ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਨੇ ਪ੍ਰਭੂ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਉਹ ਕਦੇ ਨਹੀਂ ਡੋਲਦਾ। ਉਸ ਨੂੰ ਪ੍ਰਾਪਤ ਹੋਇਆ ਆਤਮਕ ਵਿਗਾਸ ਕਦੇ ਨਹੀਂ ਘੱਟਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਸਾਰੇ ਗੁਣਾਂ ਨਾਲ ਭਰਪੂਰ ਅਤੇ ਸਭ ਕੁਝ ਕਰਨ-ਕਰਾਉਣ ਦੇ ਸਮਰੱਥ ਹੈ। ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ, ਸਭ ਦਾ ਰਾਖਾ ਅਤੇ ਸਹਾਰਾ ਹੈ। ਇਸ ਲਈ ਹਰ ਵੇਲੇ ਉਸ ਦੀ ਸ਼ਰਣ ਵਿਚ ਰਹਿਣਾ ਚਾਹੀਦਾ ਹੈ।
ਸਲੋਕੁ ॥
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥
-ਗੁਰੂ ਗ੍ਰੰਥ ਸਾਹਿਬ ੩੦੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਮਾਵਸ ਦੇ ਮੁਕੰਮਲ ਹਨੇਰੇ ਉਪਰੰਤ ਚੰਦਰਮਾ ਫਿਰ ਏਕਮ ਤੋਂ ਚੌਦਸ ਤਕ ਵੱਧਦਾ ਹੋਇਆ ਮੁਕੰਮਲ ਹੋ ਜਾਂਦਾ ਹੈ। ਇਸੇ ਨੂੰ ਪੂਰਨਮਾਸ਼ੀ, ਪੂਰਨਮਾ ਜਾਂ ਪੁੰਨਿਆ ਵੀ ਕਹਿੰਦੇ ਹਨ। ਪਾਤਸ਼ਾਹ ਪੂਰਨਮਾ ਦੇ ਚੰਨ ਦੀ ਪੂਰਨਤਾ ਦੇ ਸੰਕੇਤ ਵਿਚ ਗੱਲ ਕਰਦੇ ਹਨ ਕਿ ਜਿਸ ਨੂੰ ਪ੍ਰਭੂ ਪਿਆਰੇ ਨੇ ਪੂਰਨਤਾ ਬਖਸ਼ੀ ਹੋਵੇ, ਉਹ ਕਦੇ ਨਹੀਂ ਡੋਲਦਾ। ਘੜੀ ਦੇ ਪੈਂਡੂਲਮ ਵਾਂਗ ਕਿਸੇ ਸਥਿਰ ਸਥਿਤੀ ਤੋਂ ਇਧਰ-ਉਧਰ ਹੋਣ ਨੂੰ ਡੋਲਣਾ ਕਹਿੰਦੇ ਹਨ। ਨੌਵੇਂ ਪਾਤਸ਼ਾਹ ਨੇ ਬੁਰਕੀ ਦੇ ਲਾਲਚ ਵਿਚ ਕੁੱਤੇ ਦੇ ਦਰ-ਦਰ ਭਟਕਣ ਨੂੰ ਵੀ ਡੋਲਣ ਦੇ ਅਰਥਾਂ ਵਿਚ ਵਰਤਿਆ ਹੈ: ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ ਪਾਤਸ਼ਾਹ ਨੇ ਇਸ ਸਲੋਕ ਵਿਚ ਪਿਆਰੇ ਪ੍ਰਭੂ ਵੱਲੋਂ ਵਰੋਸਾਏ ਹੋਏ ਗਿਆਨ ਅਤੇ ਸਿਦਕ ਵਿਚ ਪਰਿਪੂਰਣ ਲੋਕਾਂ ਦੀ ਜੀਵਨ-ਸ਼ੈਲੀ ਵੱਲ ਸੰਕੇਤ ਕੀਤਾ ਹੈ ਕਿ ਉਹ ਆਪਣੇ ਇਰਾਦੇ, ਵਿਚਾਰ ਅਤੇ ਵਿਵਹਾਰ ਵਿਚ ਅਡੋਲ ਰਹਿੰਦੇ ਹਨ।
ਅਗਲੀ ਤੁਕ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹ ਆਪਣੀ ਉਸੇ ਅਡੋਲਤਾ ਕਾਰਣ ਹਮੇਸ਼ਾ ਹਰ ਪਖੋਂ ਬਰਕਤ ਵਿਚ ਰਹਿੰਦੇ ਹਨ ਤੇ ਉਨ੍ਹਾਂ ਨੂੰ ਕਦੇ ਵੀ ਕੋਈ ਕਮੀ ਮਹਿਸੂਸ ਨਹੀਂ ਹੁੰਦੀ। ਜਿਵੇਂ ਮੱਸਿਆ ਦੀ ਕਾਲੀ ਰਾਤ ਤੋਂ ਬਾਅਦ ਚੰਦਰਮਾ ਹਰ ਰੋਜ ਥੋੜਾ-ਥੋੜਾ ਕਰਕੇ ਪੂਰਨਮਾਸ਼ੀ ਵੱਲ ਵਧਦਾ ਹੈ, ਇਵੇਂ ਪ੍ਰਭੂ ਪਿਆਰੇ ਦੇ ਵਰੋਸਾਏ ਲੋਕ ਹਰ ਪਖੋਂ ਹਮੇਸ਼ਾ ਵਾਧੇ ਅਤੇ ਸੰਪੂਰਣਤਾ ਦੀ ਦਿਸ਼ਾ ਵਿਚ ਰਹਿੰਦੇ ਹਨ ਤੇ ਕਦੇ ਘਾਟੇ ਵਿਚ ਨਹੀਂ ਰਹਿੰਦੇ। ਇਸੇ ਅਵਸਥਾ ਨੂੰ ਗੁਰਮਤਿ ਜੀਵਨ ਦੀ ਚੜ੍ਹਦੀ ਕਲਾ ਕਿਹਾ ਜਾਂਦਾ ਹੈ।