ਸਲੋਕ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਦੱਸੀ ਹੋਈ ਸੇਵਾ ਕਰਕੇ ਮਨੁਖ ਆਪਣੇ ਅੰਦਰੋਂ ਖੋਟੀ ਮਤਿ ਦੂਰ ਕਰ ਲੈਂਦਾ ਹੈ ਅਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ ਦਾ
ਨਾਮ ਜਪਣਾ, ਸਾਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਾ ਦਾਨ ਦੇਣਾ ਅਤੇ ਨਾਮ ਵਿਚ ਮਨ ਜੋੜ ਕੇ ਆਤਮਕ ਇਸ਼ਨਾਨ ਕਰਨਾ ਚਾਹੀਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਦੁਆਰਾ ਮਨ ਤ੍ਰਿਪਤ ਹੋ ਜਾਂਦਾ ਹੈ ਅਤੇ ਮਨੁਖ ਦੀ ਸਾਰੀ ਭਟਕਣਾ ਮਿਟ ਜਾਂਦੀ ਹੈ।
ਸਲੋਕੁ ॥
ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥
ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦੋ ਅਤੇ ਦਸ ਬਾਰਾਂ ਹੁੰਦੇ ਹਨ, ਜਿਸ ਕਰਕੇ ਬਾਰ੍ਹਵੀਂ ਥਿਤ ਨੂੰ ਦੁਆਦਸੀ ਕਿਹਾ ਜਾਂਦਾ ਹੈ, ਜਿਸ ਤੋਂ ਪਾਤਸ਼ਾਹ ਨੇ ਦੋ ਦੇ ਧੁਨੀਆਤਮਕ ਸੰਕੇਤ ਵਿਚ, ਗੁਰਮਤਿ ਦੇ ਵਿਪਰੀਤ, ਦੁਰਮਤ ਦੇ ਹਵਾਲੇ ਨਾਲ ਇਸ ਸਲੋਕ ਦਾ ਉਚਰਾਣ ਕੀਤਾ ਹੈ। ਪਾਤਸ਼ਾਹ ਨੇ ਦੱਸਿਆ ਹੈ ਕਿ ਜਿਸ ਕਿਸੇ ਦੀ ਵੀ ਕਿਸੇ ਦਇਆਵਾਨ ਕਿਰਪਾਲੂ ਸਾਧੂ ਭਾਵ ਕਿਰਪਾ ਵਰਸਾਉਣ ਵਾਲੀ ਸਾਧ-ਸੰਗਤ ਨਾਲ ਭੇਟ-ਵਾਰਤਾ ਹੋ ਗਈ, ਉਸ ਦਾ ਦੁਰਮਤ ਤੋਂ ਖਹਿੜਾ ਛੁੱਟ ਗਿਆ ਤੇ ਉਸ ਦਾ ਚਿੱਤ ਸੇਵਾ ਵਿਚ ਜੁੜ ਗਿਆ।
ਪਾਤਸ਼ਾਹ ਦੱਸਦੇ ਹਨ ਕਿ ਅਜਿਹੇ ਸਾਧਕਾਂ ਦਾ ਪਿਆਰੇ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ, ਜਿਹੜੇ ਕਿਸੇ ਮਿਲੇ ਹੋਏ ਨੂੰ ਮਿਲ ਲੈਂਦੇ ਹਨ ਤੇ ਉਨ੍ਹਾਂ ਦੇ ਸਾਰੇ ਜੰਜਾਲ ਜਾਂ ਜੀਵਨ ਦੇ ਝਮੇਲੇ ਖਤਮ ਹੋ ਜਾਂਦੇ ਹਨ। ਝਮੇਲਾ ਕਿਸੇ ਕਾਰਜ ਦੇ ਰਾਹ ਵਿਚ ਪਈ ਰੁਕਾਵਟ ਨੂੰ ਕਹਿੰਦੇ ਹਨ। ਪਰ ਇਥੇ ਝਮੇਲਾ ਮਨ ਦਾ ਰੁਝਾਨ ਹੈ, ਜਿਹੜਾ ਸਾਡੇ ਮਨ ਨੂੰ ਗੁਰਮਤਿ ਅਨੁਸਾਰੀ ਹੋਣ ਵਿਚ ਰੁਕਾਵਟ ਖੜੀ ਕਰਦਾ ਹੈ ਤੇ ਜਦ ਇਹ ਸਾਧ-ਸੰਗਤ ਦੀ ਰਹਿਮਤ ਸਦਕਾ ਪਰੇ ਹਟ ਜਾਂਦਾ ਹੈ ਤਾਂ ਸੇਵਾ-ਸਿਮਰਨ ਦੇ ਜਰੀਏ ਪ੍ਰਭੂ ਪਿਆਰੇ ਦਾ ਮਿਲਾਪ ਮੁਮਕਿਨ ਹੁੰਦਾ ਹੈ।