ਰਾਗ ਵਡਹੰਸੁ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਵਡਹੰਸੁ ਰਾਗ ਨੂੰ ਤਰਤੀਬ ਅਨੁਸਾਰ ਅਠਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੫੭ ਤੋਂ ੫੯੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੩, ਗੁਰੂ ਅਮਰਦਾਸ ਸਾਹਿਬ ਦੇ ੬੧, ਗੁਰੂ ਰਾਮਦਾਸ ਸਾਹਿਬ ਦੇ ੩੦ ਅਤੇ ਗੁਰੂ ਅਰਜਨ ਸਾਹਿਬ ਦੇ ੧੬ ਸ਼ਬਦ ਸ਼ਾਮਲ ਹਨ।

ਗੁਰਮਤਿ ਸੰਗੀਤ ਵਿਚ ਵਡਹੰਸੁ ਰਾਗ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਲੋਕ-ਕਾਵਿ ਧੁਨਾਂ (ਘੋੜੀਆਂ, ਅਲਾਹਣੀਆਂ ਆਦਿ) ਲਈ ਵੀ ਕੀਤਾ ਹੈ। ਗੁਰੂ ਸਾਹਿਬਾਨ ਨੇ ਮੌਤ ਨਾਲ ਸੰਬੰਧਤ ਕਾਵਿ-ਰੂਪ ‘ਅਲਾਹਣੀਆਂ’ ਅਤੇ ਵਿਆਹ ਨਾਲ ਸੰਬੰਧਤ ਕਾਵਿ-ਰੂਪ ‘ਘੋੜੀਆਂ’ ਵਿਚ ਇਸ ਰਾਗ ਦੀ ਵਰਤੋਂ ਕਰ ਕੇ ਗੁਰਬਾਣੀ ਵਿਚਲੀ ‘ਦੁਖ-ਸੁਖ’ ਦੀ ਸਮਾਨਤਾ ਨੂੰ ਉਜਾਗਰ ਕੀਤਾ ਹੈ।
ਸੰਸਕ੍ਰਿਤ ਗ੍ਰੰਥਾਂ ਵਿਚ ਵਡਹੰਸੁ ਰਾਗ ਦਾ ਨਾਮ ‘ਵਡਹੰਸਿਕਾ’ ਲਿਖਿਆ ਮਿਲਦਾ ਹੈ ਅਤੇ ਇਸ ਨੂੰ ਇਕ ਰਾਗਣੀ ਮੰਨਿਆ ਗਿਆ ਹੈ।

ਵਡਹੰਸੁ ਰਾਗ ਵਿਚ ਤਿਲਕ ਕਾਮੋਦ, ਬਰਵਾ ਅਤੇ ਦੇਸ ਰਾਗਾਂ ਦੀ ਝਲਕ ਮਿਲਦੀ ਹੈ।


ਭਾਈ ਵੀਰ ਸਿੰਘ ਅਨੁਸਾਰ ਵਡਹੰਸੁ ਰਾਗ ਨੂੰ ਭਰਤ ਮਤ ਵਿਚ ਸਿਰੀਰਾਗ ਦਾ ਪੁੱਤਰ, ਸ਼ਿਵ ਮਤ ਵਿਚ ਪੰਚਮ ਰਾਗ ਦੀ ਰਾਗਣੀ, ਰਾਗਾਰਣਵ ਮਤ ਵਿਚ ਮੇਘ ਦੀ ਰਾਗਣੀ ਅਤੇ ‘ਸੁਰ ਤਾਲ ਸਮੂਹ’ ਗ੍ਰੰਥ ਵਿਚ ਮਾਲਕੌਂਸ ਦਾ ਪੁੱਤਰ ਮੰਨਿਆ ਗਿਆ ਹੈ। ਮਾਰੂ, ਗੌਰਾਨੀ ਦੁਰਗਾ, ਧਨਾਸਰੀ ਅਤੇ ਜੈਤਸਰੀ ਦੇ ਮੇਲ ਨਾਲ ਵਡਹੰਸੁ ਬਣਦਾ ਹੈ।

ਵਡਹੰਸੁ ਰਾਗ ਦੇ ਸਰੂਪ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਹ ਖਮਾਜ ਥਾਟ ਦਾ ਰਾਗ ਹੈ। ਇਸ ਵਿਚ ਦੋਵੇਂ ਨਿਸ਼ਾਦ ਲੱਗਦੇ ਹਨ ਅਤੇ ਬਾਕੀ ਸਵਰ ਸ਼ੁਧ ਹਨ। ਪੰਚਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ। ਇਸ ਦਾ ਬਰਵੇ ਰਾਗ ਨਾਲ ਬਹੁਤ ਮੇਲ ਹੈ।

ਗੁਰਮਤਿ ਸੰਗੀਤ ਦੇ ਵਿਦਵਾਨਾਂ ਸ. ਗਿਆਨ ਸਿੰਘ ਐਬਟਾਬਾਦ, ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਪ੍ਰੋ. ਤਾਰਾ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਆਦਿ ਵਡਹੰਸ ਰਾਗ ਦੇ ਨਿਮਨ ਸਰੂਪ ਬਾਰੇ ਇਕ ਮਤ ਹਨ:
ਰਾਗ ਵਡਹੰਸੁ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਬਾਕੀ ਸ਼ੁਧ।
ਵਰਜਿਤ ਸਵਰ: ਗੰਧਾਰ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ ਰੇ ਮਾ ਪਾ, ਧਾ ਨੀ (ਕੋਮਲ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਰੇ ਮਾ ਪਾ ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਕੋਮਲ ਮੰਦਰ ਸਪਤਕ) ਪਾ (ਮੰਦਰ ਸਪਤਕ) ਨੀ (ਮੰਦਰ ਸਪਤਕ) ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।

ਅਲਾਹਣੀ ੩
ਰਾਗ ਵਡਹੰਸੁ ਦਖਣੀ
ਵਡਹੰਸੁ ਦਖਣੀ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੩੧ ਮਿਸ਼ਰਤ ਰਾਗਾਂ/ਰਾਗ ਪ੍ਰਕਾਰਾਂ


ਵਡਹੰਸੁ ਦਖਣੀ, ਵਡਹੰਸੁ ਰਾਗ ਦਾ ਹੀ ਇਕ ਪ੍ਰਕਾਰ ਹੈ। ਇਸ ਰਾਗ ਦਾ ਉਲੇਖ ਸਿਰਫ ਗੁਰੂ ਗ੍ਰੰਥ ਸਾਹਿਬ ਵਿਚ ਹੀ ਪ੍ਰਾਪਤ ਹੁੰਦਾ ਹੈ। ਇਸ ਰਾਗ ਦੇ ਸਿਰਲੇਖ ਵਿਚ ‘ਦਖਣੀ’ ਸ਼ਬਦ ਵਿਸ਼ੇਸ਼ ਮਹੱਤਵ ਦਾ ਲਖਾਇਕ ਹੈ। ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਵੀ ਕਿਸੇ ਰਾਗ ਦੇ ਨਾਲ ਇਹ ਸ਼ਬਦ ਲਿਖਿਆ ਮਿਲਦਾ ਹੈ, ਉਥੇ ਇਸ ਦਾ ਭਾਵ ਦਖਣੀ ਸੰਗੀਤ ਪੱਧਤੀ ਦੇ ਰਾਗਾਂ ਤੋਂ ਹੈ, ਜਿਵੇਂ: ਗਉੜੀ ਦਖਣੀ, ਰਾਮਕਲੀ ਦਖਣੀ, ਬਿਲਾਵਲ ਦਖਣੀ, ਵਡਹੰਸੁ ਦਖਣੀ ਆਦਿ।

ਗੁਰੂ ਨਾਨਕ ਸਾਹਿਬ ਨੇ ਵਖ-ਵਖ ਧਰਮਾਂ, ਜਾਤੀਆਂ, ਖਿਤਿਆਂ, ਸਭਿਆਚਾਰਕ ਪਰੰਪਰਾਵਾਂ ਆਦਿ ਦੇ ਧਾਰਨੀ ਲੋਕਾਂ ਨੂੰ ਉਪਦੇਸ਼ ਦੇਣ ਲਈ ਚਾਰ ਉਦਾਸੀਆਂ ਕੀਤੀਆਂ। ਉਨ੍ਹਾਂ ਨੇ ਬਾਣੀ ਸੰਦੇਸ਼ ਨੂੰ ਪ੍ਰਚਾਰਨ ਲਈ ਵਖ-ਵਖ ਭਾਸ਼ਾਵਾਂ ਦੇ ਕਾਵਿ-ਰੂਪਾਕਾਰਾਂ, ਲੋਕ-ਧੁਨਾਂ ਆਦਿ ਨੂੰ ਅਪਨਾਉਣ ਦੇ ਨਾਲ-ਨਾਲ ਉੱਤਰੀ ਤੇ ਦਖਣੀ ਭਾਰਤੀ ਸੰਗੀਤ ਪੱਧਤੀਆਂ ਵਿਚ ਪ੍ਰਚਲਤ ਰਾਗਾਂ ਵਿਚ ਵੀ ਬਾਣੀ ਉਚਾਰੀ, ਜਿਸ ਦੀ ਇਕ ਉਦਾਹਰਣ ਇਹ ਰਾਗ ਵੀ ਹੈ। ਇਸ ਪ੍ਰਕਾਰ ਗੁਰੂ ਸਾਹਿਬ ਨੇ ਦੋਹਾਂ ਪੱਧਤੀਆਂ ਦੇ ਰਾਗਾਂ ਵਿਚ ਬਾਣੀ ਰਚ ਕੇ, ਇਨ੍ਹਾਂ ਵਿਚਲੇ ਪਾੜੇ ਨੂੰ ਜੋੜਨ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਹਿੰਦੁਸਤਾਨੀ ਸੰਗੀਤ ਪੱਧਤੀ ਦੇ ਰਾਗਾਂ ਦੀ ਵਰਤੋਂ ਕੀਤੀ ਗਈ ਹੈ, ਉਥੇ ਬਾਣੀ ਜਾਂ ਸ਼ਬਦ ਦੇ ਸਿਰਲੇਖ ਵਿਚ ਕੇਵਲ ਰਾਗਾਂ ਦੇ ਨਾਮ, ਜਿਵੇਂ ਕਿ ਗਉੜੀ, ਵਡਹੰਸ, ਬਿਲਾਵਲ, ਆਸਾ ਆਦਿ ਹੀ ਦਿੱਤੇ ਗਏ ਹਨ। ਪਰ ਜਿਥੇ ਦਖਣੀ ਸੰਗੀਤ ਪਧਤੀ ਦੇ ਰਾਗਾਂ ਦਾ ਪ੍ਰਯੋਗ ਕੀਤਾ ਹੈ, ਉਥੇ ਸਪਸ਼ਟ ਤੌਰ ’ਤੇ ਸਿਰਲੇਖ ਵਿਚ ਰਾਗਾਂ ਦੇ ਨਾਮ ਨਾਲ ‘ਦਖਣੀ’ ਅੰਕਤ ਕੀਤਾ ਗਿਆ ਹੈ, ਜਿਵੇਂ ਕਿ ਬਿਲਾਵਲ ਦਖਣੀ, ਰਾਮਕਲੀ ਦਖਣੀ ਆਦਿ।

ਵਡਹੰਸੁ ਦਖਣੀ ਰਾਗ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹ ਉੱਤਰੀ ਸੰਗਤੀ ਪੱਧਤੀ ਦਾ ਰਾਗ ਨਹੀਂ, ਸਗੋਂ ਦਖਣੀ ਜਾਂ ਕਰਨਾਟਕੀ ਸੰਗੀਤ ਪੱਧਤੀ ਦਾ ਰਾਗ ਹੈ। ਪ੍ਰੋ. ਤਾਰਾ ਸਿੰਘ ਅਨੁਸਾਰ ਇਸ ਰਾਗ ਦੀ ਰਚਨਾ ਦਖਣੀ ਪਧਤੀ ਦੇ ‘ਹਰੀ ਕਾਮਭੋਜੀ’ ਥਾਟ ਤੋਂ ਮੰਨੀ ਜਾਂਦੀ ਹੈ, ਜੋ ਕਿ ਉੱਤਰੀ ਪੱਧਤੀ ਦੇ ਖਮਾਜ ਥਾਟ ਨਾਲ ਸਮਾਨਤਾ ਰਖਦਾ ਹੈ। ਇਸ ਰਾਗ ਵਿਚ ਨਿਸ਼ਾਦ ਕੋਮਲ ਅਤੇ ਹੋਰ ਸਵਰ ਸ਼ੁਧ ਲੱਗਦੇ ਹਨ। ਵਾਦੀ-ਪੰਚਮ, ਸੰਵਾਦੀ-ਸ਼ੜਜ ਹੈ।

ਸੰਤ ਸਰਵਣ ਸਿੰਘ ਗੰਧਰਵ ਅਨੁਸਾਰ ਵਡਹੰਸੁ ਦਖਣੀ ਰਾਗ ਦਾ ਥਾਟ ਖਮਾਜ, ਕੋਮਲ ਨਿਸ਼ਾਦ, ਵਾਦੀ-ਸ਼ੜਜ, ਸੰਵਾਦੀ-ਪੰਚਮ ਅਤੇ ਵਰਜਿਤ ਸਵਰ ਆਰੋਹ ਵਿਚ ਗੰਧਾਰ ਅਤੇ ਨਿਸ਼ਾਦ ਹਨ। ਜਾਤੀ ਔੜਵ-ਸੰਪੂਰਨ ਹੈ।


ਰਾਗ ਵਡਹੰਸੁ ਦਖਣੀ ਦਾ ਸਰੂਪ
ਥਾਟ: ਮੇਲ ਹਰੀ ਕਾਮਭੋਜੀ।

ਸਵਰ: ਨਿਸ਼ਾਦ ਕੋਮਲ, ਬਾਕੀ ਸਾਰੇ ਸ਼ੁਧ।
ਵਰਜਿਤ ਸਵਰ: ਆਰੋਹ ਵਿਚ ਗੰਧਾਰ ਤੇ ਨਿਸ਼ਾਦ।
ਜਾਤੀ: ਔੜਵ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਸ਼ੜਜ।
ਆਰੋਹ: ਸਾ, ਰੇ ਮਾ ਪਾ, ਧਾ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ), ਨੀ (ਕੋਮਲ) ਧਾ ਪਾ, ਮਾ, ਰੇ ਮਾ ਗਾ, ਸਾ ਰੇ ਨੀ (ਕੋਮਲ ਮੰਦਰ ਸਪਤਕ) ਧਾ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਰੇ ਮਾ ਪਾ, ਮਾ, ਰੇ ਮਾ ਗਾ ਸਾ ਨੀ (ਕੋਮਲ ਮੰਦਰ ਸਪਤਕ), ਧਾ (ਮੰਦਰ ਸਪਤਕ) ਸਾ।

ਗਾਇਨ ਸਮਾਂ
ਦਿਨ ਦਾ ਤੀਸਰਾ ਪਹਿਰ।
