Guru Granth Sahib Logo
  
ਗੁਰੂ ਗ੍ਰੰਥ ਸਾਹਿਬ ਦੇ ਜਿਆਦਾਤਰ ਟੀਕਿਆਂ ਜਾਂ ਵਿਆਖਿਆਵਾਂ ਵਿਚ ਇਸ ਸ਼ਬਦ ਦੇ ਉਚਾਰੇ ਜਾਣ ਸੰਬੰਧੀ ਕੋਈ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ। ਪ੍ਰੰਤੂ ਸੰਪਰਦਾਈ ਵਿਆਖਿਆ ਪ੍ਰਣਾਲੀ ਦੇ ਵਿਦਵਾਨਾਂ ਨੇ ਆਪਣੇ ਟੀਕਿਆਂ ਵਿਚ ਇਸ ਸ਼ਬਦ ਦੇ ਪਿਛੋਕੜ ਦੀ ਇਕ ਸੰਖੇਪ ਉਥਾਨਕਾ ਸਿਰਜੀ ਹੈ।

ਸੰਤ ਕਿਰਪਾਲ ਸਿੰਘ ਅਨੁਸਾਰ ਇਕ ਵਾਰ ਸਿਖਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਰੂਪ ਵਿਚ ਪੁੱਛਿਆ ਕਿ ਦਿਨ-ਰਾਤ ਕਿਵੇਂ ਸਫਲ ਕੀਤੇ ਜਾ ਸਕਦੇ ਹਨ? ਗੁਰੂ ਸਾਹਿਬ ਨੇ ਇਸ ਸ਼ਬਦ ਦਾ ਉਚਾਰਣ ਕੀਤਾ ਅਤੇ ਉਸ ਦਾ ਸਿਰਲੇਖ ‘ਦਿਨ ਰੈਣਿ’ ਰਖ ਕੇ ਦਿਨ-ਰਾਤ ਪ੍ਰਭੂ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।
Bani Footnote ਸੰਤ ਕਿਰਪਾਲ ਸਿੰਘ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਟੀਕਾ, ਸ੍ਰੀ ਅਮੀਰ ਭੰਡਾਰ, ਭਾਗ ਦੂਜਾ, ਪੰਨਾ ੬੧੮
ਇਸੇ ਤਰ੍ਹਾਂ ਸੰਤ ਹਰੀ ਸਿੰਘ ‘ਰੰਧਾਵੇ ਵਾਲੇ’ ਨੇ ਵੀ ਇਸ ਸ਼ਬਦ ਦਾ ਉਚਾਰਣ ਸਿਖਾਂ ਦੀ ਬੇਨਤੀ ਉਪਰ ਹੋਇਆ ਹੀ ਦਰਸਾਇਆ ਹੈ।
Bani Footnote ਸੰਤ ਹਰੀ ਸਿੰਘ ‘ਰੰਧਾਵੇ ਵਾਲੇ’, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪ੍ਰਦਾਈ ਸਟੀਕ ਗੁਰਬਾਣੀ ਅਰਥ ਭੰਡਾਰ, ਪੋਥੀ ਦੂਸਰੀ, ਪੰਨਾ ੬੬੩


ਉਪਰੋਕਤ ਉਥਾਨਕਾ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਬਾਣੀ ਦੀ ਵਿਆਖਿਆ ਦਾ ਢੰਗ ਹੈ, ਜਿਹੜਾ ਸੰਪਰਦਾਈ ਪ੍ਰਣਾਲੀ ਦੇ ਟੀਕਿਆਂ ਵਿਚ ਆਮ ਮਿਲਦਾ ਹੈ। ਵਿਆਖਿਆ ਦੇ ਇਸ ਢੰਗ ਅਨੁਸਾਰ ਗੁਰਬਾਣੀ ਦੀ ਸਾਖੀ ਰੂਪ ਵਿਚ ਵਿਆਖਿਆ ਕੀਤੀ ਜਾਂਦੀ ਹੈ, ਜਿਸ ਵਿਚ ਇਕ ਵਕਤਾ ਅਤੇ ਇਕ ਸਰੋਤਾ ਹੁੰਦਾ ਹੈ।