Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਮਨੁਖ ਸਿਆਣਾ ਅਤੇ ਸੁਚੱਜਾ ਬਣਦਾ ਹੈ। ਮਨ ਵਿਚੋਂ ਹੰਕਾਰ ਦੂਰ ਕਰ ਕੇ ਪ੍ਰਭੂ ਦਾ ਨਾਮ ਚਿਤ ਵਿਚ ਵਸਾਉਣ ਨਾਲ ਹੀ ਸਾਰੇ ਸੁਖ ਅਤੇ ਮਨ-ਇੱਛਤ ਪਦਾਰਥ ਪ੍ਰਾਪਤ ਹੁੰਦੇ ਹਨ। ਪਉੜੀ ਵਿਚ ਉਪਦੇਸ਼ ਹੈ ਕਿ ਸਾਧ-ਸੰਗਤ ਅਤੇ ਨਾਮ ਦੀ ਬਰਕਤ ਨਾਲ ਸਾਰੇ ਦੁਖ-ਕਲੇਸ਼ ਮਿਟ ਜਾਂਦੇ ਹਨ। ਮਨੁਖ ਆਤਮਕ ਗਿਰਾਵਟ ਤੋਂ ਬਚ ਜਾਂਦਾ ਹੈ ਅਤੇ ਜਨਮ-ਮਰਨ ਦੇ ਡਰ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ। ਉਸ ਦਾ ਮਨ ਪਵਿੱਤਰ ਅਤੇ ਮੁਖ ਉੱਜਲਾ ਹੋ ਜਾਂਦਾ ਹੈ। ਉਸ ਨੂੰ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਨੁਭਵ ਹੋ ਜਾਂਦਾ ਹੈ।
ਪਉੜੀ
ਚਤੁਰਥਿ  ਚਾਰੇ ਬੇਦ ਸੁਣਿ   ਸੋਧਿਓ ਤਤੁ ਬੀਚਾਰੁ
ਸਰਬ ਖੇਮ ਕਲਿਆਣ ਨਿਧਿ   ਰਾਮ ਨਾਮੁ ਜਪਿ ਸਾਰੁ
ਨਰਕ ਨਿਵਾਰੈ  ਦੁਖ ਹਰੈ   ਤੂਟਹਿ ਅਨਿਕ ਕਲੇਸ
ਮੀਚੁ ਹੁਟੈ  ਜਮ ਤੇ ਛੁਟੈ   ਹਰਿ ਕੀਰਤਨ ਪਰਵੇਸ
ਭਉ ਬਿਨਸੈ  ਅੰਮ੍ਰਿਤੁ ਰਸੈ   ਰੰਗਿ ਰਤੇ ਨਿਰੰਕਾਰ
ਦੁਖ ਦਾਰਿਦ ਅਪਵਿਤ੍ਰਤਾ   ਨਾਸਹਿ ਨਾਮ ਅਧਾਰ
ਸੁਰਿ ਨਰ ਮੁਨਿ ਜਨ ਖੋਜਤੇ   ਸੁਖ ਸਾਗਰ ਗੋਪਾਲ
ਮਨੁ ਨਿਰਮਲੁ  ਮੁਖੁ ਊਜਲਾ   ਹੋਇ ਨਾਨਕ  ਸਾਧ ਰਵਾਲ ॥੪॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਚਤੁਰਥ (ਚਉਥੀ) ਥਿਤ ਤੋਂ ਪਾਤਸ਼ਾਹ ਵਿਚਾਰ ਅੱਗੇ ਤੋਰਦੇ ਹਨ ਕਿ ਚਾਰੇ ਵੇਦ ਸਰਵਣ ਕਰਨ ਉਪਰੰਤ, ਦੀਰਘ ਘੋਖ-ਪੜਤਾਲ ਕਰਕੇ, ਜਿਹੜਾ ਮੂਲ ਵਿਚਾਰ ਸਮਝ ਆਉਂਦਾ ਹੈ, ਉਹ ਇਹੀ ਹੈ ਕਿ ਪ੍ਰਭੂ ਦੇ ਨਾਮ-ਤੱਤ ਨੂੰ ਮਨ ਵਿਚ ਵਸਾਇਆਂ ਜੀਵਨ ਵਿਚ ਹਰ ਪ੍ਰਕਾਰ ਦੀ ਸੁਰੱਖਿਆ ਅਤੇ ਸੁਖਾਂ ਦਾ ਖਜਾਨਾ ਨਸੀਬ ਹੁੰਦਾ ਹੈ।

ਇਸ ਦੇ ਇਲਾਵਾ ਇਸ ਅਨਮੋਲ ਖਜਾਨੇ ਨਾਲ ਨਰਕ ਜਿਹੇ ਦੁਖਾਂ-ਤਕਲੀਫਾਂ ਤੋਂ ਕਿਨਾਰਾ ਹੁੰਦਾ ਹੈ ਤੇ ਹਰ ਕਿਸਮ ਦੇ ਮਾਨਸਕ ਸੰਤਾਪ ਅਤੇ ਉਲਝਣਾਂ ਦਾ ਅੰਤ ਹੁੰਦਾ ਹੈ। ਪ੍ਰਭੂ ਦੇ ਨਾਮ-ਸਿਮਰਨ ਅਤੇ ਸਿਫਤਿ-ਸਾਲਾਹ ਵਾਲੀ ਜੀਵਨ ਤਰਜ ਵਿਚ ਪ੍ਰਵੇਸ਼ ਕਰਿਆਂ ਮਰਨ ਤੋਂ ਪਹਿਲਾਂ ਮਨ ਵਿਚ ਮੰਡਰਾਉਂਦੀ ਮੌਤ ਜਾਂ ਮੌਤ ਦਾ ਡਰ ਨੇੜੇ ਨਹੀਂ ਫਟਕਦਾ ਤੇ ਮਰਨ ਉਪਰੰਤ ਜਮਰਾਜ ਦੇ ਵੱਸ ਪੈਣ ਦੇ ਡਰਾਵੇ ਤੋਂ ਖਹਿੜਾ ਛੁਟ ਜਾਂਦਾ ਹੈ।

ਨਿਰੰਕਾਰ ਪ੍ਰਭੂ ਦੀ ਰਜਾ ਵਿਚ ਰਾਜੀ ਰਹਿਣ ਨਾਲ ਖੌਫ ਤੋਂ ਨਿਜਾਤ ਮਿਲਦੀ ਹੈ ਤੇ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਪ੍ਰਭੂ ਦੀ ਰਜਾ ਇਕ ਅਜਿਹਾ ਅਹਿਸਾਸ ਅਤੇ ਸਿਧਾਂਤ ਹੈ, ਜੋ ਸਾਨੂੰ ਕਿਸੇ ਵੀ ਕਾਰਜ ਦੇ ਬੁਰੇ ਪ੍ਰਭਾਵ ਦੇ ਡਰ ਤੋਂ ਮੁਕਤ ਰਖਦਾ ਹੈ। ਇਹੀ ਸਹਿਜਮਈ ਜੀਵਨ ਹੈ, ਜੋ ਸਾਨੂੰ ਮੌਤ ਦੇ ਡਰ ਤੋਂ ਦੂਰ ਰਖਦਾ ਹੈ।

ਕਾਦਰ ਨੇ ਬੇਸ਼ੱਕ ਹਰ ਇਨਸਾਨ ਵਖਰਾ ਬਣਾਇਆ ਹੈ। ਪਰ ਹਰ ਇਨਸਾਨ ਦੀ ਜੀਵਨ ਸਮਰੱਥਾ ਪਰਿਪੂਰਣ ਹੈ। ਜਦ ਕੋਈ ਵਿਅਕਤੀ ਆਪਣੀ ਸਮਰੱਥਾ ਅਤੇ ਵਖਰਤਾ ਨੂੰ ਹੀਣ-ਭਾਵ ਜਾਂ ਹਉਂ-ਭਾਵ ਨਾਲ ਜੋੜ ਲਵੇ ਤਾਂ ਮਨੋ-ਦੈਹਿਕ ਵਿਕਾਰ ਪੈਦਾ ਹੁੰਦੇ ਹਨ, ਜੋ ਦੇਹੀ ਵਿਚ ਪ੍ਰਵੇਸ਼ ਕਰਕੇ ਰੋਗ ਬਣ ਜਾਂਦੇ ਹਨ। ਰੋਗੀ ਲੋਕ ਸੁਸਤ ਹੋ ਜਾਂਦੇ ਹਨ ਤੇ ਗੰਦਗੀ ਅਤੇ ਗੁਰਬਤ ਦੇ ਸ਼ਿਕਾਰ ਹੋ ਜਾਂਦੇ ਹਨ। ਇਸੇ ਨੂੰ ਦਰਿਦਰਤਾ ਕਹਿੰਦੇ ਹਨ, ਜਿਸ ਨੂੰ ਅਪਵਿੱਤਰਤਾ ਦਾ ਹੀ ਸਮਾਨਾਰਥੀ ਸਮਝਿਆ ਜਾਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਦੁਖ, ਦਰਿਦਰਤਾ ਤੇ ਅਪਵਿੱਤਰਤਾ ਦਾ ਨਾਸ ਸੰਭਵ ਹੈ, ਜੇਕਰ ਅਸੀਂ ਪ੍ਰਭੂ ਦੀ ਰਜਾ, ਯਾਦ, ਅਰਥਾਤ ਨਾਮ ਨੂੰ ਆਪਣੇ ਜੀਣ-ਥੀਣ ਦਾ ਅਧਾਰ ਬਣਾ ਲਈਏ।

ਪਾਤਸ਼ਾਹ ਦੱਸਦੇ ਹਨ ਕਿ ਇਤਿਹਾਸ ਅਤੇ ਮਿਥਿਹਾਸ ਵਿਚ ਪ੍ਰਚਲਤ ਦੇਵ-ਪੁਰਸ਼ ਅਤੇ ਸ਼ਾਂਤ-ਚਿੱਤ ਲੋਕ ਅਨੰਤ ਸੁਖਾਂ ਦੇ ਧਨੀ, ਗਰੀਬ-ਨਿਵਾਜ ਪ੍ਰਭੂ ਦੀ ਭਾਲ ਵਿਚ ਹਨ, ਕਿਉਂਕਿ ਉਸ ਦੀ ਕਿਰਪਾ ਨਾਲ ਹੀ ਦਰਿਦਰਤਾ ਦੇ ਮੂਲ, ਮਨੋ-ਦੈਹਿਕ ਵਿਕਾਰਾਂ ਤੋਂ ਮੁਕਤੀ ਮਿਲ ਸਕਦੀ ਹੈ।

ਇਸ ਪਉੜੀ ਦੀ ਆਖਰੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਵਿਕਾਰਾਂ ਤੋਂ ਮੁਕਤੀ ਤਦ ਹੀ ਮਿਲਦੀ ਹੈ, ਜੇਕਰ ਅਸੀਂ ਆਪਣੇ ਮਨ ਨੂੰ ਬੁਰੇ ਵਿਚਾਰਾਂ ਦੀ ਮੈਲ ਤੋਂ ਮੁਕਤ ਰਖੀਏ। ਇਸ ਤਰ੍ਹਾਂ ਅਸੀਂ ਆਪਣੇ ਮੁਖ ਨੂੰ ਵੀ ਉੱਜਲ, ਅਰਥਾਤ ਮੈਲ-ਮੁਕਤ ਕਰ ਸਕਦੇ ਹਾਂ। ਪਰ ਇਹ ਤਦ ਹੀ ਸੰਭਵ ਹੈ ਜੇ ਸਾਨੂੰ ਸਾਧੂ-ਜਨਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ। ਇਥੇ ਚਰਨ ਧੂੜ ਤੋਂ ਮੁਰਾਦ ਸਾਧੂ-ਜਨਾਂ ਦੀ ਸੰਗਤ ਤੋਂ ਹੈ। ਮਨੋ-ਵਿਕਾਰਾਂ ਤੋਂ ਮੁਕਤ ਅਤੇ ਉੱਜਲ ਮੁਖ ਸਾਧ-ਸੰਗਤ ਵਿਚ ਹਰ ਕਿਸੇ ਦੇ ਮਨੋਵਿਕਾਰ ਨਸ਼ਟ ਹੁੰਦੇ ਹਨ ਤੇ ਨਿਰਮਲਤਾ ਤੇ ਨਿਰਮਾਣਤਾ ਹਾਸਲ ਹੁੰਦੀ ਹੈ। 
Tags