ਪਰੰਪਰਾ ਵਜੋਂ ‘ਕੁਚਜੀ’ ਸਿਰਲੇਖ ਵਾਲਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਨੂਰਸ਼ਾਹ ਜਾਂ ਨੂਰ ਸਾਹਿ
ਭਾਈ ਵੀਰ ਸਿੰਘ ਅਨੁਸਾਰ ਨੂਰਸ਼ਾਹ ਦਾ ਅਸਲੀ ਨਾਮ ‘ਪਦਮਾ’ ਸੀ। ਇਸ ਦਾ ਪਿਤਾ ਨਰਿੰਦਰ ਨਾਥ ਇਕ ਸੂਫੀ ਫਕੀਰ ਨੂਰ ਸ਼ਾਹ ਦਾ ਚੇਲਾ ਸੀ। ਨੂਰਸ਼ਾਹ ਦੇ ਚਲਾਣੇ ਤੋਂ ਬਾਅਦ, ਪਦਮਾ ਨੇ ਉਸ ਦਾ ਡੇਰਾ ਅਤੇ ਤਾਂਤ੍ਰਿਕ ਵਿਦਿਆ ਨੂੰ ਸੰਭਾਲਿਆ। ਜਿਸ ਕਾਰਨ ਲੋਕ ਇਸ ਨੂੰ ਵੀ ਨੂਰਸ਼ਾਹ ਹੀ ਕਹਿਣ ਲੱਗ ਪਏ। -ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਰਚਨਾਵਲੀ, ਜਿਲਦ ਚੌਥੀ, ਭਾਗ-੧, ਗੁਰੂ ਨਾਨਕ ਚਮਤਕਾਰ, ਪੰਨਾ ੨੩੨
ਨਾਮੀ ਜਾਦੂਗਰਨੀ ਪ੍ਰਥਾਇ ਕਾਮਰੂਪ (ਅਸਾਮ, ਭਾਰਤ) ਵਿਚ ਉਚਾਰਿਆ ਮੰਨਿਆ ਜਾਂਦਾ ਹੈ। ਗਿ. ਗਿਆਨ ਸਿੰਘ ਨੇ ਨੂਰਸ਼ਾਹ ਦਾ ਸਥਾਨ ਢਾਕੇ (ਬੰਗਲਾਦੇਸ਼) ਤੋਂ ਪੰਜ ਕੋਹ ਫਾਸਲੇ ‘ਤੇ ਦੱਸਿਆ ਹੈ।
ਗਿ. ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਭਾਗ-ਪਹਿਲਾ, ਪੰਨਾ ੧੧੬
ਸ. ਸ. ਪਦਮ ਦੁਆਰਾ ਸੰਪਾਦਤ ਪੁਰਾਤਨ ਜਨਮਸਾਖੀ
ਸੈਦੋ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ),ਸ. ਸ. ਪਦਮ (ਸੰਪਾ.), ਪੰਨਾ ੧੩੧-੧੩੩
ਦੀ ਤੇਈਵੀਂ ਸਾਖੀ ‘ਨੂਰ ਸਾਹ ਨਿਸਤਾਰਾ’ ਅਨੁਸਾਰ ਗੁਰੂ ਨਾਨਕ ਸਾਹਿਬ ਜਦੋਂ ਅਸਾਮ (ਜਨਮਸਾਖੀ ਅਨੁਸਾਰ ਕਊਰੂ/ਕਾਵਰੂ ਦੇਸ) ਗਏ, ਤਾਂ ਇਕ ਦਿਨ ਮਰਦਾਨਾ ਜੀ ਨੇ ਭੁਖ ਲੱਗਣ ‘ਤੇ ਸ਼ਹਿਰ ਵਿਚੋਂ ਕੁਝ ਲੈ ਆਉਣ ਲਈ ਗੁਰੂ ਸਾਹਿਬ ਤੋਂ ਆਗਿਆ ਮੰਗੀ। ਗੁਰੂ ਸਾਹਿਬ ਨੇ ਮਰਦਾਨੇ ਨੂੰ ਇਥੋਂ ਦੀਆਂ ਜਾਦੂਗਰਨੀਆਂ ਬਾਰੇ ਚੇਤੰਨ ਕੀਤਾ। ਭਾਈ ਮਰਦਾਨਾ ਜੀ ਨੇ ਜਦੋਂ ਸ਼ਹਿਰ ਵਿਚ ਜਾ ਕੇ ਇਕ ਘਰੋਂ ਖਾਣ ਲਈ ਕੁਝ ਮੰਗਿਆ, ਤਾਂ ਜਾਦੂਗਰਨੀ ਨੇ ਉਨ੍ਹਾਂ ਨੂੰ ਘਰ ਅੰਦਰ ਬੁਲਾ ਕੇ ਜਾਦੂਈ ਧਾਗੇ ਨਾਲ ਬੰਨ੍ਹ ਕੇ ਮੇਢਾ ਬਣਾ ਕੇ ਬਿਠਾ ਦਿਤਾ। ਉਹ ਆਪ ਪਾਣੀ ਲੈਣ ਚਲੀ ਗਈ। ਜਦੋਂ ਗੁਰੂ ਨਾਨਕ ਸਾਹਿਬ ਉਸ ਥਾਂ ਪਹੁੰਚੇ, ਤਾਂ ਗੁਰੂ ਸਾਹਿਬ ਨੂੰ ਦੇਖ ਕੇ ਮਰਦਾਨਾ ਮਿਆਂਕਣ ਲੱਗ ਪਿਆ। ਜਦੋਂ ਉਹ ਜਾਦੂਗਰਨੀ ਪਾਣੀ ਲੈ ਕੇ ਵਾਪਸ ਆਈ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਰਦਾਨੇ ਬਾਬਤ ਪੁਛਿਆ। ਉਸਨੇ ਜਵਾਬ ਦਿਤਾ ਕਿ “ਇਥੇ ਕੋਈ ਨਾਹੀਂ ਆਇਆ॥ ਦੇਖ ਲੈ॥” ਗੁਰੂ ਸਾਹਿਬ ਨੇ ਸਲੋਕ ਉਚਾਰਿਆ: ਕਲਰੁ ਕੀਆ ਵਣਜਾਰੀਆ ਝੂੰਗੈ ਮੁਸਕੁ ਮੰਗੇਨ॥ ਅਮਲਾ ਬਾਝੂ ਨਾਨਕਾ ਕਿਉ ਕਰਿ ਖਸਮਿ ਮਲੇਨ॥੧॥
ਇਹ ਗੁਰਬਾਣੀ ਨਹੀਂ, ਸੈਦੋ ਦੀ ਰਚਨਾ ਹੈ।
ਝੂਠ ਬੋਲਣ ਕਰ ਕੇ ਪਾਣੀ ਦਾ ਘੜਾ ਜਾਦੂਗਰਨੀ ਦੇ ਸਿਰ ਨਾਲ ਚਿਪਕ ਗਿਆ ਅਤੇ ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਇਸ ਘੜੇ ਨੂੰ ਉਤਾਰ ਨਾ ਸਕੀ। ਜਦੋਂ ਇਸ ਘਟਨਾ ਦੀ ਖਬਰ ਜਾਦੂਗਰਨੀਆਂ ਦੀ ਮੁਖੀ ‘ਨੂਰ ਸਾਹਿ’ ਨੂੰ ਹੋਈ ਤਾਂ ਉਸਨੇ ਸਾਰੀਆਂ ਜਾਦੂਗਰਨੀਆਂ ਨੂੰ ਘਟਨਾ ਵਾਲੇ ਸਥਾਨ ’ਤੇ ਪਹੁੰਚਣ ਦਾ ਹੁਕਮ ਦਿਤਾ। ਜਾਦੂਗਰਨੀਆਂ ਆਪਣੀਆਂ ਕਰਾਮਾਤਾਂ ਦਾ ਜੋਰ ਦਿਖਾਉਣ ਲਈ ਦਰਖਤ, ਮਿਰਗਛਾਲਾ, ਚੰਦ, ਕੰਧ ਆਦਿ ਉਪਰ ਸਵਾਰੀ ਕਰਦੀਆਂ ਆ ਪਹੁੰਚੀਆਂ ਅਤੇ ਆਣ ਕੇ ਆਪਣੀ ਜਾਦੂਈ ਸ਼ਕਤੀ ਦਿਖਾਉਣ ਲਗੀਆਂ। ਗੁਰੂ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਮਰਦਾਨੇ ਨੂੰ ਕਿਹਾ, “ਮਰਦਾਨਿਆ ਵਾਹਿਗੁਰੂ ਕਹਿ ਕਰ ਮਥਾ ਟੇਕ॥”
ਸੈਦੋ ਜੱਟ, ਸਾਖੀ ਬਾਬੇ ਨਾਨਕ ਜੀ ਕੀ (ਪੁਰਾਤਨ ਜਨਮਸਾਖੀ), ਸ. ਸ. ਪਦਮ (ਸੰਪਾ), ਪੰਨਾ ੧੩੧-੧੩੩
ਮਰਦਾਨਾ ਜੀ ਦੇ ਇਸ ਤਰ੍ਹਾਂ ਕਰਨ ਨਾਲ ਗਲ ਵਿਚ ਪਿਆ ਧਾਗਾ ਟੁਟ ਗਿਆ ਅਤੇ ਉਹ ਰਬਾਬ ਫੜ ਕੇ ਬੈਠ ਗਏ। ਗੁਰੂ ਸਾਹਿਬ ਨੇ ਰਾਗ ਵਡਹੰਸ ਵਿਚ ਸ਼ਬਦ ਉਚਾਰਿਆ: ਗੁਣਵੰਤੀ ਸਹੁ ਰਾਵਿਆ…. ਭੀ ਸਹੁ ਰਾਵੈ ਸੋਇ॥੪॥੨॥ -ਗੁਰੂ ਗ੍ਰੰਥ ਸਾਹਿਬ ੫੫੭
ਸ਼ਬਦ ਸੁਣਨ ਤੋਂ ਬਾਅਦ ਜਾਦੂਗਰਨੀਆਂ ਆਪਣੀ ਜਾਦੂਈ ਸ਼ਕਤੀ ਦਿਖਾਉਣ ਤੋਂ ਅਸਮਰਥ ਹੋ ਗਈਆਂ। ਫਿਰ ‘ਨੂਰ ਸਾਹਿ’ ਆਪ ਆਪਣੀਆਂ ਕਾਫੀ ਚੇਲੀਆਂ ਨਾਲ ਅਡੰਬਰ ਰਚਾਉਂਦੀ ਹੋਈ ਉਥੇ ਪਹੁੰਚੀ। ਉਸਦੇ ਮੰਤ੍ਰਾਂ-ਜੰਤ੍ਰਾਂ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਰਾਗ ਸੂਹੀ ਵਿਚ ਸ਼ਬਦ ਉਚਾਰਿਆ: ਮੰਞ ਕੁਚਜੀ ਅੰਮਾਵਣਿ…. ਕਾਈ ਰਾਤਿ ਜੀਉ॥੧॥ -ਗੁਰੂ ਗ੍ਰੰਥ ਸਾਹਿਬ ੭੬੨
ਗੁਰੂ ਸਾਹਿਬ ਨੇ ਵਿਸਮਾਦ ਵਿਚ ਆ ਕੇ ਜਦੋਂ ਇਸ ਸ਼ਬਦ ਰਾਹੀਂ ‘ਨੂਰ ਸਾਹਿ’ ਨੂੰ ਉਸਦੇ ਗੁਨਾਹਾਂ ਦਾ ਚੇਤਾ ਕਰਵਾਇਆ, ਤਾਂ ਉਹ ਨੀਵੀਂ ਪਾ ਕੇ ਬੈਠ ਗਈ। ਗੁਰੂ ਸਾਹਿਬ ਨੇ ਉਥੇ ਤਿੰਨ ਸ਼ਬਦ ਹੋਰ ਉਚਾਰੇ।
ਤਾਲ ਮਦੀਰੇ ਘਟ ਕੇ…ਕਿਛੁ ਦਰਗਹ ਪਾਵੈ ਮਾਨੁ॥੪॥੪॥ -ਗੁਰੂ ਗ੍ਰੰਥ ਸਾਹਿਬ ੩੪੯-੫੦; ਗਲੀ ਅਸੀ ਚੰਗੀਆ…ਤਿਨ ਕੈ ਸੰਗਿ
ਮਿਲਾਹ॥੨॥ -ਗੁਰੂ ਗ੍ਰੰਥ ਸਾਹਿਬ ੮੫; ਇਆਨੜੀਏ ਮਾਨੜਾ…ਕਹੀਐ ਸਾ ਸਿਆਣੀ ॥੪॥੨॥੪॥ -ਗੁਰੂ ਗ੍ਰੰਥ ਸਾਹਿਬ ੭੨੨
ਸ਼ਬਦ ਸੁਣ ਕੇ ਸਾਰੀਆਂ ਜਾਦੂਗਰਨੀਆਂ ਨੇ ਗੁਰੂ ਸਾਹਿਬ ਦੇ ਚਰਨ ਪਰਸੇ ਅਤੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ‘ਵਾਹਿਗੁਰੂ’ ਦਾ ਉਪਦੇਸ਼ ਦਿਤਾ ਅਤੇ ‘ਵਾਹਿਗੁਰੂ’ ਦਾ ਉਚਾਰਣ ਕਰ ਕੇ ਜਾਦੂਗਰਨੀ ਦੇ ਸਿਰੋਂ ਘੜਾ ਉਤਾਰਨ ਲਈ ਕਿਹਾ। ਇਸ ਤਰ੍ਹਾਂ ਕਰਨ ਨਾਲ ਸਿਰ ਉਤੋਂ ਘੜਾ ਉਤਰ ਗਿਆ। ਸਾਰੀਆਂ ਜਾਦੂਗਰਨੀਆਂ ਗੁਰੂ ਸਾਹਿਬ ਦੇ ਚਰਨੀਂ ਪੈ ਕੇ ਨਾਮ ਜਪਣ ਲੱਗੀਆਂ।
ਭਾਈ ਮਰਦਾਨਾ ਜੀ ਨੂੰ ਜਾਦੂਗਰਨੀ ਦੁਆਰਾ ਵਸ ਵਿਚ ਕਰ ਕੇ ਰਖਣ ਦਾ ਬਿਰਤਾਂਤ ਭਾਵੇਂ ਹੋਰਨਾਂ ਜਨਮਸਾਖੀਆਂ, ਜਿਵੇਂ, ‘ਭਾਈ ਬਾਲਾ ਵਾਲੀ ਜਨਮਸਾਖੀ’ ਅਤੇ ‘ਵਲਾਇਤ ਵਾਲੀ ਜਨਮਸਾਖੀ’ ਵਿਚ ਵੀ ਮਿਲਦਾ ਹੈ, ਪਰੰਤੂ ਉਥੇ ਜਾਦੂਗਰਨੀ ਦਾ ਨਾਮ ਨਹੀਂ ਲਿਖਿਆ ਹੋਇਆ।
ਕਿਰਪਾਲ ਸਿੰਘ, ਜਨਮਸਾਖੀ ਪਰੰਪਰਾ: ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਪੰਨਾ ੬੨-੬੩
‘ਨੂਰਸ਼ਾਹ’ ਨੂੰ ਸੰਬੋਧਨ ਕਰ ਕੇ ‘ਕਾਮਰੂਪ’ (ਅਸਾਮ) ਵਿਚ ਇਸ ਸ਼ਬਦ ਦੇ ਉਚਾਰੇ ਜਾਣ ਦਾ ਵੇਰਵਾ ਕੇਵਲ ਪੁਰਾਤਨ ਜਨਮਸਾਖੀ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਦੂਜੀਆਂ ਜਨਮਸਾਖੀਆਂ ਵਿਚ ਉਪਰੋਕਤ ਘਟਨਾ ਦਾ ਵਰਣਨ ਤਾਂ ਹੈ, ਪਰ ਇਸ ਸ਼ਬਦ ਦੇ ਉਚਾਰੇ ਜਾਣ ਦਾ ਜਿਕਰ ਨਹੀਂ ਹੈ। ਇਸ ਅੰਤਰ ਦਾ ਮੁਖ ਕਾਰਨ ਜਨਮਸਾਖੀਆਂ ਦੀ ਸਿਰਜਣ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਪ੍ਰਾਚੀਨ ਤੇ ਮਧਕਾਲੀ ਸਾਹਿਤਕ ਕਿਰਤਾਂ ਵਾਂਗ ਜਨਮਸਾਖੀਆਂ ਨੂੰ ਵੀ ਮੌਖਿਕ ਪਰੰਪਰਾ ਤੇ ਰਵਾਇਤਾਂ ਉਪਰ ਅਧਾਰਤ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਵਿਚ ਅਜਿਹੇ ਅੰਤਰ ਹੋਣੇ ਬੇਸ਼ਕ ਕੁਦਰਤੀ ਹਨ ਪਰ ਇਹ ਅੰਤਰ ਹੋਰ ਖੋਜ ਲਈ ਵੀ ਪ੍ਰੇਰਿਤ ਕਰਦੇ ਹਨ। ਇਸ ਪ੍ਰਸੰਗ ਵਿਚ ਜਦੋਂ ਇਸ ਸ਼ਬਦ ਦੀ ਭਾਸ਼ਾਈ ਜੁਗਤ ਨੂੰ ਵਿਚਾਰਦੇ ਹਾਂ ਤਾਂ ਵੇਖਣ ਵਿਚ ਆਉਂਦਾ ਹੈ ਕਿ ਇਸ ਵਿਚ ਬਹੁਤੇ ਸ਼ਬਦ ਲਹਿੰਦੀ ਦੇ ਵਰਤੇ ਗਏ ਹਨ, ਜਿਵੇਂ: ‘ਅਮਾਵਣਿ, ਡੋਸੜਾ/ਡੋਸੜੇ, ਦੂੰ, ਭੁਲੀਅਸੁ, ਥੀਆ, ਮੁਤੀਅਸੁ, ਕੂੰ, ਧਰੀਅਸੁ’ ਆਦਿ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਹ ਸਪਸ਼ਟ ਹੈ ਕਿ ਗੁਰੂ ਸਾਹਿਬਾਨ ਵਖੋ-ਵਖਰੇ ਮੱਤਾਂ ਨਾਲ ਸੰਬੰਧਤ ਵਿਅਕਤੀਆਂ ਨਾਲ ਸੰਵਾਦ ਕਰਨ ਵੇਲੇ ਉਨ੍ਹਾਂ ਦੇ ਹੀ ਭਾਸ਼ਾਈ ਮੁਹਾਵਰੇ ਦੀ ਵਰਤੋਂ ਕਰਦੇ ਹਨ।
“ਜੋਗੀਆਂ ਨਾਲ ਉਨ੍ਹਾਂ ਦੀ ਆਪਣੀ ਰਹੱਸਵਾਦੀ ਸ਼ਬਦਾਵਲੀ ਤੇ ਚਿੰਨ੍ਹਾਵਲੀ, ਮੁੰਦਾ, ਝੋਲੀ, ਬਿਭੂਤ, ਖਿੰਥਾ, ਕਾਇਆਂ, ਡੰਡਾ, ਨਾਦ ਵਿਚ ਗੱਲਾਂ ਕੀਤੀਆਂ। ਮੁਸਲਮਾਨ ਪੀਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਪੂਜਾ-ਵਿਧੀਆਂ ਦਾ ਮੂਲ ਰਹੱਸ ਸਮਝਾਇਆ, ਆਮ ਲੋਕਾਂ ਨਾਲ ਜੀਵਨ ਤੇ ਚਜ-ਆਚਾਰ ਦੀਆਂ ਗੱਲਾਂ ਕੀਤੀਆਂ।” -ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਗੁਰੂ ਨਾਨਕ ਤੇ ਲੋਕ ਪ੍ਰਵਾਹ, ਪੰਨਾ ੨੦
ਇਸ ਪ੍ਰਕਾਰ ਇਨ੍ਹਾਂ ਤੱਥਾਂ ਦੇ ਸੰਦਰਭ ਵਿਚ ਇਹ ਸੰਭਾਵਨਾ ਉਜਾਗਰ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਲਹਿੰਦੇ ਪੰਜਾਬ ਦੇ ਕਿਸੇ ਇਲਾਕੇ ਵਿਚ ਉਚਾਰਣ ਕੀਤਾ ਹੋਵੇਗਾ।