ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦਾ
ਨਾਮ ਹੀ ਮਨੁਖ ਨੂੰ
ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਕੇ, ਉਸ ਦੇ ਜੀਵਨ-ਕਾਰਜ ਸੰਪੰਨ ਕਰ ਸਕਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਮਾਇਆ ਦੇ ਪ੍ਰਭਾਵ ਹੇਠ, ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਭਟਕਦਾ ਅਤੇ ਦੁਖੀ ਹੁੰਦਾ ਰਹਿੰਦਾ ਹੈ। ਪ੍ਰਭੂ ਦੀ ਸ਼ਰਣ ਲੈਣੀ ਹੀ ਇਸ ਤੋਂ ਬਚਣ ਦਾ ਇਕ-ਮਾਤਰ ਉਪਾਓ ਹੈ।
ਸਲੋਕੁ ॥
ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥
ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤੇਰ੍ਹਵੀਂ ਥਿਤ ਨੂੰ ਤਿੰਨ ਜਮਾਂ ਦਸ, ਤ੍ਰੈਦਸ਼ੀ ਵੀ ਕਹਿੰਦੇ ਹਨ ਤੇ ਪਾਤਸ਼ਾਹ ਇਸ ਸ਼ਬਦ ਦੀ ਮੁਢਲੀ ਧੁਨ ਤ੍ਰੈ ਦੇ ਅਨੁਪ੍ਰਾਸ ਵਿਚ ਇਹ ਸਲੋਕ ਅਰੰਭ ਕਰਦੇ ਹੋਏ ਦੱਸਦੇ ਹਨ ਕਿ ਮਾਇਆ ਦੇ ਤਿੰਨ ਗੁਣਾਂ ਰਜੋ, ਤਮੋ ਅਤੇ ਸਤੋ ਵਿਚ ਰਮੇ ਰਹਿਣ ਨਾਲ ਮਨੁਖ ਦੀ ਕਾਮਨਾ ਸੰਤੁਸ਼ਟ ਨਹੀਂ ਹੋ ਸਕਦੀ ਅਤੇ ਉਸ ਦੇ ਕਾਰਜ ਸੰਪੂਰਨ ਨਹੀਂ ਹੋ ਸਕਦੇ।
ਮਾਇਆ ਦੇ ਇਨ੍ਹਾਂ ਤਿੰਨਾਂ ਗੁਣਾ ਨੂੰ ਖੜ੍ਹੇ ਰੂਪ ਵਿਚ ਦੇਖੀਏ ਤਾਂ ਅਸੀਂ ਸਮਝ ਸਕਦੇ ਹਾਂ ਕਿ ਜਦ ਸਾਡੇ ਅੰਦਰ ਰਜੋ ਗੁਣ ਉਤੇਜਤ ਹੁੰਦਾ ਹੈ ਤਾਂ ਅਸੀਂ ਸਤੋ ਗੁਣ ਵੱਲ ਵਧਦੇ ਹਾਂ ਤੇ ਜਦ ਰਜੋ ਗੁਣ ਅਣਉਤੇਜਤ ਹੁੰਦਾ ਹੈ ਤਾਂ ਅਸੀਂ ਤਮੋਂ ਗੁਣ ਦੇ ਅੰਧਕਾਰ ਵਿਚ ਘਿਰ ਰਹੇ ਹੁੰਦੇ ਹਾਂ।
ਐਪਰ ਕਦੇ ਵੀ ਤੇ ਕੋਈ ਵੀ ਕਿਸੇ ਇਕਹਿਰੇ ਗੁਣ ਵਿਚ ਨਹੀਂ ਹੁੰਦਾ। ਅਸੀਂ ਹਮੇਸ਼ਾ ਤਿੰਨਾਂ ਗੁਣਾਂ ਦੇ ਕਿਸੇ ਸਾਂਝੇ ਅਨੁਪਾਤ ਵਿਚ ਹੁੰਦੇ ਹਾਂ। ਪੂਰਨ ਤੌਰ ’ਤੇ ਨਾ ਹੀ ਕਦੇ ਕੋਈ ਸਤੋ ਗੁਣ ਵਿਚ ਹੁੰਦਾ ਹੈ, ਨਾ ਰਜੋ ਗੁਣ ਵਿਚ ਤੇ ਨਾ ਤਮੋ ਗੁਣ ਵਿਚ ਹੁੰਦਾ ਹੈ।
ਪ੍ਰਭੂ ਕਿਉਂਕਿ ਨਿਰਗੁਣ ਹੈ, ਇਸ ਕਰਕੇ ਇਨਸਾਨ ਵੀ ਪ੍ਰਭੂ ਵਰਗਾ ਹੋ ਕੇ ਹੀ ਨਿਰਗੁਣ ਹੋ ਸਕਦਾ ਹੈ ਤੇ ਨਿਰਗੁਣ ਹੋ ਕੇ ਹੀ ਪ੍ਰਭੂ ਵਰਗਾ ਹੋ ਸਕਦਾ ਹੈ। ਰਜੋ, ਤਮੋ ਤੇ ਸਤੋ ਗੁਣ ਵਿਚ ਵਿਚਰਦਿਆਂ, ਕਦੇ ਵੀ, ਪੂਰਨ ਰੂਪ ਵਿਚ ਮਾਨਸਕ ਸੰਤੁਸ਼ਟੀ ਮੁਮਕਿਨ ਨਹੀਂ ਹੁੰਦੀ। ਇਸ ਕਰਕੇ ਤਿੰਨਾਂ ਗੁਣਾਂ ਤੋਂ ਪਾਰ ਜਾਇਆਂ ਜਾਂ ਹੋਇਆਂ ਹੀ ਮਨੁਖ ਕਾਮਨਾ-ਮੁਕਤ ਨਿਰਵਾਣ ਵਿਚ ਪ੍ਰਵੇਸ਼ ਕਰ ਸਕਦਾ ਹੈ।
ਸਲੋਕ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅੰਧਕਾਰ ਵਿਚ ਡਿਗੇ ਹੋਏ, ਘਿਰੇ ਹੋਏ ਜਾਂ ਫਸੇ ਹੋਇਆਂ ਦਾ ਪਾਰ-ਉਤਾਰਾ ਕਰਨ ਦੇ ਸਮਰੱਥ, ਅਰਥਾਤ ਪਤਿਤ ਉਧਾਰਣ ਪ੍ਰਭੂ ਪਿਆਰੇ ਨੂੰ ਮਨ ਵਿਚ ਵਸਾਇਆਂ ਤੇ ਉਸ ਦੇ ਨਾਮ-ਰੂਪ ਨਿਯਮ ਨੂੰ ਅਪਣਾਇਆਂ ਹੀ ਉਕਤ ਤਿੰਨ ਗੁਣਾਂ ਦੇ ਮਾਇਆ-ਜਾਲ ਵਿਚੋਂ ਮੁਕਤੀ ਮਿਲ ਸਕਦੀ ਹੈ।