ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਹਰੀ ਦਾ ਜਸ ਹੀ ਮਨੁਖ ਦਾ ਲੋਕ-ਪ੍ਰਲੋਕ ਵਿਚ ਨਾਲ ਨਿਭਣ ਵਾਲਾ ਸਾਥੀ ਹੈ। ਇਸ ਲਈ ਗੁਰੂ ਉਪਦੇਸ਼ ਮੰਨ ਕੇ ਅਤੇ ਬੀਤ ਰਹੀ ਉਮਰ ਨੂੰ ਦੇਖਦਿਆਂ, ਸਮਾਂ ਸੰਭਾਲ ਕੇ ਹਰੀ ਦਾ ਜਸ ਕਰਨਾ ਚਾਹੀਦਾ ਹੈ।
ਤਿਲੰਗ ਮਹਲਾ ੯
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
-ਗੁਰੂ ਗ੍ਰੰਥ ਸਾਹਿਬ ੭੨੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਣੀ ਵਿਚ ਧਨ-ਸੰਪਤੀ ਤੇ ਸਮਾਜਕ ਰਿਸ਼ਤਿਆਂ ਨੂੰ ਭਰੋਸੇਜੋਗ ਨਹੀਂ ਮੰਨਿਆ ਗਿਆ। ਬਲਕਿ ਪ੍ਰਭੂ ਦੇ ਨਾਮ-ਸਿਮਰਨ ਨੂੰ ਹੀ ਮਨੁਖ ਦਾ ਅਸਲ ਸਹਾਇਕ ਦੱਸਿਆ ਗਿਆ ਹੈ। ਪਰ ਮਨੁਖ ਦੀ ਪ੍ਰਵਿਰਤੀ ਅਜਿਹੀ ਹੈ ਕਿ ਇਹ ਨਾਮ-ਸਿਮਰਨ ਦੀ ਬਜਾਏ ਧਨ-ਸੰਪਤੀ ਤੇ ਸਮਾਜਕ ਰਿਸ਼ਤਿਆਂ ’ਤੇ ਵਧੇਰੇ ਭਰੋਸਾ ਕਰਦਾ ਹੈ। ਇਸ ਕਰਕੇ ਪਾਤਸ਼ਾਹ ਆਪਣੇ ਮਨ ਰਾਹੀਂ ਮਨੁਖ ਨੂੰ ਉਪਦੇਸ਼ ਕਰਦੇ ਹਨ ਕਿ ਉਹ ਹਰੀ-ਪ੍ਰਭੂ ਦੀ ਸਿਫਤਿ-ਸ਼ਲਾਘਾ, ਅਰਥਾਤ ਸਿਮਰਨ ਕਰੇ। ਕਿਉਂਕਿ ਸਿਰਫ ਇਹੀ ਉਸ ਦਾ ਅਸਲ ਸੰਗੀ-ਸਾਥੀ ਅਤੇ ਸਹਾਈ ਹੋਣ ਵਾਲਾ ਹੈ। ਪਾਤਸ਼ਾਹ ਫਿਰ ਸਮਝਾਉਂਦੇ ਹਨ ਕਿ ਮਨੁਖ ਕਹਿਣਾ ਮੰਨ ਲਵੇ ਨਹੀਂ ਤਾਂ ਸਿਮਰਨ ਦਾ ਸਮਾਂ ਵਿਅਰਥ ਬੀਤਦਾ ਜਾ ਰਿਹਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਮਨੁਖ ਨੇ ਧਨ, ਸੰਪਤੀ, ਰੱਥ ਅਤੇ ਰਾਜ-ਭਾਗ ਜਿਹੀਆਂ ਸੁਖ ਸਹੂਲਤਾਂ ਨਾਲ ਬੇਹੱਦ ਪ੍ਰੇਮ ਪਾ ਲਿਆ ਹੈ। ਪਰ ਉਸ ਨੂੰ ਇਹ ਨਹੀਂ ਪਤਾ ਕਿ ਜਦ ਸਮੇਂ ਨੇ ਫਾਂਸੀ ਦਾ ਫੰਦਾ ਬਣ ਕੇ ਗਲ ਪੈ ਜਾਣਾ ਹੈ ਤਾਂ ਉਸ ਵੇਲੇ ਰਾਜ-ਭਾਗ ਜਿਹੀਆਂ ਸਭ ਸੁਖ-ਸਹੂਲਤਾਂ ਸਾਥ ਛੱਡ ਜਾਂਦੀਆਂ ਹਨ ਤੇ ਮੌਤ ਦੇ ਫੰਦੇ ਤੋਂ ਬਚਾਉਣ ਲਈ ਕੁਝ ਵੀ ਕੰਮ ਨਹੀਂ ਆਉਂਦਾ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਇਸ ਪਾਗਲ ਮਨੁਖ ਨੇ ਜਾਣਬੁੱਝ ਕੇ ਆਪਣਾ ਕੰਮ ਖਰਾਬ ਕਰ ਲਿਆ ਹੈ। ਪਤਾ ਹੋਣ ਦੇ ਬਾਵਜੂਦ ਵੀ ਇਸ ਨੇ ਬੁਰੇ ਕੰਮ ਕਰਨ ਤੋਂ ਕਦੇ ਸੰਕੋਚ ਨਹੀਂ ਕੀਤਾ ਤੇ ਨਾ ਹੀ ਆਪਣੇ ਘੁਮੰਡ ਤੋਂ ਮੁਕਤੀ ਹਾਸਲ ਕੀਤੀ ਹੈ।
ਅਖੀਰ ਵਿਚ ਪਾਤਸ਼ਾਹ ਮਨੁਖ ਨੂੰ ਭਾਈ ਆਖ ਕੇ ਸਮਝਾਉਣ ਵਾਲੇ ਲਹਿਜ਼ੇ ਵਿਚ ਆਦੇਸ਼ ਕਰਦੇ ਹਨ ਕਿ ਗੁਰੂ ਨੇ ਜਿਹੋ-ਜਿਹੀ ਜੀਵਨ-ਜਾਂਚ ਦੀ ਉਸ ਨੂੰ ਸਿੱਖਿਆ ਦਿੱਤੀ ਹੈ, ਉਸ ਨੂੰ ਉਹ ਧਿਆਨ ਨਾਲ ਸੁਣੇ ਅਤੇ ਸਮਝੇ। ਪਾਤਸ਼ਾਹ ਉਸ ਨੂੰ ਜੋਰ ਦੇ ਕੇ ਆਖਦੇ ਹਨ ਕਿ ਉਹ ਪ੍ਰਭੂ ਦੀ ਸ਼ਰਣ ਪ੍ਰਾਪਤ ਕਰੇ। ਹੋਰ ਕੋਈ ਚਾਰਾ ਜਾਂ ਰਾਹ ਨਹੀਂ ਹੈ।