ਬਾਰਹ ਮਾਹਾ, ਇਕ ਕਾਵਿ-ਰੂਪ
ਪਹਿਲੇ-ਪਹਿਲ ਦੇਸੀ ਸਾਲ ਦੀਆਂ ਛੇ ਰੁੱਤਾਂ


ਸਾਹਿਤਕ ਪਖ ਤੋਂ ‘ਬਾਰਹ ਮਾਹਾ’ ਲੋਕ-ਗੀਤਾਂ ਦੀ ਹੀ ਇਕ ਵੰਨਗੀ ਹੈ। ਜਿਆਦਾਤਰ, ਇਸ ਲੋਕ-ਕਾਵਿ ਵਿਚ ੧੧ ਮਹੀਨੇ ਨਾਇਕਾ ਵਿਯੋਗ ਵਿਚ ਗੁਜ਼ਾਰਦੀ ਹੈ ਅਤੇ ੧੨ਵੇਂ ਮਹੀਨੇ ਨਾਇਕ ਨਾਲ ਮੇਲ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਦੋਹਾਂ ‘ਬਾਰਹਾ ਮਾਹਾ’ ਬਾਣੀਆਂ ਵਿਚ ਵੀ ਅਜਿਹੀ ਹੀ ਵਿਵਸਥਾ ਦਾ ਜ਼ਿਕਰ ਹੈ। ਹੁਣ ਤਕ ਹੋਈ ਖੋਜ ਅਨੁਸਾਰ ਭਾਰਤੀ ਸਾਹਿਤ ਵਿਚ ਜੋ ਸਭ ਤੋਂ ਪੁਰਾਣਾ ‘ਬਾਰਹ ਮਾਹਾ’ ਮਿਲਿਆ ਹੈ, ਉਹ ਅਪਭ੍ਰੰਸ਼ ਭਾਸ਼ਾ ਵਿਚ ਤੇਰ੍ਹਵੀਂ ਸਦੀ ਦੀ ਰਚਨਾ ‘ਧਰਮ ਸੂਰੀ ਸਤੁਤੀ’ ਹੈ, ਜਿਸ ਦੇ ਅੰਤ ਵਿਚ ਉਸ ਦਾ ਸਿਰਲੇਖ ‘ਬਾਰਹ ਨਾਵਉ’ ਦਿਤਾ ਗਿਆ ਹੈ।



ਗੁਰੂ ਗ੍ਰੰਥ ਸਾਹਿਬ ਵਿਚ ਦਰਜ ਦੋ ‘ਬਾਰਹ ਮਾਹਾ’ ਤੋਂ ਇਲਾਵਾ ਦਸਮ ਗ੍ਰੰਥ ਵਿਚ ਵੀ ਇਸ ਨਾਮ ਦੀਆਂ ਦੋ ਰਚਨਾਵਾਂ ਮਿਲਦੀਆਂ ਹਨ। ਪਹਿਲੀ ਰਚਨਾ ਦਾ ਸਿਰਲੇਖ ‘ਬਾਰਹ ਮਾਹ’ ਦਿਤਾ ਹੈ। ਇਹ ‘ਕ੍ਰਿਸ਼ਨਾਵਤਾਰ’ ਦੇ ਬੰਦ ੮੬੭ ਤੋਂ ੮੭੯ ਤਕ ਹੈ। ਦੂਜੇ ‘ਬਾਰਹ ਮਾਹਾ’ (ਬੰਦ ੯੧੧ ਤੋਂ ੯੨੫) ਉਪਰ ਸਿਰਲੇਖ ਵਿਚ ਇਸ ਦਾ ਨਾਮ ਨਹੀਂ ਲਿਖਿਆ ਹੋਇਆ, ਪਰੰਤੂ ਇਸ ਦੀ ਸਮਾਪਤੀ ਉਪਰ ਦਰਜ ਸੂਚਨਾ


ਭਾਈ ਕਾਨ੍ਹ ਸਿੰਘ ਨਾਭਾ ਨੇ ‘ਕ੍ਰਿਸ਼ਨਾਵਤਾਰ’ ਵਾਲੇ ਉਪਰੋਕਤ ‘ਬਾਰਹ ਮਾਹਾ’ ਤੋਂ ਇਲਾਵਾ ਵੀਰ ਸਿੰਘ ਨਾਂ ਦੇ ਕਿਸੇ ਸਿਖ ਵਲੋਂ ਸੰਨ ੧੮੨੦ ਵਿਚ ਲਿਖੇ ਇਕ ‘ਬਾਰਹ ਮਾਹਾ’ ਦਾ ਜਿਕਰ ਵੀ ਕੀਤਾ ਹੈ।


ਮਧਕਾਲ ਤੇ ਆਧੁਨਿਕ ਕਾਲ ਦੇ ਪੰਜਾਬੀ ਕਵੀਆਂ ਨੇ ‘ਬਾਰਹ ਮਾਹਾ’ ਦੀ ਇਕ ਲੰਮੀ ਪਰੰਪਰਾ ਉਸਾਰੀ ਹੈ। ਮਧਕਾਲ ਵਿਚੋਂ ਬੁਲ੍ਹੇ ਸ਼ਾਹ, ਸ਼ਾਹ ਮੁਰਾਦ, ਗੁਰਦਾਸ ਸਿੰਘ, ਹਾਫਜ਼ ਬਰਖੁਰਦਾਰ ਆਦਿ ਅਤੇ ਆਧੁਨਿਕ ਕਾਲ ਵਿਚੋਂ ਪਾਲ ਸਿੰਘ ਆਰਿਫ, ਵਰਿਆਮ ਸਿੰਘ, ਭਗਵਾਨ ਸਿੰਘ, ਮੌਲਾ ਬਖਸ਼ ਕੁਸ਼ਤਾ, ਅੰਮ੍ਰਿਤਾ ਪ੍ਰੀਤਮ ਆਦਿ ਦੇ ਨਾਂ ਵਰਣਨਯੋਗ ਹਨ। ਪ੍ਰੋ. ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ ‘ਪੰਜਾਬੀ ਬਾਰਾਂ ਮਾਹੇ’ ਵਿਚ ੧੦੦ ਬਾਰਹ ਮਾਹੇ ਸ਼ਾਮਲ ਕੀਤੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹ ਮਾਹਾ’ ਵਾਂਗ ਹੀ ਰੁਤਾਂ, ਥਿਤਾਂ, ਵਾਰਾਂ (ਦਿਨਾਂ), ਪਹਿਰਾਂ ਆਦਿ ਉਪਰ ਅਧਾਰਤ ਬਾਣੀਆਂ ਵੀ ਮਿਲਦੀਆਂ ਹਨ, ਜਿਵੇਂ ਕਿ:
- ਦੇਸੀ ਸਾਲ ਦੀਆਂ ੬ ਰੁਤਾਂ ’ਤੇ ਅਧਾਰਤ ‘ਰੁਤੀ’।
- ਚੰਦਰਮਾ ਦੀ ਸਥਿਤੀ ਅਨੁਸਾਰ ਗਿਣੇ ਜਾਣ ਵਾਲੇ ਪਖਾਂ (ਵਦੀ ਤੇ ਸੁਦੀ) ਦੀਆਂ ਥਿਤਾਂ (ਤਰੀਕਾਂ) ’ਤੇ ਅਧਾਰਤ ‘ਥਿਤੀ’।
- ਹਫਤੇ ਦੇ ਸੱਤ ਦਿਨਾਂ ’ਤੇ ਅਧਾਰਤ ‘ਵਾਰ ਸਤ’।
- ਦਿਨ ਤੇ ਰਾਤ ’ਤੇ ਅਧਾਰਤ ‘ਦਿਨ ਰੈਣਿ’।
- ਦਿਨ ਜਾਂ ਰਾਤ ਦੇ ਚਾਰ ਪਹਿਰਾਂ ’ਤੇ ਅਧਾਰਤ ‘ਪਹਰੇ’।
ਰੁਤਾਂ ਦੀ ਤਬਦੀਲੀ ਨਾਲ ਪ੍ਰਕਿਰਤੀ ਅਥਵਾ ਕੁਦਰਤ ਦੇ ਰੂਪ-ਰੰਗ ਵਿਚ ਤਬਦੀਲੀ ਆਉਂਦੀ ਹੈ। ਕਦੀ ਗਰਮੀ, ਕਦੀ ਸਰਦੀ, ਕਦੀ ਖੇੜਾ, ਕਦੀ ਕੁਮਲਾਹਟ। ਕੁਦਰਤ ਦੀ ਇਸ ਤਬਦੀਲੀ ਦੇ ਨਾਲ ਜੀਵ ਦੀ ਅੰਦਰਲੀ ਸਥਿਤੀ ਵਿਚ ਵੀ ਤਬਦੀਲੀ ਵਾਪਰਦੀ ਹੈ। ਕੁਦਰਤ ਦਾ ਖੇੜਾ ਜੀਵ ਅੰਦਰ ਵੀ ਖੇੜਾ ਤੇ ਮਸਤੀ ਪੈਦਾ ਕਰ ਦਿੰਦਾ ਹੈ ਅਤੇ ਕੁਦਰਤ ਦੀ ਕੁਮਲਾਹਟ ਦੇ ਸਿੱਟੇ ਵਜੋਂ ਮਨੁਖੀ ਮਨ ਵਿਚ ਵੀ ਉਪਰਾਮਤਾ ਤੇ ਉਦਾਸੀਨਤਾ ਪੈਦਾ ਹੋ ਜਾਂਦੀ ਹੈ। ਮਨੁਖੀ ਮਨ ਦੀਆਂ ਇਹ ਦੋਵੇਂ ਪਰਸਪਰ ਵਿਰੋਧੀ ਮਨੋ-ਬਿਰਤੀਆਂ ਜੇ ਉਲਾਰ ਹੋ ਜਾਣ ਤਾਂ ਜੀਵਨ ’ਤੇ ਮਾਰੂ ਅਸਰ ਪਾਉਂਦੀਆਂ ਹਨ। ਪਰ ਜੇ ਇਨ੍ਹਾਂ ਦੇ ਵੇਗ ਨੂੰ ਗਿਆਨ ਤੇ ਭਗਤੀ ਸਾਧਨਾ ਦੀ ਨਥ ਪਾ ਕੇ ਆਪਣੇ ਅਸਲੇ (ਪ੍ਰਭੂ) ਨਾਲ ਜੋੜ ਦਿਤਾ ਜਾਏ ਤਾਂ ਜੀਵਨ ਅੰਮ੍ਰਿਤ-ਜੀਵਨ ਹੋ ਨਿਬੜਦਾ ਹੈ। ‘ਬਾਰਹ ਮਾਹਾ’ ਦੀ ਰਚਨਾ ਦਾ ਇਹੀ ਮਨੋਰਥ ਹੈ।

ਡਾ. ਨਿੱਕੀ ਗੁਨਿੰਦਰ ਕੌਰ ਸਿੰਘ ਨੇ ‘ਬਾਰਹ ਮਾਹਾ’ ਦੇ ਉਦੇਸ਼ ਨੂੰ ਬਾਖ਼ੂਬੀ ਦਰਸਾਇਆ ਹੈ: “‘ਬ੍ਰਹਿਮੰਡੀ ਏਕਤਾ’ ਗੁਰੂ ਨਾਨਕ ਸਾਹਿਬ ਦੇ ਬਿਰਹਾ ਭਰਪੂਰ ਕਾਵਿ-ਰੂਪ ‘ਬਾਰਹ ਮਾਹਾ’ ਦਾ ਪ੍ਰਮੁਖ ਵਿਸ਼ਾ ਹੈ। ਸਿਖ ਸਾਹਿਤ ਪਰੰਪਰਾ ਵਿਚ, ਇਸ ਬਿਰਹਾ ਕਾਵਿ-ਰੂਪ ਅਧੀਨ ਚੰਦਰਮਾ ਤੇ ਸੂਰਜ ਦੀ ਚਾਲ ਅਨੁਸਾਰ ਰੁੱਤਾਂ ਵਿਚ ਆਉਂਦੀ ਤਬਦੀਲੀ ਦਾ, ਪ੍ਰਭੂ-ਪਤੀ ਤੋਂ ਵਿਛੜੀ ਜੀਵ-ਇਸਤਰੀ ਦੇ ਵਿਯੋਗ ਦੀ ਦਸ਼ਾ ਉਤੇ, ਮਾਹ-ਪ੍ਰਤੀ-ਮਾਹ ਪੈਂਦੇ ਪ੍ਰਭਾਵ ਨੂੰ ਚਿਤਰਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਕਾਵਿ-ਰੂਪ, ਰੁੱਤਾਂ ਦੇ ਬਦਲਣ ਕਾਰਨ ਵਾਤਾਵਰਣ ਅਤੇ ਆਂਡਿਆਂ ਤੋਂ ਉਤਪੰਨ ਹੋਣ ਵਾਲੇ (ਅੰਡਜ), ਜੇਰ 'ਚੋਂ ਪੈਦਾ ਹੋਣ ਵਾਲੇ (ਜੇਰਜ), ਪਸੀਨੇ ਤੋਂ ਪੈਦਾ ਹੋਣ ਵਾਲੇ (ਸੇਤਜ) ਤੇ ਜਮੀਨ ਤੋਂ ਪੈਦਾ ਹੋਣ ਵਾਲੇ (ਉਤਭੁਜ) ਆਦਿ ਵਖ-ਵਖ ਤਰ੍ਹਾਂ ਦੇ ਜੀਵਾਂ ਅਤੇ ਬਨਸਪਤੀ ਵਿਚ ਆ ਰਹੀ ਤਬਦੀਲੀ ਦਾ ਵੀ ਚਿਤਰਣ ਕਰਦਾ ਹੈ। ਜੀਵ-ਇਸਤਰੀ ਇਸ ਬ੍ਰਹਿਮੰਡੀ ਸਮੇਂ ਅਤੇ ਸਥਾਨ ਦਾ ਅਟੁੱਟ ਅੰਗ ਹੈ। ਇਸ ਕਾਵਿ-ਰੂਪ ਵਿਚ, ਪ੍ਰਭੂ-ਪਤੀ ਲਈ ਉਸ ਦੀ ਤੀਬਰ ਖੋਜ ਦੇ ਮਾਧਿਆਮ ਰਾਹੀਂ, ਬਦਲਦੀ ਵਾਸਤਵਿਕਤਾ ਨੂੰ ਜਵਲੰਤ ਅਤੇ ਮਾਰਮਕ ਚਿੱਤਰਾਂ ਵਿਚ ਕੈਦ ਕੀਤਾ ਗਿਆ ਅਤੇ ਇਕ ‘ਸਿਸਟਮ’ ਵਿਚ ਵਿਉਂਤ-ਬਧ ਢੰਗ ਨਾਲ ਜੜਿਆ ਗਿਆ ਹੈ।”

ਬਾਰਹ ਮਾਹਾ ਤੇ ਸੰਗਰਾਂਦ
ਸੂਰਜ ਦੇ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਪ੍ਰਵੇਸ਼ ਕਰਨ ਵਾਲੇ ਦਿਨ ਨੂੰ ‘ਸੰਗਰਾਂਦ’ ਕਿਹਾ ਜਾਂਦਾ ਹੈ। ਸੂਰਜ ਨੂੰ ਦੇਵਤਾ ਮੰਨ ਕੇ ਇਸ ਦੀ ਪੂਜਾ ਕਰਨ ਵਾਲੇ ਲੋਕ ਇਸ ਦਿਨ ਨੂੰ ਸ਼ੁਭ ਮੰਨਦੇ ਹਨ। ਪਰ ਇਹ ਮਨੌਤ ਮਨੁਖ ਅੰਦਰ ਵਹਿਮ-ਭਰਮ ਆਦਿ ਪੈਦਾ ਕਰਦੀ ਹੈ। ਗੁਰਮਤਿ ਦਾ ਦ੍ਰਿਸ਼ਟੀਕੋਣ ਇਹ ਹੈ ਕਿ ਸਾਰੇ ਮਹੀਨੇ, ਦਿਨ, ਮਹੂਰਤ ਆਦਿ ਕਰਤਾ-ਪੁਰਖ ਦੇ ਬਣਾਏ ਹੋਏ ਹਨ ਇਸ ਲਈ ਸਾਰੇ ਹੀ ਭਲੇ ਅਥਵਾ ਸ਼ੁਭ ਹਨ।

