Guru Granth Sahib Logo
  
ਰਾਗ ਵਡਹੰਸੁ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਵਡਹੰਸੁ ਰਾਗ ਨੂੰ ਤਰਤੀਬ ਅਨੁਸਾਰ ਅੱਠਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੫੫੭ ਤੋਂ ੫੯੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੩, ਗੁਰੂ ਅਮਰਦਾਸ ਸਾਹਿਬ ਦੇ ੬੧, ਗੁਰੂ ਰਾਮਦਾਸ ਸਾਹਿਬ ਦੇ ੩੦ ਅਤੇ ਗੁਰੂ ਅਰਜਨ ਸਾਹਿਬ ਦੇ ੧੬ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਬਾਣੀ ਬਿਉਰਾ, ਭਾਗ ੧, ਪੰਨਾ ੧੦੩- ੧੦੭


ਗੁਰਮਤਿ ਸੰਗੀਤ ਵਿਚ ਵਡਹੰਸੁ ਰਾਗ ਨੂੰ ਮਹੱਤਵਪੂਰਣ ਸਥਾਨ ਪ੍ਰਾਪਤ ਹੈ। ਗੁਰੂ ਸਾਹਿਬਾਨ ਨੇ ਇਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਲੋਕ-ਕਾਵਿ ਧੁਨਾਂ (ਘੋੜੀਆਂ, ਅਲਾਹਣੀਆਂ ਆਦਿ) ਲਈ ਵੀ ਕੀਤਾ ਹੈ। ਗੁਰੂ ਸਾਹਿਬਾਨ ਨੇ ਮੌਤ ਨਾਲ ਸੰਬੰਧਤ ਕਾਵਿ-ਰੂਪ ‘ਅਲਾਹਣੀਆਂ’ ਅਤੇ ਵਿਆਹ ਨਾਲ ਸੰਬੰਧਤ ਕਾਵਿ-ਰੂਪ ‘ਘੋੜੀਆਂ’ ਵਿਚ ਇਸ ਰਾਗ ਦੀ ਵਰਤੋਂ ਕਰ ਕੇ ਗੁਰਬਾਣੀ ਵਿਚਲੀ ‘ਦੁਖ-ਸੁਖ’ ਦੀ ਸਮਾਨਤਾ ਨੂੰ ਉਜਾਗਰ ਕੀਤਾ ਹੈ।

ਸੰਸਕ੍ਰਿਤ ਗ੍ਰੰਥਾਂ ਵਿਚ ਵਡਹੰਸੁ ਰਾਗ ਦਾ ਨਾਮ ‘ਵਡਹੰਸਿਕਾ’ ਲਿਖਿਆ ਮਿਲਦਾ ਹੈ ਅਤੇ ਇਸ ਨੂੰ ਇਕ ਰਾਗਣੀ ਮੰਨਿਆ ਗਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੧੯੧
ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦੇ ਦੋ ਪ੍ਰਕਾਰ, ਵਡਹੰਸੁ ਅਤੇ ਵਡਹੰਸੁ ਦਖਣੀ, ਦਰਜ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਰਾਗਮਾਲਾ’ ਵਿਚ ਇਸ ਰਾਗ ਦਾ ਜਿਕਰ ਨਹੀਂ ਹੈ।

ਵਡਹੰਸੁ ਰਾਗ ਵਿਚ ਤਿਲਕ ਕਾਮੋਦ, ਬਰਵਾ ਅਤੇ ਦੇਸ ਰਾਗਾਂ ਦੀ ਝਲਕ ਮਿਲਦੀ ਹੈ।
Bani Footnote ਡਾ. ਗੁਰਨਾਮ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਕਰ, ਪੰਨਾ ੯੩
ਸੰਗੀਤ ਅਚਾਰੀਆਂ ਨੇ ਇਸ ਰਾਗ ਦਾ ਵਰਗੀਕਰਨ ਖਮਾਜ ਥਾਟ ਵਿਚ ਕੀਤਾ ਹੈ। ਇਸ ਰਾਗ ਵਿਚ ਜਦੋਂ, ‘ਧਾਮਾ ਪਾਨੀਸਾ (ਤਾਰ ਸਪਤਕ)’ ਸੁਰ ਵਰਤੇ ਜਾਂਦੇ ਹਨ ਤਾਂ ਸ੍ਰੋਤਿਆਂ ਨੂੰ ‘ਬਰਵਾ ਰਾਗ’ ਦੀ ਝਲਕ ਦਿਖਾਈ ਦਿੰਦੀ ਹੈ ਪਰ, ਇਸ ਤੋਂ ਬਾਅਦ ਜਦੋਂ ਗਾਇਕ ‘ਰੇ (ਤਾਰ ਸਪਤਕ) ਨੀ (ਕੋਮਲ) ਧਾਪਾ, ਧਾ ਮਾ ਗਾਰੇ’ ਦੀ ਸੁਰ ਸੰਗਤੀ ਲੈਂਦਾ ਹੈ, ਤਾਂ ਇਹ ਭਰਮ ਦੂਰ ਹੋ ਜਾਂਦਾ ਹੈ। ਇਸ ਨਾਲ ਮੇਲ ਰਖਣ ਵਾਲਾ ਰਾਗ ‘ਦੇਸ’ ਹੈ।
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੦੩


ਭਾਈ ਵੀਰ ਸਿੰਘ ਅਨੁਸਾਰ ਵਡਹੰਸੁ ਰਾਗ ਨੂੰ ਭਰਤ ਮਤ ਵਿਚ ਸਿਰੀਰਾਗ ਦਾ ਪੁੱਤਰ, ਸ਼ਿਵ ਮਤ ਵਿਚ ਪੰਚਮ ਰਾਗ ਦੀ ਰਾਗਣੀ, ਰਾਗਾਰਣਵ ਮਤ ਵਿਚ ਮੇਘ ਦੀ ਰਾਗਣੀ ਅਤੇ ‘ਸੁਰ ਤਾਲ ਸਮੂਹ’ ਗ੍ਰੰਥ ਵਿਚ ਮਾਲਕੌਂਸ ਦਾ ਪੁੱਤਰ ਮੰਨਿਆ ਗਿਆ ਹੈ। ਮਾਰੂ, ਗੌਰਾਨੀ ਦੁਰਗਾ, ਧਨਾਸਰੀ ਅਤੇ ਜੈਤਸਰੀ ਦੇ ਮੇਲ ਨਾਲ ਵਡਹੰਸੁ ਬਣਦਾ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਪੰਨਾ ੧੯੦


ਵਡਹੰਸੁ ਰਾਗ ਦੇ ਸਰੂਪ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਚਾਰ ਹੈ ਕਿ ਇਹ ਖਮਾਜ ਥਾਟ ਦਾ ਰਾਗ ਹੈ। ਇਸ ਵਿਚ ਦੋਵੇਂ ਨਿਸ਼ਾਦ ਲਗਦੇ ਹਨ ਅਤੇ ਬਾਕੀ ਸਵਰ ਸ਼ੁਧ ਹਨ। ਪੰਚਮ ਵਾਦੀ ਅਤੇ ਰਿਸ਼ਭ ਸੰਵਾਦੀ ਹੈ। ਇਸ ਦਾ ਬਰਵੇ ਰਾਗ ਨਾਲ ਬਹੁਤ ਮੇਲ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੧੦੮੧


ਗੁਰਮਤਿ ਸੰਗੀਤ ਦੇ ਵਿਦਵਾਨਾਂ ਸ. ਗਿਆਨ ਸਿੰਘ ਐਬਟਾਬਾਦ,
Bani Footnote ਸ. ਗਿਆਨ ਸਿੰਘ ਐਬਟਾਬਾਦ, ਗੁਰਬਾਣੀ ਸੰਗੀਤ, ਭਾਗ ਪਹਿਲਾ, ਪੰਨਾ ੯੬
ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ,
Bani Footnote ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ-ਪਹਿਲਾ, ਪੰਨਾ ੨੫੧
ਪ੍ਰੋ. ਤਾਰਾ ਸਿੰਘ
Bani Footnote ਪ੍ਰੋ. ਤਾਰਾ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ, ਪੰਨਾ ੧੦੪
ਅਤੇ ਰਾਗ ਨਿਰਣਾਇਕ ਕਮੇਟੀ
Bani Footnote ਪ੍ਰਿੰ. ਸੁਖਵੰਤ ਸਿੰਘ (ਸੰਪਾ.), ਗੁਰੂ ਨਾਨਕ ਸੰਗੀਤ ਪੱਧਤੀ ਗ੍ਰੰਥ, ਭਾਗ-੧ ਪੰਨਾ ੨੨
ਆਦਿ ਵਡਹੰਸ ਰਾਗ ਦੇ ਨਿਮਨ ਸਰੂਪ ਬਾਰੇ ਇਕ ਮੱਤ ਹਨ:

ਰਾਗ ਵਡਹੰਸੁ ਦਾ ਸਰੂਪ
ਥਾਟ: ਖਮਾਜ।
ਸਵਰ: ਦੋਵੇਂ ਨਿਸ਼ਾਦ ਬਾਕੀ ਸ਼ੁਧ।
ਵਰਜਿਤ ਸਵਰ: ਗੰਧਾਰ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ ਰੇ ਮਾ ਪਾ, ਧਾ ਨੀ (ਕੋਮਲ) ਪਾ, ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਮੰਦਰ ਸਪਤਕ) ਸਾ।
ਮੁੱਖ ਅੰਗ (ਪਕੜ): ਸਾ ਰੇ ਮਾ ਪਾ ਨੀ (ਕੋਮਲ) ਪਾ, ਧਾ ਮਾ ਗਾ ਰੇ, ਸਾ ਨੀ (ਕੋਮਲ ਮੰਦਰ ਸਪਤਕ) ਪਾ (ਮੰਦਰ ਸਪਤਕ) ਨੀ (ਮੰਦਰ ਸਪਤਕ) ਸਾ।

ਗਾਇਨ ਸਮਾਂ
ਦਿਨ ਦਾ ਤੀਜਾ ਪਹਿਰ।
Bani Footnote ਪ੍ਰੋ. ਪਿਆਰਾ ਸਿੰਘ ਪਦਮ, (ਗੁਰੂ ਗ੍ਰੰਥ ਸੰਕੇਤ ਕੋਸ਼, ਪੰਨਾ ੨੯੭) ਅਨੁਸਾਰ ਵਡਹੰਸ ਰਾਗੁ ਗਾਉਣ ਦਾ ਸਮਾਂ ਦੁਪਹਿਰ ਜਾਂ ਰਾਤ ਦਾ ਦੂਜਾ ਪਹਿਰ ਹੈ।