Guru Granth Sahib Logo
  
ਰਾਗ ਧਨਾਸਰੀ
‘ਆਰਤੀ’ ਸਿਰਲੇਖ ਵਾਲਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਧਨਾਸਰੀ ਰਾਗ ਵਿਚ ਉਚਾਰਣ ਕੀਤਾ ਹੈ। ‘ਧਨਾਸਰੀ’ ਭਾਰਤੀ ਸੰਗੀਤ ਪਰੰਪਰਾ ਨਾਲ ਸੰਬੰਧਤ ਉਤਰੀ ਭਾਰਤ ਦਾ ਇਕ ਮਧੁਰ ਰਾਗ ਹੈ, ਜਿਸ ਦਾ ਜਿਕਰ ਸ਼ਾਸਤਰੀ ਸੰਗੀਤ ਵਿਚ ਇਕ ਵਿਸ਼ੇਸ਼ ਰਾਗ ਵਜੋਂ ਕੀਤਾ ਜਾਂਦਾ ਹੈ। ਪ੍ਰਾਚੀਨ ਸੰਗੀਤਕ ਗ੍ਰੰਥਾਂ ਵਿਚ ਧਨਾਸਰੀ ਦੇ ਧਨਾਸੀ, ਧਨਾਯਸੀ, ਧਨਾਸ਼ਰੀ ਆਦਿ ਨਾਮ ਦਿਤੇ ਗਏ ਹਨ। ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ‘ਧਨਾਸਰੀ’ ਪੱਛਮੀ ਪੰਜਾਬ ਦੇ ਇਕ ਭਾਗ ਦਾ ਨਾਮ ਸੀ ਤੇ ਇਥੋਂ ਦੀ ਸਥਾਨਕ ਧੁਨ ਦੇ ਅਧਾਰ ‘ਤੇ ਹੀ ਇਸ ਰਾਗ ਦੀ ਸਥਾਪਨਾ ਹੋਈ।
Bani Footnote ਪਿਆਰਾ ਸਿੰਘ ਪਦਮ, ਗੁਰੂ ਗ੍ਰੰਥ ਸੰਕੇਤ ਕੋਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੮੭, ਪੰਨਾ ੨੦੮


ਗੁਰੂ ਗ੍ਰੰਥ ਸਾਹਿਬ ਦੇ ੩੧ ਮੁਖ ਰਾਗਾਂ ਵਿਚੋਂ ਧਨਾਸਰੀ
Bani Footnote ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਕੁ ਥਾਈਂ ‘ਧਨਾਸਰੀ’ ਨੂੰ ‘ਧਨਾਸਿਰੀ’ ਵੀ ਲਿਖਿਆ ਮਿਲਦਾ ਹੈ, ਜਿਵੇਂ ਕਿ: ਰਾਗੁ ਧਨਾਸਿਰੀ ਮਹਲਾ ੩ ਘਰੁ ੪, ਗੁਰੂ ਗ੍ਰੰਥ ਸਾਹਿਬ ੬੬੬
ਰਾਗ ਨੂੰ ਤਰਤੀਬ ਅਨੁਸਾਰ ਦਸਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਪੰਜ ਗੁਰੂ ਸਾਹਿਬਾਨ ਅਤੇ ਸੱਤ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੬੦ ਤੋਂ ੬੯੫ ਤਕ ਦਰਜ ਹੈ। ਇਨ੍ਹਾਂ ਵਿਚ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦੇ ੧੪-੧੪, ਗੁਰੂ ਅਮਰਦਾਸ ਸਾਹਿਬ ਦੇ ੯, ਗੁਰੂ ਅਰਜਨ ਸਾਹਿਬ ਦੇ ੬੦, ਗੁਰੂ ਤੇਗਬਹਾਦਰ ਸਾਹਿਬ ਦੇ ੪, ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਦੇ ੫-੫, ਭਗਤ ਰਵਿਦਾਸ ਜੀ ਦੇ ੩ ਅਤੇ ਭਗਤ ਤ੍ਰਿਲੋਚਨ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ ਤੇ ਭਗਤ ਸੈਣ ਜੀ ਦਾ ੧-੧ ਸ਼ਬਦ ਸ਼ਾਮਲ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ, ਭਾਗ ੧, ਬਾਣੀ ਬਿਉਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪, ਪੰਨਾ ੮੦


ਹਿੰਦੁਸਤਾਨੀ ਸੰਗੀਤ ਵਿਚ ਪੁੰਡਰੀਕ ਵਿਠੁਲ ਨੇ ਰਾਗ-ਰਾਗਣੀ ਵਰਗੀਕਰਨ ਅਨੁਸਾਰ ਧਨਾਸਰੀ ਨੂੰ ਸ਼ੁੱਧ ਭੈਰਵ ਰਾਗ ਦੀ ਰਾਗਣੀ ਮੰਨਿਆ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੧੩, ਪੰਨਾ ੨੪੦
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਧਨਾਸਰੀ ਕਾਫ਼ੀ ਥਾਟ ਦੀ ਸੰਪੂਰਨ ਰਾਗਣੀ ਹੈ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੨੦੦੬, ਪੰਨਾ ੬੬੦
ਗੁਰੂ ਗ੍ਰੰਥ ਸਾਹਿਬ ਦੀ ਇਸ ਤੁਕ ਵਿਚ ਵੀ ‘ਧਨਾਸਰੀ’ ਦਾ ਜ਼ਿਕਰ ਇਕ ਰਾਗਣੀ ਵਜੋਂ ਹੀ ਹੋਇਆ ਹੈ: ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥ -ਗੁਰੂ ਗ੍ਰੰਥ ਸਾਹਿਬ ੧੪੧੯

ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਦਰਜ ‘ਰਾਗਮਾਲਾ’ ਵਿਚ ਵੀ ਇਸ ਦਾ ਉਲੇਖ ਰਾਗਣੀ ਵਜੋਂ ਹੀ ਕੀਤਾ ਗਿਆ ਹੈ।
Bani Footnote ਧਨਾਸਰੀ ਏ ਪਾਚਉ ਗਾਈ॥ ਮਾਲ ਰਾਗ ਕਉਸਕ ਸੰਗਿ ਲਾਈ॥ -ਗੁਰੂ ਗ੍ਰੰਥ ਸਾਹਿਬ ੧੪੩੦
ਇਸ ਸੰਦਰਭ ਵਿਚ ਸੰਤ ਟਹਿਲ ਸਿੰਘ ਦਾ ਇਹ ਕਥਨ ਵੀ ਧਿਆਨਜੋਗ ਹੈ ਕਿ ਜਦੋਂ ਗਾਏ ਜਾਣ ਵਾਲੇ ਸ਼ਬਦ, ਭਜਨ ਆਦਿ ਲਿਖੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ‘ਰਾਗ’ ਸਿਰਲੇਖ ਹੇਠ ਹੀ ਲਿਖਿਆ ਜਾਂਦਾ ਹੈ। ‘ਰਾਗਮਾਲਾ’ ਵਿਚ ਹੀ ਰਾਗ, ਰਾਗਣੀ ਆਦਿ ਭੇਦ ਕੀਤਾ ਜਾਂਦਾ ਹੈ।

ਪਰ ਕੁਝ ਆਧੁਨਿਕ ਕਾਲ ਦੇ ਸਿਖ ਵਿਦਵਾਨ ਇਹ ਤਰਕ ਵੀ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖਾਂ ਵਿਚ ਕੇਵਲ ‘ਰਾਗ’ ਸ਼ਬਦ ਹੀ ਵਰਤਿਆ ਗਿਆ ਹੈ, ਕਿਤੇ ਵੀ ‘ਰਾਗਣੀ’ ਨਹੀਂ ਲਿਖਿਆ ਗਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਰਾਗਣੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਰਮਤਿ ਸੰਗੀਤ ਵਿਚ ਰਾਗ-ਰਾਗਣੀ ਵਰਗੀਕਰਨ ਲਈ ਕੋਈ ਸਥਾਨ ਨਹੀਂ ਹੈ।

ਡਾ. ਗੁਰਨਾਮ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿਚ “ਪ੍ਰਯੁਕਤ ਸਮੂਹ ਰਾਗ ਕਿਉਂਕਿ ਇਕ ਵਿਸ਼ਿਸ਼ਟ ਸਿਧਾਂਤਕਤਾ ਦੇ ਧਾਰਨੀ ਹਨ, ਇਸ ਲਈ ਇਹਨਾਂ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਹੀ ਅਧਿਐਨ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਮੱਧਕਾਲ ਵਿਚ ਪ੍ਰਚਲਿਤ ਰਾਗ-ਰਾਗਣੀ ਵਰਗੀਕਰਣ ਦੇ ਬਹੁਪਰਤੀ ਝਮੇਲਿਆਂ ਨੂੰ ਇਕ ਦਿਸ਼ਾ ਪ੍ਰਦਾਨ ਕਰਨ ਲਈ, ਗੁਰੂ ਸਾਹਿਬ ਨੇ ਸਮੂਹ ਰਾਗਾਂ ਲਈ ਕੇਵਲ ‘ਰਾਗੁ’ ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ।”
Bani Footnote ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦, ਪੰਨਾ ੮੦
ਇਸਦੇ ਨਾਲ ਹੀ ਇਥੇ ਇਹ ਵੀ ਜ਼ਿਕਰਜੋਗ ਹੈ ਕਿ ਸਾਰੇ ਭਾਰਤੀ ਸੰਗੀਤਕ ਗ੍ਰੰਥਾਂ ਵਿਚ ਰਾਗ-ਰਾਗਣੀਆਂ ਨੂੰ ‘ਰਾਗ’ ਕਹਿਣ-ਲਿਖਣ ਦੀ ਹੀ ਪਰੰਪਰਾ ਸੀ। ਜਦੋਂ ਕਿਸੇ ਰਾਗ ਦੀ ਵਿਆਖਿਆ ਕੀਤੀ ਜਾਂਦੀ ਸੀ, ਉਦੋਂ ਹੀ ਉਸ ਨੂੰ ਰਾਗ/ਰਾਗਣੀ ਵਜੋਂ ਦਰਸਾਇਆ ਜਾਂਦਾ ਸੀ।

ਭਾਈ ਅਵਤਾਰ ਸਿੰਘ
Bani Footnote ਭਾਈ ਅਵਤਾਰ ਸਿੰਘ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਭਾਗ ਪਹਿਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੧੬, ਪੰਨਾ ੩੩੧
ਅਨੁਸਾਰ ਧਨਾਸਰੀ ਚਾਰ ਤਰ੍ਹਾਂ ਨਾਲ ਗਾਈ ਜਾਂਦੀ ਹੈ: ਕਾਫ਼ੀ ਅੰਗ, ਮੁਲਤਾਨੀ ਅੰਗ, ਪੁਰੀਆ ਅੰਗ ਅਤੇ ਭੈਰਵੀ ਅੰਗ ਨਾਲ। ਇਨ੍ਹਾਂ ਚਾਰਾਂ ਹੀ ਧਨਾਸਰੀਆਂ ਦੀ ਆਰੋਹੀ ਤੇ ਅਵਰੋਹੀ ਵਿਚ ਕੋਈ ਫਰਕ ਨਹੀਂ; ਸਿਰਫ ਸੁਰਾਂ ਦਾ ਹੀ ਫਰਕ ਹੈ।

ਭਾਰਤੀ ਸੰਗੀਤ ਸ਼ਾਸ਼ਤਰੀਆਂ ਨੇ ਧਨਾਸਰੀ ਦੇ ਤਿੰਨ ਵਖ-ਵਖ ਸਰੂਪਾਂ ਦਾ ਜ਼ਿਕਰ ਕੀਤਾ ਹੈ। ਰਘੁਨਾਥ ਤਲੇਗਾਵਕਰ ਤੇ ਆਚਾਰੀਆ ਕ੍ਰਿਸ਼ਨ ਨਰਾਇਣ ਰਤੰਜਨਕਰ ਨੇ ਕਾਫ਼ੀ ਥਾਟ ਦਾ, ਪੰਡਿਤ ਭਾਤਖੰਡੇ ਤੇ ਪੰਡਿਤ ਰਾਮ ਕ੍ਰਿਸ਼ਨ ਵਿਆਸ ਨੇ ਕਾਫ਼ੀ ਤੇ ਭੈਰਵੀ ਥਾਟ ਦਾ ਅਤੇ ਵਿਮਲਕਾਂਤ ਰਾਏ ਚੌਧਰੀ ਨੇ ਕਾਫ਼ੀ ਤੇ ਭੈਰਵੀ ਦੇ ਨਾਲ-ਨਾਲ ਇਕ ਹੋਰ ਥਾਟ ਦਾ ਵੀ ਵਰਣਨ ਕੀਤਾ ਹੈ।
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੩, ਪੰਨਾ ੨੪੧


ਭਾਰਤੀ ਸੰਗੀਤ ਦੇ ਕੁਝ ਪੁਰਾਣੇ ਕਲਾਕਾਰ ਧਨਾਸਰੀ ਤੋਂ ਭਾਵ ਪੂਰਬੀ ਥਾਟ ਦੀ ਪੂਰੀਆ ਧਨਾਸਰੀ ਤੋਂ ਲੈਂਦੇ ਹਨ। ਪਰ ਪੰਜਾਬ ਦੀ ਸੰਗੀਤ ਪਰੰਪਰਾ ਨਾਲ ਸੰਬੰਧਤ ਕਲਾਕਾਰ ਧਨਾਸਰੀ ਨੂੰ ਕਾਫ਼ੀ ਤੇ ਭੈਰਵੀ ਥਾਟ ਦੇ ਦੋ ਵਖ-ਵਖ ਰੂਪਾਂ ਵਿਚ ਗਾਉਂਦੇ ਹਨ, ਜਿਨ੍ਹਾਂ ਵਿਚੋਂ ਕਾਫ਼ੀ ਥਾਟ ਦੀ ਧਨਾਸਰੀ ਵਧੇਰੇ ਪ੍ਰਚਾਰ ਵਿਚ ਹੈ।
Bani Footnote ਡਾ. ਗੁਰਨਾਮ ਸਿੰਘ, ਗੁਰਮਤਿ ਸੰਗੀਤ ਪਰਬੰਧ ਤੇ ਪਾਸਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੦, ਪੰਨਾ ੧੦੨


ਪ੍ਰੋ. ਕਰਤਾਰ ਸਿੰਘ
Bani Footnote ਪ੍ਰੋ. ਕਰਤਾਰ ਸਿੰਘ, ਗੁਰਮਤਿ ਸੰਗੀਤ ਦਰਪਣ, ਭਾਗ ਪਹਿਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੩, ਪੰਨਾ ੨੪੧
ਅਨੁਸਾਰ ਵਿਦਵਾਨਾਂ ਨੇ ਕਾਫ਼ੀ ਥਾਟ ਤੋਂ ਬਣੇ ਰਾਗ ਧਨਾਸਰੀ ਦੇ ਨਿਮਨ ਲਿਖਤ ਸਰੂਪ ਦਾ ਹੀ ਵਧੇਰੇ ਵਰਣਨ ਕੀਤਾ ਹੈ:

ਰਾਗ ਧਨਾਸਰੀ ਦਾ ਸਰੂਪ
ਥਾਟ: ਕਾਫ਼ੀ
ਸਵਰ: ਗੰਧਾਰ ਤੇ ਨਿਸ਼ਾਦ ਕੋਮਲ ਹੋਰ ਸਾਰੇ ਸ਼ੁਧ
ਵਰਜਿਤ ਸਵਰ: ਆਰੋਹ ਵਿਚ ਰਿਸ਼ਭ ਤੇ ਧੈਵਤ
ਜਾਤੀ: ਔੜਵ ਸੰਪੂਰਨ
ਵਾਦੀ: ਪੰਚਮ
ਸੰਵਾਦੀ: ਸ਼ੜਜ
ਆਰੋਹ: ਸਾ ਗਾ (ਕੋਮਲ), ਮਾ ਪਾ, ਨੀ (ਕੋਮਲ) ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।
ਮੁਖ ਅੰਗ (ਪਕੜ): ਨੀ (ਕੋਮਲ ਮੰਦਰ ਸਪਤਕ) ਸਾ ਗਾ (ਕੋਮਲ) ਮਾ ਪਾ, ਨੀ (ਕੋਮਲ) ਧਾ ਪਾ, ਮਾ ਪਾ ਗਾ (ਕੋਮਲ), ਰੇ ਸਾ।
Bani Footnote ਪ੍ਰਿੰ. ਸੁਖਵੰਤ ਸਿੰਘ, ਰਾਗ ਸਵਰੂਪ ਨਿਰਣਯ ਸ੍ਰੀ ਗੁਰੂ ਗ੍ਰੰਥ ਸਾਹਿਬ, ਜਵੱਦੀ ਟਕਸਾਲ, ਲੁਧਿਆਣਾ, ੨੦੦੭, ਪੰਨਾ ੧੩


ਗਾਇਨ ਸਮਾ
ਦਿਨ ਦਾ ਤੀਜਾ ਪਹਿਰ।