ਸਲੋਕ ਵਿਚ ਦੱਸਿਆ ਗਿਆ ਹੈ ਕਿ ਗੁਰੂ ਵਰੋਸਾਏ ਸੰਤ-ਜਨ ਸਦਾ ਪ੍ਰਭੂ ਦਾ ਗੁਣਗਾਨ ਕਰਦੇ ਰਹਿੰਦੇ ਹਨ, ਜਿਸ ਸਦਕਾ ਉਨ੍ਹਾਂ ਦਾ ਮਨ ਸੰਤੁਸ਼ਟ ਹੋਇਆ ਰਹਿੰਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਸਦਾ ਪ੍ਰਭੂ ਦੇ
ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਹ ਨਾਮ ਗੁਰੂ ਵਰੋਸਾਏ ਸੰਤ-ਜਨਾਂ ਦੀ ਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ। ਆਪਣੇ ਹੰਕਾਰ ਦਾ ਤਿਆਗ ਕਰਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਸਦਕਾ ਮਨੁਖ ਦੇ ਦੁਖ ਦੂਰ ਹੋ ਜਾਂਦੇ ਹਨ ਅਤੇ ਉਹ ਇਸ ਸੰਸਾਰ ਤੋਂ ਜੀਵਨ ਸਫਲ ਕਰ ਕੇ ਜਾਂਦਾ ਹੈ।
ਪਉੜੀ ॥
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਸਤਵੀਂ ਥਿਤ ਦੇ ਅਨੁਪ੍ਰਾਸ ਵਿਚ ਆਦੇਸ਼ ਕਰਦੇ ਹਨ ਕਿ ਸਾਨੂੰ ਵਧ ਤੋਂ ਵਧ ਨਾਮ ਦੀ ਪੂੰਜੀ ਜਮ੍ਹਾਂ ਕਰਨੀ ਚਾਹੀਦੀ ਹੈ, ਤਾਂ ਜੋ ਇਸ ਦੇ ਭੰਡਾਰ ਵਿਚ ਕਦੇ ਕੋਈ ਕਮੀ ਨਾ ਆਵੇ। ਫਿਰ ਪਾਤਸ਼ਾਹ ਦੱਸਦੇ ਹਨ ਕਿ ਨਾਮ ਦੀ ਪੂੰਜੀ ਉਨ੍ਹਾਂ ਦੀ ਸੰਗਤ ਵਿਚੋਂ ਮਿਲਦੀ ਹੈ, ਜਿਨ੍ਹਾਂ ਨੇ ਸੱਚ ਨੂੰ ਆਪਣਾ ਜੀਵਨ-ਅਧਾਰ ਬਣਾਇਆ ਹੋਵੇ ਤੇ ਜਿਥੇ ਸੱਚ ਦੀ ਕੋਈ ਕਮੀ ਨਾ ਹੋਵੇ।
ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਸਾਨੂੰ ਆਪਣੇ ਨਿਜ-ਭਾਵ ਦੀ ਬਜਾਏ ਜਗਤ-ਪਾਲਕ ਗੋਬਿੰਦ-ਪ੍ਰਭੂ ਦੀ ਯਾਦ ਵਿਚ ਮਨ ਲਾਈ ਰਖਣ ਤੇ ਉਸ ਪ੍ਰਭੂ ਦੀ ਸ਼ਰਣ ਵਿਚ ਆਉਣ ਦੀ ਜਰੂਰਤ ਹੈ। ਕਿਉਂਕਿ ਪ੍ਰਭੂ ਦੀ ਸ਼ਰਣ ਹੀ ਅਜਿਹੀ ਥਾਂ ਹੈ, ਜਿਥੇ ਸਾਡੇ ਦੁਖ ਦੂਰ ਹੋ ਸਕਦੇ ਹਨ ਤੇ ਜਿਸ ਦੇ ਆਸਰੇ ਡੂੰਘੇ ਅਤੇ ਡਰਾਉਣੇ ਪਾਣੀਆਂ ਜਿਹੀ ਜਿੰਦਗੀ ਕੱਟੀ ਜਾ ਸਕਦੀ ਹੈ। ਇਥੇ ਹੀ ਬਸ ਨਹੀਂ ਜਿੰਦਗੀ ਕੱਟਣ ਦੇ ਇਲਾਵਾ ਪ੍ਰਭੂ ਦੇ ਪ੍ਰੇਮ ਰਾਹੀਂ ਸਾਡੀ ਮਨ ਭਾਉਂਦੀ ਇਛਾ ਪੂਰਤੀ ਵੀ ਹੋ ਸਕਦੀ ਹੈ। ਪਾਤਸ਼ਾਹ ਦੱਸਦੇ ਹਨ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਏਨਾ ਸਫਲ ਹੋਵੇ, ਜਿਸ ਦਾ ਪ੍ਰਮਾਣ ਦਿੱਤਾ ਜਾ ਸਕੇ ਤਾਂ ਸਾਨੂੰ ਹਰ ਸਮੇਂ ਪਿਆਰੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰਖਣ ਦੀ ਜਰੂਰਤ ਹੈ।
ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਸਾਨੂੰ ਪਿਆਰੇ ਪ੍ਰਭੂ ਦੀ ਪਛਾਣ ਏਨੀ ਸਪਸ਼ਟ ਹੋਵੇ ਕਿ ਅਸੀਂ ਉਸ ਨੂੰ ਕਿਸੇ ਵੀ ਰੂਪ ਵਿਚ ਪਛਾਣ ਸਕੀਏ। ਇਥੋਂ ਤਕ ਕਿ ਜਦ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਸਾਨੂੰ ਉਹੀ ਪ੍ਰਭੂ ਨਜਰ ਆਵੇ ਤੇ ਜਦ ਬਾਹਰ ਦੇਖੀਏ ਤਾਂ ਵੀ ਸਾਨੂੰ ਸਦਾ ਆਪਣੇ ਅੰਗ-ਸੰਗ ਉਹੀ ਨਜਰ ਆਵੇ। ਇਸ ਦਾ ਗੁਹਜ ਭਾਵ ਇਹ ਪ੍ਰਤੀਤ ਹੁੰਦਾ ਹੈ ਕਿ ਪ੍ਰਭੂ ਸ੍ਰਿਸ਼ਟੀ ਦੇ ਕਣ-ਕਣ ਵਿਚ ਵੱਸਦਾ ਹੈ, ਜਿਸ ਕਰਕੇ, ਜੇਕਰ ਅਸੀਂ ਉਸ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ ਹਾਂ ਤਾਂ ਸਾਨੂੰ ਹਰ ਕਿਸੇ ਵਿਚ ਉਸ ਦੀ ਹੋਂਦ ਦਾ ਅਨੁਭਵ ਹੋਣਾ ਜਰੂਰੀ ਹੈ। ਇਸ ਤਰ੍ਹਾਂ ਸਾਂਝੀਵਾਲਤਾ ਵਾਲੇ ਸਮਾਜ ਦਾ ਮੁਢ ਬੱਝਦਾ ਹੈ ਤੇ ਕੁੱਲ ਖਲਕਤ ਦੇ ਇਸ ਵਡੇ ਅਤੇ ਵਿਸ਼ਾਲ ਪਰਵਾਰ ਵਿਚ ਹੀ ਅਸੀਂ ਮੁਕੰਮਲ ਖੁਸ਼ੀ ਅਤੇ ਸੁਖ ਮਹਿਸੂਸ ਕਰ ਸਕਦੇ ਹਾਂ।
ਸ਼ਾਇਦ ਇਸੇ ਲਈ ਪਾਤਸ਼ਾਹ ਦਾ ਵਿਚਾਰ ਹੈ ਕਿ ਜਿਹੜਾ ਵੀ ਕੋਈ ਸਾਨੂੰ ਪ੍ਰਭੂ ਦੇ ਕਣ-ਕਣ ਵਿਚ ਵੱਸਦੇ ਉਕਤ ਵਿਸ਼ਾਲ ਰੂਪ ਦੀ ਮਤ ਦਿੰਦਾ ਹੈ, ਉਹੀ ਸਾਡਾ ਦੋਸਤ ਹੈ, ਉਹੀ ਸੰਗੀ ਹੈ ਤੇ ਉਹੀ ਪਿਆਰਾ ਹੈ। ਅਖੀਰ ਵਿਚ ਪਾਤਸ਼ਾਹ ਉਸ ਦੇ ਬਲਿਹਾਰ ਜਾਂਦੇ ਹਨ, ਜਿਹੜਾ ਵੀ ਕੋਈ ਸਦਾ ਉਸ ਹਰੀ ਪ੍ਰਭੂ ਦੀ ਯਾਦ ਮਨ ਵਿਚ ਵਸਾਈ ਰਖਦਾ ਹੈ।
ਬਲਿਹਾਰ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਜਿਸ ਦੇ ਅਸੀਂ ਬਲਿਹਾਰ ਜਾਂਦੇ ਹਾਂ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਤਾਂ ਬੇਸ਼ੱਕ ਮੇਰੀ ਜਾਨ ਕੱਢ ਲਵੇ। ਇਸ ਦੇ ਅਰਥ ਇਹ ਵੀ ਹੋ ਸਕਦੇ ਹਨ ਕਿ ਜਿਸ ਦੇ ਅਸੀਂ ਬਲਿਹਾਰ ਜਾਂਦੇ ਹਾਂ, ਅਸਲ ਵਿਚ ਉਸ ਨੂੰ ਅਸੀਂ ਏਨਾ ਮਹਾਨ ਅਤੇ ਬਲਵਾਨ ਸਮਝਦੇ ਹਾਂ ਕਿ ਉਸ ਦੇ ਸਾਹਮਣੇ ਅਸੀਂ ਆਪਣਾ ਬਲ ਹਾਰ ਗਏ ਮਹਿਸੂਸ ਕਰਦੇ ਹਾਂ। ਨਾਮ ਜਪਣ ਵਾਲਿਆਂ ਦੀ ਮਹਿਮਾ ਦੱਸਣ ਦਾ ਇਹ ਵੀ ਇਕ ਤਰੀਕਾ ਹੈ।