Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਸ਼ਰਣ ਵਿਚ ਜਾਣ ਅਤੇ ਉਸ ਦੇ ਗੁਣ ਗਾਉਣ ਨਾਲ ਮੌਤ ਦਾ ਡਰ ਮੁੱਕ ਜਾਂਦਾ ਹੈ, ਦੁਖ ਦੂਰ ਹੋ ਜਾਂਦੇ ਹਨ ਅਤੇ ਮਨ-ਇੱਛਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ ਗੁਣਾਂ ਨੂੰ ਗਾਉਣ ਅਤੇ ਮਨ ਵਿਚ ਵਸਾਉਣ ਵਾਲੇ ਮਨੁਖ ਨੂੰ ਹੀ ਅਸਲ ਅਰਥਾਂ ਵਿਚ ਉੱਚੀ ਸੁਰਤ ਵਾਲਾ, ਉੱਚੇ ਆਚਰਣ ਵਾਲਾ, ਉੱਚੀ ਕੁਲ ਵਾਲਾ ਅਤੇ ਸੂਰਮਾ ਕਿਹਾ ਜਾ ਸਕਦਾ ਹੈ। ਉੱਚੇ-ਨੀਵੇਂ ਹਰ ਅਖੌਤੀ ਸਮਾਜਕ ਰੁਤਬੇ ਵਾਲਾ ਮਨੁਖ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ।
ਪਉੜੀ
ਕੋਈ ਗਾਵੈ  ਕੋ ਸੁਣੈ   ਕੋਈ ਕਰੈ ਬੀਚਾਰੁ
ਕੋ ਉਪਦੇਸੈ  ਕੋ ਦ੍ਰਿੜੈ   ਤਿਸ ਕਾ ਹੋਇ ਉਧਾਰੁ
ਕਿਲਬਿਖ ਕਾਟੈ  ਹੋਇ ਨਿਰਮਲਾ   ਜਨਮ ਜਨਮ ਮਲੁ ਜਾਇ
ਹਲਤਿ ਪਲਤਿ ਮੁਖੁ ਊਜਲਾ   ਨਹ ਪੋਹੈ ਤਿਸੁ ਮਾਇ
ਸੋ ਸੁਰਤਾ  ਸੋ ਬੈਸਨੋ   ਸੋ ਗਿਆਨੀ  ਧਨਵੰਤੁ
ਸੋ ਸੂਰਾ  ਕੁਲਵੰਤੁ ਸੋਇ   ਜਿਨਿ ਭਜਿਆ ਭਗਵੰਤੁ
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ   ਉਧਰੈ ਸਿਮਰਿ ਚੰਡਾਲ
ਜਿਨਿ ਜਾਨਿਓ ਪ੍ਰਭੁ ਆਪਨਾ   ਨਾਨਕ  ਤਿਸਹਿ ਰਵਾਲ ॥੧੭॥
-ਗੁਰੂ ਗ੍ਰੰਥ ਸਾਹਿਬ ੩੦੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਵੀ ਪਾਤਸ਼ਾਹ ਅਜਿਹੇ ਲੋਕਾਂ ਦਾ ਜਿਕਰ ਕਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਪਿਆਰੇ ਦੀ ਸ਼ਰਣ ਨਸੀਬ ਹੋ ਗਈ ਹੈ ਤੇ ਜਿਹੜੇ ਬੇਲੋੜੀਆਂ ਚਾਹਤਾਂ ਤੋਂ ਮੁਕਤ ਹੋ ਗਏ ਹਨ ਤੇ ਉਸ ਪਿਆਰੇ ਦੀ ਰਜ਼ਾ ਨੂੰ ਹੀ ਪਰਮ-ਫਲ, ਅਰਥਾਤ ਪ੍ਰਾਪਤੀ ਅਨੁਮਾਨਦੇ ਹਨ। ਇਸ ਤ੍ਰਿਪਤੀ ਦੇ ਆਲਮ ਵਿਚ ਕੋਈ ਉਸ ਪ੍ਰਭੂ ਪਿਆਰੇ ਦੇ ਗੁਣ ਗਾਈ ਜਾਂਦਾ ਹੈ, ਕੋਈ ਉਸ ਦੇ ਗੁਣ-ਗਾਇਨ ਨੂੰ ਸੁਣਨ ਵਿਚ ਰੁਚੀ ਰਖਦਾ ਹੈ। ਕੋਈ ਉਸ ਦੇ ਗੁਣਾਂ ’ਤੇ ਵਿਚਾਰ-ਚਰਚਾ ਕਰਦਾ ਹੈ, ਕੋਈ ਉਨ੍ਹਾਂ ਦਾ ਪ੍ਰਚਾਰ ਕਰਨ ਵਿਚ ਭਲਾਈ ਸਮਝਦਾ ਹੈ ਤੇ ਕੋਈ ਪ੍ਰਭੂ-ਪਿਆਰੇ ਦੇ ਗੁਣਾਂ ਨੂੰ ਅਕੀਦੇ ਵਜੋਂ ਆਪਣੇ ਮਨ-ਚਿੱਤ ਵਿਚ ਧਾਰਨ ਕਰਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਕਿਸੇ ਤਰ੍ਹਾਂ ਵੀ ਪ੍ਰਭੂ ਪਿਆਰੇ ਦੇ ਗੁਣਾਂ ਨਾਲ ਜੁੜਨ ਵਾਲੇ ਦਾ ਭਲਾ, ਕਲਿਆਣ ਜਾਂ ਉਧਾਰ ਯਕੀਨਨ ਹੈ।

ਸੰਸਕ੍ਰਿਤ ਵਿਚ ਕਿਸੇ ਵੀ ਤਰ੍ਹਾਂ ਦੇ ਪਾਪ, ਦੋਸ਼ ਅਤੇ ਰੋਗ ਨੂੰ ਕਿਲਵਿਖ ਕਿਹਾ ਜਾਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਜਿਹੜਾ ਵੀ ਪ੍ਰਭੂ-ਪਿਆਰੇ ਦੇ ਗੁਣ ਗਾਇਨ ਕਰਦਾ ਹੈ, ਸੁਣਦਾ ਤੇ ਮਨ ਵਿਚ ਧਾਰਨ ਕਰਦਾ ਹੈ, ਉਸ ਦੇ ਸਾਰੇ ਪਾਪ, ਦੋਸ਼ ਅਤੇ ਰੋਗ ਕੱਟੇ ਜਾਂਦੇ ਹਨ ਤੇ ਉਹ ਬਿਲਕੁਲ ਦੋਸ਼-ਰਹਿਤ, ਪਾਪ-ਮੁਕਤ ਅਤੇ ਰੋਗ-ਮੁਕਤ ਹੋ ਜਾਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਉਹ ਏਨਾ ਨਿਰਮਲ ਹੋ ਜਾਂਦਾ ਹੈ ਕਿ ਉਸ ਦੇ ਜਨਮਾਂ-ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ। ਜਨਮਾਂ-ਜਨਮਾਂ ਦੀ ਮੈਲ ਕੱਟੇ ਜਾਣ ਦਾ ਭਾਵ ਇਥੇ ਏਹੀ ਹੈ ਕਿ ਉਹ ਕਦੇ ਸੁਪਨੇ ਵਿਚ ਵੀ ਪਾਪ ਬਾਰੇ ਸੋਚ ਨਹੀਂ ਸਕਦਾ।

ਮਨੁਖ ਦੇ ਚਿਹਰੇ ਨੂੰ ਉਸ ਦੇ ਮਨ ਦਾ ਪਰਤੌ ਕਿਹਾ ਜਾਂਦਾ ਹੈ। ਅੰਗਰੇਜ਼ੀ ਅਖਾਣ ਹੈ ਕਿ face is the index of mind. ਇਨਸਾਨ ਦੇ ਚਿਹਰੇ ਤੋਂ ਸਭ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਨ ਵਿਚ ਕੀ ਰਿਝਦਾ ਜਾਂ ਪੱਕਦਾ ਹੈ। ਜਿਸ ਦੇ ਮਨ ਵਿਚ ਕੋਈ ਚਿੰਤਾ ਜਾਂ ਦੁਖ ਤਕਲੀਫ ਹੋਵੇ, ਉਸ ਦਾ ਚਿਹਰਾ ਬੁਝਿਆ-ਬੁਝਿਆ ਹੁੰਦਾ ਹੈ ਤੇ ਜਿਸ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਸਾਫ ਹੋਵੇ ਉਸ ਦੇ ਚਿਹਰੇ ’ਤੇ ਇਕ ਵਿਸ਼ੇਸ਼ ਕਿਸਮ ਦੀ ਰੌਣਕ ਅਤੇ ਚਮਕ ਹੁੰਦੀ ਹੈ। ਇਸ ਕਰਕੇ ਪਾਤਸ਼ਾਹ ਦੱਸਦੇ ਹਨ ਕਿ ਜਿਸ ਪ੍ਰਾਣੀ ਦਾ ਮਨ-ਚਿੱਤ ਪ੍ਰਭੂ ਪਿਆਰੇ ਨਾਲ ਜੁੜਿਆ ਹੁੰਦਾ ਹੈ, ਉਸ ਦਾ ਹਲਤ ਅਤੇ ਪਲਤ, ਅਰਥਾਤ ਦੋਹਾਂ ਜਹਾਨਾਂ ਵਿਚ ਮੁਖ ਉੱਜਲ ਹੁੰਦਾ ਹੈ ਤੇ ਉਸ ਨੂੰ ਮਾਇਆ ਦੀ ਕਸ਼ਿਸ਼ ਵੀ ਪ੍ਰਭਾਵਤ ਨਹੀਂ ਕਰ ਸਕਦੀ।

ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਉੱਜਲ-ਮੁਖ ਇਨਸਾਨ ਹੀ ਅਸਲ ਸੁਰਤ ਵਾਲੇ, ਅਰਥਾਤ ਜਾਗਰੂਕ ਹੁੰਦੇ ਹਨ, ਉਹੀ ਅਸਲ ਅਰਥਾਂ ਵਿਚ ਪ੍ਰੇਮ-ਭਾਵ ਵਾਲੇ ਵੈਸ਼ਨਵ ਹੁੰਦੇ ਹਨ, ਉਨ੍ਹਾਂ ਨੂੰ ਹੀ ਗਿਆਨੀ ਕਿਹਾ ਜਾ ਸਕਦਾ ਹੈ ਤੇ ਪਾਤਸ਼ਾਹ ਨੇ ਉਕਤ ਕਿਸਮ ਦੇ ਪ੍ਰਾਣੀ ਨੂੰ ਹੀ ਧਨਵੰਤ ਆਖਿਆ ਹੈ।

ਧਨ ਸ਼ਬਦ ਦਾ ਮੁਢਲਾ ਅਰਥ ਜੀਵਨ ਦਾ ਅਸਲ ਮਕਸਦ ਹੈ। ਮਕਸਦ ਰਹਿਤ ਜੀਵਨ ਜਿਉਣ ਵਾਲੇ ਨੂੰ ਨਿਰਧਨ ਕਿਹਾ ਜਾਂਦਾ ਹੈ ਤੇ ਜਿਸ ਨੂੰ ਜੀਵਨ ਜਿਉਣ ਦਾ ਮਕਸਦ ਮਿਲ ਗਿਆ ਹੋਵੇ ਉਸ ਨੂੰ ਬਾਣੀ ਵਿਚ ਧਨਵੰਤ ਕਿਹਾ ਗਿਆ ਹੈ: ਓਹੁ ਧਨਵੰਤ ਕੁਲਵੰਤੁ ਪਤਿਵੰਤੁ ॥ ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥

ਨਾਮ-ਸਿਮਰਨ ਤੇ ਭਜਨ-ਬੰਦਗੀ ਕਰਨ ਵਾਲੇ ਪ੍ਰਾਣੀ ਨੂੰ ਪਾਤਸ਼ਾਹ ਨੇ ਸੂਰਵੀਰ ਤੇ ਚੰਗੇ ਖਾਨਦਾਨ ਵਾਲਾ ਵੀ ਕਿਹਾ ਹੈ। ਸੂਰਵੀਰ ਉਹੀ ਹੋ ਸਕਦਾ ਹੈ, ਜਿਸ ਦਾ ਨਾਮ-ਸਿਮਰਨ ਦੀ ਬਰਕਤ ਸਦਕਾ ਮੌਤ ਦਾ ਡਰ ਮਿਟ ਗਿਆ ਹੋਵੇ ਤੇ ਨਾਮ-ਸਿਮਰਨ ਵਾਲੇ ਪ੍ਰਾਣੀ ਦੇ ਗੁਣ ਉਸ ਦੀ ਕੁਲ ਦੀ ਪਛਾਣ ਬਣ ਜਾਂਦੇ ਹਨ, ਜਿਸ ਕਰਕੇ ਉਸ ਨੂੰ ਆਪਣੀ ਕੁਲ ਦੀ ਇਜ਼ਤ ਬਣਾਉਣ ਜਾਂ ਵਧਾਉਣ ਵਾਲਾ ਕੁਲਵੰਤ ਕਿਹਾ ਜਾਂਦਾ ਹੈ।

ਪਾਤਸ਼ਾਹ ਨੇ ਸਿਮਰਨ ਦੀ ਏਡੀ ਬਰਕਤ ਦੱਸੀ ਹੈ ਕਿ ਜਿਸ ਨਾਲ ਹਰ ਜਾਤ, ਧਰਮ ਅਤੇ ਵਰਣ ਦੇ ਲੋਕਾਂ ਦਾ ਪਾਰ-ਉਤਾਰਾ ਹੋ ਸਕਦਾ ਹੈ। ਇਥੋਂ ਤਕ ਕਿ ਜਿਨ੍ਹਾਂ ਨੂੰ ਚਾਰ ਵਰਣਾਂ ਵਿਚ ਵੀ ਥਾਂ ਨਹੀਂ ਦਿੱਤੀ ਗਈ, ਉਹ ਚੰਡਾਲ ਵੀ ਨਾਮ-ਸਿਮਰਨ ਨਾਲ ਤਰ ਸਕਦੇ ਹਨ। 

ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਅੱਤ ਦੇ ਨਿਮਰ ਭਾਵ ਵਿਚ, ਉਪਰੋਕਤ ਸਿਫਤਾਂ ਦੇ ਮਾਲਕ ਪ੍ਰਾਣੀ ਦੇ ਚਰਨਾਂ ਦੀ ਧੂੜ ਹੋਣ ਦੀ ਆਸ਼ਾ ਕਰਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਪਿਆਰੇ ਦੇ ਨਾਮ-ਸਿਮਰਨ ਵਿਚ ਕਿੱਡੀ ਮਹਾਨ ਬਰਕਤ ਹੈ।
Tags