ਸਲੋਕ ਵਿਚ ਦੱਸਿਆ ਗਿਆ ਹੈ ਕਿ ਜੇਕਰ ਹਰ ਵੇਲੇ ਪ੍ਰਭੂ ਦੇ ਗੁਣਾਂ ਦਾ ਚਿੰਤਨ ਕੀਤਾ ਜਾਵੇ ਤਾਂ ਮਨੁਖ ਨੂੰ ਮੌਤ ਦਾ ਡਰ ਨਹੀਂ ਵਿਆਪਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ
ਨਾਮ ਦੀ ਬਰਕਤ ਨਾਲ ਮਨੁਖ ਨੂੰ ਸਾਰੀਆਂ ਕਰਾਮਾਤੀ ਤਾਕਤਾਂ ਤੇ ਦੁਨੀਆਂ ਦੇ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ। ਮਨ ਸਦਾ ਖਿੜਿਆ ਰਹਿੰਦਾ ਹੈ ਅਤੇ ਅਨੰਦ ਬਣਿਆ ਰਹਿੰਦਾ ਹੈ। ਅਜਿਹੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਜੋ ਕਦੇ ਧੋਖਾ ਨਹੀਂ ਖਾਂਦੀ।
ਸਲੋਕੁ ॥
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਠਵੀਂ ਥਿਤ ਤੋਂ ਪਾਤਸ਼ਾਹ ਦਿਨ ਦੀ ਅਠ ਪਹਿਰੀ ਤਕਸੀਮ ਸਿਮਰਤੀ ਵਿਚ ਲਿਆਉਂਦੇ ਹਨ ਤੇ ਆਦੇਸ਼ ਕਰਦੇ ਹਨ ਕਿ ਸਾਨੂੰ ਅਠੇ ਪਹਿਰ, ਅਰਥਾਤ ਦਿਨ ਰਾਤ ਪ੍ਰਭੂ ਦੇ ਗੁਣ-ਗਾਇਨ ਕਰਦੇ ਰਹਿਣਾ ਚਾਹੀਦਾ ਹੈ ਤੇ ਹੋਰ ਹਰ ਤਰ੍ਹਾਂ ਦੇ ਜੰਜਾਲ ਛੱਡ ਦੇਣੇ ਚਾਹੀਦੇ ਹਨ। ਇਥੇ ਪਾਤਸ਼ਾਹ ਜੀਵਨ ਦੀ ਨਿੱਤ-ਚਰਿਆ ਲਈ ਕੀਤੀ ਜਾਣ ਵਾਲੀ ਕਿਰਤ ਦੇ ਤਿਆਗ ਦੀ ਗੱਲ ਨਹੀਂ ਕਰ ਰਹੇ। ਬਲਕਿ ਇਹ ਅਜਿਹੇ ਸਰੋਕਾਰ ਹਨ, ਜਿਹੜੇ ਅਗਿਆਨਵਸ, ਨਿਰਾਧਾਰ ਅਤੇ ਵਾਧੂ ਕਿਸਮ ਦੇ ਫਿਕਰ ਵਿਚੋਂ ਉਪਜਦੇ ਹਨ ਤੇ ਸਾਡੀ ਰੋਜਾਨਾ ਜਿੰਦਗੀ ਨੂੰ ਨਰਕ ਬਣਾਈ ਰਖਦੇ ਹਨ।
ਪਾਤਸ਼ਾਹ ਦੱਸਦੇ ਹਨ ਕਿ ਜਿਹੜੇ ਪ੍ਰਭੂ ਨੂੰ ਸਦਾ ਦਿਲ ਵਿਚ ਵਸਾਈ ਰਖਦੇ ਹਨ ਤੇ ਵਾਧੂ ਕਿਸਮ ਦੇ ਫਿਕਰਾਂ ਵਿਚ ਨਹੀਂ ਉਲਝਦੇ, ਉਨ੍ਹਾਂ ਉੱਤੇ ਪ੍ਰਭੂ ਏਨਾ ਦਿਆਲ ਹੁੰਦਾ ਹੈ ਕਿ ਦੁਖ, ਤਕਲੀਫਾਂ ਅਤੇ ਕਸ਼ਟ ਜਿਹੇ ਜਮਦੂਤ ਉਨ੍ਹਾਂ ਵੱਲ ਦੇਖਣ ਤੋਂ ਵੀ ਕੰਨੀ ਕਤਰਾਉਂਦੇ ਹਨ, ਭਾਵ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ।