Guru Granth Sahib Logo
  

ਗਾਇਨ ਸ਼ੈਲੀ

ਵਾਰ ਗਾਇਨ ਸ਼ੈਲੀ ਪੰਜਾਬ ਦੀ ਇਕ ਪ੍ਰਾਚੀਨ ਤੇ ਮੌਲਿਕ ਲੋਕ ਗਾਇਨ ਸ਼ੈਲੀ ਹੈ, ਜਿਸ ਵਿਚ ਜੋਧਿਆਂ ਦੀ ਸੂਰਬੀਰਤਾ ਦਾ ਜਸ ਗਾਇਆ ਜਾਂਦਾ ਸੀ। ਪਰ ਮਗਰੋਂ ਇਹ ਕੇਵਲ ਜੁੱਧ-ਕਾਵਿ ਨਾ ਰਹਿ ਕੇ ਉਸਤਤਿ-ਕਾਵਿ ਦਾ ਰੂਪ ਧਾਰ ਗਈ। ਵਾਰਾਂ ਗਾਇਨ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਵੀ ਪ੍ਰਚਲਤ ਸੀ। ਇਨ੍ਹਾਂ ਨੂੰ ਢਾਢੀਆਂ ਜਾਂ ਭੱਟਾਂ ਦੁਆਰਾ ਗਾਇਆ ਜਾਂਦਾ ਸੀ।
Bani Footnote ਭੱਟ ਅਤੇ ਢਾਢੀ ਗਾਇਨ ਵਿਚ ਅੰਤਰ ਹੈ, ਜਿਥੇ ਢਾਢੀ ਸਾਜਾਂ ਨਾਲ ਵਾਰਾਂ ਗਾਉਂਦੇ ਸਨ, ਓਥੇ ਭੱਟ ਬਿਨਾਂ ਸਾਜਾਂ ਦੇ ਕਵੀਸ਼ਰੀ ਕਰਦੇ ਸਨ।


ਗੁਰੂ ਗ੍ਰੰਥ ਸਾਹਿਬ ਦੇ ਵਖ-ਵਖ ਰਾਗਾਂ ਵਿਚ ਦਰਜ ਕੁਲ ੨੨ ਵਾਰਾਂ ਵਿਚੋਂ ੯ ਵਾਰਾਂ ਨੂੰ ਪੂਰਬ ਗੁਰੂ ਨਾਨਕ ਕਾਲ ਅਤੇ ਗੁਰੂ ਨਾਨਕ ਕਾਲ ਵਿਚ ਪ੍ਰਚਲਤ ਲੋਕ ਵਾਰਾਂ ਦੀਆਂ ਧੁਨੀਆਂ ‘ਤੇ ਗਾਇਨ ਕਰਨ ਦੀਆਂ ਹਦਾਇਤਾਂ ਦਰਜ ਹਨ। ‘ਆਸਾ ਕੀ ਵਾਰ’ ਨੂੰ ਵੀ ਗੁਰੂ ਨਾਨਕ ਸਾਹਿਬ ਵਲੋਂ ਟੁੰਡੇ ਅਸਰਾਜ ਦੀ ਵਾਰ ਦੀ ਧੁਨੀ ਉਪਰ ਗਾਉਣ ਦਾ ਸਪਸ਼ਟ ਸੰਕੇਤ ਕੀਤਾ ਗਿਆ ਹੈ। ਭਾਈ ਪ੍ਰੇਮ ਸਿੰਘ ਨੇ ਆਪਣੀ ਪੁਸਤਕ ‘ਰਤਨ ਸੰਗੀਤ ਭੰਡਾਰ’ ਵਿਚ ਟੁੰਡੇ ਅਸਰਾਜ ਦੀ ਧੁਨੀ ਨੂੰ ਨਿਮਨ ਅਨੁਸਾਰ ਪੇਸ਼ ਕੀਤਾ ਹੈ।
Bani Footnote ਭਾਈ ਪ੍ਰੇਮ ਸਿੰਘ, ਗੁਰਮਤਿ ਸੰਗੀਤ ਭੰਡਾਰ, ਗੁਰਮਤਿ ਸੰਗੀਤ (ਭਾਗ ੨), ਧਰਮ ਪ੍ਰਚਾਰ ਕਮੇਟੀ, ਸੈਂਟਰਲ ਖਾਲਸਾ ਯਤੀਮਖਾਨਾ, ਅੰਮ੍ਰਿਤਸਰ, ੨੦੦੮, ਪੰਨਾ ੧੦੧-੧੦੨


ਆਸਾ ਧੁਨ ਤਾਲ ੩
ਭਬਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ॥
  ਖ           ੧     ੨         ੩     ਖ           ੧    ੨    ੩  
ਭਬ ਕਿ ਓ ਸ਼ੇਰ ਸਰ ਦੂ ਲ ਰਾ ਇ ਵਾ ਲੇ ਵਾ ਲੇ ਵਾ ਆ ਰਣ ਮਾਰੂ ਬੱਜੇ।
ਮਾ ਮਾ ਮਾ ਮਾ ਪਾ ਪਾ ਪਾ ਪਾ ਸ+ਨੀ ਸ+ਨੀ ਸ+ਸ ਨੀ ਧ ਮਾ ਪਾ ਪਾ।
(ਨੋਟ: ਸ+ ਭਾਵ ਸਂ)
- ਪੂਰਵ ਉਕਤ ਸੁਰਾਂ ਤੇ ਬਾਕੀ।

ਖਾਨ ਸੁਲਤਾਨ ਬਡ ਸੂਰਮੇ ਵਿਚ ਰਣ ਦੇ ਗੱਜੇ॥
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸ਼ਾਹੀ ਅੱਜੇ॥
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ॥
ਫਤੇ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ॥

ਅਜੋਕੇ ਸਮੇਂ ਵਿਚ, ਰਾਗੀ ਸਿੰਘਾਂ ਵਲੋਂ ਆਸਾ ਕੀ ਵਾਰ ਦਾ ਗਾਇਨ ਕਰਨ ਤੋਂ ਪਹਿਲਾਂ ਮੰਗਲਾਚਰਣ ਵਜੋਂ ਕੋਈ ਢੁਕਵਾਂ ਸ਼ਬਦ ਆਸਾ ਰਾਗ ਵਿਚ ਗਾਇਨ ਕੀਤਾ ਜਾਂਦਾ ਹੈ। ਉਪਰੰਤ ਗੁਰੂ ਰਾਮਦਾਸ ਜੀ ਦੁਆਰਾ ਰਚੇ ਚਾਰ-ਚਾਰ ਬੰਦਾਂ ਵਾਲੇ ਛੇ ਛੰਤਾਂ (ਇਕ ਛਕਾ)
Bani Footnote ਗੁਰੂ ਗ੍ਰੰਥ ਸਾਹਿਬ ਵਿਚ ਛੇ ਸ਼ਬਦਾਂ, ਛੰਤਾਂ ਜਾਂ ਅਸਟਪਦੀਆਂ ਦੇ ਸਮੂਹ ਨੂੰ ‘ਛਕਾ’ ਲਿਖਿਆ ਗਿਆ ਹੈ, ਜਿਵੇਂ ਕਿ ਪੰਨਾ ੫੨੮, ੫੩੦, ੫੩੧ ਆਦਿ ਉਪਰ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਆਸਾ ਰਾਗ ਵਿਚ ਪੰਨਾ ੪੪੮-੪੫੧ ਉਪਰ, ‘ਮਹਲਾ ੪ ਘਰ ੪’ ਸਿਰਲੇਖ ਅਧੀਨ ਚਾਰ ਚਾਰ ਬੰਦਾਂ ਵਾਲੇ ਛੇ ਛੰਤ ਹਨ ਅਥਵਾ ਇਕ ਛਕਾ ਹੈ। ਪਰ ਇਹਨਾਂ ਛੰਤਾਂ ਦੇ ਇਕ ਇਕ ਬੰਦ ਨੂੰ ਵੀ ਸਮੂਹ ਦੇ ਨਾਂ ‘ਤੇ ‘ਛਕਾ’ ਕਿਹਾ ਜਾਣਾ ਪ੍ਰਚਲਤ ਹੈ, ਜੋ ਇਕ ਵਿਆਪਕ ਉਕਾਈ ਹੈ। ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ। ਵਿਸਥਾਰ ਲਈ ਵੇਖੋ: ਸ਼ਬਦਾਰਥ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਦੂਜੀ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੧੭ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ, ਭਾਗ ੧, ਬਾਣੀ ਬਿਉਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪, ਪੰਨਾ ੪੬
ਦੇ ਪਹਿਲੇ ਬੰਦ ‘ਹਰਿ ਅੰਮ੍ਰਿਤ ਭਿੰਨੇ ਲੋਇਣਾ’ ਨਾਲ ਆਸਾ ਕੀ ਵਾਰ ਦਾ ਅਰੰਭ ਹੁੰਦਾ ਹੈ। ਫਿਰ ਵਾਰੋ ਵਾਰੀ ਸਲੋਕਾਂ ਨੂੰ ਬੋਲ-ਅਲਾਪ ਰੂਪਾਂ ਵਿਚ ਗਾਇਆ ਜਾਂਦਾ ਹੈ, ਜਿਸ ਨਾਲ ਤਬਲਚੀ ਛੇੜ ਦੇ ਬੋਲ ਧੀਮੀ ਲੈਅ ਵਿਚ ਵਜਾਉਂਦਾ ਰਹਿੰਦਾ ਹੈ। ਅੰਤ ਵਿਚ ਪਹਿਲੇ ਬੰਦ ਦਾ ਮੁਕਾਅ ਪਉੜੀ ਰਾਹੀਂ ਕੀਤਾ ਜਾਂਦਾ ਹੈ, ਜੋ ਪ੍ਰਾਚੀਨ ਕਾਲ ਤੋਂ ਪ੍ਰਚਲਤ ਲੋਕ ਸ਼ੈਲੀ ਦੇ ਰੂਪ ਵਿਚ ਹੁੰਦਾ ਹੈ।

ਪਉੜੀ ਨੂੰ ਤਿਹਾਈ ਨਾਲ ਸਮਾਪਤ ਕੀਤਾ ਜਾਂਦਾ ਹੈ। ਫਿਰ ਤਬਲਾ ਵਾਦਕ ਪਉੜੀ ਨੂੰ ਦੂਜੀ ਵਾਰ ਬੋਲ ਕੇ ਪੜ੍ਹਦਾ ਹੈ। ਉਸ ਤੋਂ ਮਗਰੋਂ ਰਾਗੀ ਸਿੰਘ ਛੰਤ ਦਾ ਅਗਲਾ ਬੰਦ ਅਰੰਭ ਕਰਦੇ ਹਨ। ਛੰਤਾਂ, ਸਲੋਕਾਂ ਤੇ ਪਉੜੀਆਂ ਦੀ ਇਸ ਤਰਤੀਬ ਅਨੁਸਾਰ ਕੁਲ ੬ ਛੰਤਾਂ, ੬੦ ਸਲੋਕਾਂ ਅਤੇ ੨੪ ਪਉੜੀਆਂ ਦਾ ਗਾਇਨ ਹੁੰਦਾ ਹੈ। ਸਮੇਂ ਦੀ ਲੋੜ ਅਤੇ ਛੰਤਾਂ ਦੇ ਭਾਵ ਅਨੁਸਾਰ ਰਾਗੀ ਸਿੰਘਾਂ ਵਲੋਂ ਹੋਰ ਢੁਕਵੇਂ ਸ਼ਬਦ ਵੀ ਨਾਲ-ਨਾਲ ਗਾਇਨ ਕੀਤੇ ਜਾਂਦੇ ਹਨ।

ਕੁਝ ਰਾਗੀ ਸਿੰਘਾਂ ਵਲੋਂ ਇਸ ਵਾਰ ਨੂੰ ਹੋਰਨਾਂ ਰਾਗਾਂ ਵਿਚ ਵੀ ਗਾਇਨ ਕਰਨ ਦੇ ਜਤਨ ਕੀਤੇ ਜਾਂਦੇ ਹਨ, ਜੋ ਕਿ ਦਰੁਸਤ ਨਹੀਂ ਜਾਪਦਾ। ਗੁਰੂ ਨਾਨਕ ਸਾਹਿਬ ਵਲੋਂ ਇਸ ਵਾਰ ਨੂੰ ਆਸਾ ਰਾਗ ਵਿਚ ਉਚਾਰਣਾ ਹੀ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਆਸਾ ਰਾਗ ਵਿਚ ਹੀ ਗਾਇਨ ਕਰਨਾ ਚਾਹੀਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਉੜੀ ਗਾਉਣ ਵੇਲੇ ਪਖਾਵਜ ਦੀ ਗਤ ਨਹੀਂ ਵਜਾਈ ਜਾਂਦੀ, ਸਾਥ ਵਜਾਈਦਾ ਹੈ (ਭਾਵ, ਪਖਾਵਜ ਦੀ ਕੋਈ ਤਾਲ ਨਹੀਂ ਵਜਾਈ ਜਾਂਦੀ, ਬੋਲ ਹੀ ਵਜਾਏ ਜਾਂਦੇ ਹਨ, ਜਿਸ ਨੂੰ ਪਖਾਵਜ ਜਾਂ ਤਬਲੇ ਨੂੰ ਛੇੜਨਾ ਵੀ ਕਹਿੰਦੇ ਹਨ)। ਇਸੇ ਲਈ ਪਉੜੀ ਗਾ ਕੇ ਉਸ ਦਾ ਪਾਠ ਸੁਣਾਇਆ ਜਾਂਦਾ ਹੈ, ਤਾਂ ਕਿ ਸਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ। ਪਰ ਸ਼ੋਕ ਹੈ ਕਿ ਹੁਣ ਕੀਰਤਨ ਕਰਨ ਵਾਲੇ ਪਉੜੀਆਂ ਦੇ ਗਾਉਣ ਦੀ ਧਾਰਨਾ ਭੁਲਦੇ ਜਾਂਦੇ ਹਨ ਅਤੇ ਸਵੇਰੇ, ਸ਼ਾਮ ਤੇ ਰਾਤ ਨੂੰ ਚੌਂਕੀ ਦਾ ਭੋਗ ਪਾਉਣ ਵੇਲੇ ਬਿਲਾਵਲ, ਕਾਨੜੇ ਆਦਿ ਦੀਆਂ ਪਉੜੀਆਂ ਪੁਰਾਣੀ ਰੀਤਿ ਅਨੁਸਾਰ ਨਹੀਂ ਗਾਉਂਦੇ।
Bani Footnote ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੭੪, ਪੰਨਾ ੭੨੬


ਨੋਟ: ਆਸਾ ਕੀ ਵਾਰ ਦੀਆਂ ਪਉੜੀਆਂ ਚਾਰ ਜਾਂ ਪੰਜ ਤੁਕਾਂ ਵਾਲੀਆਂ ਹਨ। ਆਖਰੀ ਤੁਕ ਛੋਟੀ (ਦੂਜੀਆਂ ਨਾਲੋਂ ਅੱਧੀ) ਹੋਣ ਕਾਰਣ, ਉਸ ਨੂੰ ਦੁਹਰਾਉਣ ਦੀ ਪ੍ਰਥਾ ਹੈ, ਤਾਂ ਕਿ ਕਾਵਿ-ਤੋਲ ਪੂਰਾ ਰਹਿ ਸਕੇ। ਪਉੜੀ ਗਾਉਣ ਉਪਰੰਤ, ਉਸ ਦਾ ਪਾਠ ਉਚਾਰ ਕੇ ਸੁਣਾਇਆ ਜਾਂਦਾ ਹੈ, ਤਾਂ ਜੁ ਸ੍ਰੋਤਿਆਂ ਨੂੰ ਪਉੜੀ ਦਾ ਅਰਥ-ਭਾਵ ਚੰਗੀ ਤਰ੍ਹਾਂ ਸਮਝ-ਗੋਚਰੇ ਹੋ ਜਾਏ। ਇਸ ਨਾਲ, ਰਾਗੀ ਸਿੰਘਾਂ ਨੂੰ ਅਗਲੀ ਪਉੜੀ ਦੀ ਤਿਆਰੀ ਲਈ ਲੋੜੀਂਦਾ ਸਮਾਂ ਵੀ ਮਿਲ ਜਾਂਦਾ ਹੈ।

ਆਸਾ ਰਾਗ

ਆਸਾ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਆਏ ੩੧ ਮੁਖ ਰਾਗਾਂ ਦੀ ਤਰਤੀਬ ਵਿਚ ਚਉਥਾ ਸਥਾਨ ਪ੍ਰਾਪਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕਾਂ ੩੪੭ ਤੋਂ ੪੮੮ ਤੱਕ ਰਾਗ ਆਸਾ ਵਿਚ ਗੁਰੂ ਨਾਨਕ ਸਾਹਿਬ ਦੇ ੧੭੦, ਗੁਰੂ ਅਮਰਦਾਸ ਸਾਹਿਬ ਦੇ ੪੮, ਗੁਰੂ ਰਾਮਦਾਸ ਸਾਹਿਬ ਦੇ ੩੦, ਗੁਰੂ ਅਰਜਨ ਸਾਹਿਬ ਦੇ ੧੮੮, ਗੁਰੂ ਤੇਗਬਹਾਦਰ ਸਾਹਿਬ ਦਾ ੧, ਭਗਤ ਕਬੀਰ ਜੀ ਦੇ ੩੭, ਭਗਤ ਨਾਮਦੇਵ ਜੀ ਦੇ ੫, ਭਗਤ ਰਵਿਦਾਸ ਜੀ ਦੇ ੬, ਭਗਤ ਧੰਨਾ ਜੀ ਦੇ ੨ ਅਤੇ ਬਾਬਾ ਫਰੀਦ ਜੀ ਦੇ ੨ ਸ਼ਬਦ ਦਰਜ ਹਨ।
Bani Footnote ਭਾਈ ਜੋਗਿੰਦਰ ਸਿੰਘ ਤਲਵਾੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ, ਭਾਗ ੧, ਬਾਣੀ ਬਿਉਰਾ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ੨੦੦੪
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਧ ਸ਼ਬਦ ਰਾਗ ਆਸਾ ਵਿਚ ਹੀ ਉਚਾਰਣ ਕੀਤੇ ਹਨ।

ਪੁਰਾਤਨ ਸਮਿਆਂ ਵਿਚ ਰਾਗੀ ਸਿੰਘ ਇਸ ਰਾਗ ਨੂੰ ਬਾਖੂਬੀ ਵਖ-ਵਖ ਅੰਗਾਂ ਸਹਿਤ ਗਾਇਨ ਕਰਦੇ ਸਨ। ਰਾਗ ਆਸਾ ਦੇ ਹੋਰ ਅਨੇਕ ਪ੍ਰਕਾਰ ਵੀ ਪ੍ਰਚਲਤ ਹਨ, ਜੋ ਵਖ-ਵਖ ਅੰਗਾਂ ਨਾਲ ਗਾਏ-ਵਜਾਏ ਜਾਂਦੇ ਹਨ, ਜਿਵੇਂ ਕਿ ਪਹਾੜੀ ਅੰਗ ਨਾਲ, ਬਿਲਾਵਲ ਅੰਗ ਨਾਲ, ਕਲਿਆਣ ਅੰਗ ਨਾਲ ਅਤੇ ਕਾਫੀ ਅੰਗ ਨਾਲ।

ਆਸਾ ਰਾਗ ਪੰਜਾਬ ਦਾ ਪ੍ਰਸਿੱਧ ਅਤੇ ਮਿੱਠਾ ਰਾਗ ਹੈ। ਗੁਰੂ ਨਾਨਕ ਸਾਹਿਬ ਤੋਂ ਕਾਫੀ ਸਮਾਂ ਪਹਿਲਾਂ ਪ੍ਰਚਲਤ ਹੋਈ ‘ਟੁੰਡੇ ਅਸਰਾਜੇ ਦੀ ਵਾਰ’ ਵੀ ਇਸ ਰਾਗ ਵਿਚ ਹੀ ਗਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਪੂਰਬਲੇ ਭਗਤ ਬਾਣੀਕਾਰਾਂ ਦੀ ਬਾਣੀ ਵੀ ਇਸ ਰਾਗ ਵਿਚ ਰਚੀ ਹੋਣ ਕਾਰਣ ਇਹ ਤੱਥ ਸਥਾਪਤ ਹੋ ਜਾਂਦਾ ਹੈ ਕਿ ਇਹ ਰਾਗ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਹੀ ਪ੍ਰਚਲਤ ਸੀ। ਇਸ ਰਾਗ ਵਿਚ ਗਾਈਆਂ-ਸੁਣਾਈਆਂ ਜਾਂਦੀਆਂ ਲੋਕ ਗਾਥਾਵਾਂ, ਗੀਤ, ਕਿੱਸੇ ਅਤੇ ਧੁਨਾਂ ਅਤਿਅੰਤ ਮਨਮੋਹਕ ਸਨ/ਹਨ। ਆਪਣੀਆਂ ਖਾਸ ਵਿਸ਼ੇਸ਼ਤਾਵਾਂ ਕਰਕੇ ਇਹ ਰਾਗ ਕੀਰਤਨ ਪਰੰਪਰਾ ਤੋਂ ਇਲਾਵਾ, ਲੋਕ ਸੰਗੀਤ, ਅਰਧ ਸ਼ਾਸਤਰੀ ਸੰਗੀਤ ਅਤੇ ਫਿਲਮੀ ਸੰਗੀਤ ‘ਤੇ ਵੀ ਛਾਇਆ ਹੋਇਆ ਹੈ।

ਇਸ ਰਾਗ ਦੀ ਤਾਸੀਰ ਭਗਤੀ ਰਸ ਵਾਲੀ ਹੈ। ਪਟਿਆਲਾ ਰਿਆਸਤ ਦੇ ਦਰਬਾਰੀ ਰਾਗੀ ਅਤੇ ਕਵੀ, ਭਾਈ ਪ੍ਰੇਮ ਸਿੰਘ ‘ਰਤਨ ਸੰਗੀਤ ਭੰਡਾਰ’ ਵਿਚ ਲਿਖਦੇ ਹਨ ਕਿ ਰਾਗ ਆਸਾ, ਸਿਰੀਰਾਗੁ, ਮੇਘ ਰਾਗ ਅਤੇ ਮਾਰੂ ਰਾਗ ਦੇ ਸੁਮੇਲ ਤੋਂ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਇਹ ਸੰਧੀ-ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜੋ ਸਵੇਰੇ ਅਤੇ ਸ਼ਾਮ ਨੂੰ ਗਾਇਆ ਅਤੇ ਵਜਾਇਆ ਜਾਂਦਾ ਹੈ। ਇਹ ਉਤ੍ਰਾਂਗ ਵਾਦੀ ਰਾਗ ਹੈ।

  ਥਾਟ: ਬਿਲਾਵਲ     ਸਵਰ: ਸਾਰੇ ਸ਼ੁਧ
ਵਰਜਤ ਸਵਰ: ਆਰੋਹ ਵਿਚ ਗ ਤੇ ਨੀ
ਜਾਤੀ: ਅੋੜਵ-ਸੰਪੂਰਨ ਵਾਦੀ: ‘ਮ’ ਸੰਵਾਦੀ : ‘ਸਂ’
ਆਰੋਹ: ਸ, ਰ ਮ, ਪ ਧ, ਸਂ ਅਵਰੋਹ: ਸਂ ਨੀ, ਧ ਪ ਮ, ਗ ਰੇ ਗ ਸ
ਗਾਇਨ ਸਮਾਂ: ਸਵੇਰੇ ਅਤੇ ਸ਼ਾਮ ਦਾ ਪਹਿਲਾ ਪਹਿਰ।

ਟੁੰਡੇ ਅਸਰਾਜੈ ਕੀ ਧੁਨੀ

"ਆਸਾ ਕੀ ਵਾਰ ਨੂੰ, ਅੰਮ੍ਰਿਤ ਵੇਲੇ, ਪੰਚਮ ਗੁਰਦੇਵ ਦੀ ਹਦਾਇਤ ਅਨੁਸਾਰ ਰਾਜੇ ਅਸਰਾਜ ਦੇ ਨਾਮ 'ਤੇ ਪ੍ਰਚਲਤ ਲੋਕ ਗਾਇਨ-ਰੀਤ (ਟੁੰਡੇ ਅਸਰਾਜੈ ਕੀ ਧੁਨੀ) ਉਪਰ ਗਾਉਣ ਦਾ ਵਿਧਾਨ ਹੈ। ਅਸਰਾਜ ਦਾ ਇਕ ਹੱਥ ਕੱਟਿਆ ਹੋਇਆ ਸੀ, ਇਸ ਲਈ ਉਸ ਨੂੰ ਟੁੰਡਾ ਕਿਹਾ ਜਾਂਦਾ ਸੀ।

ਵਿਦਵਾਨਾਂ ਨੇ ਰਾਜੇ ਅਸਰਾਜ ਦੀ ਕਥਾ ਵਖ-ਵਖ ਢੰਗਾਂ ਨਾਲ ਬਿਆਨ ਕੀਤੀ ਹੈ। ਪ੍ਰਿ. ਤੇਜਾ ਸਿੰਘ ਨੇ ਇਸ ਨੂੰ ਇਸ ਤਰ੍ਹਾਂ ਲਿਖਿਆ ਹੈ:
“‘ਅਸਿਰਾਜ’ ਰਾਜਾ ਸਾਰੰਗ ਦਾ ਵੱਡਾ ਪੁੱਤਰ ਸੀ। ਇਸ ਦੇ ਦੋ ਹੋਰ ਮਤ੍ਰਏ ਭਰਾ ਸਰਦੂਲ ਰਾਏ ਅਤੇ ਸੁਲਤਾਨ ਖ਼ਾਨ ਸਨ। ਈਰਖਾ ਕਰ ਕੇ ਦੋਵੇਂ ਭਰਾ ਸ਼ਿਕਾਰ ਦੇ ਬਹਾਨੇ ਅਸਿਰਾਜ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਜ਼ਖ਼ਮੀ ਕਰ ਕੇ ਖੂਹ ਵਿਚ ਸੁੱਟ ਦਿਤਾ, ਫਿਰ ਪਿਤਾ ਨੂੰ ਆ ਕੇ ਕਹਿ ਦਿਤਾ ਕਿ ਅਸਿਰਾਜ ਨੂੰ ਸ਼ੇਰ ਮਾਰ ਕੇ ਖਾ ਗਿਆ ਹੈ। ਵਣਜਾਰਿਆਂ ਦਾ ਇਕ ਟੋਲਾ ਉਸ ਖੂਹ ਕੋਲੋਂ ਲੰਘਿਆ। ਪਾਣੀ ਭਰਦਿਆਂ ਅਸਿਰਾਜ ਦਾ ਪਤਾ ਲੱਗਾ। ਉਸ ਦੀ ਹਾਲਤ ਉਤੇ ਤਰਸ ਖਾ ਕੇ ਵਣਜਾਰਿਆਂ ਨੇ ਉਸ ਨੂੰ ਕੱਢ ਲਿਆ ਅਤੇ ਮਲ੍ਹਮ-ਪੱਟੀ ਕਰਾ ਕੇ ਰਾਜ਼ੀ ਕਰ ਲਿਆ। ਜਿਸ ਦੇਸ ਵਿਚ ਓਹ ਗਏ, ਉਥੇ ਦਾ ਰਾਜਾ, ਭਾਗ ਜੱਸ, ਨਿਰਸੰਤਾਨ ਮਰ ਗਿਆ; ਸੋ ਉਸ ਦੇ ਵਜ਼ੀਰਾਂ ਨੇ ਇਹ ਫ਼ੈਸਲਾ ਕੀਤਾ ਕਿ ਜਿਹੜਾ ਵੀ ਆਦਮੀ ਸਵੇਰੇ ਸਵੇਰੇ ਸ਼ਹਿਰ ਦੇ ਦਰਵਾਜ਼ੇ ਉੱਤੇ ਪੁੱਜੇ, ਉਸ ਨੂੰ ਰਾਜਾ ਬਣਾਇਆ ਜਾਵੇ। ਵਾਹਿਗੁਰੂ ਦੀ ਕਰਨੀ! ਜਦ ਰਾਜ ਮੰਤ੍ਰੀ ਉਡੀਕ ਕਰ ਰਹੇ ਸਨ, ਤਾਂ ਉਸ ਵੇਲੇ ਟੁੰਡਾ ਅਸਿਰਾਜ ਹੀ ਦਰਵਾਜ਼ੇ ਉਤੇ ਪੁਜਾ। ਮੰਤ੍ਰੀਆਂ ਨੇ ਉਸ ਨੂੰ ਲਿਜਾ ਕੇ ਰਾਜਾ ਬਣਾ ਦਿਤਾ। ਅਸਿਰਾਜ ਨੇ ਚੰਗਾ ਰਾਜ ਕੀਤਾ। ਕਿਸੇ ਤਰ੍ਹਾਂ ਉਸ ਦੀ ਸੋਭਾ ਉਸ ਦੇ ਪਿਤਾ, ਰਾਜਾ ਸਾਰੰਗ, ਤਕ ਜਾ ਪੁਜੀ। ਉਹ ਬਹੁਤ ਪਛਤਾਇਆ ਅਤੇ ਆਪਣੇ ਪੁੱਤਰ ਅਸਿਰਾਜ ਨੂੰ ਖ਼ਤ ਲਿਖ ਕੇ ਬੁਲਾ ਘਲਿਆ। ਜਦ ਇਹ ਖ਼ਬਰ ਅਸਿਰਾਜ ਦੇ ਮਤ੍ਰਏ ਭਰਾਵਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਜੰਗ ਦੀ ਤਿਆਰੀ ਕੀਤੀ। ਲੜਾਈ ਵਿਚ ਅਸਿਰਾਜ ਜਿੱਤ ਗਿਆ, ਅਤੇ ਆਪਣੇ ਪਿਤਾ ਅਤੇ ਉਸ ਦੇ ਮੰਤ੍ਰੀਆਂ ਦੀ ਸਲਾਹ ਨਾਲ ਆਪਣੀ ਜੱਦੀ ਰਾਜ-ਗੱਦੀ ਦਾ ਮਾਲਕ ਬਣਿਆ। ਢਾਡੀਆਂ ਨੇ ਟੁੰਡੇ ਅਸਿਰਾਜੇ ਦੀ ਵਾਰ ਪੰਜਾਬੀ ਵਿਚ ਬਣਾਈ।”
Bani Footnote ਪ੍ਰਿ. ਤੇਜਾ ਸਿੰਘ, ਆਸਾ ਦੀ ਵਾਰ ਸਟੀਕ, ਧਰਮ ਪ੍ਰਚਾਰ ਕਮੇਟੀ, ਸ਼੍ਰੀ ਅੰਮ੍ਰਿਤਸਰ, ੧੯੯੯, ਪੰਨਾ ੧੦-੧੧


ਇਸ ਕਹਾਣੀ ਦੇ ਪਾਤਰ ਕਿਸ ਦੇਸ਼ ਨਾਲ ਸੰਬੰਧਤ ਹਨ? ਇਸ ਬਾਰੇ ਪਤਾ ਨਹੀਂ ਲਗਦਾ। ਪਰੰਤੂ ਵਾਰ ਦੀ ਪਉੜੀ ਪੰਜਾਬੀ ਵਿਚ ਹੈ ਅਤੇ ‘ਵਾਰ’ ਪੰਜਾਬੀ ਦਾ ਛੰਦ ਹੈ, ਇਸ ਲਈ ਪੰਜਾਬ ਦੇ ਕਿਸੇ ਖਿੱਤੇ ਦੇ ਰਾਜੇ ਦੀ ਕਹਾਣੀ ਜਾਪਦੀ ਹੈ। ਇਸ ਕਥਾ ਦੇ ਵੇਰਵੇ ਪੂਰਨ ਭਗਤ ਅਤੇ ਰੂਪ-ਬਸੰਤ ਆਦਿ ਪਾਤਰਾਂ ਨਾਲ ਵੀ ਮਿਲਦੇ ਹਨ। ਇਸ ਕਰਕੇ ਇਹ ਪੜਤਾਲ ਦਾ ਵਿਸ਼ਾ ਹੈ।

ਪਰ ਜਾਪਦਾ ਹੈ ਕਿ ਵੀਰਤਾ ਅਤੇ ਨਾਇਕਤਵ ਦੇ ਗੁਣਾਂ ਨੂੰ ਉਭਾਰਦੀ ਇਹ ਵਾਰ ਗੁਰੂ ਅਰਜਨ ਸਾਹਿਬ ਦੇ ਸਮੇਂ ਤਕ ਮਿਲਦੀ ਸੀ। ਢਾਢੀਆਂ ਵੱਲੋਂ ਰਾਜੇ ਦੀ ਬਹਾਦਰੀ ਦਾ ਗੁਣਗਾਨ ਲੋਕਾਂ ਵਿਚ ਇਕ ਬੇਹੱਦ ਲੋਕਪ੍ਰਿਅ ਧੁਨੀ ਵਿਚ ਗਾਇਨ ਕੀਤਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਨੇ, ਹੋਰਨਾਂ ਕਾਰਣਾਂ ਤੋਂ ਇਲਾਵਾ, ਆਸਾ ਕੀ ਵਾਰ ਦੀਆਂ ਪੰਜ-ਪੰਜ ਤੁਕਾਂ ਵਾਲੀਆਂ ਪਉੜੀਆਂ ਅਤੇ ਰਾਜੇ ਅਸਰਾਜ ਦੀ ਉਸਤਤਿ ਵਿਚ ਗਾਈ ਜਾਂਦੀ ਵਾਰ ਦੀ ਬਣਤਰ ਵਿਚ ਕੁਝ ਸਮਾਨਤਾ ਮਹਿਸੂਸ ਹੋਣ ਕਾਰਣ ਆਸਾ ਕੀ ਵਾਰ ਦੇ ਗਾਉਣ ਲਈ ਇਹ ਧੁਨੀ ਨਿਸ਼ਚਿਤ ਕੀਤੀ ਜਾਪਦੀ ਹੈ।
Bani Footnote “ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਢਾਡੀਆਂ ਤੋਂ ਇਹ ਨੌ ਧੁਨੀਆਂ ਵੀਰ ਰਸ ਦੀ ਵ੍ਰਿਧੀ ਲਈ ਗਵਾਈਆਂ, ਜੋ ਹੁਣ ਤੀਕ ਟਕਸਾਲੀਏ ਰਾਗੀ ਰਬਾਬੀ ਗਾਉਂਦੇ ਹਨ। ਬਹੁਤ ਲੇਖਕਾਂ ਨੇ ਲਿਖਿਆ ਹੈ ਕਿ ਧੁਨੀਆਂ ਛੀਵੇਂ ਸਤਿਗੁਰੂ ਨੇ ਚੜ੍ਹਾਈਆਂ ਹਨ, ਪਰ ਇਹ ਅਸਤ੍ਯ ਹੈ।” -ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਨਾ ੬੬੯


ਪਉੜੀਆਂ ਦੇ ਨਾਲ ਅੰਕਤ ਸਲੋਕ ਵੀ ਆਸਾ ਰਾਗ ਵਿਚ ਹੀ ਗਾਏ ਜਾਂਦੇ ਹਨ।

ਸਿਖ ਸਾਹਿਤ ਵਿਚ ਰਾਜਾ ਅਸਰਾਜ ਦੀ ਵਾਰ ਦਾ ਜੋ ਨਮੂਨਾ ਪ੍ਰਚਲਤ ਹੈ, ਉਹ ‘ਟੀਕਾ ਫ਼ਰੀਦਕੋਟ’ (ਤਕਰੀਬਨ ੧੮੮੦ ਈ.) ਵਿਚ ਅੰਕਤ ਹੈ। ਇਹੋ ਸੂਚਨਾ ਸ਼ਬਦ ਜੋੜਾਂ ਦੀ ਮਾਮੂਲੀ ਭਿੰਨਤਾ ਨਾਲ ਡਾਕਟਰ ਚਰਨ ਸਿੰਘ ਜੀ ਨੇ ਆਪਣੀ ਪੁਸਤਕ ‘ਬਾਣੀ ਬਿਉਰਾ’ (੧੯੦੨ ਈ.) ਵਿਚ ਦਰਜ ਕੀਤੀ ਜਾਪਦੀ ਹੈ।
Bani Footnote ਡਾ. ਚਰਨ ਸਿੰਘ, ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰਾ, ਪੰਜਾਬ ਖਾਲਸਾ ਇਜੰਸੀ, ਅੰਮ੍ਰਿਤਸਰ, ੧੯੨੨, ਪੰਨਾ ੨੬
ਸਾਰੇ ਟੀਕਾਕਾਰਾਂ ਨੇ ਉਪਰੋਕਤ ਸ੍ਰੋਤਾਂ ਵਿਚ ਦਿਤੇ ਨਮੂਨੇ ਦਾ ਹੀ ਪ੍ਰਮਾਣ ਦਿਤਾ ਹੈ, ਪਰ ਕਿਸੇ ਨੇ ਇਸ ਦਾ ਕੋਈ ਹਵਾਲਾ ਨਹੀਂ ਦਿਤਾ, ਨਾ ਹੀ ਇਸ ਦਾ ਕਿਤੇ ਹੋਰ ਕੋਈ ਹਵਾਲਾ ਮਿਲਿਆ ਹੈ।

ਡਾਕਟਰ ਚਰਨ ਸਿੰਘ ਜੀ ਵਾਲਾ ਨਮੂਨਾ ਹੇਠਾਂ ਦਿਤਾ ਜਾਂਦਾ ਹੈ:
ਭਬਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ॥
ਖਾਨ ਸੁਲਤਾਨ ਬਡ ਸੂਰਮੇ ਵਿਚ ਰਣ ਦੇ ਗੱਜੇ॥
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਿਸਾਹੀ ਅੱਜੇ॥
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ॥
ਫਤੇ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ॥
Bani Footnote ਜਦੋਂ ਇਹ ਵਾਰ ਰਚੀ ਗਈ ਸੀ, ਉਸ ਵੇਲੇ ਬਲਧੁਨੀ (ਅੱਧਕ) ਅਤੇ ਵਿਸ਼ੇਸ਼ ਧੁਨੀਆਂ (ਸ਼ ਆਦਿ) ਦਾ ਅਭਾਵ ਸੀ। ਪਰ ਮੌਜੂਦਾ ਪ੍ਰਕਾਸ਼ਤ ਲਿਖਤਾਂ ਵਿਚ ਇਹ ਚਿੰਨ੍ਹ ਲਗੇ ਹੋਏ ਹਨ। ਇਸ ਬਾਰੇ ਕਿਸੇ ਪੁਰਾਤਨ ਹਥ ਲਿਖਤ ਖਰੜੇ ਨੂੰ ਵਾਚਣ ਦੀ ਲੋੜ ਹੈ।