Guru Granth Sahib Logo
  
ਭਗਤ ਪੀਪਾ ਜੀ, ਗੁਰੂ ਗ੍ਰੰਥ ਸਾਹਿਬ ਵਿਚਲੇ ੧੫ ਭਗਤ ਬਾਣੀਕਾਰਾਂ ਵਿਚੋਂ ਇਕ ਹਨ। ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਕੇਵਲ ਇਕ ਹੀ ਸ਼ਬਦ ਹੈ ਜੋ ਕਿ ਧਨਾਸਰੀ ਰਾਗ ਵਿਚ ਪੰਨਾ ੬੯੫ ਉਪਰ ਦਰਜ ਹੈ। ਇਸ ਸ਼ਬਦ ਵਿਚ ਦੋ-ਦੋ ਤੁਕਾਂ ਵਾਲੇ ਦੋ ਪਦੇ ਹਨ। ਦੋ ਤੁਕਾਂ ਵਾਲਾ ‘ਰਹਾਉ’ ਦਾ ਇਕ ਪਦਾ ਇਨ੍ਹਾਂ ਤੋਂ ਵਖਰਾ ਹੈ।

ਇਸ ਸ਼ਬਦ ਵਿਚ ਭਗਤ ਪੀਪਾ ਜੀ ਹਰ ਥਾਂ ਵਿਆਪਕ ਪ੍ਰਭੂ ਨੂੰ ਕਿਸੇ ਵਿਸ਼ੇਸ਼ ਸਥਾਨ ਆਦਿ ’ਤੇ ਲੱਭਣ ਦੀ ਬਜਾਏ ਆਪਣੇ ਅੰਦਰੋਂ ਹੀ ਅਨੁਭਵ ਕਰਨ ਲਈ ਮਨੁਖ ਨੂੰ ਪ੍ਰੇਰਤ ਕਰਦੇ ਹਨ। ਉਹ ਆਖਦੇ ਹਨ ਕਿ ਉਨ੍ਹਾਂ ਨੇ ਆਪਣੀ ਦੇਹ ਵਿਚੋਂ ਹੀ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ, ਜਿਸ ਸਦਕਾ ਸਾਰੀਆਂ ਬਰਕਤਾਂ ਪ੍ਰਾਪਤ ਹੋ ਗਈਆਂ ਹਨ। ਵਿਆਪਕ ਪ੍ਰਭੂ ਹੀ ਸਾਰੇ ਤੱਤਾਂ ਵਿਚੋਂ ਸ਼੍ਰੋਮਣੀ ਤੱਤ ਹੈ। ਉਹ ਆਪ ਹੀ ਸੱਚੇ ਗੁਰ-ਸ਼ਬਦ ਰਾਹੀਂ ਜਗਿਆਸੂ ਨੂੰ ਆਪਣੀ ਵਿਆਪਕਤਾ ਦਾ ਅਨੁਭਵ ਕਰਾਉਂਦਾ ਹੈ।

ਭਗਤ ਪੀਪਾ ਜੀ ਨੇ ਪ੍ਰਭੂ ਨੂੰ ਬਾਹਰੀ ਚੀਜਾਂ, ਜਿਵੇਂ ਧੂਪ-ਦੀਪ, ਖਾਣ-ਪੀਣ ਵਾਲੀਆਂ ਵਸਤੂਆਂ ਆਦਿ ਅਰਪਣ ਕਰਨ ਦੀ ਥਾਂ ਆਪਣੇ ਆਪੇ ਦੇ ਸੰਪੂਰਨ ਸਮਰਪਣ ਦੇ ਭਾਵ ਨੂੰ ਦ੍ਰਿੜ ਕਰਾਇਆ ਹੈ, ਜੋ ਗੁਰੂ ਨਾਨਕ ਸਾਹਿਬ ਦੇ ਬਚਨਾਂ ‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥’ (ਗੁਰੂ ਗ੍ਰੰਥ ਸਾਹਿਬ ੧੪੧੨) ਵਿਚਲੇ ਸਮਰਪਣ ਭਾਵ ਵਾਂਗ ਹੀ ਹੈ। ਆਪ ਜੀ ਦੇ ਸ਼ਬਦ ਵਿਚ ਆਈ ਤੁਕ ‘ਜੋ ਬ੍ਰਹਮੰਡੇ ਸੋਈ ਪਿੰਡੇ’ ਗੁਰੂ ਨਾਨਕ ਸਾਹਿਬ ਦੇ ਕਥਨ ਅਤੇ ਗੁਰਮਤਿ ਦੇ ਮੂਲ ਸਿਧਾਂਤ ‘ਜੋ ਬ੍ਰਹਮੰਡਿ ਖੰਡਿ ਸੋ ਜਾਣਹੁ’ (ਗੁਰੂ ਗ੍ਰੰਥ ਸਾਹਿਬ ੧੦੪੧) ਦਾ ਹੀ ਰੂਪ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਪੀਪਾ ਜੀ ਦੇ ਉਪਰੋਕਤ ਸ਼ਬਦ ਤੋਂ ਇਲਾਵਾ ਸਰਬੰਗੀ, ਚਿੰਤਾਮਣੀ ਯੋਗ ਆਦਿ ਗ੍ਰੰਥਾਂ ਵਿਚ ਵੀ ਆਪ ਜੀ ਦੇ ਰਚਿਤ ਸ਼ਬਦ ਤੇ ਸਲੋਕ ਮਿਲਦੇ ਹਨ। ਇਨ੍ਹਾਂ ਵਿਚ ਵੀ ਉਪਰੋਕਤ ਸ਼ਬਦ ਵਾਂਗ ਹੀ ਤੀਰਥਾਂ, ਅਵਤਾਰ ਪ੍ਰਸਤੀ ਅਤੇ ਮੂਰਤੀ ਪੂਜਾ ਦਾ ਵਿਰੋਧ ਹੈ।
Bani Footnote ਗਿ. ਗੁਰਦਿੱਤ ਸਿੰਘ, ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ (ਭਗਤ ਬਾਣੀ ਭਾਗ), ਪੰਨਾ ੨੭੩-੨੮੦; ਇਸ ਤੋਂ ਅੱਗੇ ਗਿ. ਗੁਰਦਿੱਤ ਸਿੰਘ ਦੇ ਹਵਾਲਿਆਂ ਲਈ ਪੈਰ-ਟਿਪਣੀਆਂ ਨਹੀਂ ਦਿੱਤੀਆਂ ਗਈਆਂ, ਕਿਉਂਕਿ ਇਸ ਫਾਈਲ ਵਿਚ ਉਨ੍ਹਾਂ ਦੇ ਨਾਮ ਵਾਲੇ ਸਾਰੇ ਹਵਾਲੇ ਉਨ੍ਹਾਂ ਦੀ ਉਪਰੋਕਤ ਪੁਸਤਕ ਵਿਚਲੇ ਲੇਖ ‘ਭਗਤ ਪੀਪਾ ਜੀ ਅਤੇ ਉਨ੍ਹਾਂ ਦੀ ਬਾਣੀ’ ਵਿਚੋਂ ਲਏ ਗਏ ਹਨ।


ਭਗਤ ਪੀਪਾ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਅਤੇ ਇਸ ਦੇ ਸਰੋਤਾਂ ਦਾ ਵੇਰਵਾ ਡਾ. ਰਾਏਜਸਬੀਰ ਸਿੰਘ ਨੇ ਆਪਣੀ ਪੁਸਤਕ ‘ਭਗਤ ਪੀਪਾ ਜੀ’ ਵਿਚ ਦਿੱਤਾ ਹੈ। ਉਨ੍ਹਾਂ ਅਨੁਸਾਰ ਸ੍ਰੀ ਰਜਬ (੧੫੬੭-੧੬੮੯ ਈ.) ਦੀ ਪੁਸਤਕ ‘ਸਰਬੰਗੀ’ ਵਿਚ ਆਪ ਜੀ ਦੇ ਆਸਾਵਰੀ, ਰਾਮਗ੍ਰੀ ਤੇ ਸਾਰੰਗ ਰਾਗਾਂ ਵਿਚ ਤਿੰਨ ਸ਼ਬਦ ਤੇ ਚਾਰ ਸਾਖੀਆਂ ਮਿਲਦੀਆਂ ਹਨ। ਇਕ ਸ਼ਬਦ ਰਾਮਕਲੀ ਰਾਗ ਦਾ ‘ਮੱਕੇ ਮਦੀਨੇ ਦੀ ਗੋਸਟਿ’ (ਗੁਰੂ ਨਾਨਕ ਸਾਹਿਬ ਦੀਆਂ ਮੁਸਲਮ ਫਕੀਰਾਂ ਨਾਲ ਗੋਸਟਾਂ) ਵਿਚ ਵੀ ਮਿਲਦਾ ਹੈ। ਭਗਤ ਪੀਪਾ ਜੀ ਦੀ ਸਮੁੱਚੀ ਬਾਣੀ ਦਾ ਸੰਪਾਦਨ ਡਾ. ਡੀ.ਪੀ. ਵਰਮਾ ਤੇ ਡਾ. ਧਰਮਪਾਲ ਸਿੰਗਲ ਨੇ ਕੀਤਾ ਹੈ।
Bani Footnote ਡਾ. ਰਾਏਜਸਬੀਰ ਸਿੰਘ, ਭਗਤ ਪੀਪਾ ਜੀ, ਪੰਨਾ ੨੯੬