ਸਲੋਕ ਵਿਚ ਦੱਸਿਆ ਗਿਆ ਹੈ ਕਿ
ਮਾਇਆ ਨੇ ਮਨੁਖ ਦੇ ਮਨ ਉੱਤੇ ਪੂਰੀ ਤਰ੍ਹਾਂ ਪ੍ਰਭਾਵ ਪਾਇਆ ਹੋਇਆ ਹੈ। ਕੋਈ ਵਿਰਲਾ ਮਨੁਖ ਹੀ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰ ਕੇ ਇਸ ਪ੍ਰਭਾਵ ਤੋਂ ਮੁਕਤ ਹੁੰਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਮਾਇਆ ਦੇ ਪ੍ਰਭਾਵ ਹੇਠ ਵਿਸ਼ੇ ਵਿਕਾਰਾਂ ਵਿਚ ਉਲਝ ਜਾਂਦੇ ਹਨ। ਉਨ੍ਹਾਂ ਦਾ ਜੀਵਨ ਹੰਕਾਰ, ਸਹਿਮ, ਦੁਖ ਅਤੇ ਕਲੇਸ਼ ਵਿਚ ਬਤੀਤ ਹੁੰਦਾ ਹੈ। ਇਨ੍ਹਾਂ ਤੋਂ ਬਚਣ ਲਈ ਪ੍ਰਭੂ ਅੱਗੇ ਅਰਦਾਸ-ਬੇਨਤੀ ਕਰਨੀ ਅਤੇ ਪ੍ਰਭੂ ’ਤੇ ਹੀ ਆਸ ਰਖਣੀ ਚਾਹੀਦੀ ਹੈ।
ਸਲੋਕੁ ॥
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰੂ ਨਾਨਕ ਪਾਤਸ਼ਾਹ ਦੱਸਦੇ ਹਨ: ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥ ਕਿ ਇਨਸਾਨ ਦਾ ਮਨ ਕਦੇ ਅਕਾਸ਼ ਵਿਚ ਉਡਾਰੀਆਂ ਮਾਰ ਰਿਹਾ ਹੁੰਦਾ ਹੈ ਤੇ ਕਦੇ ਪਤਾਲ ਵਿਚ ਜਾ ਧਸਦਾ ਹੈ। ਇਸੇ ਤਰ੍ਹਾਂ ਸਾਡਾ ਮਨ ਕਦੇ ਯਥਾਰਥ ਨਾਲ ਦਸਤ-ਪੰਜਾ ਹੋ ਰਿਹਾ ਹੁੰਦਾ ਹੈ, ਕਦੇ ਸੁਪਨਿਆਂ ’ਚ ਗੁਆਚ ਜਾਂਦਾ ਹੈ ਤੇ ਕਦੇ ਏਨਾ ਬੇਖਬਰ ਹੁੰਦਾ ਹੈ ਕਿ ਇਸ ਨੂੰ ਕਾਸੇ ਦੀ ਵੀ ਖਬਰ ਨਹੀਂ ਰਹਿੰਦੀ। ਮਨੋਵਿਸ਼ਲੇਸ਼ਣ ਦੇ ਮਾਹਿਰ ਸਿਗਮੰਡ ਫਰਾਇਡ ਨੇ ਮਨ ਦੀਆਂ ਤਿੰਨ ਤਹਿਆਂ ਚੇਤਨ, ਅਰਧ ਚੇਤਨ ਤੇ ਅਵਚੇਤਨ ਮੰਨੀਆਂ ਹਨ। ਭਾਰਤੀ ਮਨੋਵਿਗਿਆਨ ਵਿਚ ਮਨ ਦੀਆਂ ਚਾਰ ਤਹਿਆਂ ਮੰਨੀਆਂ ਜਾਦੀਆਂ ਹਨ: ਜਾਗ੍ਰਿਤ, ਸੁਪਨ, ਸੁਖੋਪਤ ਅਤੇ ਤੁਰੀਆ। ਆਤਮ ਭੂਪਤਿ ਕੀ ਇਹ ਪੁਰੀਆ। ਤੁਰੀਆ ਦਾ ਅਰਥ ਹੈ ਚੌਥੀ, ਜੋ ਅਸਲ ਵਿਚ ਅਨਾਮ ਹੈ, ਕਿਉਂਕਿ ਇਸ ਵਿਚ ਆਤਮਾ ਦੇ ਮਾਲਕ, ਪ੍ਰਭੂ ਦਾ ਵਾਸਾ ਹੈ।
ਮਨ ਦੀਆਂ ਤਿੰਨ ਤਹਿਆਂ ਵਿਚ ਵਿਚਰਨ ਵਾਲੇ ਲੋਕਾਂ ਨੇ ਆਪਣੀ ਮਾਨਸਿਕਤਾ ਅਨੁਸਾਰ ਸ੍ਰਿਸ਼ਟੀ ਦੇ ਵੀ ਰਜੋ, ਤਮੋ ਅਤੇ ਸਤੋ ਨਾਮਕ ਤਿੰਨ ਗੁਣ ਕਪਲੇ ਹੋਏ ਹਨ। ਰਜੋ ਰੂਪ ਊਰਜਾ ਕਾਰਣ, ਕਦੇ ਤਮੋ ਅਤੇ ਕਦੇ ਸਤੋ ਦੇ ਮਾਇਆਵੀ ਜਾਲ ਵਿਚ ਘਿਰੇ ਰਹਿੰਦੇ ਹਨ।
ਤੀਜੀ ਥਿਤ ਦੇ ਹਵਾਲੇ ਨਾਲ ਪਾਤਸ਼ਾਹ ਦੱਸਦੇ ਹਨ ਕਿ ਸਾਰਾ ਜਗਤ ਹੀ ਇਸ ਤ੍ਰੈ-ਗੁਣੀ ਮਾਨਸਕ ਅਤੇ ਮਾਇਆਵੀ ਚਕਰਵਿਊ ਵਿਚ ਉਲਝਿਆ ਹੋਇਆ ਹੈ। ਕੋਈ ਵਿਰਲਾ ਹੀ ਇਨ੍ਹਾਂ ਤਿੰਨਾਂ ਤੋਂ ਪਾਰ ਆਤਮਾ ਦੇ ਮਾਲਕ, ਪ੍ਰਭੂ ਦੀ ਸ਼ਰਣ ਵਿਚ ਪੁੱਜਦਾ ਹੈ।
ਪਾਤਸ਼ਾਹ ਕਹਿੰਦੇ ਹਨ ਕਿ ਉਹੀ ਜਨ ਨਿਰਮਲ, ਅਰਥਾਤ ਸੰਤ ਦੀ ਅਵਸਥਾ ਵਿਚ ਪੁੱਜਦਾ ਹੈ, ਜਿਸ ਦੇ ਮਨ ਵਿਚ ਆਤਮਾ ਦਾ ਮਾਲਕ ਪ੍ਰਭੂ ਆ ਵੱਸਦਾ ਹੈ।