ਇਸ ਸ਼ਬਦ ਵਿਚ ਮਨੁਖ ਨੂੰ ਸੁਚੇਤ ਕੀਤਾ ਗਿਆ ਹੈ ਕਿ ਜਿਵੇਂ ਤਿੜਕੇ ਹੋਏ ਘੜੇ ਵਿਚੋਂ ਪਾਣੀ ਚੋ-ਚੋ ਕੇ ਘਟਦਾ ਰਹਿੰਦਾ ਹੈ, ਉਵੇਂ ਹੀ ਮਨੁਖ ਦੀ ਉਮਰ ਵੀ ਘਟਦੀ ਜਾ ਰਹੀ ਹੈ। ਇਸ ਲਈ ਉਸ ਨੂੰ ਅਣਗਹਿਲੀ ਛੱਡ ਕੇ ਹਰੀ ਸਿਮਰਨ ਵਿਚ ਤਤਪਰ ਹੋਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਉਹ ਭੈ-ਮੁਕਤ ਜੀਵਨ ਜੀ ਸਕਦਾ ਹੈ।
ਤਿਲੰਗ ਮਹਲਾ ੯ ਕਾਫੀ
ੴ ਸਤਿਗੁਰ ਪ੍ਰਸਾਦਿ ॥
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥
-ਗੁਰੂ ਗ੍ਰੰਥ ਸਾਹਿਬ ੭੨੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਪਾਤਸ਼ਾਹ ਮਨੁਖ ਨੂੰ ਆਦੇਸ਼ ਕਰਦੇ ਹਨ ਕਿ ਜੇ ਉਹ ਚੇਤਨ, ਸਮਝਦਾਰ ਜਾਂ ਸੁਰਤਵਾਨ ਹੈ, ਤਾਂ ਉਸ ਨੂੰ ਦਿਨ-ਰਾਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰਖਣਾ ਚਾਹੀਦਾ ਹੈ। ਨਹੀਂ ਤਾਂ ਸਮੇਂ ਦੇ ਨਾਲ ਮਨੁਖ ਦੀ ਉਮਰ ਇਵੇਂ ਬੀਤਦੀ ਜਾ ਰਹੀ ਹੈ, ਜਿਵੇਂ ਤਿਪ-ਤਿਪ ਕਰਕੇ ਤਿੜਕੇ ਹੋਏ ਘੜੇ ਦਾ ਪਾਣੀ ਚੋਂਦਾ ਰਹਿੰਦਾ ਹੈ ਤੇ ਅਖੀਰ ਮੁੱਕ ਜਾਂਦਾ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਫਿਰ ਪਾਤਸ਼ਾਹ ਮਨੁਖ ਨੂੰ ਰਤਾ ਸਖਤ ਲਹਿਜ਼ੇ ਵਿਚ ਤਾੜਨਾ ਕਰਦੇ ਹਨ ਕਿ ਉਹ ਹਰੀ-ਪ੍ਰਭੂ ਦੇ ਗੁਣਾਂ ਨੂੰ ਯਾਦ ਕਿਉਂ ਨਹੀਂ ਰਖਦਾ? ਉਹ ਏਨਾ ਮੂਰਖ ਤੇ ਅਣਜਾਣ ਹੈ ਕਿ ਬੇਮਤਲਬ ਕਿਸਮ ਦੇ ਲਾਲਚਾਂ ਮਗਰ ਲੱਗ ਕੇ ਇਹ ਵੀ ਭੁੱਲ ਗਿਆ ਹੈ ਕਿ ਉਸ ਕੋਲ ਸਮਾਂ ਬੜਾ ਹੀ ਥੋੜਾ ਹੈ ਤੇ ਉਸ ਨੇ ਜਲਦੀ ਹੀ ਸੰਸਾਰ ਛੱਡ ਜਾਣਾ ਹੈ।
ਪਾਤਸ਼ਾਹ ਫਿਰ ਸਮਝਾਉਂਦੇ ਹਨ ਕਿ ਜੇ ਉਹ ਪ੍ਰਭੂ ਦਾ ਗੁਣ ਗਾਇਨ ਜਾਂ ਸਿਮਰਨ ਕਰੇ ਤਾਂ ਹਾਲੇ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ, ਭਾਵ ਸਮਾਂ ਰਹਿੰਦਿਆਂ ਉਹ ਆਪਣਾ ਨੁਕਸਾਨ ਹੋਣੋ ਬਚਾ ਸਕਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੀ ਭਜਨ-ਬੰਦਗੀ ਜਾਂ ਸਿਮਰਨ ਦੀ ਬਰਕਤ ਨਾਲ ਉਹ ਬਿਲਕੁਲ ਨਿਡਰ ਹਸਤੀ ਦਾ ਮਾਲਕ ਹੋ ਸਕਦਾ ਹੈ।