ਸਲੋਕ ਵਿਚ ਦੱਸਿਆ ਗਿਆ ਹੈ ਕਿ
ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲੇ ਮਨੁਖ ਦੇ ਮਨ ਵਿਚ ਕਾਮ, ਕ੍ਰੋਧ ਆਦਿਕ ਵਿਕਾਰ ਟਿਕੇ ਰਹਿੰਦੇ ਹਨ। ਉਹ ਮਨੁਖ ਹੀ ਵਿਕਾਰ-ਮੁਕਤ ਹੁੰਦਾ ਹੈ, ਜੋ ਸਾਧ-ਸੰਗਤ ਦੁਆਰਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਜਿਹੜੇ ਮਨੁਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਾਇਆ ਦੇ ਮੋਹ ਵਿਚ ਨਹੀਂ ਫਸਦੇ। ਪਰ ਜਿਨ੍ਹਾਂ ਮਨੁਖਾਂ ਨੇ ਸਿਰਜਣਹਾਰ ਪ੍ਰਭੂ ਨੂੰ ਨਹੀਂ ਸਿਮਰਿਆ, ਉਹ ਸੰਸਾਰਕ ਰਸਾਂ ਵਿਚ ਖਚਤ ਹੋ ਕੇ ਭਟਕਦੇ ਰਹਿੰਦੇ ਹਨ।
ਸਲੋਕੁ ॥
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਪਾਤਸ਼ਾਹ ਉਨ੍ਹਾਂ ਮਨੁਖਾਂ ਦੀ ਗੱਲ ਕਰਦੇ ਹਨ, ਜਿਹੜੇ ਪ੍ਰਭੂ ਦੇ ਨਾਮ ਜਾਂ ਸਾਧ-ਜਨਾਂ ਦੀ ਸੰਗਤ ਤੋਂ ਅਭਿੱਜ ਮਾਇਆਵੀ ਪਦਾਰਥਾਂ ਦੀ ਗਿਣਤੀ-ਮਿਣਤੀ ਵਿਚ ਅਸਤ-ਵਿਅਸਤ ਹਨ ਅਤੇ ਜਿਨ੍ਹਾਂ ਦੇ ਮਨ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਮਕ ਪੰਜ ਵਿਕਾਰਾਂ ਵਿਚ ਖਚਤ ਹਨ। ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਮਨੁਖ ਵੀ ਸਾਧ-ਜਨਾਂ ਦੀ ਸੰਗਤ ਵਿਚ ਉੱਜਲ-ਮੁਖ ਅਤੇ ਨਿਰਮਲ-ਚਿਤ ਹੋ ਸਕਦੇ ਹਨ। ਕਿਉਂਕਿ ਸਾਧ-ਜਨਾਂ ਦੀ ਸੰਗਤ ਵਿਚ ਹੀ ਪ੍ਰਭੂ ਦੇ ਰੰਗ ਵਿਚ ਰੰਗੇ ਜਾਈਦਾ ਹੈ। ਪਾਤਸ਼ਾਹ ਇਥੇ ਸੰਕੇਤ ਕਰਦੇ ਹਨ ਕਿ ਅਕਾਰ ਰਹਿਤ, ਨਿਰੰਕਾਰ ਪ੍ਰਭੂ ਦੀ ਰੰਗਤ ਸਾਧ-ਜਨਾਂ ਦੀ ਸੰਗਤ ਰਾਹੀਂ ਨਸੀਬ ਹੁੰਦੀ ਹੈ।