Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਸਾਧ-ਸੰਗਤ ਭਾਵ ਸਤ-ਪੁਰਸ਼ਾਂ ਦੀ ਸੰਗਤ ਵਿਚ ਰਹਿ ਕੇ ਮਨੁਖ ਦਾ ਦਵੈਤ-ਭਾਵ ਅਤੇ ਭਟਕਣਾ ਦੂਰ ਹੋ ਜਾਂਦੀ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਆਦਿਕ ਵਿਕਾਰਾਂ ਅਤੇ ਖੋਟੀ ਮਤਿ ਨੂੰ ਦੂਰ ਕਰ ਕੇ ਗੁਰੂ ਦੇ ਦੱਸੇ ਉਪਦੇਸ਼ ਨੂੰ ਮਨ ਵਿਚ ਵਸਾਉਣਾ ਚਾਹੀਦਾ ਹੈ। ਇਸ ਨਾਲ ਸਾਰੇ ਦੁਖਾਂ-ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਅਤੇ ਮਨੁਖ ਨੂੰ ਸੁਚੱਜਾ ਆਤਮਕ ਜੀਵਨ ਮਿਲ ਜਾਂਦਾ ਹੈ। ਹਉਮੈ ਨੂੰ ਦੂਰ ਕਰ ਕੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਵਸਾਉਣ ਵਾਲੇ ਮਨੁਖ ਹੀ ਪ੍ਰਭੂ ਦੀ ਦਰਗਾਹ ਵਿਚ ਇੱਜਤ-ਮਾਣ ਪ੍ਰਾਪਤ ਕਰਦੇ ਹਨ।
ਪਉੜੀ
ਦੁਤੀਆ  ਦੁਰਮਤਿ ਦੂਰਿ  ਕਰਿ   ਗੁਰ ਸੇਵਾ ਕਰਿ ਨੀਤ
ਰਾਮ ਰਤਨੁ ਮਨਿ ਤਨਿ ਬਸੈ   ਤਜਿ ਕਾਮੁ ਕ੍ਰੋਧੁ ਲੋਭੁ ਮੀਤ
ਮਰਣੁ ਮਿਟੈ  ਜੀਵਨੁ ਮਿਲੈ   ਬਿਨਸਹਿ ਸਗਲ ਕਲੇਸ
ਆਪੁ ਤਜਹੁ  ਗੋਬਿੰਦ ਭਜਹੁ   ਭਾਉ ਭਗਤਿ ਪਰਵੇਸ
ਲਾਭੁ ਮਿਲੈ  ਤੋਟਾ ਹਿਰੈ   ਹਰਿ ਦਰਗਹ ਪਤਿਵੰਤ
ਰਾਮ ਨਾਮ ਧਨੁ ਸੰਚਵੈ   ਸਾਚ ਸਾਹ ਭਗਵੰਤ
ਊਠਤ ਬੈਠਤ ਹਰਿ ਭਜਹੁ   ਸਾਧੂ ਸੰਗਿ ਪਰੀਤਿ
ਨਾਨਕ  ਦੁਰਮਤਿ ਛੁਟਿ ਗਈ   ਪਾਰਬ੍ਰਹਮ ਬਸੇ ਚੀਤਿ ॥੨॥
-ਗੁਰੂ ਗ੍ਰੰਥ ਸਾਹਿਬ ੨੯੬-੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਨੇ ਦ੍ਵੈਤ-ਭਾਵ ਵਾਲੀ ਸਮਝ ਨੂੰ ਗੁਰਮਤਿ ਦੇ ਵਿਪਰੀਤ ਦੁਰਮਤਿ, ਅਰਥਾਤ ਬੁਰੀ ਮਤ ਕਿਹਾ ਹੈ ਤੇ ਇਸ ਨੂੰ ਮਿਟਾਉਣ ਲਈ ਆਦੇਸ਼ ਕੀਤਾ ਹੈ। ਇਸ ਨੂੰ ਮੇਟਣ ਲਈ ਪਾਤਸ਼ਾਹ ਨੇ ਰੋਜਾਨਾਂ ਗੁਰੂ ਦੀ ਸੇਵਾ ਕਰਨ ਦਾ ਸੁਝਾਅ ਦਿੱਤਾ ਹੈ। ਗੁਰਮਤਿ ਅਨੁਸਾਰ ਗੁਰੂ ਦਾ ਦੇਹ-ਰੂਪ ਸੰਗਤ ਹੈ ਤੇ ਸੰਗਤ ਦੀ ਸੇਵਾ ਹੀ ਦ੍ਵੈਤ-ਭਾਵ ਮੇਟਣ ਦਾ ਸੁਖੈਨ ਸਾਧਨ ਹੈ।

ਫਿਰ ਪਾਤਸ਼ਾਹ ਮਨੁਖ ਨੂੰ ਮਿੱਤਰ ਆਖ ਕੇ ਕਾਮ, ਕ੍ਰੋਧ ਅਤੇ ਲੋਭ ਦਾ ਤਿਆਗ ਕਰਨ ਦੀ ਨਸੀਹਤ ਕਰਦੇ ਹਨ, ਜਿਸ ਦੇ ਫਲਸਰੂਪ ਰਤਨ ਰੂਪ ਪ੍ਰਭੂ ਦਾ ਨਾਮ ਮਨੁਖ ਦੇ ਮਨ, ਤਨ ਅੰਦਰ ਆ ਵੱਸਦਾ ਹੈ। ਪ੍ਰਭੂ ਦੇ ਦ੍ਵੈਤ-ਭਾਵ ਦੇ ਮਿਟਣ ਦੀ ਸੂਚਨਾ ਮਨੁਖ ਦੇ ਤਨ-ਮਨ ਦੇ ਇਕ, ਅਰਥਾਤ ਅਦ੍ਵੈਤ ਹੋਣ ਵਿਚ ਵੀ ਹੈ, ਜਿਸ ਅਵਸਥਾ ਵਿਚ ਮੌਤ ਮਿਟ ਕੇ ਜੀਵਨ ਮਿਲ ਜਾਂਦਾ ਹੈ ਤੇ ਤਮਾਮ ਕਸ਼ਟ ਭੁੱਲੇ ਵਿਸਰੇ ਜਾਂ ਗਏ ਗੁਆਚੇ ਸਮੇਂ ਦੀ ਦਾਸਤਾਂ ਬਣ ਜਾਂਦੇ ਹਨ।

ਇਥੇ ਮੌਤ ਦੇ ਮਿਟਣ ਤੋਂ ਭਾਵ ਮੌਤ ਦਾ ਟਲ ਜਾਣਾ ਨਹੀਂ ਹੈ, ਬਲਕਿ ਮੌਤ ਦੇ ਡਰ ਦਾ ਮਿਟ ਜਾਣਾ ਹੈ। ਇਸੇ ਤਰ੍ਹਾਂ ਜੀਵਨ ਮਿਲਣ ਦਾ ਭਾਵ ਨਵੇਂ ਜਨਮ ਜਾਂ ਉਮਰ ਦਾ ਵਧਣਾ ਨਹੀਂ, ਬਲਕਿ ਅਜਿਹਾ ਜੀਵਨ ਹੈ, ਜਿਹੜਾ ਮੌਤ ਦੇ ਸਾਏ ਹੇਠ ਨਹੀਂ ਹੈ ਜਾਂ ਮੌਤ ਦੇ ਡਰ ਤੋਂ ਮੁਕਤ ਹੈ। ਸਾਡੇ ਜੀਵਨ ਵਿਚ ਸੱਚ ਦੇ ਅਭਾਵ ਕਾਰਣ ਕਸ਼ਟ-ਕਲੇਸ਼ ਆਉਂਦੇ ਹਨ। ਜੇ ਅਸੀਂ ਮੌਤ ਦੇ ਡਰ ਤੋਂ ਮੁਕਤ ਹੋ ਜਾਈਏ ਤਾਂ ਹੀ ਅਸੀਂ ਸੱਚ ਧਾਰਨ ਕਰ ਸਕਦੇ ਹਾਂ ਤੇ ਉਸੇ ਸੱਚ ਨਾਲ ਕਸ਼ਟ-ਕਲੇਸ਼ ਮਿਟ ਸਕਦੇ ਹਨ।

ਜਦ ਸਭ ਅਕਾਰ ਇਕ ਹੀ ਅਕਾਰ ਹੈ ਤਾਂ ਫਿਰ ਉਸ ਏਕੰਕਾਰ ਦੇ ਬਗੈਰ ਹੋਰ ਕੁਝ ਹੈ ਹੀ ਨਹੀਂ। ਇਹ ਜੋ ਸਾਡਾ ਆਪਾ ਹੈ, ਇਹ ਵੀ ਫਰਜੀ ਹੈ ਤੇ ਅਸਲ ਵਿਚ ਇਹ ਵੀ ਉਸੇ ਏਕੰਕਾਰ ਦੀ ਹੀ ਅੰਸ਼ ਹੈ। ਜੇਕਰ ਅਸੀਂ ਇਸ ਫਰਜੀ ਆਪੇ ਨੂੰ ਤੱਜ ਦੇਈਏ ਤੇ ਪ੍ਰਗਟ ਹੋਏ ਗਰੀਬ ਨਿਵਾਜ਼ ਪ੍ਰਭੂ ਦਾ ਭਜਨ ਕਰੀਏ ਤਦ ਹੀ ਪ੍ਰੇਮ-ਭਾਵ ਅਤੇ ਭਗਤੀ ਵਿਚ ਪ੍ਰਵੇਸ਼ ਸੰਭਵ ਹੁੰਦਾ ਹੈ। ਫਿਰ ਹਰ ਪਾਸੇ ਲਾਭ ਹੀ ਲਾਭ ਹੁੰਦਾ ਹੈ ਤੇ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਪੈਂਦਾ। ਬੇਸ਼ੱਕ ਇਹ ਲਾਭ ਅਤੇ ਘਾਟਾ ਨਿਰਾ ਆਰਥਕ ਨਹੀਂ ਹੈ। ਪਰ ਇਸ ਵਿਚੋਂ ਆਰਥਕਤਾ ਮਨਫੀ ਵੀ ਨਹੀਂ ਹੈ। ਇਨਸਾਨ ਨੂੰ ਦੇਹ ਰੂਪ ਵਿਚ ਜਿਉਣ ਲਈ ਰੋਟੀ, ਕੱਪੜੇ ਤੇ ਮਕਾਨ ਦੀ ਜਰੂਰਤ ਹੈ। ਪਰ ਰੂਹ ਵਜੋਂ ਜੀਣ-ਥੀਣ ਲਈ ਮੁਹੱਬਤ ਅਤੇ ਇੱਜਤ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਹਨ ਕਿ ਭਗਤੀ-ਭਾਵ ਵਾਲੇ ਅਜਿਹੇ ਇਨਸਾਨ ਨੂੰ ਹਰੀ ਦੀ ਦਰਗਾਹ ਵਿਚ ਸਤਿਕਾਰਯੋਗ ਪਤਵੰਤੇ ਸੱਜਣ ਵਜੋਂ ਸਤਿਕਾਰ ਮਿਲਦਾ ਹੈ। ਇਹੀ ਸਾਡੇ ਜੀਵਨ ਦਾ ਅਸਲ ਲਾਭ ਹੈ ਤੇ ਇਸੇ ਦਾ ਅਭਾਵ ਅਸਲ ਹਾਨੀ ਹੈ।

ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਅਮੀਰੀ ਆਰਥਕਤਾ ਵਿਚ ਨਹੀਂ ਹੁੰਦੀ, ਬਲਕਿ ਅਸਲ ਅਤੇ ਭਾਗਾਂ ਵਾਲਾ ਅਮੀਰ ਉਹ ਹੈ, ਜਿਸ ਨੇ ਪ੍ਰਭੂ ਦੇ ਨਾਮ ਦਾ ਧਨ ਜਮਾ ਕੀਤਾ ਹੋਵੇ, ਅਰਥਾਤ ਜਿਸ ਨੇ ਪ੍ਰਭੂ ਦੀ ਯਾਦ ਨੂੰ ਹਮੇਸ਼ਾ ਦਿਲ ਵਿਚ ਵਸਾਈ ਰਖਿਆ ਹੋਵੇ।

ਪਉੜੀ ਦੇ ਅੰਤ ਵਿਚ ਪਾਤਸ਼ਾਹ ਜੀਵਨ ਦੇ ਕਾਰਜ ਕਰਦਿਆਂ, ਉਠਦਿਆਂ-ਬੈਠਦਿਆਂ, ਹਰ ਪਲ ਪ੍ਰਭੂ ਨੂੰ ਯਾਦ ਰਖਣ ਅਤੇ ਭਲੇ ਲੋਕਾਂ ਨਾਲ ਪ੍ਰੇਮ-ਭਾਵ ਵਿਚ ਰਹਿਣ ਦੀ ਤਾਕੀਦ ਕਰਦੇ ਹਨ। ਇਸ ਸਦਕਾ ਗੁਰਮਤਿ ਦੇ ਵਿਪਰੀਤ ਵਿਚਾਰ ਮਨ ਵਿਚ ਨਹੀਂ ਆਉਂਦੇ ਤੇ ਪਾਰਬ੍ਰਹਮ ਦਿਲ ਵਿਚ ਵਸ ਜਾਂਦਾ ਹੈ। ਅਸਲ ਵਿਚ ਦਿਲ ਵਿਚ ਪ੍ਰਭੂ ਦਾ ਵਾਸਾ ਹੋਣਾ ਤੇ ਦੁਰਮਤਿ ਦਾ ਖਹਿੜਾ ਛੁੱਟਣਾ ਇਕੋ ਗੱਲ ਹੈ।
Tags