
ਜਿਕਰਜੋਗ ਹੈ ਕਿ ਇਸ ਬਾਣੀ ਦੇ ਅਰੰਭ ਵਿਚ ਸਿਰਲੇਖ ‘ਵਡਹੰਸੁ ਮਹਲਾ ੩ ਮਹਲਾ ਤੀਜਾ’ ਹੈ। ਗੁਰੂ ਗ੍ਰੰਥ ਸਾਹਿਬ ਦੇ ਕੁਝ ਸਿਰਲੇਖਾਂ ਵਿਚ ਉਚਾਰਣ ਦੀ ਸੇਧ ਦੇਣ ਲਈ ‘ਮਹਲਾ’ ਪਦ ਨਾਲ ਦਿੱਤਾ ਸੰਕੇਤ ਅੰਕਾਂ ਦੇ ਨਾਲ-ਨਾਲ ਸ਼ਬਦਾਂ ਵਿਚ ਵੀ ਹੈ, ਜਿਵੇਂ: ਗੂਜਰੀ ਮਹਲਾ ੩ ਤੀਜਾ, ਵਡਹੰਸੁ ਮਹਲਾ ੩ ਮਹਲਾ ਤੀਜਾ, ਸਵਈਏ ਮਹਲੇ ਤੀਜੇ ਕੇ ੩ ਆਦਿ। ਅਜਿਹੇ ਸਿਰਲੇਖਾਂ ਵਿਚ ਤੀਜਾ-ਤੀਜਾ ਦੋ ਵਾਰੀ ਪੜ੍ਹੇ ਜਾਣ ਦਾ ਵਿਧਾਨ ਨਹੀਂ ਹੈ। ਇਨ੍ਹਾਂ ਸਿਰਲੇਖਾਂ ਵਿਚ ਅੰਕ ‘੩’ ਨੂੰ ਸ਼ਬਦਾਂ ਵਿਚ ਵੀ ਅੰਕਤ ਕਰ ਕੇ ਇਸ ਦੇ ਉਚਾਰਣ ਸੰਬੰਧੀ ਸੇਧ ਦਿੱਤੀ ਹੋਈ ਹੈ।

ਵਡਹੰਸ ਰਾਗ ਵਿਚ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੮੨-੫੮੫ ਉਪਰ ਦਰਜ ਹੈ। ਇਸ ਵਿਚ ਚਾਰ ਅਲਾਹਣੀਆਂ ਹਨ। ਇਨ੍ਹਾਂ ਅਲਾਹਣੀਆਂ ਵਿਚ ਛੇ-ਛੇ ਤੁਕਾਂ ਦੇ ਚਾਰ-ਚਾਰ ਪਦੇ ਹਨ।