Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਮਨੁਖ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੰਦਾ ਹੈ, ਉਹ ਵਿਕਾਰਾਂ ਤੇ ਮਾਇਕੀ ਸੁਆਦਾਂ ਵਿਚ ਫਸ ਕੇ ਸੰਸਾਰਕ ਦੁਖਾਂ-ਸੁਖਾਂ ਨੂੰ ਭੋਗਦਾ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਨਾਮ ਨੂੰ ਵਿਸਾਰਨ ਵਾਲੇ ਮਨੁਖ ਵਿਕਾਰਾਂ ਵਿਚ ਖਚਤ ਹੋ ਕੇ ਮਾੜੇ ਕਰਮ ਕਰਦੇ ਰਹਿੰਦੇ ਹਨ। ਉਹ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਹਰ ਹੀਲਾ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਦੀ ਤ੍ਰਿਸ਼ਨਾ ਅਤੇ ਲਾਲਚ ਖਤਮ ਨਹੀਂ ਹੁੰਦੇ। ਉਹ ਭਟਕਣਾ ਵਿਚ ਹੀ ਪਏ ਰਹਿੰਦੇ ਹਨ।
ਪਉੜੀ
ਨਉਮੀ  ਨਵੇ ਛਿਦ੍ਰ ਅਪਵੀਤ ॥ 
ਹਰਿ ਨਾਮੁ ਜਪਹਿ  ਕਰਤ ਬਿਪਰੀਤਿ
ਪਰ ਤ੍ਰਿਅ ਰਮਹਿ  ਬਕਹਿ ਸਾਧ ਨਿੰਦ ॥ 
ਕਰਨ ਸੁਨਹੀ ਹਰਿ ਜਸੁ ਬਿੰਦ
ਹਿਰਹਿ ਪਰ ਦਰਬੁ ਉਦਰ ਕੈ ਤਾਈ
ਅਗਨਿ ਨਿਵਰੈ  ਤ੍ਰਿਸਨਾ ਬੁਝਾਈ
ਹਰਿ ਸੇਵਾ ਬਿਨੁ ਏਹ ਫਲ ਲਾਗੇ ॥ 
ਨਾਨਕ  ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨਾਵੀਂ ਥਿਤ ਦੇ ਹਵਾਲੇ ਨਾਲ ਪਾਤਸ਼ਾਹ ਇਸ ਪਉੜੀ ਦੇ ਅਧਾਰ ਸ਼ਿਲਾ ਸਲੋਕ ਵਾਲੇ ਵਿਚਾਰ ਦਾ ਵਿਸਤਾਰ ਕਰਦੇ ਹਨ ਕਿ ਜਿਹੜੇ ਲੋਕ ਆਪਣੇ ਅੰਦਰ ਵੱਸਦੇ ਨਰਾਇਣ ਪ੍ਰਭੂ ਨੂੰ ਯਾਦ ਨਹੀਂ ਰਖਦੇ, ਉਹ ਲੋਕ ਨਿੱਤ ਆਪਣੀਆਂ ਇੰਦਰੀਆਂ ਰੂਪੀ ਚੋਰ ਮੋਰੀਆਂ ਰਾਹੀਂ ਨਵੇਂ-ਨਵੇਂ ਗਲੀਜ਼ ਕਾਰਨਾਮਿਆਂ ਵਿਚ ਖਚਤ ਰਹਿੰਦੇ ਹਨ। ਉਹ ਕਦੇ ਵੀ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੇ, ਜਿਸ ਕਰਕੇ ਹਮੇਸ਼ਾ ਅਜਿਹੇ ਕੰਮ ਕਰਦੇ ਹਨ, ਜਿਹੜੇ ਪ੍ਰਭੂ ਦੀ ਰਜਾ ਦੇ ਬਰਖਿਲਾਫ ਹੁੰਦੇ ਹਨ।

ਪਾਤਸ਼ਾਹ ਦੱਸਦੇ ਹਨ ਕਿ ਫਿਰ ਉਹ ਮਨੁਖ ਪਰ ਇਸਤਰੀ ਗਮਨ ਵੱਲ ਖਿੱਚਿਆ ਜਾਂਦਾ ਹੈ। ਜਦ ਉਹ ਆਪ ਏਨਾ ਭ੍ਰਿਸ਼ਟ ਹੋ ਜਾਂਦਾ ਹੈ, ਫਿਰ ਖੁਦ ਨੂੰ ਸਹੀ ਸਾਬਤ ਕਰਨ ਹਿਤ ਸਾਧੂ-ਸੁਭਾਅ ਜਿਹੇ ਨੇਕ ਲੋਕਾਂ ਦੀ ਬਦਖੋਈ ਤੇ ਨਿੰਦਿਆ-ਚੁਗਲੀ ਕਰਦਾ ਹੈ। ਇਥੋਂ ਤਕ ਕਿ ਉਸ ਦੇ ਕੰਨ ਪਲ ਭਰ ਲਈ ਵੀ ਪ੍ਰਭੂ ਦਾ ਜਸ ਅਤੇ ਸਿਫਤਿ-ਸਾਲਾਹ ਸੁਣਨ ਤੋਂ ਆਕੀ ਹੋ ਜਾਂਦੇ ਹਨ। ਪਰਾਏ ਤਨ ਦੀ ਹਵਸ ਦੇ ਇਲਾਵਾ, ਆਪਣੇ ਪੇਟ ਦੀ ਵਧੀ ਹੋਈ ਭੁੱਖ ਲਈ ਪਰਾਏ ਧੰਨ ਨੂੰ ਜਿਵੇਂ-ਕਿਵੇਂ ਹਾਸਲ ਕਰਨ ਦੀ ਤਾਕ ਵਿਚ ਰਹਿੰਦਾ ਹੈ।

ਪਾਤਸ਼ਾਹ ਕਹਿੰਦੇ ਹਨ ਕਿ ਏਨਾ ਕੁਝ ਕਰਨ ਅਤੇ ਹੋਣ ਦੇ ਬਾਵਜੂਦ ਵੀ ਨਾ ਉਸ ਦੇ ਮਨ ਵਿਚਲੀ ਹੋਰ-ਹੋਰ ਦੀ ਹੋੜ ਮਿਟਦੀ ਹੈ ਤੇ ਨਾ ਹੀ ਪੇਟ ਦੀ ਭੁੱਖ ਦਾ ਕੋਈ ਹੱਲ ਹੁੰਦਾ ਹੈ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੀ ਸੇਵਾ-ਭਗਤੀ ਬਿਨਾਂ ਅਸੀਂ ਉਕਤ ਕਿਸਮ ਦੇ ਹੀ ਭੈੜੇ ਨਤੀਜੇ ਭੁਗਤਦੇ ਹਾਂ ਤੇ ਪ੍ਰਭੂ ਮਿਲਾਪ ਤੋਂ ਵਾਂਝੇ ਰਹਿ ਕੇ ਜਾਂ ਪ੍ਰਭੂ ਦੇ ਵਿਛੋੜੇ ਕਾਰਣ ਹੀ ਅਸੀਂ ਬਦਕਿਸਮਤ ਫਾਡੀਆਂ ਵਾਲੀ ਮੌਤ ਮਰਦੇ ਹਾਂ। ਸਾਡੇ ਪੱਲੇ ਨਾ ਕੱਖ ਪੈਂਦਾ ਹੈ ਤੇ ਨਾ ਰਹਿੰਦਾ ਹੈ।
Tags