ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਵਡਹੰਸੁ ਰਾਗ ਨੂੰ ਤਰਤੀਬ ਅਨੁਸਾਰ ਅਠਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੫੭ ਤੋਂ ੫੯੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੩, ਗੁਰੂ ਅਮਰਦਾਸ ਸਾਹਿਬ ਦੇ ੬੧, ਗੁਰੂ ਰਾਮਦਾਸ ਸਾਹਿਬ ਦੇ ੩੦ ਅਤੇ ਗੁਰੂ ਅਰਜਨ ਸਾਹਿਬ ਦੇ ੧੬ ਸ਼ਬਦ ਸ਼ਾਮਲ ਹਨ।

ਗੁਰਮਤਿ ਸੰਗੀਤ ਵਿਚ ਵਡਹੰਸੁ ਰਾਗ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਲੋਕ-ਕਾਵਿ ਧੁਨਾਂ (ਘੋੜੀਆਂ, ਅਲਾਹਣੀਆਂ ਆਦਿ) ਲਈ ਵੀ ਕੀਤਾ ਹੈ। ਗੁਰੂ ਸਾਹਿਬਾਨ ਨੇ ਮੌਤ ਨਾਲ ਸੰਬੰਧਤ ਕਾਵਿ-ਰੂਪ ‘ਅਲਾਹਣੀਆਂ’ ਅਤੇ ਵਿਆਹ ਨਾਲ ਸੰਬੰਧਤ ਕਾਵਿ-ਰੂਪ ‘ਘੋੜੀਆਂ’ ਵਿਚ ਇਸ ਰਾਗ ਦੀ ਵਰਤੋਂ ਕਰ ਕੇ ਗੁਰਬਾਣੀ ਵਿਚਲੀ ‘ਦੁਖ-ਸੁਖ’ ਦੀ ਸਮਾਨਤਾ ਨੂੰ ਉਜਾਗਰ ਕੀਤਾ ਹੈ।
ਸੰਸਕ੍ਰਿਤ ਗ੍ਰੰਥਾਂ ਵਿਚ ਵਡਹੰਸੁ ਰਾਗ ਦਾ ਨਾਮ ‘ਵਡਹੰਸਿਕਾ’ ਲਿਖਿਆ ਮਿਲਦਾ ਹੈ ਅਤੇ ਇਸ ਨੂੰ ਇਕ ਰਾਗਣੀ ਮੰਨਿਆ ਗਿਆ ਹੈ।

ਵਡਹੰਸੁ ਰਾਗ ਵਿਚ ਤਿਲਕ ਕਾਮੋਦ, ਬਰਵਾ ਅਤੇ ਦੇਸ ਰਾਗਾਂ ਦੀ ਝਲਕ ਮਿਲਦੀ ਹੈ।


ਭਾਈ ਵੀਰ ਸਿੰਘ ਅਨੁਸਾਰ ਵਡਹੰਸੁ ਰਾਗ ਨੂੰ ਭਰਤ ਮਤ ਵਿਚ ਸਿਰੀਰਾਗ ਦਾ ਪੁੱਤਰ, ਸ਼ਿਵ ਮਤ ਵਿਚ ਪੰਚਮ ਰਾਗ ਦੀ ਰਾਗਣੀ, ਰਾਗਾਰਣਵ ਮਤ ਵਿਚ ਮੇਘ ਦੀ ਰਾਗਣੀ ਅਤੇ ‘ਸੁਰ ਤਾਲ ਸਮੂਹ’ ਗ੍ਰੰਥ ਵਿਚ ਮਾਲਕੌਂਸ ਦਾ ਪੁੱਤਰ ਮੰਨਿਆ ਗਿਆ ਹੈ। ਮਾਰੂ, ਗੌਰਾਨੀ ਦੁਰਗਾ, ਧਨਾਸਰੀ ਅਤੇ ਜੈਤਸਰੀ ਦੇ ਮੇਲ ਨਾਲ ਵਡਹੰਸੁ ਬਣਦਾ ਹੈ।

ਵਡਹੰਸੁ ਰਾਗ ਦੇ ਸਰੂਪ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਹ ਖਮਾਜ ਥਾਟ ਦਾ ਰਾਗ ਹੈ। ਇਸ ਵਿਚ ਦੋਵੇਂ ਨਿਸ਼ਾਦ ਲੱਗਦੇ ਹਨ ਅਤੇ ਬਾਕੀ ਸਵਰ ਸ਼ੁਧ ਹਨ। ਪੰਚਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ। ਇਸ ਦਾ ਬਰਵੇ ਰਾਗ ਨਾਲ ਬਹੁਤ ਮੇਲ ਹੈ।

ਗੁਰਮਤਿ ਸੰਗੀਤ ਦੇ ਵਿਦਵਾਨਾਂ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਆਦਿ ਵਡਹੰਸ ਰਾਗ ਦੇ ਨਿਮਨ ਸਰੂਪ ਬਾਰੇ ਇਕ ਮਤ ਹਨ:
ਰਾਗ ਵਡਹੰਸੁ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਬਾਕੀ ਸ਼ੁਧ।
ਵਰਜਿਤ ਸਵਰ: ਗੰਧਾਰ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ ਰੇ ਮਾ ਪਾ, ਧਾ ਨੀ (ਕੋਮਲ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਰੇ ਮਾ ਪਾ ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਕੋਮਲ ਮੰਦਰ ਸਪਤਕ) ਪਾ (ਮੰਦਰ ਸਪਤਕ) ਨੀ (ਮੰਦਰ ਸਪਤਕ) ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।
