
ਨਿਰਸੰਦੇਹ ਉਪਰੋਕਤ ਸਾਖੀ ਲੋਕਧਾਰਕ ਬਿੰਬਾਂ ਨਾਲ ਭਰਪੂਰ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਵਿਚਲਾ ਸ਼ਰੀਂਹ ਦਾ ਦਰਖਤ ਕੋਈ ਇਤਿਹਾਸਕ ਰੁੱਖ ਹੀ ਹੋਵੇ। ਦੂਜੇ ਪਾਸੇ, ਸ਼ਰੀਂਹ ਦਾ ਲੋਕਧਾਰਾਈ ਮਹੱਤਵ ਵੀ ਸਾਹਮਣੇ ਆਉਂਦਾ ਹੈ। ਪੰਜਾਬੀ ਸਮਾਜ ਵਿਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਸ਼ੁਭ ਸ਼ਗਨ ਦੇ ਸੰਕੇਤ ਵਜੋਂ ਘਰ ਦੇ ਦਰਵਾਜੇ ਉਪਰ ਨਿੰਮ ਅਤੇ ਸ਼ਰੀਂਹ ਦੀਆਂ ਟਾਹਣੀਆਂ ਬੰਨ੍ਹੀਆਂ ਜਾਂਦੀਆਂ ਹਨ। ਸੋ, ਹੋ ਸਕਦਾ ਹੈ ਕਿ ਇਸ ਸਾਖੀ ਵਿਚਲਾ ਸ਼ਰੀਂਹ ਦਾ ਦਰਖਤ ਵੀ ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਗੁਰਿਆਈ ਦੀ ਪਰੰਪਰਾ ਅਤੇ ਸਿਖ ਧਰਮ ਦੇ ਵਧਣ-ਫੁੱਲਣ ਦਾ ਸੰਕੇਤਕ ਹੋਵੇ।
ਮਿਹਰਬਾਨ ਵਾਲੀ ਜਨਮਸਾਖੀ ਵਿਚ ਇਸ ਬਾਣੀ ਦੇ ਉਚਾਰੇ ਜਾਣ ਦਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਇਕ ਸ਼ਰਧਾਲੂ ਸਿਖ ਦੀ ਮੌਤ ਨਾਲ ਜੋੜਿਆ ਹੈ। ਇਸ ਜਨਮਸਾਖੀ ਅਨੁਸਾਰ ਗੁਰੂ ਨਾਨਕ ਸਾਹਿਬ ਇਸ ਮੌਤ ਦੀ ਖਬਰ ਸੁਣ ਕੇ ਭਾਈ ਮਰਦਾਨਾ ਜੀ (੧੪੫੯-੧੫੩੪ ਈ.) ਅਤੇ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਨੂੰ ਨਾਲ ਲੈ ਕੇ ਉਸ ਦੇ ਘਰ ਗਏ। ਉਥੇ ਇਸਤਰੀਆਂ ਉਸ ਦੀ ਮੌਤ ’ਤੇ ਸਿਆਪਾ ਕਰ ਰਹੀਆਂ ਸਨ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਰੋਕਦੇ ਹੋਏ ਕਿਹਾ ਕਿ ਇਹ ਸੰਸਾਰੀ ਰੋਣਾ ਨਾ ਰੋਵੋ। ਤੁਸੀਂ ਉਹ ਰੋਣਾ ਰੋਵੋ, ਜੋ ਪਰਮੇਸ਼ਰ ਨੂੰ ਭਾਵੇ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪ ਹੀ ਦੱਸੋ ਕਿ ਪਰਮੇਸ਼ਰ ਨੂੰ ਕੀ ਭਾਉਂਦਾ ਹੈ? ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਅਤੇ ਆਪਣੇ ਪਿੱਛੇ ਗਾਉਣ ਦਾ ਆਦੇਸ਼ ਦਿੱਤਾ। ਭਾਈ ਮਰਦਾਨਾ ਜੀ ਰਬਾਬ ਸੁਰ ਕਰ ਕੇ ਗੁਰੂ ਸਾਹਿਬ ਦੇ ਸਾਹਮਣੇ ਬੈਠ ਗਏ ਅਤੇ ਗੁਰੂ ਸਾਹਿਬ ਨੇ ਵਡਹੰਸ ਰਾਗ ਵਿਚ ‘ਅਲਾਹਣੀਆ’ ਬਾਣੀ ਦਾ ਉਚਾਰਣ ਕੀਤਾ।

ਇਨ੍ਹਾਂ ਸਾਖੀਆਂ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਜਿਵੇਂ ਸਾਖੀਕਾਰਾਂ ਨੇ ਇਸ ਬਾਣੀ ਦੀ ਵੈਰਾਗਮਈ ਸੁਰ ਅਤੇ ਇਸ ਦੇ ਲੋਕ ਕਾਵਿ-ਰੂਪ ਨੂੰ ਸਾਹਮਣੇ ਰਖ ਕੇ ਉਪਰੋਕਤ ਉਥਾਨਕਾਵਾਂ ਦੀ ਸਿਰਜਣਾ ਕੀਤੀ ਹੋਵੇ। ਇਨ੍ਹਾਂ ਦੋਵਾਂ ਸਾਖੀਆਂ ਦਾ ਮੁੱਖ ਵਿਸ਼ਾ ਸੰਸਾਰੀ ਵਿਛੋੜੇ ਦੇ ਦੁਖ ਦੇ ਮੁਕਾਬਲੇ ਰੱਬੀ ਵਿਛੋੜੇ ਦੇ ਦੁਖ ਨੂੰ ਵਧੇਰੇ ਮਹੱਤਵ ਪ੍ਰਦਾਨ ਕਰਨਾ ਹੈ। ਇਹ ਵੈਰਾਗਮਈ ਬਾਣੀ ਵੀ ਪ੍ਰਾਣੀ ਦੇ ਗੁਜਰ ਜਾਣ ਸਮੇਂ ਨਾਸ਼ਵਾਨ ਜਗਤ ਅਤੇ ਜੀਵਨ ਦੀ ਅਸਲੀਅਤ ਬਾਰੇ ਵਿਚਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ।