ਮਨੁਖ ਦੇ ਜੀਵਨ ਵਿਚ ਵਿਆਹ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ। ਵਿਆਹ ਦੀਆਂ ਰਸਮਾਂ ਲਾੜੇ ਅਤੇ ਲਾੜੀ ਦੇ ਇਕ ਦੂਜੇ ਪ੍ਰਤੀ ਪਿਆਰ ਅਤੇ ਵਚਨਬੱਧਤਾ ਦੇ ਜਸ਼ਨ ਵਿਚ ਪ੍ਰਮੁੱਖ ਸਥਾਨ ਰਖਦੀਆਂ ਹਨ। ਇਨ੍ਹਾਂ ਰਸਮਾਂ ਨੂੰ ਵਿਸ਼ਵ ਭਰ ਵਿਚ ਵਖ-ਵਖ ਤਰੀਕਿਆਂ ਨਾਲ ਨਿਭਾਇਆ ਜਾਂਦਾ ਹੈ। ਪਰੰਪਰਾ ਅਤੇ ਰੀਤੀ-ਰਿਵਾਜਾਂ ਦੀ ਵਿਲੱਖਣਤਾ ਦੇ ਬਾਵਜੂਦ, ਸਮੁੱਚੇ ਸੰਸਾਰ ਵਿਚ ਵਿਆਹ ਲਾੜੇ ਅਤੇ ਲਾੜੀ ਵਿਚਕਾਰ ਇਕ ਪਿਆਰ ਭਰਿਆ ਸੰਬੰਧ ਹੈ। ਵਿਆਹ ਦੇ ਸਮਾਗਮ ਨੂੰ ਦੇਖਣ, ਮਨਾਉਣ ਤੇ ਉਸ ਦੀ ਖੁਸ਼ੀ ਵਿਚ ਸ਼ਾਮਲ ਹੋਣ ਲਈ ਲਾੜੇ ਅਤੇ ਲਾੜੀ ਦੇ ਰਿਸ਼ਤੇਦਾਰ, ਅਜ਼ੀਜ਼ ਤੇ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ।
ਸਿਖਾਂ ਵਿਚ ਵਿਆਹ ਦੀ ਰਸਮ ਲਈ ‘ਅਨੰਦ ਸੰਸਕਾਰ ਜਾਂ ਅਨੰਦ ਕਾਰਜ’ ਸ਼ਬਦ ਵਰਤਿਆ ਜਾਂਦਾ, ਜੋ ‘ਵਿਆਹ/ਸ਼ਾਦੀ’ ਸ਼ਬਦ ਦਾ ਸਮਾਨਾਰਥੀ ਹੈ। ਇਸ ਸੰਸਕਾਰ ਦੁਆਰਾ ਲਾੜੇ ਅਤੇ ਲਾੜੀ ਨੂੰ ਇਕ-ਦੂਜੇ ਨਾਲ ਮਿਲ ਕੇ, ਪਰਮਾਤਮਾ ਦੇ ਹੁਕਮ ਵਿਚ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਿਖੀ ਵਿਚ ਬ੍ਰਹਮਚਾਰੀ, ਤਿਆਗੀ ਜਾਂ ਸਨਿਆਸੀ ਜੀਵਨ ਦੀ ਥਾਂ ਗ੍ਰਿਹਸਤ ਵਿਚ ਰਹਿ ਕੇ ਜੀਵਨ ਜਿਊਣ ਨੂੰ ਬਿਹਤਰ ਮੰਨਿਆ ਗਿਆ ਹੈ। ਸਿਖ ਵਿਸ਼ਵਾਸ਼ ਅਨੁਸਾਰ ਅਨੰਦ ਕਾਰਜ ਰਾਹੀਂ ਲਾੜੇ ਅਤੇ ਲਾੜੀ ਨੂੰ ਮਨੁਖਤਾ ਦੀ ਸੇਵਾ ਕਰਨ ਅਤੇ ਜੀਵਨ ਵਿਚ ਅਨੰਦ ਤੇ ਸੰਪੂਰਨਤਾ ਪ੍ਰਾਪਤ ਕਰਨ ਦੇ ਸਭ ਤੋਂ ਵਧੀਆ ਮੌਕੇ ਮਿਲਦੇ ਹਨ।
ਅਜੋਕੇ ਸਿਖ ਸਮਾਜ ਵਿਚ ਵਿਆਹ ਨਾਲ ਸੰਬੰਧਤ ਅਨੇਕ ਰਸਮਾਂ ਕੀਤੀਆਂ ਜਾਂਦੀਆਂ ਹਨ, ਜਿਵੇਂ: ਰੋਕਾ, ਮੰਗਣੀ, ਸਾਹਾ ਬੰਨ੍ਹਣਾ, ਮਾਈਏਂ ਪਾਉਣਾ, ਗਾਉਣ ਬਿਠਾਉਣਾ, ਕੁੜਮਾਈ, ਜਾਗੋ, ਮਿਲਣੀ, ਲਾਵਾਂ, ਡੋਲੀ ਤੋਰਨਾ ਆਦਿ। ਪਰ ਸਿਖ ਪਰੰਪਰਾ ਵਿਚ ‘ਅਨੰਦ ਸੰਸਕਾਰ’ ਨਾਲ ਸੰਬੰਧਤ ਕੁੜਮਾਈ, ਮਿਲਣੀ, ਪੱਲਾ ਫੜਾਉਣਾ, ਅਰੰਭਤਾ ਦੀ ਅਰਦਾਸ, ਲਾਵਾਂ ਆਦਿ ਦਾ ਹੀ ਜਿਕਰ ਮਿਲਦਾ ਹੈ।
ਅਨੰਦ ਕਾਰਜ ਤੋਂ ਕੁਝ ਦਿਨ ਪਹਿਲਾਂ ਕੁੜਮਾਈ ਦੀ ਰਸਮ ਕੀਤੀ ਜਾਂਦੀ ਹੈ। ਫਿਰ ਅਨੰਦ ਕਾਰਜ ਲਈ ਮਿਥੇ ਦਿਨ, ਲਾੜਾ ਆਪਣੇ ਸਾਕ-ਸੰਬੰਧੀਆਂ ਨਾਲ ਬਰਾਤ ਦੇ ਰੂਪ ਵਿਚ ਲਾੜੀ ਦੇ ਘਰ ਪਹੁੰਚਦਾ ਹੈ। ਉਥੇ ਉਨ੍ਹਾਂ ਦਾ ਸਵਾਗਤ ਲਾੜੀ ਵਾਲਿਆਂ ਵੱਲੋਂ ‘ਹਮ ਘਰਿ ਸਾਜਨ ਆਏ ॥ ਸਾਚੈ ਮੇਲਿ ਮਿਲਾਏ ॥’

ਅਨੰਦ ਕਾਰਜ ਨਾਲ ਸੰਬੰਧਤ ਰਸਮਾਂ ਲਾੜੇ ਅਤੇ ਲਾੜੀ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਰਖਦੀਆਂ ਹਨ। ਇਹ ਰਸਮਾਂ ਪਰਸਪਰ ਪਿਆਰ, ਸਮਾਨਤਾ ਅਤੇ ਸਨਮਾਨ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹੋਈਆਂ, ਪਰਵਾਰ ਅਤੇ ਦੋਸਤਾਂ ਨਾਲ ਖੁਸ਼ੀ ਦੇ ਜਸ਼ਨ ਮਨਾਉਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਰਸਮਾਂ ਦੁਆਰਾ, ਲਾੜੇ ਅਤੇ ਲਾੜੀ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਕਿਵੇਂ ਗੁਰਬਾਣੀ ਦੁਆਰਾ ਦਰਸਾਈ ਜੀਵਨ-ਜਾਚ ਨਾਲ ਜੁੜ ਕੇ ਅਤੇ ਉਸ ਦੀ ਪਾਲਣਾ ਕਰ ਕੇ ਆਪਣੇ ਜੀਵਨ ਵਿਚ ਗੁਰਮਤਿ-ਗਿਆਨ ਨੂੰ ਸ਼ਾਮਲ ਕਰਨਾ ਹੈ।
ਸਿਖ ਰਹਿਤ ਮਰਿਆਦਾ

ਇਨ੍ਹਾਂ ਸ਼ਬਦਾਂ ਤੋਂ ਇਲਾਵਾ ਕੁਝ ਹੋਰ ਵੀ ਸ਼ਬਦ ਇਨ੍ਹਾਂ ਰਸਮਾਂ ਸਮੇਂ ਪੜ੍ਹ ਜਾਂ ਗਾ ਲਏ ਜਾਂਦੇ ਹਨ, ਜਿਨ੍ਹਾਂ ਵਿਚ ਵਿਆਹ ਨਾਲ ਸੰਬੰਧਤ ਵਖੋ-ਵਖਰੀ ਸ਼ਬਦਾਵਲੀ ਰਾਹੀਂ ਖੁਸ਼ੀ, ਅਸੀਸ ਅਤੇ ਸਿੱਖਿਆ ਦੇ ਭਾਵ ਪਰਗਟ ਹੁੰਦੇ ਹਨ, ਭਾਵੇਂ ਕਿ ਇਨ੍ਹਾਂ ਸ਼ਬਦਾਂ ਨੂੰ ਗਾਉਣ ਦਾ ਕੋਈ ਪੱਕਾ-ਪੀਡਾ ਨਿਯਮ ਨਹੀਂ ਹੈ। ਇਨ੍ਹਾਂ ਵਿਚੋਂ ਕੁਝ ਸ਼ਬਦ ਅਨੰਦ ਕਾਰਜ ਤੋਂ ਪਹਿਲਾਂ ਅਤੇ ਕੁਝ ਅਨੰਦ ਕਾਰਜ ਦੌਰਾਨ ਪੜ੍ਹੇ ਅਤੇ ਗਾਏ ਜਾਂਦੇ ਹਨ। ਇਸ ਲਈ ਇਥੇ ਇਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਵਿਚਾਰ ਕੀਤੀ ਜਾ ਰਹੀ ਹੈ। ਅਨੰਦ ਕਾਰਜ ਤੋਂ ਪਹਿਲਾਂ ਆਮ ਤੌਰ ’ਤੇ ਇਹ ਸ਼ਬਦ ਪੜ੍ਹੇ ਜਾਂਦੇ ਹਨ।
ਅਨੰਦ ਕਾਰਜ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਸ਼ਬਦ:
੧. ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ -ਗੁਰੂ ਗ੍ਰੰਥ ਸਾਹਿਬ ੭੭੩
੨. ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ -ਗੁਰੂ ਗ੍ਰੰਥ ਸਾਹਿਬ ੭੬੪-੭੬੫
੩. ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ ॥ -ਗੁਰੂ ਗ੍ਰੰਥ ਸਾਹਿਬ ੭੬੪
ਅਨੰਦ ਕਾਰਜ ਦੌਰਾਨ ਪੜ੍ਹੇ ਜਾਣ ਵਾਲੇ ਸ਼ਬਦ (ਇਨ੍ਹਾਂ ਸ਼ਬਦਾਂ ਬਾਰੇ ‘ਅਨੰਦ ਸੰਸਕਾਰ ੨/੨’ ਵਿਚ ਵਿਚਾਰ ਕੀਤੀ ਜਾਵੇਗੀ):
੧. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ -ਗੁਰੂ ਗ੍ਰੰਥ ਸਾਹਿਬ ੯੧
੨. ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ -ਗੁਰੂ ਗ੍ਰੰਥ ਸਾਹਿਬ ੯੬੩
੩. ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥ -ਗੁਰੂ ਗ੍ਰੰਥ ਸਾਹਿਬ ੭੮
੪. ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ -ਗੁਰੂ ਗ੍ਰੰਥ ਸਾਹਿਬ ੫੭੬
੫. ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥ -ਗੁਰੂ ਗ੍ਰੰਥ ਸਾਹਿਬ ੪੮੨
੬. ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥ -ਗੁਰੂ ਗ੍ਰੰਥ ਸਾਹਿਬ ੮੦੬
ਸ਼ਬਦ ੧
ਇਹ ਸ਼ਬਦ

‘ਕੁੜਮਾਈ’ ਪਦ ਬਾਰੇ ਗੱਲ ਕਰਦਿਆਂ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੇ ਲਿਖਿਆ ਹੈ ਕਿ ਕਈ ਵਿਦਵਾਨ ਇਸ ਸ਼ਬਦ ਨੂੰ ‘ਕੁੜੀ’ ਜਾਂ ‘ਕੁਟੰਬ’ ਤੋਂ ਬਣਿਆ ਮੰਨਦੇ ਹਨ। ਪਰ ਇਹ ‘ਕੁੜਮ’ ਤੋਂ ਬਣਿਆ ਹੈ, ਕਿਉਂਕਿ ਦੋਵਾਂ ਪਰਵਾਰਾਂ ਦੇ ਆਪਸੀ ਰਿਸ਼ਤੇ ਨੂੰ ‘ਕੁੜਮਾਚਾਰੀ’ ਕਿਹਾ ਜਾਂਦਾ ਹੈ। ਪਿਛਲੇ ਸਮੇਂ ਵਿਚ ਇਹ ਰਸਮ ਪ੍ਰੋਹਤ ਜਾਂ ਨਾਈ ਦੁਆਰਾ ਕੀਤੀ ਜਾਂਦੀ ਸੀ। ਪਰ ਅੱਜਕਲ ਲਾੜੀ ਵਾਲਿਆਂ ਵੱਲੋਂ ਇਕ ਛੁਹਾਰਾ ਲਾੜੇ ਦੇ ਮੂੰਹ ਵਿਚ ਪਾਇਆ ਜਾਂਦਾ ਹੈ ਅਤੇ ਬਾਕੀ ਦੇ ਛੁਹਾਰੇ, ਨਾਰੀਅਲ, ਸੁੱਕੇ ਮੇਵੇ, ਮਠਿਆਈਆਂ, ਲਾੜੇ ਦੇ ਕੱਪੜੇ, ਕੁਝ ਪੈਸੇ ਆਦਿ ਉਸ ਦੀ ਝੋਲੀ ਵਿਚ ਪਾ ਦਿੱਤੇ ਜਾਂਦੇ ਹਨ। ਲਾੜੇ ਜਾਂ ਉਸ ਦੇ ਕੁਝ ਪਰਵਾਰਕ ਮੈਂਬਰਾਂ ਲਈ ਗਹਿਣੇ ਜਾਂ ਘਰ ਦੀਆਂ ਕੁਝ ਲੋੜੀਂਦੀਆਂ ਵਸਤਾਂ ਵੀ ਇਸ ਸਮੇਂ ਦੇਣ ਦਾ ਰਿਵਾਜ ਹੈ।

ਕੁਝ ਸਿਖ ਸ੍ਰੋਤਾਂ ਵਿਚ ਗੁਰੂ ਸਾਹਿਬਾਨ ਦੀ ਕੁੜਮਾਈ ਦਾ ਉਲੇਖ ਕੀਤਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੀ ਕੁੜਮਾਈ ਬਾਰੇ ਮਿਹਰਬਾਨ ਵਾਲੀ ਜਨਮਸਾਖੀ ਵਿਚ ਲਿਖਿਆ ਗਿਆ ਹੈ ਕਿ ਆਪ ਜੀ ਦੀ ਕੁੜਮਾਈ ਲਈ ਵਿਸਾਖੀ ਵਾਲੇ ਦਿਨ ਨਾਰੀਅਲ, ਰੁਪਈਆ, ਕਟੋਰਾ ਆਪ ਜੀ ਦੇ ਸਹੁਰੇ ‘ਮੂਲੇ ਚੋਣੇ’ ਦੁਆਰਾ ਆਪਣੇ ਪ੍ਰੋਹਤ



‘ਰਹਿਤਨਾਮਿਆਂ’ ਵਿਚ ਵੀ ਕੁੜਮਾਈ ਦੀ ਰਸਮ ਦਾ ਜਿਕਰ ਮਿਲਦਾ ਹੈ। ਭਾਵੇਂ ਕਿ ਇਹ ਜਿਕਰ ਜਿਆਦਾਤਰ ਪੈਸੇ ਲੈ ਕੇ ਲੜਕੀ ਦਾ ਵਿਆਹ ਕਰ ਦੇਣ ਦੀ ਬੁਰਾਈ ਦੇ ਖੰਡਨ ਵਜੋਂ ਹੋਇਆ ਹੈ। ਰਹਿਤਨਾਮਾ ਭਾਈ ਸਾਹਿਬ ਸਿੰਘ ਵਿਚ ਸਿਖ ਨੂੰ ਆਪਣੀ ਪੁੱਤਰੀ ਦਾ ਵਿਆਹ ਬਿਨਾਂ ਕੋਈ ਪੈਸਾ ਆਦਿ ਲਿਆਂ, ਸਿਖ ਨਾਲ ਹੀ ਕਰਨ ਉਪਰ ਜੋਰ ਦਿੱਤਾ ਗਿਆ ਹੈ: ਕੰਨਿਆ ਦੇਵੈ ਸਿਖ ਕੋ ਲੇਵੈ ਨਹਿ ਕਿਛੁ ਦਾਮ । ਸੋਈ ਮੇਰਾ ਸਿਖ ਹੁਇ, ਲੈ ਪਹੁੰਚੇ ਮਮ ਧਾਮ ।੨੫।

ਸਿਖ ਰਹਿਤ ਮਰਿਆਦਾ ਵਿਚ ਕੁੜਮਾਈ ਦੀ ਰਸਮ ਨੂੰ ਜਰੂਰੀ ਨਹੀਂ ਮੰਨਿਆ ਗਿਆ। ਪਰ ਇਹ ਵੀ ਲਿਖਿਆ ਹੈ ਕਿ ਜੇ ਇਹ ਰਸਮ ਕਰਨੀ ਹੀ ਹੋਵੇ ਤਾਂ ਲਾੜੀ ਵਾਲੇ ਕਿਸੇ ਵੀ ਦਿਨ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਸੰਗਤ ਵਿਚ ਅਰਦਾਸ ਕਰ ਕੇ ਕਿਰਪਾਨ, ਕੜਾ ਤੇ ਕੁਝ ਮਿੱਠਾ ਲਾੜੇ ਦੇ ਪੱਲੇ ਵਿਚ ਪਾ ਦੇਣ। ਸਮੇਂ-ਸਮੇਂ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਵਿਚ ਲਾੜੇ ਦੇ ਪਰਵਾਰ ਵੱਲੋਂ ਦਹੇਜ ਦੇ ਰੂਪ ਵਿਚ ਅਤਿ ਮਹਿੰਗੇ ਤੋਹਫਿਆਂ ਦੀ ਮੰਗ ਵੀ ਲਾੜੀ ਦੇ ਪਰਵਾਰ ਕੋਲੋਂ ਕੀਤੀ ਗਈ ਹੁੰਦੀ ਹੈ। ਆਮ ਕਰਕੇ ਇਹ ਮੰਗ ਲਾੜੀ ਦੇ ਪਰਵਾਰ ਲਈ ਮੁਸ਼ਕਲ ਵੀ ਬਣ ਜਾਂਦੀ ਹੈ। ਸ਼ਾਇਦ ਇਸੇ ਕਾਰਣ ਸਿਖ ਰਹਿਤ ਮਰਿਆਦਾ ਵਿਚ ਇਸ ਰਸਮ ਨੂੰ ਸਧਾਰਣ ਰੂਪ ਵਿਚ ਨਿਭਾਏ ਜਾਣ ਦੀ ਹਦਾਇਤ ਹੈ।
ਕੁੜਮਾਈ ਸਮੇਂ ਗਾਇਆ ਜਾਣ ਵਾਲਾ ਇਹ ਸ਼ਬਦ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸੂਹੀ ਰਾਗ ਵਿਚ ਉਚਾਰਿਆ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੭੨-੭੭੩ ਉਪਰ ਦਰਜ ਹੈ। ਇਸ ਦੀਆਂ ੬ ਤੁਕਾਂ ਹਨ।
ਇਸ ਸ਼ਬਦ ਵਿਚ ਕੁੜਮਾਈ ਦੀ ਪਿਆਰ ਭਰੀ ਰਸਮ ਨੂੰ ਗੁਰੂ ਦੁਆਰਾ ਨਿਭਾਏ ਜਾਣ ਦਾ ਸੰਕੇਤਕ ਵਰਣਨ ਕੀਤਾ ਗਿਆ ਹੈ। ਇਸ ਅਧਿਆਤਮਕ ਕੁੜਮਾਈ ਵਿਚ ਸਤ, ਸੰਤੋਖ, ਦਇਆ ਆਦਿ ਗੁਣ ਗੁਰੂ ਵੱਲੋਂ ਸੌਗਾਤ ਦੇ ਰੂਪ ਵਿਚ ਜੀਵ-ਇਸਤਰੀ ਨੂੰ ਬਖਸ਼ੇ ਜਾਣ ਦਾ ਜਿਕਰ ਹੈ। ਦੁਨਿਆਵੀ ਰਿਸ਼ਤਿਆਂ ਦਾ ਅਧਾਰ ਵੀ ਇਹੀ ਗੁਣ ਹੁੰਦੇ ਹਨ। ਲਾੜੀ ਦੇ ਪਰਵਾਰ ਵੱਲੋਂ ਸੰਸਕਾਰਾਂ ਦੇ ਰੂਪ ਵਿਚ ਆਪਣੀ ਧੀ ਨੂੰ ਇਹੀ ਗੁਣ ਦੇ ਕੇ ਸਹੁਰੇ ਘਰ ਭੇਜਿਆ ਜਾਂਦਾ ਹੈ। ਕੁੜਮਾਚਾਰੀ ਦਾ ਰਿਸ਼ਤਾ ਵੀ ਲਾੜੇ-ਲਾੜੀ ਨੂੰ ਦਿੱਤੇ ਤੋਹਫਿਆਂ ਤੋਂ ਜਿਆਦਾ ਇਨ੍ਹਾਂ ਗੁਣਾਂ ਨਾਲ ਹੀ ਨਿਭਦਾ ਹੈ। ਜਿਸ ਤਰ੍ਹਾਂ ਕੁੜਮਾਈ ਤੋਂ ਸ਼ੁਰੂ ਹੋਈਆਂ ਰਸਮਾਂ ਅਨੰਦ ਕਾਰਜ ਨਾਲ ਸੰਪੂਰਨ ਹੁੰਦੀਆਂ ਹਨ, ਉਸੇ ਤਰ੍ਹਾਂ ਉਪਰੋਕਤ ਗੁਣਾਂ ਦੀ ਦਾਤ ਨਾਲ ਸ਼ੁਰੂ ਹੋਇਆ ਅਧਿਆਤਮਕ ਰਿਸ਼ਤਾ ਪ੍ਰਭੂ-ਪਤੀ ਦੇ ਮਿਲਾਪ ਨਾਲ ਸੰਪੂਰਨ ਹੁੰਦਾ ਹੈ। ਇਹ ਸ਼ਬਦ ਮਨੁਖ ਨੂੰ ਸਮਾਜਕ ਰਿਸ਼ਤੇ ਦੀ ਨੀਂਹ ਅਧਿਆਤਮਕ ਗੁਣਾਂ ਉਪਰ ਰਖਣ ਲਈ ਪ੍ਰੇਰਤ ਕਰਨ ਵਾਲਾ ਹੋਣ ਕਰਕੇ ਸਹਿਜੇ ਹੀ ਇਸ ਰਸਮ ਨਾਲ ਜੁੜ ਗਿਆ ਜਾਪਦਾ ਹੈ।
ਸ਼ਬਦ ੨
ਇਸ ਸ਼ਬਦ (ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ) ਦਾ ਵਿਸ਼ੇਸ਼ ਕਰ ਕੇ ਪਹਿਲਾ ਪਦਾ ਅਨੰਦ ਕਾਰਜ ਤੋਂ ਪਹਿਲਾਂ ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਸ ਨੂੰ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਸ਼ਬਦਾਂ ਦੀ ਸੂਚੀ ਵਿਚ ਦਿੱਤਾ ਹੈ।

ਪਿਛਲੇ ਸਮਿਆਂ ਵਿਚ (ਅਤੇ ਕੁਝ ਅਜੋਕੇ ਰਵਾਇਤੀ ਪਰਵਾਰਾਂ ਵਿਚ) ਵਿਆਹ ਤੋਂ ਪਹਿਲਾਂ ਲਾੜੇ ਅਤੇ ਲਾੜੀ ਦਾ ਇਕ-ਦੂਜੇ ਨੂੰ ਦੇਖਣ ਦਾ ਰਵਾਜ ਨਹੀਂ ਸੀ। ਪਰ ਆਮ ਕਰਕੇ ਵਿਆਹ ਵਾਲੇ ਦਿਨ ਲਾੜੀ ਚੋਰੀ-ਛੁਪੇ ਲਾੜੇ ਨੂੰ ਦੇਖ ਲੈਂਦੀ ਸੀ ਜਾਂ ਆਪਣੀਆਂ ਸਹੇਲੀਆਂ ਤੋਂ ਲਾੜੇ ਦੀ ਦਿੱਖ ਬਾਰੇ ਪੁੱਛ ਕੇ ਆਪਣੀ ਖੁਸ਼ੀ ਉਨ੍ਹਾਂ ਨਾਲ ਸਾਂਝੀ ਕਰ ਲੈਂਦੀ ਸੀ।
ਇਸ ਸ਼ਬਦ ਵਿਚ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਮਿਲਾਪ ਦਾ ਚਾਅ ਅਤੇ ਇਸ ਮਿਲਾਪ ਨਾਲ ਉਸ ਦੀ ਸਖਸ਼ੀਅਤ ਵਿਚ ਹੋਣ ਵਾਲੇ ਪਰਿਵਰਤਨ ਦਾ ਵਰਣਨ ਹੈ। ਦੁਨਿਆਵੀ ਪਧਰ ’ਤੇ ਅਜਿਹਾ ਚਾਅ ਅਤੇ ਪਰਿਵਰਤਨ ਲਾੜੇ ਅਤੇ ਲਾੜੀ ਦੇ ਮਨ ਵਿਚ ਆਪਣੇ ਸਾਥੀ ਨੂੰ ਦੇਖਣ ਦੀ ਤੀਬਰ ਇਛਾ ਦੇ ਪ੍ਰਗਟਾਵੇ ਵਿਚ ਰੂਪਮਾਨ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਦੁਆਰਾ ਸੂਹੀ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੪-੭੬੫ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਪਦੇ ਹਨ। ਹਰੇਕ ਪਦੇ ਦੀਆਂ ੬ ਤੁਕਾਂ ਹਨ।
ਸ਼ਬਦ ੩
ਸਿਖ ਰਹਿਤ ਮਰਿਆਦਾ ਅਨੁਸਾਰ ਬਰਾਤ ਦੇ ਸਵਾਗਤ ਵਜੋਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਅਤੇ ‘ਫਤਿਹ’ ਗਜਾਉਣ ਦਾ ਵਿਧਾਨ ਹੈ। ਆਮ ਕਰਕੇ ਲਾੜੀ ਦੇ ਘਰ ਬਰਾਤ ਦੇ ਪਹੁੰਚਣ ਸਮੇਂ ਮਿਲਣੀ ਤੋਂ ਪਹਿਲਾਂ ਇਸ ਸ਼ਬਦ ਦਾ ਪਹਿਲਾ ਪਦਾ (ਹਮ ਘਰਿ ਸਾਜਨ ਆਏ) ਪੜ੍ਹਿਆ ਜਾਂ ਗਾਇਆ ਜਾਂਦਾ ਹੈ। ਪਰ ਕਈ ਵਾਰ ਸਿਰਫ ਅਰਦਾਸ ਕਰਕੇ ਹੀ ਮਿਲਣੀ ਕਰ ਲਈ ਜਾਂਦੀ ਹੈ ਅਤੇ ਇਸ ਪਦੇ ਦਾ ਗਾਇਨ ਅਨੰਦ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸੰਗਤ ਦੇ ਬੈਠਣ ਸਮੇਂ ਕਰ ਲਿਆ ਜਾਂਦਾ ਹੈ।
ਮਿਲਣੀ ਸਮੇਂ ਇਸ ਪਦੇ ਦੇ ਪੜ੍ਹੇ ਜਾਂ ਗਾਏ ਜਾਣ ਉਪਰੰਤ ਅਰਦਾਸ ਕਰ ਕੇ ਦੋਵਾਂ ਪਰਵਾਰਾਂ ਦੇ ਪ੍ਰਮੁੱਖ ਵਿਅਕਤੀਆਂ ਦੀ ਮਿਲਣੀ ਹੁੰਦੀ ਹੈ। ਲਾੜੇ ਦੇ ਪਿਤਾ ਤੇ ਮਾਮੇ ਦੀ ਮਿਲਣੀ ਲਾੜੀ ਦੇ ਪਿਤਾ ਤੇ ਮਾਮੇ ਨਾਲ ਲਾਜਮੀ ਕਰਵਾਈ ਜਾਂਦੀ ਹੈ। ਜੇਕਰ ਦੋਵਾਂ ਵਿਚੋਂ ਕਿਸੇ ਦੇ ਵੀ ਪਿਤਾ ਦੀ ਮੌਤ ਜਾਂ ਕਿਸੇ ਵੀ ਕਾਰਣ ਇਸ ਸਮੇਂ ਸ਼ਮੂਲੀਅਤ ਨਾ ਹੋ ਸਕੇ ਤਾਂ ਤਾਇਆ, ਚਾਚਾ ਜਾਂ ਕੋਈ ਹੋਰ ਸੰਬੰਧੀ ਦੂਜੀ ਧਿਰ ਦੇ ਪਿਤਾ ਨਾਲ ਮਿਲਣੀ ਕਰਦਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਭਰਾ, ਜੀਜੇ, ਫੁੱਫੜ, ਮਾਸੜ ਆਦਿ ਸੰਬੰਧੀਆਂ ਦੀ ਮਿਲਣੀ ਵੀ ਦੋਵਾਂ ਪਰਵਾਰਾਂ ਦੀ ਇਛਾ ਅਨੁਸਾਰ ਕਰਵਾ ਲਈ ਜਾਂਦੀ ਹੈ। ਮਿਲਣੀ ਸਮੇਂ ਇਕ-ਦੂਜੇ ਨੂੰ ਹਾਰ ਜਾਂ ਸਿਰੋਪਾਉ ਪਹਿਨਾਏ ਜਾਂਦੇ ਹਨ। ਲਾੜੀ ਵਾਲਿਆਂ ਵੱਲੋਂ ਲਾੜੇ ਵਾਲਿਆਂ ਨੂੰ ਕੰਬਲ, ਦਸਤਾਰ, ਕੁਝ ਗਹਿਣੇ, ਪੈਸੇ ਆਦਿ ਵੀ ਦਿੱਤੇ ਜਾਂਦੇ ਹਨ।
ਵਿਆਹ ਮਨੁਖੀ ਜਿੰਦਗੀ ਦਾ ਅਹਿਮ ਪੜਾਅ ਤੇ ਪਵਿੱਤਰ ਕਾਰਜ ਹੈ। ਇਸ ਲਈ ਅਨੰਦ ਕਾਰਜ ਸਮੇਂ ਇਸ ਪਦੇ ਦਾ ਪੜ੍ਹਿਆ ਜਾਣਾ ਬਹੁਤ ਅਹਿਮ ਹੈ। ਇਸ ਪਦੇ ਵਿਚ ਘਰ ਆਏ ਸੱਜਣਾਂ (ਸੰਤ ਜਨਾਂ ਆਦਿ) ਨਾਲ ਮਿਲਾਪ ਦੇ ਅਹਿਸਾਸ ਦਾ ਚਿਤਰਨ ਹੈ। ਇਸ ਵਿਚ ਮਿਲਾਪ ਦੀ ਖੁਸ਼ੀ ਨੂੰ ਵਿਆਹ ਦੇ ਬਿੰਬ ਰਾਹੀਂ ਪਰਗਟ ਕੀਤਾ ਗਿਆ ਹੈ। ਲਾੜਾ ਅਤੇ ਲਾੜੀ ਦੇ ਮਿਲਾਪ ਦੀ ਖੁਸ਼ੀ ਵਿਚ ਇਸ ਸ਼ਬਦ ਦਾ ਗਾਇਨ ਰੱਬੀ ਰੰਗ ਭਰ ਦਿੰਦਾ ਹੈ। ਇਸ ਅਵਸਰ ਦਾ ਅਨੰਦ ਮਾਣ ਰਹੇ ਸੰਗਤ ਰੂਪ ਵਿਚ ਹਾਜ਼ਰ ਲੋਕ ਵੀ ਅਨੰਦ ਦੀ ਝਲਕ ਮਹਿਸੂਸ ਕਰਦੇ ਹਨ।
ਇਸ ਸ਼ਬਦ ਦੇ ਦੂਜੇ ਪਦੇ (ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥) ਦਾ ਗਾਇਨ ਲਾਵਾਂ ਤੋਂ ਪਹਿਲਾਂ ਓਦੋਂ ਕੀਤਾ ਜਾਂਦਾ ਹੈ, ਜਦੋਂ ਮਿਲਣੀ ਅਤੇ ਕੁਝ ਖਾਣ-ਪੀਣ ਤੋਂ ਬਾਅਦ ਲਾੜਾ ਅਤੇ ਲਾੜੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬੈਠ ਜਾਂਦੇ ਹਨ। ਇਹ ਪਦਾ ਸਮਾਜਕ ਅਤੇ ਅਧਿਆਤਮਕ ਦੋਵੇਂ ਪਖਾਂ ਨੂੰ ਛੂੰਹਦਾ ਹੈ। ਸਮਾਜਕ ਪੱਧਰ ’ਤੇ ਇਹ ਵਿਆਹ ਦੇ ਸਮਾਗਮ ਵਿਚ ਇਕੱਠੇ ਹੋਏ ਇਸਤਰੀ-ਪੁਰਸ਼ਾਂ ਨੂੰ ਇਸ ਖੁਸ਼ੀ ਦੇ ਮੌਕੇ ਮੰਗਲਮਈ ਗੀਤ ਗਾਉਣ ਲਈ ਪਿਆਰ ਭਰਿਆ ਸੱਦਾ ਦਿੰਦਾ ਹੈ। ਅਧਿਆਤਮਕ ਪੱਧਰ ’ਤੇ ਇਹ ਵਿਆਹ ਦੇ ਸਮਾਜਕ ਮਿਲਾਪ ਨੂੰ ਪ੍ਰਭੂ-ਮਿਲਾਪ ਲਈ ਉਤਸ਼ਾਹਿਤ ਕਰਦਾ ਹੈ।
ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਸੂਹੀ ਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੪ ਉਪਰ ਦਰਜ ਹੈ। ਇਸ ਸ਼ਬਦ ਦੇ ਚਾਰ ਪਦੇ ਹਨ। ਹਰੇਕ ਪਦੇ ਦੀਆਂ ੬ ਤੁਕਾਂ ਹਨ।
ਉਪਰੋਕਤ ਸ਼ਬਦਾਂ ਤੋਂ ਇਲਾਵਾ ਵਿਆਹ ਨਾਲ ਸੰਬੰਧਤ ਕੁਝ ਹੋਰ ਸ਼ਬਦ ਵੀ ਅਨੰਦ ਕਾਰਜ ਤੋਂ ਪਹਿਲਾਂ ਪੜ੍ਹੇ ਜਾਂ ਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸੰਜੋਗ ਜੁੜਨ ਅਤੇ ਕਾਰਜ ਰਾਸ ਹੋਣ ਦਾ ਜਿਕਰ ਕਰਦੀਆਂ ਤੁਕਾਂ ਆਉਂਦੀਆਂ ਹਨ, ਜਿਵੇਂ ਕਿ:
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ -ਗੁਰੂ ਗ੍ਰੰਥ ਸਾਹਿਬ ੨੦੧
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ...ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥ -ਗੁਰੂ ਗ੍ਰੰਥ ਸਾਹਿਬ ੯੫੭
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ...ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ -ਗੁਰੂ ਗ੍ਰੰਥ ਸਾਹਿਬ ੭੮੩