ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਦੁਨਿਆਵੀ ਰਸਾਂ-ਕਸਾਂ ਵਿਚ ਉਲਝੇ ਮਨੁਖ ਦਾ ਵਰਣਨ ਉਤਮ ਪੁਰਖੀ ਸ਼ੈਲੀ ਵਿਚ ਕੀਤਾ ਹੈ ਅਤੇ ਦਸਿਆ ਹੈ ਕਿ ਹਰੀ ਦੀ ਸ਼ਰਣ ਪੈਣ ਤੋਂ ਬਿਨਾਂ, ਕਿਤੇ ਹੋਰ ਮਨੁਖ ਦਾ ਛੁਟਕਾਰਾ ਸੰਭਵ ਨਹੀਂ ਹੈ।
ਟੋਡੀ ਮਹਲਾ ੯ ॥
ੴ ਸਤਿਗੁਰ ਪ੍ਰਸਾਦਿ ॥
ਕਹਉ ਕਹਾ ਅਪਨੀ ਅਧਮਾਈ ॥
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
ਦੀਨਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
-ਗੁਰੂ ਗ੍ਰੰਥ ਸਾਹਿਬ ੭੧੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਨ੍ਹਾਂ ਲੋਕਾਂ ਦੇ ਨਿਕੰਮੇਪਣ ਬਾਰੇ ਕੀ ਕਿਹਾ ਜਾਵੇ ਜਿਹੜੇ ਸੋਨੇ-ਚਾਂਦੀ ਅਤੇ ਸਰੀਰਕ ਭੋਗ-ਬਿਲਾਸ ਵਿਚ ਉਲਝੇ ਹੋਏ ਹਨ ਤੇ ਜਿਹੜੇ ਕਦੇ ਵੀ ਪ੍ਰਭੂ ਦੀ ਸਿਫਤਿ-ਸ਼ਲਾਘਾ ਨਹੀਂ ਕਰਦੇ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਮਨੁਖ ਨੇ ਇਸ ਝੂਠੇ-ਮੂਠੇ ਸੰਸਾਰ ਨੂੰ ਸੱਚ ਜਾਣ ਲਿਆ ਹੈ ਤੇ ਉਸ ਵਿਚ ਹੀ ਦਿਲਚਸਪੀ ਲੈਣ ਲੱਗ ਪਿਆ ਹੈ ਜਾਂ ਉਸ ਵਿਚ ਖਚਤ ਹੋ ਗਿਆ ਹੈ। ਪਰ ਬੇਸਹਾਰਿਆਂ ਦੀ ਸਹਾਇਤਾ ਕਰਨ ਵਾਲੇ ਪ੍ਰਭੂ ਨੂੰ ਕਦੇ ਵੀ ਯਾਦ ਨਹੀਂ ਕੀਤਾ, ਜੋ ਹਰ ਸਮੇਂ ਉਸ ਦੇ ਨਾਲ ਰਹਿੰਦਾ ਹੈ ਤੇ ਹਮੇਸ਼ਾ ਮਦਦਗਾਰ ਵੀ ਸਾਬਤ ਹੁੰਦਾ ਹੈ।
ਮਨੁਖ ਧਨ-ਦੌਲਤ ਤੇ ਪਦਾਰਥ ਦੀ ਦੁਨੀਆ ਵਿਚ ਦਿਨ-ਰਾਤ ਵਿਅਸਤ ਰਹਿੰਦਾ ਹੈ, ਜਿਸ ਕਰਕੇ ਉਸ ਦੇ ਮਨ ਅੰਦਰ ਜਮਾਂ ਅਤੇ ਜੰਮੀ ਹੋਈ ਮੈਲ ਨਹੀਂ ਲੱਥੀ। ਇਸ ਕਰਕੇ ਪਾਤਸ਼ਾਹ ਦੱਸਦੇ ਹਨ ਕਿ ਮਨੁਖ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ, ਸਿਵਾਇ ਇਸ ਦੇ ਕਿ ਉਹ ਪ੍ਰਭੂ ਦੀ ਸ਼ਰਣ ਪ੍ਰਾਪਤ ਕਰ ਲਵੇ, ਅਰਥਾਤ ਦੁਨਿਆਵੀ ਖਲਜਗਣ ਤੋਂ ਬਚਣ ਲਈ ਪ੍ਰਭੂ ਹੀ ਇਕੋ-ਇਕ ਆਸਰਾ ਹੈ।