Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਨੇ ਗੁਰ-ਸ਼ਬਦ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ ਆਪਣੇ-ਆਪ ’ਤੇ ਕਾਬੂ ਪਾ ਲਿਆ ਹੈ। ਉਸ ਦੇ ਸਾਰੇ ਡਰ ਤੇ ਚਿੰਤਾਵਾਂ ਮੁੱਕ ਗਈਆਂ ਹਨ। ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਨਾਲ ਭੈੜੀ ਸੋਚ ਅਤੇ ਹਉਮੈ ਦੂਰ ਹੁੰਦੀ ਹੈ। ਸੰਤੋਖ, ਸ਼ਾਂਤੀ ਅਤੇ ਆਤਮਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁਖ ਆਪਣਾ ਅਤੇ ਆਪਣੇ ਪਰਵਾਰ ਦਾ ਜੀਵਨ ਸਫਲ ਕਰ ਲੈਂਦਾ ਹੈ।
ਸਲੋਕੁ
ਆਤਮੁ ਜੀਤਾ ਗੁਰਮਤੀ   ਗੁਣ ਗਾਏ ਗੋਬਿੰਦ
ਸੰਤ ਪ੍ਰਸਾਦੀ ਭੈ ਮਿਟੇ   ਨਾਨਕ  ਬਿਨਸੀ ਚਿੰਦ ॥੧੫॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਚੰਨ ਦੇ ਹਨੇਰੇ ਪਖ ਦੀ ਚੌਦਵੀਂ ਥਿਤ ਉਪਰੰਤ ਮੱਸਿਆ ਆਉਂਦੀ ਹੈ, ਜਿਸ ਨੂੰ ਅਮਾਵਸ ਕਿਹਾ ਜਾਂਦਾ ਹੈ। ਅਮਾਵਸ ਦੀ ਰਾਤ ਹਨੇਰੇ ਖੂਹ ਦੀ ਤਰ੍ਹਾਂ ਡਰਾਉਣੀ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਦੇ ਸਮੇਂ ਦੀ ਭਿਆਨਕ ਅਰਾਜਕਤਾ ਨੂੰ ਕੂੜ ਅਮਾਵਸ ਕਿਹਾ ਹੈ।

ਅਸਲ ਵਿਚ ਹਨੇਰੇ ਵਿਚ ਮਨ ਏਨਾ ਬੇਕਾਬੂ ਹੋ ਜਾਂਦਾ ਹੈ ਕਿ ਖਿਆਲੀ ਹੱਦਾਂ ਪਾਰ ਕਰ ਜਾਂਦਾ ਹੈ। ਅਜਿਹੀ ਹਾਲਤ ਵਿਚ ਮਨ ਇਹੋ ਜਿਹੀਆਂ ਸੋਚਾਂ ਸੋਚਦਾ ਹੈ, ਜਿਹੜੀਆਂ ਅਨੇਕ ਤਰ੍ਹਾਂ ਦੇ ਡਰ ਪੈਦਾ ਕਰਦੀਆਂ ਹਨ ਤੇ ਜਿਨ੍ਹਾਂ ਕਰਕੇ ਮਨੁਖ ਕਈ ਕਿਸਮ ਦੀ ਬੇਮਤਲਬ ਅਤੇ ਅਣਕਿਆਸੀ ਚਿੰਤਾ ਕਰਨ ਲੱਗ ਜਾਂਦਾ ਹੈ। ਕਿਉਂਕਿ ਅਜਿਹੀ ਚਿੰਤਾ ਦਾ ਕੋਈ ਬੰਨ੍ਹ ਨਹੀਂ ਹੁੰਦਾ, ਜਿਸ ਕਰਕੇ ਉਸ ਦਾ ਕੋਈ ਹੱਲ ਵੀ ਨਜ਼ਰ ਨਹੀਂ ਆਉਂਦਾ।

ਇਸ ਕਰਕੇ ਪਾਤਸ਼ਾਹ ਅਮਾਵਸ ਦੇ ਮੁਢਲੇ ਅੱਖਰ ਦੇ ਅਨੁਪ੍ਰਾਸ ਵਿਚ ਦੱਸਦੇ ਹਨ ਕਿ ਜਿਸ ਨੇ ਗੁਰੂ ਦੇ ਆਦੇਸ਼ ਅਨੁਸਾਰ ਜਗਤ-ਪਾਲਕ ਪਿਆਰੇ ਗੋਬਿੰਦ ਪ੍ਰਭੂ ਦਾ ਗੁਣ-ਗਾਇਨ ਕੀਤਾ ਹੈ, ਉਸ ਨੇ ਆਪਣੇ-ਆਪ ਉੱਤੇ ਕਾਬੂ ਪਾ ਲਿਆ ਹੈ ਤੇ ਸੰਤ-ਰੂਪ ਗੁਰੂ ਦੀ ਮਿਹਰ ਨਾਲ ਉਸ ਦੇ ਤਮਾਮ ਮਾਨਸਕ ਡਰ ਦੂਰ ਹੋ ਗਏ ਹਨ। ਜਿਸ ਕਾਰਣ ਉਸ ਦੀ ਸਗਲੀ ਚਿੰਤਾ ਭੁੱਲ-ਭੁਲਾ ਗਈ ਹੈ।

ਪਾਤਸ਼ਾਹ ਦਾ ਵਿਚਾਰ ਹੈ ਕਿ ਗੁਰ-ਸ਼ਬਦ ਦੇ ਗਿਆਨ ਅਤੇ ਗਾਇਨ ਦੁਆਰਾ ਪ੍ਰਭੂ ਪਿਆਰੇ ਦੀ ਮਿਹਰ ਦੀ ਪਾਤਰਤਾ ਬਣੀ ਰਹਿੰਦੀ ਹੈ।
Tags