ਸਲੋਕ ਵਿਚ ਦੱਸਿਆ ਗਿਆ ਹੈ ਕਿ ਗੁਰੂ ਵਰੋਸਾਏ ਸੰਤ-ਜਨ ਸਦਾ ਪ੍ਰਭੂ ਦਾ ਗੁਣਗਾਨ ਕਰਦੇ ਰਹਿੰਦੇ ਹਨ, ਜਿਸ ਸਦਕਾ ਉਨ੍ਹਾਂ ਦਾ ਮਨ ਸੰਤੁਸ਼ਟ ਹੋਇਆ ਰਹਿੰਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਸਦਾ ਪ੍ਰਭੂ ਦੇ
ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ। ਇਹ ਨਾਮ ਗੁਰੂ ਵਰੋਸਾਏ ਸੰਤ-ਜਨਾਂ ਦੀ ਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ। ਆਪਣੇ ਹੰਕਾਰ ਦਾ ਤਿਆਗ ਕਰਕੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਸਦਕਾ ਮਨੁਖ ਦੇ ਦੁਖ ਦੂਰ ਹੋ ਜਾਂਦੇ ਹਨ ਅਤੇ ਉਹ ਇਸ ਸੰਸਾਰ ਤੋਂ ਜੀਵਨ ਸਫਲ ਕਰ ਕੇ ਜਾਂਦਾ ਹੈ।
ਸਲੋਕੁ ॥
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਤਵੀਂ ਥਿਤ ਤੋਂ ਪਾਤਸ਼ਾਹ ਸਤ ਸ਼ਬਦ ਤੋਂ ਸੰਤ ਨੂੰ ਸਿਮਰਤੀ ਵਿਚ ਲਿਆਉਂਦੇ ਹਨ। ਸੰਤ ਉਹ ਹੈ, ਜਿਸ ਦਾ ਹਿਰਦਾ ਸਤ ਨਾਲ ਸ਼ਾਂਤ ਹੋ ਗਿਆ ਹੈ, ਜਿਸ ਦੀ ਜਗਿਆਸਾ ਨੂੰ ਸਤ ਨੇ ਸ਼ਾਂਤ ਕਰ ਦਿੱਤਾ ਹੈ। ਪਾਤਸ਼ਾਹ ਕਹਿੰਦੇ ਹਨ ਕਿ ਅਜਿਹੇ ਸੰਤ-ਪੁਰਸ਼ ਮਿਲ ਕੇ ਹਰੀ-ਪ੍ਰਭੂ ਦੀਆਂ ਸਿਫਤਾਂ ਦੀ ਚਰਚਾ ਕਰਦੇ ਹਨ। ਉਹ ਸਦਾ ਸੱਚ ਬੋਲਦੇ ਹਨ ਤੇ ਕਿਸੇ ਉਚੇਚ ਵਿਚ ਨਹੀਂ, ਬਲਕਿ ਸਹਿਜ-ਸੁਭਾਅ ਹੀ ਬੋਲਦੇ ਹਨ। ਕਿਉਂਕਿ ਉਨ੍ਹਾਂ ਦਾ ਸੁਭਾਉ ਹੀ ਸੱਚ ਬੋਲਣ ਵਾਲਾ ਬਣਿਆ ਹੁੰਦਾ ਹੈ। ਪਾਤਸ਼ਾਹ ਕਹਿੰਦੇ ਹਨ ਕਿ ਉਹ ਪ੍ਰਭੂ ਦੇ ਅਨੇਕ ਰੂਪ ਖੋਜਦੇ-ਖੋਜਦੇ, ਉਸ ਦੇ ਇਕੋ-ਇਕ ਅਨਾਦੀ ਰੂਪ ਤਕ ਪੁੱਜ ਜਾਂਦੇ ਹਨ ਤੇ ਜਿਸ ਵਿਚ ਲਿਵਲੀਨ ਹੋ ਕੇ ਉਨ੍ਹਾਂ ਦੇ ਮਨ ਅਸਲੋਂ ਹੀ ਸੰਤੋਖਜਨਕ ਹੋ ਜਾਂਦੇ ਹਨ।