ਸਲੋਕ ਵਿਚ ਦੱਸਿਆ ਗਿਆ ਹੈ ਕਿ ਭਾਵੇਂ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਪ੍ਰਭੂ ਦੇ ਭਗਤ ਪ੍ਰਭੂ ਨੂੰ ਹਾਜ਼ਰ-ਨਾਜ਼ਰ ਜਾਣਦੇ ਹੋਏ, ਉਸ ਦੇ ਗੁਣਾਂ ਦਾ ਗਾਇਨ ਕਰਕੇ ਲੋਕ-ਪਰਲੋਕ ਵਿਚ ਸੋਭਾ ਪਾਉਂਦੇ ਹਨ।
ਪਉੜੀ ਵਿਚ ਉਪਦੇਸ਼ ਹੈ ਕਿ ਜਿਹੜੇ ਮਨੁਖ ਪ੍ਰਭੂ ਦਾ ਓਟ-ਆਸਰਾ ਲੈਂਦੇ ਹਨ, ਉਨ੍ਹਾਂ ਦੇ ਅੰਦਰੋਂ
ਮਾਇਆ ਦੇ ਮੋਹ, ਹੰਕਾਰ, ਭਟਕਣਾ ਆਦਿ ਦਾ ਨਾਸ ਹੋ ਜਾਂਦਾ ਹੈ। ਉਨ੍ਹਾਂ ਦਾ ਤਨ-ਮਨ ਹਮੇਸ਼ਾ ਖਿੜਿਆ ਰਹਿੰਦਾ ਹੈ।
ਸਲੋਕੁ ॥
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥
-ਗੁਰੂ ਗ੍ਰੰਥ ਸਾਹਿਬ ੨੯੭-੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਛੇਵੀਂ ਥਿਤ ਤੋਂ ਪਾਤਸ਼ਾਹ ਸਾਂਖ, ਯੋਗ, ਨਿਆਇ, ਵਿਸ਼ੈਸ਼ਿਕ, ਮੀਮਾਂਸਾ ਅਤੇ ਵਿਦਾਂਤ ਨਾਮਕ ਛੇ ਸ਼ਾਸਤਰਾਂ ਨੂੰ ਸਿਮਰਤੀ ਵਿਚ ਲਿਆਉਂਦੇ ਹਨ। ਛੇ ਨੂੰ ਸ਼ਟ, ਛਟ ਜਾਂ ਖਟ ਵੀ ਕਹਿੰਦੇ ਹਨ। ਭਾਰਤ ਦੇ ਛੇ ਸ਼ਾਸਤਰਾਂ ਨੂੰ ਖਟਸ਼ਾਸਤਰ ਵੀ ਕਿਹਾ ਜਾਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਇਨ੍ਹਾਂ ਛੇ ਸ਼ਾਸਤਰਾਂ ਵਿਚ ਉਸ ਪ੍ਰਭੂ ਨੂੰ ਬਹੁਤ ਮਹਾਨ ਦੱਸਿਆ ਗਿਆ ਹੈ, ਜਿਸ ਦਾ ਨਾ ਕੋਈ ਅੰਤ ਹੈ ਤੇ ਨਾ ਹੀ ਕੋਈ ਆਰ-ਪਾਰ ਹੈ। ਉਸ ਦੀ ਇਹ ਸਿਫਤਿ ਸੰਕੇਤ ਕਰਦੀ ਹੈ ਕਿ ਉਸ ਤੋਂ ਬਿਨਾਂ ਅਸਲ ਵਿਚ ਕੁਝ ਹੋਰ ਹੈ ਹੀ ਨਹੀਂ। ਜਿਸ ਦਾ ਕੋਈ ਆਰ-ਪਾਰ ਹੀ ਨਹੀਂ ਹੈ, ਉਸ ਨੂੰ ਮੁਕੰਮਲ ਤੌਰ ’ਤੇ ਜਾਣਿਆ ਨਹੀਂ ਜਾ ਸਕਦਾ। ਪਾਤਸ਼ਾਹ ਦੱਸਦੇ ਹਨ ਕਿ ਇਸੇ ਲਈ ਉਸ ਅਨੰਤ ਪ੍ਰਭੂ ਦੇ ਦੁਆਰ ਉੱਤੇ ਭਗਤ-ਜਨ ਉਸ ਦੇ ਗੁਣ-ਗਾਇਨ ਕਰਦੇ ਹਨ ਤੇ ਬੜੇ ਸੋਹਣੇ ਲੱਗਦੇ ਹਨ। ਇਸ ਸਲੋਕ ਰਾਹੀਂ ਪਾਤਸ਼ਾਹ ਭਗਤੀ ਮਾਰਗ ਦੀ ਵਡਿਆਈ ਸਥਾਪਤ ਕਰਦੇ ਹਨ।