Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਭਾਵੇਂ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਪ੍ਰਭੂ ਦੇ ਭਗਤ ਪ੍ਰਭੂ ਨੂੰ ਹਾਜ਼ਰ-ਨਾਜ਼ਰ ਜਾਣਦੇ ਹੋਏ, ਉਸ ਦੇ ਗੁਣਾਂ ਦਾ ਗਾਇਨ ਕਰਕੇ ਲੋਕ-ਪਰਲੋਕ ਵਿਚ ਸੋਭਾ ਪਾਉਂਦੇ ਹਨ। ਪਉੜੀ ਵਿਚ ਉਪਦੇਸ਼ ਹੈ ਕਿ ਜਿਹੜੇ ਮਨੁਖ ਪ੍ਰਭੂ ਦਾ ਓਟ-ਆਸਰਾ ਲੈਂਦੇ ਹਨ, ਉਨ੍ਹਾਂ ਦੇ ਅੰਦਰੋਂ ਮਾਇਆ ਦੇ ਮੋਹ, ਹੰਕਾਰ, ਭਟਕਣਾ ਆਦਿ ਦਾ ਨਾਸ ਹੋ ਜਾਂਦਾ ਹੈ। ਉਨ੍ਹਾਂ ਦਾ ਤਨ-ਮਨ ਹਮੇਸ਼ਾ ਖਿੜਿਆ ਰਹਿੰਦਾ ਹੈ।
ਪਉੜੀ
ਖਸਟਮਿ  ਖਟ ਸਾਸਤ੍ਰ ਕਹਹਿ   ਸਿੰਮ੍ਰਿਤਿ ਕਥਹਿ ਅਨੇਕ
ਊਤਮੁ ਊਚੌ ਪਾਰਬ੍ਰਹਮੁ   ਗੁਣ ਅੰਤੁ ਜਾਣਹਿ ਸੇਖ
ਨਾਰਦ ਮੁਨਿ ਜਨ ਸੁਕ ਬਿਆਸ   ਜਸੁ ਗਾਵਤ ਗੋਬਿੰਦ
ਰਸ ਗੀਧੇ  ਹਰਿ ਸਿਉ ਬੀਧੇ   ਭਗਤ ਰਚੇ ਭਗਵੰਤ
ਮੋਹ ਮਾਨ ਭ੍ਰਮੁ ਬਿਨਸਿਓ   ਪਾਈ ਸਰਨਿ ਦਇਆਲ
ਚਰਨ ਕਮਲ ਮਨਿ ਤਨਿ ਬਸੇ   ਦਰਸਨੁ ਦੇਖਿ ਨਿਹਾਲ
ਲਾਭੁ ਮਿਲੈ  ਤੋਟਾ ਹਿਰੈ   ਸਾਧਸੰਗਿ ਲਿਵ ਲਾਇ
ਖਾਟਿ ਖਜਾਨਾ ਗੁਣ ਨਿਧਿ ਹਰੇ   ਨਾਨਕ  ਨਾਮੁ ਧਿਆਇ ॥੬॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਫਿਰ ਛੇਵੀਂ ਥਿਤ ਦੀ ਸਿਮਰਤੀ ਵਿਚ ਦੱਸਦੇ ਹਨ ਕਿ ਛੇ ਸ਼ਾਸਤਰ, ਅਨੇਕ ਸਿਮਰਤੀਆਂ ਆਦਿ ਗਵਾਹੀ ਦਿੰਦੇ ਹਨ ਕਿ ਉਹ ਪ੍ਰਭੂ ਏਨਾ ਮਹਾਨ ਅਤੇ ਸ੍ਰੇਸ਼ਟ ਹੈ ਕਿ ਉਸ ਦੇ ਗੁਣਾ ਦਾ ਅੰਦਾਜਾ ਸ਼ੇਸ਼ਨਾਗ ਵਰਗਿਆਂ ਨੂੰ ਵੀ ਨਹੀਂ ਹੈ। 

ਪਾਤਸ਼ਾਹ ਪ੍ਰਭੂ ਦੀ ਵਡਿਆਈ ਉਜਾਗਰ ਕਰਦਿਆਂ ਆਖਦੇ ਹਨ ਕਿ ਹਜਾਰ ਮੂੰਹਾਂ ਵਾਲਾ ਮੰਨਿਆਂ ਜਾਂਦਾ ਸ਼ੇਸ਼ਨਾਗ ਹਮੇਸ਼ਾ ਪ੍ਰਭੂ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ। ਪਰ ਉਹ ਵੀ ਪੂਰਨ ਪਾਰਬ੍ਰਹਮ ਦੀ ਮਹਿਮਾ ਅਤੇ ਵਡਿਆਈ ਨਹੀਂ ਜਾਣ ਸਕਦਾ।

ਪਾਤਸ਼ਾਹ ਦੱਸਦੇ ਹਨ ਕਿ ਸ੍ਰਿਸ਼ਟੀ ਦੇ ਕਰਤਾ ਮੰਨੇ ਗਏ ਬ੍ਰਹਮਾ ਦੇ ਪੁੱਤਰ ਨਾਰਦ ਜਹੇ ਮੁਨੀ-ਜਨ, ਵੇਦ ਰਚੇਤਾ ਵਿਆਸ ਅਤੇ ਬ੍ਰਹਮ ਵਿੱਦਿਆ ਵਿਚ ਮਾਹਿਰ, ਉਸ ਦੇ ਬੇਟੇ ਸੁਕਦੇਵ ਵੀ ਜਗਤ ਪਾਲਕ ਗੋਬਿੰਦ ਪ੍ਰਭੂ ਦੇ ਗੁਣ ਗਾਇਨ ਕਰਦੇ ਹਨ। 

ਪਾਤਸ਼ਾਹ ਅੱਗੇ ਉਨ੍ਹਾਂ ਭਗਤਾਂ ਦਾ ਜਿਕਰ ਕਰਦੇ ਹਨ, ਜਿਹੜੇ ਨਾਮ-ਰਸ ਲਈ ਏਨੇ ਗਿੱਝ ਗਏ ਹਨ ਕਿ ਉਸ ਰਸ ਦੀ ਤਲਬ ਵਿਚ ਪ੍ਰਭੂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਤੇ ਕੁੱਲ ਖਲਕਤ ਦੀ ਕਿਸਮਤ ਦੇ ਮਾਲਕ ਵਿਚ ਹਮੇਸ਼ਾ ਰਮੇ ਰਹਿੰਦੇ ਹਨ। ਉਨ੍ਹਾਂ ਨੂੰ ਕਿਰਪਾਲਤਾ ਦੇ ਪੁੰਜ ਪ੍ਰਭੂ ਦੀ ਸ਼ਰਨ ਨਸੀਬ ਹੋ ਗਈ ਹੈ, ਜਿਸ ਨਾਲ ਉਨ੍ਹਾਂ ਦੇ ਅੰਦਰੋਂ ਮੋਹ, ਮਾਣ ਅਤੇ ਭਰਮ ਜਹੇ ਰੋਗ ਮਿਟ ਗਏ ਹਨ। ਹੁਣ ਉਨ੍ਹਾਂ ਦੇ ਮਨ ਅੰਦਰ ਪ੍ਰਭੂ ਦੇ ਚਰਨ ਕੰਵਲਾਂ ਦਾ ਨਿਵਾਸ ਰਹਿੰਦਾ ਹੈ ਤੇ ਉਹ ਆਪਣੇ ਤਨ ਅੰਦਰ ਪ੍ਰਭੂ ਦੇ ਚਰਨਾਂ ਦੀ ਸਰਸਰਾਹਟ ਮਹਿਸੂਸ ਕਰਦੇ ਹਨ, ਜਿਵੇਂ ਉਹ ਪ੍ਰਭੂ ਦੇ ਸਾਖਸ਼ਾਤ ਦਰਸ਼ਣ ਕਰ ਰਹੇ ਹੋਣ ਤੇ ਨਿਹਾਲ ਹੋ ਰਹੇ ਹੋਣ। ਪਾਤਸ਼ਾਹ ਦੱਸਦੇ ਹਨ ਕਿ ਉਕਤ ਕਿਸਮ ਦੇ ਪ੍ਰਾਣੀ ਹੀ ਅਸਲ ਵਿਚ ਸਾਧ-ਜਨ ਹੁੰਦੇ ਹਨ, ਜਿਨ੍ਹਾਂ ਦੇ ਤਨ-ਮਨ ਅੰਦਰ ਪ੍ਰਭੂ ਦਾ ਵਾਸ ਹੈ ਤੇ ਅਜਿਹੇ ਸਾਧ-ਜਨਾਂ ਦੀ ਸੰਗਤ ਦਾ ਅਜਿਹਾ ਲਾਭ ਪ੍ਰਾਪਤ ਹੁੰਦਾ ਹੈ, ਜਿਵੇਂ ਜੀਵਨ ਸਫਲ ਹੋ ਗਿਆ ਹੋਵੇ ਤੇ ਕਿਸੇ ਵੀ ਸੰਭਾਵੀ ਘਾਟੇ ਦਾ ਡਰ ਦੂਰ ਹੋ ਗਿਆ ਹੋਵੇ। 

ਅਖੀਰ ਵਿਚ ਪਾਤਸ਼ਾਹ ਅਜਿਹੇ ਪ੍ਰਭੂ ਦੇ ਨਾਮ ਨੂੰ ਆਪਣੀ ਸਿਮਰਤੀ ਵਿਚ ਵਸਾ ਕੇ, ਉਸ ਦੇ ਗੁਣਾਂ ਦਾ ਖਜਾਨਾ ਖੱਟਣ, ਅਰਥਾਤ ਉਸ ਦੇ ਗੁਣਾਂ ਨੂੰ ਅਪਨਾਉਣ ਦੀ ਪ੍ਰੇਰਨਾ ਕਰਦੇ ਹਨ।
Tags