਜੂਨ ੧੫੧੦ ਈ. ਵਿਚ ਰਥ ਯਾਤਰਾ ਮੇਲੇ ‘ਤੇ ਹੀ ਹੋਇਆ। ਇਸ ਨੂੰ ਉਨ੍ਹਾਂ ਦੀ ਪਹਿਲੀ ਉਦਾਸੀ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਇਥੇ ਹੀ ਗੁਰੂ ਸਾਹਿਬ ਨੇ ਧਨਾਸਰੀ ਰਾਗ ਵਿਚਲਾ ਇਹ ਸ਼ਬਦ ਉਚਾਰਿਆ। ਗੁਰੂ ਸਾਹਿਬ ਦੇ ਉਪਦੇਸ਼ ਸਦਕਾ ਪੁਰੀ ਦੇ ਮੁੱਖ ਪੰਡਤ ਕਲਿਯੁਗ ਆਦਿ ਅਨੇਕ ਪਖੰਡੀ ਤੇ ਕੁਕਰਮੀ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ। ਇਸ ਫੇਰੀ ਦੌਰਾਨ ਗੁਰੂ ਸਾਹਿਬ ਨੇ ਜਿਥੇ ਨਿਵਾਸ ਕੀਤਾ ਉਸ ਸਥਾਨ ਨੂੰ ‘ਮੰਗੁਮਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ ‘ਤੇ ਗੁਰੂ ਸਾਹਿਬ ਦੇ ਨਾਮ ਦੀ ਇਕ ਬਾਉਲੀ ਵੀ ਹੈ। ਇਸ ਗੁਰ-ਸਥਾਨ ਦੀ ਸੇਵਾ ਉਦਾਸੀ ਸੰਪਰਦਾ
Bani Footnote ਸਤਾਰਵੀਂ-ਅਠਾਰਵੀਂ ਸਦੀ ਵਿਚ ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਧਰਮ ਪ੍ਰਚਾਰ ਕਰਨ ਵਾਲੀ ਇਕ ਸਿਖ ਸੰਪਰਦਾ।
ਦੇ ਸਾਧੂ ਕਰਦੇ ਹਨ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੫੦੦ ਤੋਂ ਅਨੁਕੂਲਿਆ।


ਇਸ ਪ੍ਰਚਲਤ ਪਰੰਪਰਾ ਦੇ ਮੁਕਾਬਲੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਇਸ ‘ਆਰਤੀ’ ਸ਼ਬਦ ਨੂੰ ਰਾਮੇਸ਼ਵਰਮ ਵਿਚ ਉਚਾਰਿਆ ਦੱਸਿਆ ਗਿਆ ਹੈ।
Bani Footnote ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ (ਸੰਪਾ.), ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ ੨੧੧-੨੧੨
ਪਰ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਇਸ ਨੂੰ ਜਗਨ ਨਾਥ ਮੰਦਰ ਨਾਲ ਹੀ ਜੋੜਦੀ ਹੈ। ਡਾ. ਕਿਰਪਾਲ ਸਿੰਘ ਨੇ ਵੀ ਆਰਤੀ ਵਿਚ ਆਏ ‘ਮਲਆਨਲੋ’ ਅਤੇ ‘ਅਨਹਤਾ ਸ਼ਬਦ ਵਾਜੰਤ ਭੇਰੀ’ ਨੂੰ ਉੜੀਆ ਬੋਲੀ ਦੇ ਦਰਸਾ ਕੇ ਇਸ ਸ਼ਬਦ ਦਾ ਸੰਬੰਧ ਜਗਨ ਨਾਥ ਮੰਦਰ ਨਾਲ ਹੀ ਮੰਨਿਆ ਹੈ।
Bani Footnote ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਨਾ ੭੧


ਗੁਰੂ ਸਾਹਿਬ ਨੂੰ ਜਦੋਂ ਇਸ ਮੰਦਰ ਵਿਚ ਹੋ ਰਹੀ ਆਰਤੀ ਵਿਚ ਸ਼ਾਮਲ ਨਾ ਹੋਣ ਦਾ ਕਾਰਣ ਪਾਂਡੇ ਵਲੋਂ ਪੁਛਿਆ ਗਿਆ ਤਾਂ ਗੁਰੂ ਸਾਹਿਬ ਨੇ ਕਾਦਰ ਦੀ ਲਗਾਤਾਰ ਹੋ ਰਹੀ ਕੁਦਰਤੀ ਆਰਤੀ ਦਾ ਹਵਾਲਾ ਦਿੰਦਿਆਂ ਵਿਚਾਰ ਅਧੀਨ ਸ਼ਬਦ ਦਾ ਉਚਾਰਣ ਕੀਤਾ। ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਇਸ ਦਾ ਉਲੇਖ ਇਸ ਪ੍ਰਕਾਰ ਕੀਤਾ ਗਿਆ ਹੈ:

“ਤਬ ਮਰਦਾਨੇ ਨੂੰ ਬਾਹਰ ਬੈਠਾਇ ਕਰ ਬਾਬਾ ਜੀ ਜਗਨ ਨਾਥ ਕੇ ਦੁਆਰੇ ਪਰ ਜਾਇ ਬੈਠੇ। ਤਾਂ ਪਾਂਡੇ ਜਗਨ ਨਾਥ ਕੀ ਆਰਤੀ ਲਗੇ ਕਰਨ ਅਤੇ ਬਾਬਾ ਜੀ ਸਮਾਧ ਲਾਇਕੇ ਬੈਠ ਰਹੇ। ਤਬ ਸਭ ਪਾਂਡੇ ਆਰਤੀ ਕਰਕੇ ਬਾਬੇ ਪਾਸ ਆਇ ਬੈਠੇ ਅਰ ਉਨਾਂ ਕਹਿਆ, ਤੁਸੀਂ ਜਾਤ੍ਰੀ ਆਏ ਹੋ। ਅਰ ਅਸਾਂ ਮਹਾਰਾਜ ਦੀ ਆਰਤੀ ਕੀਤੀ ਹੈ ਅਰ ਤੁਸੀਂ ਕਯੋਂ ਨਹੀਂ ਕੀਤੀ। ਤਾਂ ਬਾਬੇ ਕਹਿਆ ਕਿ ਏਕ ਈਸਵਰ ਕੀ ਆਰਤੀ ਹੈ ਅਰ ਏਕ ਜੀਵ ਕੀ ਆਰਤੀ ਹੈ। ਸੋ ਹਮੇਸ਼ਾ ਹਮ ਸੁਣਤੇ ਹੈਂ ਅਰ ਦੇਖਦੇ ਹੈ ਸੋ ਅਉਰ ਹਮ ਕੈਸੀ ਆਰਤੀ ਕਰੈਂ। ਤਾਂ ਪਾਂਡਿਆ ਕਹਿਆ ਕਿ ਤੁਸੀਂ ਕੌਨ ਸੀ ਆਰਤੀ ਸੁਣੀ ਹੈ। ਤਾਂ ਬਾਬੇ ਸਬਦ ਆਖਿਆ: ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ…ਧਨਾਸਰੀ ਮਹਲਾ ੧॥ ਆਰਤੀ॥੯॥ -ਗੁਰੂ ਗ੍ਰੰਥ ਸਾਹਿਬ ੬੬੩

...ਤਾਂ ਏਹ ਬਚਨ ਸੁਣ ਕੇ ਪਾਂਡੇ ਚਰਨਾਂ ਪਰ ਗਿਰ ਪੜੇ। ਅਤੇ ਫਿਰ ਰਾਤ ਕੋ ਜਗਨ ਨਾਥ ਸੁਪਨੇ ਮੈਂ ਆਇਆ ਅਰ ਤਿਨੋਂ ਪਾਂਡਿਊ ਕੋ ਕਹਾ ਕਿ ਮੈਂ ਹੀ ਨਾਨਕ ਰੂਪ ਧਾਰਿਆ ਹੈ। ਜਗਤ ਦੇ ਉਧਾਰ ਕਰਨ ਵਾਸਤੇ। ਸੋ ਤੁਸੀਂ ਪ੍ਰਿਥਮੇ ਜਿਸ ਅਸਥਾਨ ਤੇ ਬਾਬਾ ਜੀ ਬੈਠੇ ਹਨ ਤਿਸ ਜਗਾਂ ਦੀਵਾ ਅਰ ਪੂਜਾ ਕਰਨੀ। ਬਾਬਾ ਜੀ ਉਥੋਂ ਉਠ ਕੇ ਸਮੁੰਦਰ ਕੇ ਕਿਨਾਰੇ ਆ ਬੈਠੇ।”
Bani Footnote ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਨਾ ੩੮੦


ਇਥੇ ਹੀ ਪੁਰੀ ਦੇ ਮੁੱਖ ਪੰਡਤ ਕਲਜੁਗ ਨਾਲ ਮੇਲ ਸਮੇਂ ਗੁਰੂ ਸਾਹਿਬ ਵਲੋਂ ਕਰਤਾਪੁਰਖ ਦੇ ਨਾਮ
Bani Footnote ‘ਨਾਮ’ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਇਕ ਪ੍ਰਮੁੱਖ ਸ਼ਬਦ ਅਤੇ ਕੇਂਦਰੀ ਸਿਧਾਂਤ ਹੈ। ਪ੍ਰੋਫ਼ੈਸਰ ਪੂਰਨ ਸਿੰਘ ਦੇ ਸ਼ਬਦਾਂ ਵਿਚ, “ਨਾਮ ਇਕ ਕਾਵਿਕ ਪ੍ਰਤਿਭਾ ਦਾ ਅਲੌਕਿਕ ਤੌਰ ‘ਤੇ ਲੌਕਿਕ ਕਾਰਜ ਹੈ, ਜੋ ਸਰੀਰ ਵਿਚ ਹੋਣ ਦੇ ਬਾਵਜੂਦ, ਦਿਨ-ਰਾਤ, ਹਰ ਸਮੇਂ, ਅਜ਼ਾਦੀ ਦੇ ਉਚੇਰੇ ਆਤਮਕ-ਸੰਸਾਰ ਦੇ ਪ੍ਰਭਾਵ ਹੇਠ ਹੁੰਦਾ ਹੈ।...ਇਹ ਸੰਸਾਰਕ ਜੀਵਨ ਦੀਆਂ ਕਠਨ ਹਾਲਤਾਂ ਵਿਚ, ਧਰਤੀ ਦੀ ਪਪੜੀ ਹੇਠੋਂ ਇਕੋ ਇਕ ਤੇ ਅਦਿੱਖ ਆਤਮਾ ਦੀ ਅਗਵਾਈ ਹੇਠ ਫੁੱਟੇ ਪ੍ਰੇਮ ਦੀ ਸ਼ੁੱਧ ਵਿਸ਼ਾ-ਵਸਤੂ ਹੈ।” -ਪੂਰਨ ਸਿੰਘ, ਸਪਿਰਿਟ ਆਫ਼ ਦਿ ਸਿਖ, ਭਾਗ ੨, ਜਿਲਦ ੨, ਪੰਨਾ ੩੬ ਆਮ ਤੌਰ ਤੇ, ‘ਨਾਮ’ ਨੂੰ ਇਕ ਸ਼ਬਦ ਮਾਤਰ ਵਜੋਂ ਸਮਝ ਲਿਆ ਜਾਂਦਾ ਹੈ ਜਿਸ ਨੂੰ ਸਾਧਕ ਨੇ ਜ਼ੁਬਾਨ ਦੁਆਰਾ ਦੁਹਰਾਉਣਾ ਤੇ ਉਸ ਉਪਰ ਆਪਣਾ ਧਿਆਨ ਕੇਂਦਰਤ ਕਰਨਾ ਹੁੰਦਾ ਹੈ। ਸ਼ਾਬਦਕ ਤੌਰ ‘ਤੇ ਭਾਵੇਂ ‘ਨਾਮ’ ਦਾ ਅਰਥ ਨਾਂ ਜਾਂ ਪਛਾਣ ਚਿੰਨ ਹੈ, ਪਰ ਇਹ ਪਰਮਾਤਮਾ ਦੇ ਕੇਵਲ ਇਕ ਨਾਂ ਨਾਲੋਂ ਕਿਸੇ ਡੂੰਘੇ ਅਤੇ ਸੂਖਮ ਤੱਤ ਵੱਲ ਇਸ਼ਾਰਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਲਈ ਭਾਵੇਂ ਕਈ ਨਾਂ ਜਾਂ ਸ਼ਬਦ (ਜਿਵੇਂ ਰਾਮ, ਹਰੀ, ਗੋਬਿੰਦ ਆਦਿ) ਵਰਤੇ ਗਏ ਹਨ, ਪਰ ਉਨ੍ਹਾਂ ਨਾਵਾਂ ਜਾਂ ਸ਼ਬਦਾਂ ਦੀ ਥਾਂ ‘ਨਾਮ’ ਸ਼ਬਦ ਵੀ ਵਰਤਿਆ ਹੈ। ਇਸ ਲਈ, ਹੋਰਨਾਂ ਸੰਕੇਤਕ ਸ਼ਬਦਾਂ ਵਿਚ ‘ਨਾਮ’ ਵੀ ਪਰਮਾਤਮਾ ਦੇ ਇਕ ਸਮਾਨਰਥੀ ਵਜੋਂ ਆਉਂਦਾ ਹੈ। ਇਸ ਦ੍ਰਿਸ਼ਟੀਕੋਣ ਤੋਂ, ਸਿਖੀ ਦੇ ਕੇਂਦਰੀ ਸਿਧਾਂਤ ਦੇ ਤੌਰ ‘ਤੇ, ਜਿਸ ਦੇ ਆਲੇ ਦੁਆਲੇ ਸਾਰੀ ਸਿਖ ਵਿਸ਼ਵ-ਦ੍ਰਿਸ਼ਟੀ ਘੁੰਮਦੀ ਤੇ ਵਿਗਸਦੀ ਹੈ, ‘ਨਾਮ’, ਕਰਤਾ ਪੁਰਖ ਦਾ ਇਕ ਸੰਕੇਤਕ ਜਾਂ ਪਛਾਣ ਚਿੰਨ੍ਹ ਹੋਣ ਦੇ ਨਾਲ-ਨਾਲ, ਉਸ ਦਾ ਸਿਰਜਣਾਤਮਕ ਪਹਿਲੂ ਵੀ ਹੈ। ਇਹ ਉਸ ਦੈਵੀ ਤਾਕਤ, ਚੇਤਨਾ ਜਾਂ ਤੱਤ ਵੱਲ ਸੰਕੇਤ ਕਰਦਾ ਹੈ, ਜੋ ਬ੍ਰਹਿਮੰਡ ਵਿਚ ਹਰ ਇਕ ਚੀਜ ਨੂੰ ਪੈਦਾ ਕਰਦਾ, ਉਸ ਵਿਚ ਵੱਸਦਾ, ਉਸ ਦੀ ਦੇਖਭਾਲ ਕਰਦਾ ਅਤੇ ਉਸ ਨੂੰ ਕਾਇਮ ਰਖਦਾ ਹੈ: ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ -ਗੁਰੂ ਗ੍ਰੰਥ ਸਾਹਿਬ ੨੮੪ ਭਾਰਤੀ ਪਰੰਪਰਾਵਾਂ (ਬੁੱਧ ਅਤੇ ਹਿੰਦੂ ਧਰਮ) ਵਿਚ ‘ਰੂਪ’ (ਜੋ ਸਰੀਰਕ ਹੋਂਦ-ਹਸਤੀ ਦਾ ਲਖਾਇਕ ਹੈ) ਦੇ ਉਲਟ ‘ਨਾਮ’ ਸ਼ਬਦ ਦੀ ਵਰਤੋਂ ਕਿਸੇ ਵਸਤੂ ਜਾਂ ਵਿਅਕਤੀ ਦੇ ਰੂਹਾਨੀ ਜਾਂ ਜ਼ਰੂਰੀ ਗੁਣਾਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਸ ਪ੍ਰਕਾਰ, ਨਾਮ ਇਕ ਨੇਮ ਜਾਂ ਸਿਧਾਂਤ ਵੀ ਹੈ ਜੋ ਸਾਰੇ ਸੰਸਾਰ ਨੂੰ ਚਲਾਉਂਦਾ ਅਤੇ ਪਰਮਾਤਮਾ ਦੇ ਸਾਰੇ ਗੁਣਾਂ ਤੇ ਵਡਿਆਈਆਂ ਦਾ ਜੋੜ-ਨਿਚੋੜ ਹੈ।
ਦੇ ਮੁਕਾਬਲੇ ਸੰਸਾਰਕ ਵਸਤਾਂ ਦੀ ਨਿਰਮੂਲਤਾ ਦਰਸਾਉਂਦਾ ਸ਼ਬਦ ‘ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ’
Bani Footnote ਡਾ. ਕਿਰਪਾਲ ਸਿੰਘ, ਜਨਮ ਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਨਾ ੩੮੦
ਵੀ ਉਚਾਰਣ ਕੀਤਾ ਦੱਸਿਆ ਜਾਂਦਾ ਹੈ।