Guru Granth Sahib Logo
  
ਮਹਾਨ ਕੋਸ਼ ਅਨੁਸਾਰ ਭਗਤ ਪੀਪਾ ਜੀ ਦਾ ਜਨਮ ੧੪੨੬ ਈ. (੧੪੮੩ ਬਿ.) ਨੂੰ ਹੋਇਆ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੭੭੩
ਆਪ ਜੀ ਦੇ ਮਾਤਾ-ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਆਪ ਜੀ ਦੇ ਜਨਮ ਸਥਾਨ ਦਾ ਵੀ ਕੋਈ ਪੱਕਾ ਪਤਾ ਨਹੀਂ ਲੱਗਦਾ। ਕੇਵਲ ਇਹੋ ਜਾਣਕਾਰੀ ਮਿਲਦੀ ਹੈ ਕਿ ਆਪ ਜੀ ਗਾਂਗਰੌਨਗੜ੍ਹ, ਜਿਲ੍ਹਾ ਝਾਲਾਵਾੜ, ਰਾਜਸਥਾਨ ਦੇ ਰਾਜਾ ਸਨ।

ਗਿ. ਗੁਰਦਿੱਤ ਸਿੰਘ ਅਨੁਸਾਰ ਭਗਤ ਪੀਪਾ ਜੀ ਦੇ ਵਡੇ ਭਰਾ ਰਾਜਾ ਅਚਲ ਦਾਸ ‘ਖੀਚੀ’ ਦਾ ਵਿਆਹ ਰਾਣਾ ਕੁੰਭਾ ਦੀ ਭੈਣ ਨਾਲ ਹੋਇਆ ਸੀ। ਰਾਣਾ ਕੁੰਭਾ ਦਾ ਸਮਾਂ ੧੪੧੭-੧੪੬੮ ਈ. (੧੪੭੫-੧੫੨੫ ਬਿ.) ਮੰਨਿਆ ਜਾਂਦਾ ਹੈ। ਇਹ ਪਤਾ ਨਹੀਂ ਲੱਗਦਾ ਕਿ ਪੀਪਾ ਜੀ ਆਪਣੇ ਭਰਾ ਨਾਲੋਂ ਕਿੰਨੇ ਛੋਟੇ ਸਨ? ਪਰ ਇਹ ਗੱਲ ਪੱਕੀ ਹੈ ਕਿ ਆਪ ਜੀ ਭਗਤ ਰਾਮਾਨੰਦ ਜੀ (੧੩੬੬-੧੪੬੭ ਈ.) ਦੇ ਪ੍ਰਮੁੱਖ ਚੇਲਿਆਂ ਦੇ ਸਮਕਾਲੀ ਸਨ। ਆਮ ਤੌਰ ’ਤੇ ੧੫੨੩ ਈ. (੧੫੮੦ ਬਿ.) ਤਕ ਆਪ ਜੀ ਦਾ ਹੋਣਾ ਮੰਨਿਆ ਜਾਂਦਾ ਹੈ।
Bani Footnote ਪ੍ਰਿੰ. ਹਰਭਜਨ ਸਿੰਘ, ਭਗਤ ਪੀਪਾ ਜੀ: ਜੀਵਨ ਤੇ ਵਿਚਾਰਧਾਰਾ, ਸੇ ਭਗਤ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.) ਪੰਨਾ ੧੩੩


ਮਹਾਨ ਕੋਸ਼ ਅਤੇ ਭਗਤ ਦਰਸ਼ਨ ਪੁਸਤਕ ਅਨੁਸਾਰ ਆਪ ਜੀ ਪਹਿਲਾਂ ਦੁਰਗਾ ਦੇਵੀ ਦੇ ਭਗਤ ਸਨ। ਪਰ ਬਾਅਦ ਵਿਚ ਦੇਵੀ-ਪੂਜਾ ਛੱਡ ਦਿੱਤੀ ਅਤੇ ਭਗਤ ਰਾਮਾਨੰਦ ਜੀ (੧੩੬੬-੧੪੬੭ ਈ.) ਤੋਂ ਦੀਖਿਆ ਲੈ ਕੇ ਵਖ-ਵਖ ਤੀਰਥ ਸਥਾਨਾਂ ਦੀ ਯਾਤਰਾ ਕੀਤੀ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੭੭੩; ਗਿ. ਪ੍ਰਤਾਪ ਸਿੰਘ, ਭਗਤ ਦਰਸ਼ਨ, ਪੰਨਾ ੧੦੯-੧੧੧


ਗੁਰੂ ਗ੍ਰੰਥ ਸਾਹਿਬ ਦੇ ਫਰੀਦਕੋਟੀ ਟੀਕੇ (ਜਿਲਦ ੨, ਪੰਨਾ ੧੪੪੦) ਅਨੁਸਾਰ ਆਪ ਜੀ ਟੋਡਰਪੁਰ (ਅਲਵਰ, ਰਾਜਸਥਾਨ)
Bani Footnote ਟੋਡਰਪੁਰ ਰਾਜਸਥਾਨ ਦੇ ਅਲਵਰ ਜਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ। ਪੰਜਾਬ ਦੇ ਪਟਿਆਲਾ, ਮਾਨਸਾ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਵਿਚ ਵੀ ਇਸ ਨਾਮ ਦੇ ਪਿੰਡ ਮਿਲਦੇ ਹਨ। ਇਸ ਬਾਰੇ ਖੋਜ ਕੀਤੇ ਜਾਣ ਦੀ ਲੋੜ ਹੈ ਕਿ ਕੀ ਇਨ੍ਹਾਂ ਪਿੰਡਾਂ ਦਾ ਕੋਈ ਸੰਬੰਧ ਭਗਤ ਪੀਪਾ ਜੀ ਦੇ ਟੋਡਰਪੁਰ ਨਾਲ ਹੈ?
ਦੇ ਰਾਜਾ ਸਨ। ਪਰ ਹੋਰ ਕਿਸੇ ਸ੍ਰੋਤ ਤੋਂ ਭਗਤ ਪੀਪਾ ਜੀ ਦੇ ਟੋਡਰਪੁਰ ਦੇ ਰਾਜਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਹ ਵੀ ਸੰਭਵ ਹੈ ਕਿ ਟੋਡਰਪੁਰ ਵੀ ਉਨ੍ਹਾਂ ਦੇ ਰਾਜ ਵਿਚ ਸ਼ਾਮਲ ਹੋਵੇ ਜਾਂ ਰਾਜ ਦੀ ਰਾਜਧਾਨੀ ਹੋਵੇ।

ਰਾਮ ਸਨੇਹੀ, ਦਾਦੂ ਪੰਥੀ, ਮੀਣਾ, ਵੈਸ਼ਨਵ ਆਦਿ ਸੰਪਰਦਾਵਾਂ ਦੇ ਲਿਖਾਰੀਆਂ ਵੱਲੋਂ ਭਗਤ ਪੀਪਾ ਜੀ ਦਾ ਜਿਕਰ ਇਕ ਚੰਗੇ ਸਾਧਕ ਦੇ ਤੌਰ ’ਤੇ ਕੀਤਾ ਗਿਆ ਹੈ। ਮੁੱਖ ਰੂਪ ਵਿਚ ਆਪ ਜੀ ਦੇ ਜੀਵਨ ਦਾ ਵਿਸਤ੍ਰਿਤ ਵੇਰਵਾ ਆਪ ਜੀ ਦੇ ਭਤੀਜੇ ਅਨੰਤਦਾਸ
Bani Footnote ਡਾ. ਬੀ. ਪੀ. ਸ਼ਰਮਾ (ਭਕਤ ਰਤਨਾਵਲੀ, ਪੰਨਾ ੧੭)’ ਨੇ ਅਨੰਤਦਾਸ ਨੂੰ ਭਗਤ ਪੀਪਾ ਜੀ ਦਾ ਪੋਤਾ ਅਤੇ ਅਚਲਦਾਸ ਖੀਚੀ ਦਾ ਭਰਾ ਲਿਖਿਆ ਹੈ। ਪ੍ਰੰਤੂ, ਉਨ੍ਹਾਂ ਨੇ ਇਨ੍ਹਾਂ ਦੋਹਾਂ ਦੇ ਪਿਤਾ ਦਾ ਕੋਈ ਜ਼ਿਕਰ ਨਹੀਂ ਕੀਤਾ। ਪਰਸ਼ੂਰਾਮ ਚਤੁਰਵੇਦੀ (ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ ੧੭੧) ਅਤੇ ਗਿ. ਗੁਰਦਿੱਤ ਸਿੰਘ (ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੭੪) ਨੇ ਅਚਲਦਾਸ ਖੀਚੀ ਨੂੰ ਭਗਤ ਪੀਪਾ ਜੀ ਦਾ ਵਡਾ ਭਰਾ ਲਿਖਿਆ ਹੈ। ਪ੍ਰੰਤੂ, ਇਨ੍ਹਾਂ ਦੋਹਾਂ ਨੇ ਅਚਲਦਾਸ ਨਾਲ ਅਨੰਤਦਾਸ ਦੇ ਸੰਬੰਧਾਂ ਦਾ ਜ਼ਿਕਰ ਨਹੀਂ ਕੀਤਾ। ਗਿ. ਗੁਰਦਿੱਤ ਸਿੰਘ ਨੇ ਆਪਣੀ ਉਪਰੋਕਤ ਪੁਸਤਕ (ਪੰਨਾ ੨੭੭) ਵਿਚ ਅਨੰਤਦਾਸ ਨੂੰ ਭਗਤ ਪੀਪਾ ਜੀ ਦਾ ਭਤੀਜਾ ਲਿਖਿਆ ਹੈ। ਜੇਕਰ ਅਚਲਦਾਸ ਨੂੰ ਭਗਤ ਪੀਪਾ ਜੀ ਦਾ ਭਰਾ ਅਤੇ ਅਨੰਤਦਾਸ ਨੂੰ ਅਚਲਦਾਸ ਦਾ ਪੁਤਰ ਮੰਨਿਆ ਜਾਵੇ ਤਾਂ ਗਿ. ਗੁਰਦਿੱਤ ਸਿੰਘ ਦਾ ਵਿਚਾਰ ਜਿਆਦਾ ਢੁਕਵਾਂ ਹੋ ਸਕਦਾ ਹੈ। ਫਿਰ ਵੀ ਇਸ ਬਾਰੇ ਹੋਰ ਖੋਜ ਦੀ ਲੋੜ ਹੈ।
ਨੇ ‘ਭਕਤ ਰਤਨਾਵਲੀ’ ਵਿਚਲੀ ‘ਪੀਪਾ ਪਰਚਈ’ (੧੫੮੮ ਈ.) ਵਿਚ ਦਿੱਤਾ ਹੈ। ‘ਪੀਪਾ ਪਰਚਈ’ ਅਨੁਸਾਰ ਵੀ ਭਗਤ ਪੀਪਾ ਜੀ ਗਾਂਗਰੌਨਗੜ੍ਹ ਦੇ ਰਾਜਾ ਸਨ ਅਤੇ ਜਾਲਪਾ (ਦੁਰਗਾ ਦਾ ਇਕ ਨਾਮ) ਦੇਵੀ ਦੇ ਪੂਜਕ ਸਨ। ਕਿਸੇ ਵੈਸ਼ਨਵ ਸਾਧੂ ਦੀ ਸੰਗਤ ਨਾਲ ਆਪ ਜੀ ਨੇ ਦੇਵੀ-ਪੂਜਾ ਤਿਆਗ ਦਿੱਤੀ। ਫਿਰ ਕਾਸ਼ੀ (ਉੱਤਰ ਪ੍ਰਦੇਸ਼) ਜਾ ਕੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ ਅਤੇ ਵਾਪਸ ਗਾਂਗਰੌਨਗੜ੍ਹ ਆ ਗਏ। ਇਸ ਤੋਂ ਇਕ ਸਾਲ ਬਾਅਦ ਰਾਮਾਨੰਦ ਜੀ ਭਗਤ ਕਬੀਰ, ਭਗਤ ਰਵਿਦਾਸ ਆਦਿ ਭਗਤਾਂ ਸਮੇਤ ਭਗਤ ਪੀਪਾ ਜੀ ਨੂੰ ਮਿਲਣ ਆਏ ਤਾਂ ਭਗਤ ਪੀਪਾ ਜੀ ਘਰ-ਬਾਰ ਛਡ ਕੇ ਰਾਮਾਨੰਦ ਜੀ ਦੇ ਨਾਲ ਹੀ ਚੱਲ ਪਏ। ਆਪ ਜੀ ਦੀ ਪਤਨੀ (ਸੀਤਾ) ਵੀ ਨਾਲ ਹੀ ਚੱਲ ਪਈ। ਆਪਣੀ ਪਤਨੀ ਨਾਲ ਆਪ ਜੀ ਨੇ ਭਾਰਤ ਦੇ ਵਖ-ਵਖ ਧਾਰਮਕ ਸਥਾਨਾਂ ਦੀ ਯਾਤਰਾ ਵੀ ਕੀਤੀ।
Bani Footnote ਡਾ. ਬੀ. ਪੀ. ਸ਼ਰਮਾ (ਸੰਪਾ.), ਭਕਤ ਰਤਨਾਵਲੀ (ਨਾਮਦੇਵ, ਤ੍ਰਿਲੋਚਨ, ਅਗਦ, ਧੰਨਾ, ਰਵਿਦਾਸ, ਕਬੀਰ, ਪੀਪਾ), ਪੰਨਾ ੭੩-੮੬, ੫੬-੧੧੨
ਯਾਤਰਾ ਦੌਰਾਨ ਆਪ ਜੀ ਨੂੰ ਵਖ-ਵਖ ਲੋਕਾਂ ਦੇ ਮਿਲਣ ਦੀਆਂ ਬਹੁਤ ਸਾਰੀਆਂ ਕਹਾਣੀਆਂ ਮਿਲਦੀਆਂ ਹਨ। ਇਹ ਕਹਾਣੀਆਂ ਭਗਤ ਪੀਪਾ ਜੀ ਨੂੰ ਬਰਾਬਰੀ, ਭਾਈਚਾਰਕ ਸਾਂਝ ਅਤੇ ਬਿਬੇਕ-ਬੁਧੀ ਦਾ ਮੁਜੱਸਮਾ ਦਰਸਾਉਂਦੀਆਂ ਹਨ।
Bani Footnote ਮੈਕਸ ਆਰਥਰ ਮੈਕਾਲਿਫ, ਸਿੱਖ ਧਰਮ, ਗੁਰੂ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਹਾਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯੋਗਦਾਨੀ ਭਗਤ), ਡਾ. ਧਰਮ ਸਿੰਘ (ਅਨੁ.), ਪੰਨਾ ੨੯੬
ਆਪ ਜੀ ਹਿੰਦੁਸਤਾਨ ਦੇ ਵਖ-ਵਖ ਸਥਾਨਾਂ ’ਤੇ ਵਿਚਰਦੇ ਹੋਏ ਰਾਜਸਥਾਨ ਦੇ ਟੋਡਾ ਨਗਰ ਪੁੱਜੇ ਅਤੇ ਇਕ ਮੰਦਰ ਵਿਚ ਰਹਿਣ ਲੱਗ ਪਏ। ਉਥੋਂ ਦਾ ਸੂਰ ਨਾਮੀ ਰਜਵਾੜਾ ਆਪ ਜੀ ਤੋਂ ਪ੍ਰਭਾਵਤ ਹੋ ਕੇ ਆਪ ਜੀ ਦਾ ਸਿਖ ਬਣ ਗਿਆ। ਆਪ ਜੀ ਦਾ ਦੇਹਾਂਤ ੧੫੨੩ ਈ. (੧੫੮੦ ਬਿ.) ਵਿਚ ਹੋਇਆ।
Bani Footnote ਪ੍ਰਿੰ. ਹਰਭਜਨ ਸਿੰਘ, ਭਗਤ ਪੀਪਾ ਜੀ: ਜੀਵਨ ਤੇ ਵਿਚਾਰਧਾਰਾ, ਸੇ ਭਗਤ ਸਤਿਗੁਰ ਮਨਿ ਭਾਏ, ਰੂਪ ਸਿੰਘ (ਸੰਪਾ.) ਪੰਨਾ ੧੩੩


ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਨਾਲ ਮੇਲ
ਅਨੰਤਦਾਸ ਨੇ ਭਗਤ ਪੀਪਾ ਜੀ ਦਾ ਮੇਲ ਗੁਰੂ ਨਾਨਕ ਸਾਹਿਬ ਨਾਲ ਹੋਇਆ ਦੱਸਿਆ ਹੈ। ਉਨ੍ਹਾ ਅਨੁਸਾਰ ਪੁਸ਼ਕਰ (ਰਾਜਸਥਾਨ) ਤੋਂ ਕਾਸ਼ੀ (ਉੱਤਰ ਪ੍ਰਦੇਸ਼) ਜਾਣ ਵੇਲੇ ਯਾਤਰੀਆਂ ਅਤੇ ਸਾਧੂਆਂ ਦਾ ਇਕ ਕਾਫਲਾ ਟੋਡਾ ਨਗਰ ਵਿਖੇ ਭਗਤ ਪੀਪਾ ਜੀ ਨੂੰ ਮਿਲਿਆ। ਇਸ ਕਾਫਲੇ ਵਿਚ ਪੰਜਨਦ (ਪੰਜਾਬ) ਤੋਂ ਆਇਆ ਇਕ ਜੁਆਨ ਸਾਧੂ (ਗੁਰੂ ਨਾਨਕ ਸਾਹਿਬ) ਸਭ ਤੋਂ ਵਧ ਪ੍ਰਭਾਵਸ਼ਾਲੀ ਸੀ। ਇਸ ਪੁਸਤਕ ਦੇ ਸੰਪਾਦਕ ਡਾ. ਬੀ.ਪੀ. ਸ਼ਰਮਾ ਇਸ ਪ੍ਰਸੰਗ ਨੂੰ ਹੋਰ ਵਿਸਥਾਰ ਦਿੰਦਿਆਂ ਹੋਇਆਂ ਆਪਣੇ ਨੋਟ ਵਿਚ ਲਿਖਦੇ ਹਨ:
ਇਨ੍ਹਾਂ ਹਰੀ-ਭਗਤ ਯਾਤਰੀਆਂ ਦਾ ਰਸਤੇ ਵਿਚ ਹੋਣ ਵਾਲਾ ਖਰਚਾ ਸਮਾਪਤ ਹੋ ਗਿਆ ਸੀ। ਇਨ੍ਹਾਂ ਵਿਚ ਇਕ ਗੋਰੇ ਰੰਗ ਦਾ ਨੌਜਵਾਨ ਫਕੀਰ ਵੀ ਸੀ। ਉਸ ਦੇ ਨੈਣ ਰੱਬੀ-ਅਨੁਭਵ ਵਿਚ ਰੱਤੇ ਹੋਏ ਸਨ। ਉਸ ਦੀ ਜੀਭ ਹਰ ਵੇਲੇ ਰਾਮ-ਨਾਮ ਦੇ ਰਸ ਦਾ ਅਨੰਦ ਮਾਣਦੀ ਸੀ। ਉਹ ਨੌਜਵਾਨ ਫਕੀਰ ਪੰਜਨਦ (ਪੰਜਾਬ) ਤੋਂ ਪੁਸ਼ਕਰ ਦੇ ਯਾਤਰੀਆਂ ਵਿਚ ਸ਼ਾਮਲ ਹੋਇਆ ਸੀ। ਪੀਪਾ ਜੀ ਨੇ ਸਾਰੇ ਹਰੀ ਭਗਤਾਂ ਦਾ ਸਵਾਗਤ ਕੀਤਾ। ਉਨ੍ਹਾਂ ਨਾਲ ਗਲੇ ਮਿਲਕੇ ਹਿਰਦਾ ਸ਼ਾਂਤ ਹੋ ਗਿਆ। ਉਸ ਨੌਜਵਾਨ ਫਕੀਰ ਦਾ ਮਾਲਾ-ਤਿਲਕ ਨਾਲ ਵਿਸ਼ੇਸ਼ ਸਵਾਗਤ ਕੀਤਾ ਗਿਆ। ਪਖਾਵਜ ਅਤੇ ਲੈਅ-ਤਾਲ ਉਪਰ ਕੀਰਤਨ ਹੋਇਆ। ਉਹ ਨੌਜਵਾਨ ਫਕੀਰ ਗੁਰੂ ਨਾਨਕ ਸਾਹਿਬ ਹੀ ਸਨ, ਜਿਨ੍ਹਾਂ ਦੀ ਪਹਿਲੀ ਉਦਾਸੀ ੧੪੯੫-੯੬ ਈ. (੧੫੫੨-੫੩ ਬਿ.) ਦੇ ਲਗਭਗ ਅਰੰਭ ਹੁੰਦੀ ਹੈ।
Bani Footnote ਡਾ. ਬੀ. ਪੀ. ਸ਼ਰਮਾ (ਸੰਪਾ.), ਭਕਤ ਰਤਨਾਵਲੀ (ਨਾਮਦੇਵ, ਤ੍ਰਿਲੋਚਨ, ਅਗਦ, ਧੰਨਾ, ਰਵਿਦਾਸ, ਕਬੀਰ, ਪੀਪਾ), ਪੰਨਾ ੮੪-੮੫


ਗਿ. ਗੁਰਦਿੱਤ ਸਿੰਘ ਨੇ ਸਿਖ ਸਾਹਿਤ ਅਤੇ ਹੋਰ ਕਈ ਗ੍ਰੰਥਾਂ ਦੇ ਅਧਾਰ ’ਤੇ ਭਗਤ ਪੀਪਾ ਜੀ ਦੀ ਸ਼ਖਸੀਅਤ ਉਪਰ ਗੁਰੂ ਨਾਨਕ ਸਾਹਿਬ ਦਾ ਪ੍ਰਭਾਵ ਦਰਸਾਇਆ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਭਗਤ ਪੀਪਾ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਦੇ ਹਵਾਲੇ ਵੀ ਦਿੱਤੇ ਹਨ। ਗਿ. ਗੁਰਦਿੱਤ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਭਾਈ ਮਿਹਰਬਾਨ ਵਾਲੀ ਜਨਮਸਾਖੀ ਵਿਚ ਵੀ ਕਈ ਥਾਂਈ ਗੁਰੂ ਸਾਹਿਬ ਨੂੰ ਮਿਲਣ ਵਾਲੇ ਭਗਤਾਂ ਵਿਚ ਪੀਪਾ ਜੀ ਦਾ ਨਾਮ ਆਉਂਦਾ ਹੈ। ਇਨ੍ਹਾਂ ਭਗਤਾਂ ਵਿਚ ਭਗਤ ਰਾਮਾਨੰਦ ਜੀ ਅਤੇ ਉਨ੍ਹਾਂ ਦੇ ਪ੍ਰਮੁੱਖ ਚੇਲੇ ਸ਼ਾਮਲ ਹਨ। ਪੀਪਾ ਜੀ ਦਾ ਆਪਣੇ ਗੁਰ-ਭਾਈਆਂ, ਖਾਸ ਕਰ ਕੇ ਭਗਤ ਕਬੀਰ ਜੀ, ਨਾਲ ਬਹੁਤ ਪਿਆਰ ਸੀ। ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ ਦੇ ਨਾਲ-ਨਾਲ, ਗੁਰੂ ਨਾਨਕ ਸਾਹਿਬ ਨੂੰ ਵੀ ਆਪਣਾ ਗੁਰੂ ਮੰਨਦੇ ਸਨ ਅਤੇ ਗੁਰੂ ਸਾਹਿਬ ਤੋਂ ਮਿਲੇ ‘ਸਤਿਨਾਮ’ ਦੇ ਉਪਦੇਸ ਦਾ ਪ੍ਰਚਾਰ ਕਰਦੇ ਸਨ। ਇਨ੍ਹਾਂ ਭਗਤਾਂ ਦੀ ਸੰਗਤ ਕਾਰਣ ਭਗਤ ਪੀਪਾ ਜੀ ਦਾ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਵਿਚ ਦ੍ਰਿੜ ਵਿਸ਼ਵਾਸ ਬੱਝ ਗਿਆ। ਗਿ. ਗੁਰਦਿੱਤ ਸਿੰਘ ਨੇ ਭਗਤ ਪੀਪਾ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਦੇ ਕੁਝ ਪਦਿਆਂ ਦਾ ਪਾਠ ਦਿੱਤਾ ਹੈ। ਇਹ ਪਾਠ ਗੁਰੂ ਗ੍ਰੰਥ ਸਾਹਿਬ ਵਿਚਲੇ ਇਨ੍ਹਾਂ ਦੇ ਸਬਦ ਤੋਂ ਕੁਝ ਭਿੰਨ ਹੈ, ਪਰ ਸਤਿਗੁਰੂ ਤੋਂ ਬਲਿਹਾਰੀ ਜਾਣ ਅਤੇ ਸਰੀਰ ਵਿਚੋਂ ਅਨੁਭਵ ਕਰਨ ’ਤੇ ਜੋਰ ਦੇਣ ਵਾਲਾ ਬੁਨਿਆਦੀ ਨੁਕਤਾ ਗੁਰੂ ਗ੍ਰੰਥ ਸਾਹਿਬ ਵਾਲਾ ਹੀ ਹੈ:
੧.ਸੁਨ ਪੀਪਾ ਸਤਿਗੁਰ ਬਲਿਹਾਰੀ। ਜਾ ਕੈ ਸਬਦੈ ਮਿਲੇ ਮੁਰਾਰੀ॥
ਸੁਨ ਪੀਪਾ ਸਤਿਗੁਰ ਬਲਿਹਾਰੀ। ਜਾ ਕੈ ਸਬਦੈ ਮਿਲੇ ਮੁਰਾਰੀ॥
੨.ਕਾਯਾ ਮਾਹੇ ਅਠਸਠ ਤੀਰਥ, ਕਾਯਾ ਮਾਹੇ ਕਾਸੀ।
ਕਾਯਾ ਮਾਹਿ ਕਮਲਾ ਪਤੀ ਬੈਕੁੰਠ ਵਾਸੀ॥੨॥
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵੈ।
ਪੀਪਾ ਪ੍ਰਣਵੈ ਪਰਮ ਤਤ ਰੇ ਸਤਗੁਰ ਮਿਲੈ ਤਤ ਲਖਾਵੈ॥੩॥

ਗਿ. ਗੁਰਦਿੱਤ ਸਿੰਘ ਭਗਤ ਪੀਪਾ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਦਰਲੀ ਅਤੇ ਬਾਹਰਲੀ ਬਾਣੀ ਦੇ ਹਵਾਲੇ ਨਾਲ ਆਪ ਜੀ ਨੂੰ ਨਿਰਗੁਣਵਾਦੀ ਭਗਤ ਦਰਸਾਉਂਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਪੀਪਾ ਜੀ ਗੁਰੂ ਨਾਨਕ ਸਾਹਿਬ ਦੇ ਮੇਲ ਕਾਰਣ ਹੀ ਨਿਰਗੁਣਵਾਦੀ ਬਣੇ ਸਨ। ਇਹ ਤੱਥ ਉਨ੍ਹਾਂ ਦੀ ਬਾਣੀ ਤੋਂ ਵੀ ਪ੍ਰਮਾਣਤ ਹੋ ਜਾਂਦਾ ਹੈ। ਭਗਤ ਪੀਪਾ ਜੀ ਨੇ ਆਪਣੇ ਸਮਕਾਲੀ ਭਗਤਾਂ ਰਵਿਦਾਸ ਅਤੇ ਕਬੀਰ ਜੀ ਆਦਿ ਦੀ ਉਸਤਤਿ ਕਰਦਿਆਂ ਉਨ੍ਹਾਂ ਹੱਥੋਂ ਨਿਰਗੁਣ ਭਗਤੀ ਦੀ ਔਸ਼ਧੀ (ਦਵਾਈ) ਪੀਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਸਰਗੁਣ ਉਪਾਸ਼ਨਾ ਨੂੰ ਮਿੱਠਾ ਜ਼ਹਿਰ ਦੱਸਿਆ ਹੈ, ਜਿਸ ਨਾਲ ਆਤਮਕ ਰੋਗ ਵਧਦੇ ਹਨ। ਸਤਿਨਾਮ ਵਡਾ ਹੈ, ਜਿਸ ਦੀ ਪ੍ਰਾਪਤੀ ਸਤਿਗੁਰੂ ਰਾਹੀਂ ਹੁੰਦੀ ਹੈ। ਭਗਤ ਕਬੀਰ ਅਤੇ ਭਗਤ ਰਵਿਦਾਸ ਜੀ (ਰੈਦਾਸ) ਬਾਰੇ ਇਥੋਂ ਤਕ ਕਿਹਾ ਹੈ ਕਿ ਜੇਕਰ ਉਹ ਨਾ ਹੁੰਦੇ ਤਾਂ ਲੋਕ ਵੇਦ (ਚਾਰਵਾਕ) ਅਤੇ ਕਲਜੁਗ ਦੇ ਸਮੇਂ ਨੇ ਭਗਤੀ ਨੂੰ ਮਿਟਾ ਦੇਣਾ ਸੀ। ਇਸ ਸਮੇਂ ਬ੍ਰਾਹਮਣ (ਪਾਡੇ) ਨੇ ਵੀ ਤਰਕ ਵਿਤਰਕ ਵਿਚ ਲਾ ਕੇ ਭਗਤੀ ਦਾ ਫਲ ਨਿਸ਼ਚਿਤ ਕਰ ਦਿੱਤਾ ਸੀ:

ਜੋ ਕਲਿ ਰੈਦਾਸ ਕਬੀਰ ਨਾ ਹੋਤੇ,
ਜੌ [ਤੌ] ਲੋਕਵੇਦ ਅਰ ਕਲਿਜੁਗ ਮਿਲਿ ਕਰ, ਭਗਤਿ ਰਸਾਤਲਿ ਦੇਤੇ ॥ਟੇਕ॥
ਅਗਮ ਨਿਗਮ ਕੀ ਕਹਿ ਕਹਿ ਪਾਡੇ, ਫਲ ਭਾਗੌਤ ਲਗਾਯਾ।
ਰਾਜਸ ਤਾਮਸ ਸਾਤਕ ਕਥਿ ਕਥਿ, ਹਮਹਿ ਭਰਮ ਭੁਲਾਯਾ॥੧॥

ਡਾ. ਰਾਏਜਸਬੀਰ ਸਿੰਘ ਨੇ ਵੀ ਅਨੰਤਦਾਸ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਅਤੇ ਭਗਤ ਪੀਪਾ ਜੀ ਦੇ ਮਿਲਾਪ ਦਾ ਜਿਕਰ ਕੀਤਾ ਹੈ।
Bani Footnote ਡਾ. ਰਾਏਜਸਬੀਰ ਸਿੰਘ, ਭਗਤ ਪੀਪਾ ਜੀ, ਪੰਨਾ ੨੯੯
ਪਰ ਇਥੇ ਇਹ ਵੀ ਵਰਨਣਜੋਗ ਹੈ ਕਿ ਵਿਨੈਂਦ ਐਮ. ਕੈਲਵਰਟ (Winand M. Callewaert) ਦੁਆਰਾ ਅਨੰਤਦਾਸ ਦੀਆਂ ਪਰਚੀਆਂ ਦੀ ਸੰਪਾਦਤ ਇਕ ਹੋਰ ਪੁਸਤਕ ‘ਦਿ ਹੈਜਿਓਗ੍ਰਾਫੀਜ਼ ਆਫ ਅਨੰਤਦਾਸ: ਦਿ ਭਗਤੀ ਪੋਇਟਸ ਆਫ ਨੌਰਥ ਇੰਡਿਆ’ ਵਿਚ ਗੁਰੂ ਨਾਨਕ ਸਾਹਿਬ ਨਾਲ ਭਗਤ ਪੀਪਾ ਜੀ ਦੇ ਮਿਲਾਪ ਵੱਲ ਇਸ਼ਾਰਾ ਕਰਦਾ ਉਹ ਪਾਠ ਨਹੀਂ ਹੈ, ਜਿਸ ਨੂੰ ਗਿ. ਗੁਰਦਿੱਤ ਸਿੰਘ ਅਤੇ ਡਾ. ਰਾਏਜਸਬੀਰ ਸਿੰਘ ਨੇ ਆਪਣੀਆਂ ਪੁਸਤਕਾਂ ਵਿਚ ਦਿੱਤਾ ਹੈ। ਪਰ ਇਹ ਨਿਸ਼ਚਿਤ ਹੈ ਕਿ ਚੰਡੀਗੜ੍ਹ ਵਾਲੀ ਪੁਸਤਕ (ਭਕਤ ਰਤਨਾਵਲੀ) ਦਾ ਅਧਾਰ ਕੋਈ ਵਖਰੀ ਹਥ ਲਿਖਤ ਜਾਂ ਪਤ੍ਰੀ ਹੈ, ਜਿਸ ਨੂੰ ਕੈਲਵਰਟ ਨੇ ਆਪਣੀ ਪੁਸਤਕ ਵਿਚ ਸ਼ਾਮਲ ਨਹੀਂ ਕੀਤਾ ਜਾਂ ਕਿਸੇ ਕਾਰਣ ਕੁਝ ਪਾਠ ਛੱਡ ਦਿੱਤਾ ਹੈ।

ਪ੍ਰੋ. ਸਾਹਿਬ ਸਿੰਘ ਵੀ ਇਸ ਮੇਲ ਸੰਬੰਧੀ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਉਹ ਸਾਰੇ ਅਸਥਾਨ ਵੇਖੇ, ਜਿਹੜੇ ਧਰਮ-ਪ੍ਰਚਾਰ ਦਾ ਸੋਮਾ ਅਖਵਾਉਂਦੇ ਸਨ। ਭਗਤ ਸਾਹਿਬਾਨ ਆਪੋ-ਆਪਣੇ ਟਿਕਾਣਿਆਂ ਤੋਂ ਲੋਕਾਂ ਨੂੰ ਪ੍ਰਭੂ-ਭਗਤੀ ਦਾ ਚਾਨਣ ਵੰਡ ਰਹੇ ਸਨ। ਇਸ ਲਈ ਇਹ ਨਹੀਂ ਹੋ ਸਕਦਾ ਕਿ ਰੱਬੀ ਨੂਰ ਦੇ ਆਸ਼ਕ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਤੋਂ ਉਹ ਚਾਨਣ, ਜਿਸ ਨੂੰ ਉਹ ਆਪ ਪਿਆਰ ਕਰਦੇ ਸਨ, ਉਹਲੇ ਰਹਿ ਜਾਂਦਾ।
Bani Footnote ਪ੍ਰੋ. ਸਾਹਿਬ ਸਿੰਘ, ਭਗਤ-ਬਾਣੀ ਸਟੀਕ, ਹਿੱਸਾ ਪਹਿਲਾ, ਪੰਨਾ ੧੦੩-੧੦੫


ਗੁਰੂ ਨਾਨਕ ਸਾਹਿਬ ਨੇ ਸਰਗੁਣ ਭਗਤੀ ਦੀ ਥਾਂ ਨਿਰਗੁਣ ਭਗਤੀ ਉੱਪਰ ਜੋਰ ਦਿੱਤਾ। ਉਨ੍ਹਾਂ ਦੇ ਸੰਪਰਕ ਵਿਚ ਆਏ ਉਨ੍ਹਾਂ ਦੇ ਸਮਕਾਲੀ ਸਾਰੇ ਹੀ ਭਗਤਾਂ ਨੇ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਿਆ। ਉਪਰੋਕਤ ਹਵਾਲਿਆਂ ਤੋਂ ਵੀ ਇਹੀ ਸਪਸ਼ਟ ਹੁੰਦਾ ਹੈ ਕਿ ਭਗਤ ਪੀਪਾ ਜੀ ਉਪਰ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦਾ ਪ੍ਰਭਾਵ ਜਰੂਰ ਪਿਆ ਹੋਵੇਗਾ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਭਗਤ ਪੀਪਾ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚਲਾ ਆਪਣਾ ਸ਼ਬਦ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਹੀ ਉਚਾਰਿਆ ਹੋਵੇ।

ਇਸ ਸ਼ਬਦ ਦੇ ਉਚਾਰਣ ਸਥਾਨ ਅਤੇ ਸਮੇਂ (ਉਥਾਨਕਾ) ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।

ਭਗਤ ਪੀਪਾ ਜੀ ਦੇ ਸ਼ਬਦ ਸੰਬੰਧੀ ਸ਼ੰਕਿਆਂ ਤੇ ਪ੍ਰੋ. ਸਾਹਿਬ ਸਿੰਘ ਦੇ ਵਿਚਾਰ
ਪ੍ਰੋ. ਸਾਹਿਬ ਸਿੰਘ ਨੇ ਭਗਤ ਪੀਪਾ ਜੀ ਦੇ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦ ਸੰਬੰਧੀ ਕਿਸੇ ਸੱਜਣ ਵੱਲੋਂ ਕੀਤੇ ਸ਼ੰਕਿਆਂ ਦਾ ਉਲੇਖ ਵੀ ਕੀਤਾ ਹੈ ਅਤੇ ਉਨ੍ਹਾਂ ਦਾ ਜੁਆਬ ਵੀ ਦਿੱਤਾ ਹੈ। ਉਨ੍ਹਾਂ ਅਨੁਸਾਰ ਇਕ ਸੱਜਣ ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਕੇ ਲਿਖਦੇ ਹਨ ਕਿ “ਇਹ ਸ਼ਬਦ ਵੇਦਾਂਤ ਮਤ ਦਾ ਹੈ ਅਰ ਗੋਸਾਈਂ ਰਾਮਾਨੰਦ ਜੀ ਦੀ ਰਚਨਾ ਨਾਲ ਮਿਲਦਾ ਜੁਲਦਾ ਹੈ, ਮਾਨੋ, ਦੋਵੇਂ ਸ਼ਬਦ ਇਕ ਦੀ ਰਚਨਾ ਹਨ। ਭਗਤ ਜੀ ਕਾਇਆਂ ਵਿਚ ਰੱਬ ਮੰਨਦੇ ਹਨ। [ਇਹ] ਮੈਂ ਬ੍ਰਹਮ ਹਾਂ (ਅਹੰ ਬ੍ਰਹਮ ਅਸਮੀ) ਦਾ ਸਿਧਾਂਤ ਹੈ। ਇਸ ਸ਼ਬਦ ਅੰਦਰ ਪ੍ਰੇਮਾ ਭਗਤੀ ਦਾ ਲੇਸ ਬਿਲਕੁਲ ਨਹੀਂ, ਕੇਵਲ ਗਿਆਨ ਵਿਚਾਰ ਚਰਚਾ ਹੈ। ਵੇਦਾਂਤੀ ਮੂੰਹ-ਜ਼ਬਾਨੀ ਲੇਖਾ ਪੱਤਾ ਨਿਬੇੜ ਕੇ ਆਪਣੇ ਆਪ ਨੂੰ ਹੀ ਰੱਬ ਕਲਪਤ ਕਰਦੇ ਹਨ, ਪਰ ਗੁਰਮਤਿ ਅੰਦਰ ਇਸ ਆਸ਼ੇ ਦਾ ਪੂਰਨ ਤੌਰ ਪਰ ਖੰਡਨ ਹੈ। ਵੇਦਾਂਤ ਮਤ ਹਉਮੈ ਹੰਕਾਰ ਦੀ ਗਠੜੀ ਹੈ। ਗੁਰਮਤਿ ਅਤੇ ਵੇਦਾਂਤ ਮਤ ਵਿਚ ਦਿਨ ਰਾਤ ਦਾ ਫਰਕ ਹੈ।”
Bani Footnote ਪ੍ਰੋ. ਸਾਹਿਬ ਸਿੰਘ, ਭਗਤ-ਬਾਣੀ ਸਟੀਕ, ਹਿੱਸਾ ਪਹਿਲਾ, ਪੰਨਾ ੧੦੩


ਉਪਰੋਕਤ ਸ਼ੰਕਿਆਂ ਦਾ ਜੁਆਬ ਦਿੰਦਿਆਂ ਪ੍ਰੋ. ਸਾਹਿਬ ਸਿੰਘ ਲਿਖਦੇ ਹਨ ਕਿ ਇਤਰਾਜ ਕਰਨ ਵਾਲੇ ਸੱਜਣ ਜੀ ਨੇ ਇਤਰਾਜ ਕਰਨ ਵਿਚ ਕੁਝ ਕਾਹਲ ਕੀਤੀ ਹੈ। ਉਸ ਨੂੰ ਤਾਂ ‘ਪ੍ਰੇਮਾ-ਭਗਤੀ ਦਾ ਲੇਸ’ ਵੀ ਨਹੀਂ ਲੱਭਾ, ਪਰ ਭਗਤ ਜੀ ਨੇ ‘ਰਹਾਉ’ ਦੀ ਤੁਕ ਵਿਚ ਸ਼ਬਦ ਦਾ ਮੁੱਖ ਭਾਵ ਹੀ ਇਹ ਦੱਸਿਆ ਹੈ ਕਿ ਮੰਦਰ ਵਿਚ ਜਾ ਕੇ ਮੂਰਤੀ-ਪੂਜਾ ਕਰਨ ਦੀ ਥਾਂ ਆਪਣੇ ਸਰੀਰ ਦੇ ਅੰਦਰ ‘ਰਾਮ ਕੀ ਦੁਹਾਈ’ ਮਚਾ ਦਿਉ। ਏਨੀਂ ਤੀਬਰ ਯਾਦ ਵਿਚ ਜੁੜੋ ਕਿ ਕਿਸੇ ਹੋਰ ਦੀ ਪੂਜਾ ਦਾ ਫੁਰਨਾ ਉਠੇ ਹੀ ਨਾ, ਅੰਦਰ ਰਾਮ ਹੀ ਰਾਮ ਦੀ ਲਿਵ ਬਣ ਜਾਏ। ਇਤਰਾਜ ਕਰਨ ਵਾਲੇ ਸੱਜਣ ਨੂੰ ਇਸ ਸ਼ਬਦ ਵਿਚ ਵੇਦਾਂਤ ਮਤ ਦਿਸਿਆ ਹੈ। ਪ੍ਰੰਤੂ ਭਗਤ ਜੀ ਨੇ ਆਪਣੇ ਰੱਬ ਬਾਰੇ ਤਿੰਨ ਗੱਲਾਂ ਸਾਫ ਕਹੀਆਂ ਹਨ ਕਿ ਰੱਬ ਮਨੁਖਾ ਸਰੀਰ ਵਿਚ ਅਤੇ ਸਾਰੇ ਬ੍ਰਹਿਮੰਡ ਵਿਚ ਵਸਦਾ ਹੈ। ਉਹ ਪਰਮਾਤਮਾ ਹੀ ਪਰਮ ਤੱਤ, ਭਾਵ ਸਾਰੀ ਰਚਨਾ ਦਾ ਮੂਲ-ਕਾਰਣ ਹੈ। ਉਹ ਬ੍ਰਹਿਮੰਡ ਵਿਚ ਨਿਰਾ ਵਸਦਾ ਹੀ ਨਹੀਂ ਬਲਕਿ ਬ੍ਰਹਿਮੰਡ ਨੂੰ ਬਣਾਉਣ ਵਾਲਾ ਵੀ ਹੈ। ਨਿਚੋੜ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਸ਼ਬਦ ਅਤੇ ਗੁਰਮਤਿ ਵਿਚ ਕੋਈ ਫਰਕ ਨਹੀਂ ਹੈ।
Bani Footnote ਪ੍ਰੋ. ਸਾਹਿਬ ਸਿੰਘ, ਭਗਤ-ਬਾਣੀ ਸਟੀਕ, ਹਿੱਸਾ ਪਹਿਲਾ, ਪੰਨਾ ੧੦੫