ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੇ
ਨਾਮ ਦੀ ਬਰਕਤ ਨਾਲ ਹੀ ਮਨੁਖ ਸਿਆਣਾ ਅਤੇ ਸੁਚੱਜਾ ਬਣਦਾ ਹੈ। ਮਨ ਵਿਚੋਂ ਹੰਕਾਰ ਦੂਰ ਕਰ ਕੇ ਪ੍ਰਭੂ ਦਾ ਨਾਮ ਚਿਤ ਵਿਚ ਵਸਾਉਣ ਨਾਲ ਹੀ ਸਾਰੇ ਸੁਖ ਅਤੇ ਮਨ-ਇੱਛਤ ਪਦਾਰਥ ਪ੍ਰਾਪਤ ਹੁੰਦੇ ਹਨ।
ਪਉੜੀ ਵਿਚ ਉਪਦੇਸ਼ ਹੈ ਕਿ ਸਾਧ-ਸੰਗਤ ਅਤੇ ਨਾਮ ਦੀ ਬਰਕਤ ਨਾਲ ਸਾਰੇ ਦੁਖ-ਕਲੇਸ਼ ਮਿਟ ਜਾਂਦੇ ਹਨ। ਮਨੁਖ ਆਤਮਕ ਗਿਰਾਵਟ ਤੋਂ ਬਚ ਜਾਂਦਾ ਹੈ ਅਤੇ ਜਨਮ-ਮਰਨ ਦੇ ਡਰ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ। ਉਸ ਦਾ ਮਨ ਪਵਿੱਤਰ ਅਤੇ ਮੁਖ ਉੱਜਲਾ ਹੋ ਜਾਂਦਾ ਹੈ। ਉਸ ਨੂੰ ਪ੍ਰਭੂ ਦੀ ਹਾਜ਼ਰ-ਨਾਜ਼ਰਤਾ ਦਾ ਅਨੁਭਵ ਹੋ ਜਾਂਦਾ ਹੈ।
ਸਲੋਕੁ ॥
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੌਥੀ ਥਿਤ, ਅਰਥਾਤ ਚਤੁਰਥ ਤੋਂ ਮਨ ਵਿਚ ਚਤੁਰ/ਚਤਰ ਸ਼ਬਦ ਚੇਤੇ ਆਉਂਦਾ ਹੈ, ਜਿਸ ਤੋਂ ਪਾਤਸ਼ਾਹ ਗੱਲ ਅੱਗੇ ਤੋਰਦੇ ਹਨ। ਸਮਾਜ ਵਿਚ ਆਮ ਤੌਰ ’ਤੇ ਚਤਰ ਉਸ ਨੂੰ ਕਿਹਾ ਜਾਂਦਾ ਹੈ, ਜਿਸ ਦੇ ਵਿਵਹਾਰ ਵਿਚ ਚੁਸਤੀ-ਚਲਾਕੀ ਹੁੰਦੀ ਹੈ, ਜੋ ਝੂਠ, ਫਰੇਬ ਤੇ ਠੱਗੀ-ਠੋਰੀ ਤੋਂ ਵੀ ਗੁਰੇਜ ਨਹੀਂ ਕਰਦਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ। ਮਿਲਣ ਵਰਤਣ ਵਿਚ ਇਮਾਨਦਾਰੀ ਵਰਤਣ ਵਾਲੇ ਨਿੱਘੇ ਇਨਸਾਨ ਨੂੰ ਸੁਘੜ ਕਿਹਾ ਜਾਂਦਾ ਹੈ ਤੇ ਹਰ ਕਿਸੇ ਨੂੰ ਨੇਕ ਸਲਾਹ ਦੇਣ ਵਾਲੇ ਮਨੁਖ ਨੂੰ ਸਿਆਣਾ ਸਮਝਿਆ ਜਾਂਦਾ ਹੈ।
ਪਰ ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਅਸਲ ਵਿਚ ਚਤਰ, ਸੁਘੜ ਜਾਂ ਸਿਆਣਾ ਮਨੁਖ ਉਹ ਹੈ, ਜਿਸ ਨੇ ਆਪਣੇ ਅੰਦਰੋਂ ਹਰ ਤਰ੍ਹਾਂ ਦਾ ਹੰਕਾਰ ਮਿਟਾ ਦਿੱਤਾ ਹੈ, ਕਿਉਂਕਿ ਹੰਕਾਰ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਜੇਕਰ ਜੜ੍ਹ ਹੀ ਨਾ ਰਹੇ ਤਾਂ ਫਲ ਆਪੇ ਸਮਾਪਤ ਹੋਇਆ ਸਮਝੋ।
ਪਾਤਸ਼ਾਹ ਦੱਸਦੇ ਹਨ ਹੰਕਾਰ ਤੋਂ ਮੁਕਤ ਲੋਕ ਪ੍ਰਭੂ ਦੇ ਨਾਮ, ਅਰਥਾਤ ਉਸ ਦੀ ਯਾਦ ਨੂੰ ਹਮੇਸ਼ਾ ਮਨ ਵਿਚ ਵਸਾਈ ਰਖਦੇ ਹਨ। ਉਹ ਧਰਮ ਕਰਮ ਵਿਚ ਪ੍ਰਵੀਨ, ਆਰਥਕਤਾ ਵਿਚ ਸ੍ਵੈ-ਨਿਰਭਰ ਅਤੇ ਗ੍ਰਿਹਸਤ ਵਿਚ ਸੰਤੁਸ਼ਟ ਰਹਿੰਦੇ ਹੋਏ ਮੋਕਸ਼ ਹਾਸਲ ਕਰਦੇ ਹਨ। ਇਥੋਂ ਤਕ ਕਿ ਉਨ੍ਹਾਂ ਨੂੰ ਸਿੱਧੀਆਂ ਦੇ ਰੂਪ ਵਿਚ ਹਰ ਹੁਨਰ ਅਤੇ ਮੁਹਾਰਤ ਹਾਸਲ ਹੁੰਦੀ ਹੈ, ਜਿਸ ਨਾਲ ਉਹ ਬੜਾ ਕਾਮਯਾਬ ਜੀਵਨ ਜਿਉਂਦੇ ਹਨ।