Guru Granth Sahib Logo
  
ਜਨਮ, ਮਨੁਖੀ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਹੈ, ਜੋ ਮਨੁਖਾ ਜਾਤੀ ਦੇ ਵਾਧੇ ਅਤੇ ਵਿਕਾਸ ਦੀ ਪ੍ਰਤੀਕ ਹੈ। ਇਸੇ ਲਈ ਜਨਮ ਨਾਲ ਸੰਬੰਧਤ ਸੰਸਕਾਰ ਲੋਕਾਈ ਨੂੰ ਭਵਿਖ ਪ੍ਰਤੀ ਆਸਵੰਦ ਹੋਣ ਦਾ ਅਤੇ ਧਾਰਮਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਅਗਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਦਾ ਮੌਕਾ ਦਿੰਦੇ ਹਨ।

ਵਖ-ਵਖ ਸਮਾਜਾਂ ਵਿਚ ਜਨਮ ਨਾਲ ਸੰਬੰਧਤ ਵਖ-ਵਖ ਪ੍ਰਕਾਰ ਦੇ ਸੰਸਕਾਰ ਕੀਤੇ ਜਾਂਦੇ ਹਨ। ਸਿਖ ਸਮਾਜ ਵਿਚ ਜਨਮ ਸੰਸਕਾਰ, ਪਰਵਾਰ ਅਤੇ ਭਾਈਚਾਰੇ ਵਿਚ ਅਪਣੱਤ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਦੇ ਨਾਲ-ਨਾਲ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਵੀ ਉਤਸ਼ਾਹਤ ਕਰਦਾ ਹੈ। ਜਨਮ ਤੇ ਨਾਮ ਸੰਸਕਾਰ ਦੌਰਾਨ ਨਵਜੰਮੇ ਬੱਚੇ ਲਈ ਪ੍ਰਭੂ ਦਾ ਸ਼ੁਕਰਾਨਾ ਅਤੇ ਉਸ ਦੀ ਚੰਗੀ ਸਿਹਤ, ਸੁਖੀ ਜੀਵਨ ਅਤੇ ਸਲਾਮਤੀ ਲਈ ਅਰਦਾਸ ਕੀਤੀ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਹੀ ਸਿਖ ਸੰਸਕਾਰਾਂ ਦੀ ਸ਼ੁਰੂਆਤ ਹੋ ਗਈ ਸੀ। ਸਿਖ ਪੰਥ ਦੇ ਵਿਕਾਸ ਨਾਲ ਇਹ ਪਰੰਪਰਾਗਤ ਅਤੇ ਮੌਖਿਕ ਰੂਪ ਵਿਚ ਵਿਕਸਤ ਹੁੰਦੇ ਰਹੇ। ਇਨ੍ਹਾਂ ਦੇ ਕੁਝ ਤੱਤਾਂ ਦਾ ਜ਼ਿਕਰ ਇਤਿਹਾਸ ਦੇ ਗੌਣ ਸ੍ਰੋਤਾਂ ਵਿਚ ਮਿਲਦਾ ਹੈ। ੧੯੩੨ ਈ. ਵਿਚ ਸਿਖ ਪੰਥ ਵੱਲੋਂ ਜੀਵਨ-ਜਾਚ ਨਾਲ ਸੰਬੰਧਤ ਇਕ ਦਸਤਾਵੇਜ਼ ਨੂੰ ਤਿਆਰ ਕਰਕੇ ਪ੍ਰਵਾਨਗੀ ਦਿੱਤੀ ਗਈ, ਜਿਸ ਨੂੰ ‘ਸਿੱਖ ਰਹਿਤ ਮਰਯਾਦਾ’
Bani Footnote ਸਿੱਖ ਰਹਿਤ ਮਰਯਾਦਾ, ੧੯-੨੬, ੨੭-੩੧
ਕਿਹਾ ਜਾਂਦਾ ਹੈ। ਇਸ ਵਿਚ ਸਿਖ ਰਹਿਣੀ ਨੂੰ ਦੋ ਭਾਗਾਂ ਵਿਚ ਵੰਡ ਕੇ ਚਾਰ ਸੰਸਕਾਰ ਸ਼ਾਮਲ ਕੀਤੇ ਗਏ ਹਨ:

(ੳ) ਸ਼ਖਸ਼ੀ (ਗੁਰਮਤਿ) ਰਹਿਣ
੧. ਜਨਮ ਤੇ ਨਾਮ ਸੰਸਕਾਰ
੨. ਅਨੰਦ ਸੰਸਕਾਰ
੩. ਮਿਰਤਕ ਸੰਸਕਾਰ

(ਅ) ਪੰਥਕ ਰਹਿਣੀ
੧. ਅੰਮ੍ਰਿਤ ਸੰਸਕਾਰ

ਜਨਮ ਤੇ ਨਾਮ ਸੰਸਕਾਰ
Bani Footnote ਇਹ ਜਾਣਕਾਰੀ ‘ਸਿੱਖ ਰਹਿਤ ਮਰਿਯਾਦਾ’ ਤੇ ਅਧਾਰਤ ਹੈ।

() ਸਿਖ ਦੇ ਘਰ ਬੱਚੇ ਦਾ ਜਨਮ ਹੋਣ ਤੋਂ ਬਾਅਦ ਜਦ ਮਾਤਾ ਉਠਣ, ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਤਾਂ ਪਰਵਾਰ ਤੇ ਸਾਕ-ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦਿ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ ‘ਪਰਮੇਸਰਿ ਦਿਤਾ ਬੰਨਾ’ (ਗੁਰੂ ਗ੍ਰੰਥ ਸਾਹਿਬ, ਪੰਨਾ ੬੨੮) ‘ਸਤਿਗੁਰ ਸਾਚੈ ਦੀਆ ਭੇਜਿ’ (ਗੁਰੂ ਗ੍ਰੰਥ ਸਾਹਿਬ, ਪੰਨਾ ੩੯੬) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ। ਉਪਰੰਤ, ਜੇਕਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ ਅਤੇ ਵਾਕ ਲਿਆ ਜਾਵੇ। ਵਾਕ ਦੇ ਅਰੰਭਕ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਦੱਸੇ। ਲੜਕੇ ਦੇ ਨਾਮ ਪਿੱਛੇ ‘ਸਿੰਘ’ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਸ਼ਬਦ ਲਗਾਇਆ ਜਾਵੇ। ਉਪਰੰਤ, ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕੀਤਾ ਜਾਵੇ ਅਤੇ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।
(ਅ) ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ:
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥
(ੲ) ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਤੋਂ ਬੱਚੇ ਨੂੰ ਚੋਲਾ ਆਦਿ ਬਣਾ ਕੇ ਪਾਉਣਾ ਮਨਮੱਤ ਹੈ।

ਜਨਮ ਅਤੇ ਨਾਮ-ਸੰਸਕਾਰ ਸਮੇਂ ਆਮ ਤੌਰ ’ਤੇ ਇਹ ਸ਼ਬਦ ਪੜ੍ਹੇ ਜਾਂ ਗਾਏ ਜਾਂਦੇ ਹਨ:
(੧) ਸਤਿਗੁਰ ਸਾਚੈ ਦੀਆ ਭੇਜਿ॥ -ਗੁਰੂ ਗ੍ਰੰਥ ਸਾਹਿਬ ੩੯੬
(੨) ਪਰਮੇਸਰਿ ਦਿਤਾ ਬੰਨਾ॥ -ਗੁਰੂ ਗ੍ਰੰਥ ਸਾਹਿਬ ੬੨੮
(੩) ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ॥ -ਗੁਰੂ ਗ੍ਰੰਥ ਸਾਹਿਬ ੪੪
(੪) ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥ -ਗੁਰੂ ਗ੍ਰੰਥ ਸਾਹਿਬ ੪੯੬

ਸ਼ਬਦ ੧
ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਰਾਗ ਆਸਾ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੯੬ ਉਪਰ ਦਰਜ ਹੈ। ਇਸ ਦੇ ੪ ਬੰਦ ਹਨ। ‘ਰਹਾਉ’ ਵਾਲਾ ਬੰਦ ਇਨ੍ਹਾਂ ਤੋਂ ਵਖਰਾ ਹੈ ਪਰ ਇਸ ਨੂੰ ਕੋਈ ਵਖਰਾ ਅੰਕ ਨਹੀਂ ਦਿੱਤਾ ਹੋਇਆ।

ਸ਼ਬਦ ੨
ਗੁਰੂ ਅਰਜਨ ਸਾਹਿਬ ਦੁਆਰਾ ਰਾਗ ਸੋਰਠਿ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੨੮ ਉਪਰ ਦਰਜ ਹੈ। ਇਸ ਦੇ ੨ ਬੰਦ ਹਨ। ‘ਰਹਾਉ’ ਵਾਲਾ ਬੰਦ ਇਨ੍ਹਾਂ ਤੋਂ ਵਖਰਾ ਹੈ ਪਰ ਇਸ ਨੂੰ ਕੋਈ ਵਖਰਾ ਅੰਕ ਨਹੀਂ ਦਿੱਤਾ ਹੋਇਆ।

ਸ਼ਬਦ ੩
ਗੁਰੂ ਅਰਜਨ ਸਾਹਿਬ ਦੁਆਰਾ ਰਾਗ ਸਿਰੀਰਾਗ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੪ ਉਪਰ ਦਰਜ ਹੈ। ਇਸ ਦੇ ੪ ਬੰਦ ਹਨ। ‘ਰਹਾਉ’ ਵਾਲਾ ਬੰਦ ਇਨ੍ਹਾਂ ਤੋਂ ਵਖਰਾ ਹੈ।

ਸ਼ਬਦ ੪
ਗੁਰੂ ਅਰਜਨ ਸਾਹਿਬ ਦੁਆਰਾ ਰਾਗ ਗੂਜਰੀ ਵਿਚ ਉਚਾਰਣ ਕੀਤਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੯੬ ਉਪਰ ਦਰਜ ਹੈ। ਇਸ ਦੇ ੪ ਬੰਦ ਹਨ। ‘ਰਹਾਉ’ ਵਾਲਾ ਬੰਦ ਇਨ੍ਹਾਂ ਤੋਂ ਵਖਰਾ ਹੈ।

ਸੰਸਕਾਰ
ਸੰਸਕਾਰ, ਜੀਵਨ ਨਾਲ ਸੰਬੰਧਤ ਉਹ ਪਰੰਪਰਾਗਤ ਰਹੁ-ਰੀਤਾਂ ਹਨ, ਜਿਨ੍ਹਾਂ ਨਾਲ ਜਨ-ਸਧਾਰਨ ਦੀ ਧਾਰਮਕ ਭਾਵਨਾ ਜੁੜੀ ਹੁੰਦੀ ਹੈ। ਸੰਸਕਾਰ ਦਾ ਸ਼ਾਬਦਕ ਅਰਥ ਸ਼ੁਧ ਕਰਨਾ, ਸੁਧਾਰਨਾ ਜਾਂ ਯੋਗ ਬਣਾਉਣਾ ਹੈ। ਹਿੰਦੂ ਧਾਰਨਾ ਅਨੁਸਾਰ ਸੰਸਕਾਰ ਜੀਵ ਨੂੰ ਸ਼ੁਧ, ਸ਼ੁਸ਼ੀਲ ਅਤੇ ਸੁਬੁੱਧ ਬਣਾਉਂਦੇ ਹਨ।
Bani Footnote ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ੧ ਅਤੇ ੨, ਪੰਨਾ ੨੧੦
ਹਿੰਦੂ ਧਰਮ ਵਿਚ ਇਨ੍ਹਾਂ ਦੀ ਗਿਣਤੀ ਬਾਰਾਂ ਹੈ: ਗਰਭਧਾਨ, ਪੁੰਸਵਨ, ਸੀਮੰਤੋਨਯਨ, ਜਾਤਕਰਮ, ਨਾਮਕਰਮ, ਨਿਸ਼ਕ੍ਰਮਣ, ਅੰਨਪ੍ਰਾਸ਼ਨ, ਚੂਡਾਕਰਮ, ਉਪਨਯਨ, ਕੇਸਾਂਤ, ਸਮਾਵਰਤਨ ਅਤੇ ਵਿਆਹ। ਕੁਝ ਵਿਦਵਾਨ ਇਨ੍ਹਾਂ ਵਿਚ ਚਾਰ ਹੋਰ ਸੰਸਕਾਰਾਂ ਕਰਨਵੇਧ, ਵਿਦਿਆਰੰਭ, ਦੇਵਾਰੰਭ ਅਤੇ ਅੰਤੇਸ਼ਟੀ ਨੂੰ ਵੀ ਸ਼ਾਮਲ ਕਰਦੇ ਹਨ।
Bani Footnote ਰਤਨ ਸਿੰਘ ਜੱਗੀ (ਸੰਪਾ.), ਸਾਹਿੱਤ ਕੋਸ਼: ਪਰਿਭਾਸ਼ਿਕ ਸ਼ਬਦਾਵਲੀ, ਪੰਨਾ ੨੬੨


ਭਾਈ ਕਾਨ੍ਹ ਸਿੰਘ ਨਾਭਾ ਨੇ ਸੰਸਕਾਰਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਹੈ:
ਉੱਤਮ ਸੰਸਕਾਰ: ਉਹ ਸੰਸਕਾਰ ਜਿਨ੍ਹਾਂ ਵਿਚ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ। ਇਨ੍ਹਾਂ ਸੰਸਕਾਰਾਂ ਕਰਕੇ ਜਿਹੜੇ ਚਿੰਨ੍ਹ ਧਾਰਨ ਕੀਤੇ ਜਾਣ, ਉਹ ਸਰੀਰ, ਕੌਮ ਅਤੇ ਦੇਸ ਦੀ ਰਖਿਆ ਦਾ ਸਾਧਨ ਬਣ ਸਕਦੇ ਹੋਣ। ਜਿਵੇਂ, ਸਿਖ ਧਰਮ ਵਿਚ ਅੰਮ੍ਰਿਤ ਸੰਸਕਾਰ ਸਮੇਂ ਧਾਰਨ ਕੀਤੇ ਜਾਣ ਵਾਲੇ ਕਕਾਰ (ਧਾਰਮਕ ਚਿੰਨ੍ਹ): ਕੱਛਾ, ਕੜਾ, ਕਿਰਪਾਨ ਅਤੇ ਕੰਘਾ।

ਮੱਧਮ ਸੰਸਕਾਰ: ਉਹ ਸੰਸਕਾਰ ਜਿਨ੍ਹਾਂ ਵਿਚ ਅਜਿਹੇ ਬਾਹਰੀ ਚਿੰਨ੍ਹ ਧਾਰਨ ਕੀਤੇ ਜਾਣ, ਜਿਨ੍ਹਾਂ ਤੋਂ ਸਰੀਰ ਜਾਂ ਦੇਸ ਨੂੰ ਕੋਈ ਲਾਭ ਨਾ ਪ੍ਰਾਪਤ ਹੋ ਸਕੇ, ਸਗੋਂ ਦਿਖਾਵੇ ਮਾਤਰ ਹੀ ਹੋਣ। ਜਿਵੇਂ, ਜਟਾਂ, ਭਸਮ, ਜਨੇਊ, ਘਰੜ, ਕੰਠੀ ਆਦਿ।

ਨਿਖਿਧ ਸੰਸਕਾਰ: ਉਹ ਸੰਸਕਾਰ ਜਿਨ੍ਹਾਂ ਵਿਚ ਸਿਰਜਣਹਾਰ ਦੀ ਮਰਿਆਦਾ ਖੰਡਤ ਕੀਤੀ ਜਾਵੇ ਅਤੇ ਜਿਨ੍ਹਾਂ ਤੋਂ ਸਰੀਰ ਨੂੰ ਕਸਟ ਹੋਵੇ। ਜਿਵੇਂ, ਕਰਨਵੇਧ (ਕੰਨ-ਨੱਕ ਵਿੰਨ੍ਹਣਾ ਆਦਿ), ਸੁੰਨਤ (ਖਤਨਾ), ਮੁੰਡਨ ਆਦਿਕ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ ੨੩੫


ਉਪਰੋਕਤ ਸੰਸਕਾਰਾਂ ਵਿਚੋਂ ਉੱਤਮ ਸੰਸਕਾਰ ਹੀ ਗੁਰਮਤਿ ਵਿਚ ਪ੍ਰਵਾਨ ਹਨ। ਗੁਰੂ ਨਾਨਕ ਸਾਹਿਬ ਤੋਂ ਹੀ ਕਰਤਾ ਪੁਰਖ ਦੀ ਰਚਨਾ ਖੰਡਤ ਨਾ ਕਰਨ, ਸਗੋਂ ਇਸ ਦੀ ਸਾਂਭ-ਸੰਭਾਲ ਕਰਨ ਦਾ ਉਪਦੇਸ਼ ਸਿਖਾਂ ਦੇ ਹਿਰਦੇ ਵਿਚ ਵਸਾਇਆ ਗਿਆ।