ਸਲੋਕ ਵਿਚ ਦੱਸਿਆ ਗਿਆ ਹੈ ਕਿ ਪ੍ਰਭੂ ਦਾ ਸਾਰਾ ਪਸਾਰਾ ਅਸਚਰਜ-ਰੂਪ ਹੋਣ ਕਰਕੇ, ਉਸ ਦੇ ਗੁਣਾਂ ਨੂੰ ਪੂਰੀ ਤਰ੍ਹਾਂ ਜਾਣਿਆ ਤੇ ਬਿਆਨਿਆਂ ਨਹੀਂ ਜਾ ਸਕਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਨੂੰ ਸਦਾ ਹਾਜ਼ਰ-ਨਾਜ਼ਰ ਸਮਝਣਾ, ਉਸ ਦੇ ਗੁਣਾਂ ਦਾ ਗਾਇਨ ਕਰਨਾ, ਸੰਤੋਖੀ ਤੇ ਦਿਆਲੂ ਸੁਭਾਅ ਨੂੰ ਧਾਰਨ ਕਰਨਾ ਆਦਿ ਹੀ ਅਸਲ ਏਕਾਦਸੀ ਦਾ ਵਰਤ ਹੈ।
ਪਉੜੀ ॥
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥
ਮਨਿ ਸੰਤੋਖੁ ਸਰਬ ਜੀਅ ਦਇਆ ॥
ਇਨ ਬਿਧਿ ਬਰਤੁ ਸੰਪੂਰਨ ਭਇਆ ॥
ਧਾਵਤ ਮਨੁ ਰਾਖੈ ਇਕ ਠਾਇ ॥
ਮਨੁ ਤਨੁ ਸੁਧੁ ਜਪਤ ਹਰਿ ਨਾਇ ॥
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦਸ ਅਤੇ ਇਕ ਦੇ ਜੋੜ ਗਿਆਰਾਂ ਨੂੰ ਏਕਾਦਸੀ ਕਹਿੰਦੇ ਹਨ। ਇਸੇ ਕਰਕੇ ਗਿਆਰ੍ਹਵੀਂ ਥਿਤ ਨੂੰ ਵੀ ਇਕਾਦਸੀ ਕਿਹਾ ਜਾਂਦਾ ਹੈ। ਜਾਹਰ ਨਹੀਂ ਹੈ ਕਿ ਪਾਤਸ਼ਾਹ ਨੇ ਇਸ ਪਉੜੀ ਦੇ ਵਿਚਾਰ ‘ਨਿਕਟਿ ਪੇਖਹੁ ਹਰਿ ਰਾਮੁ’ ਨੂੰ ਇਕਾਦਸ਼ੀ ਨਾਲ ਕਿਵੇਂ ਜੋੜਿਆ ਹੈ। ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਕਾਦਸ਼ੀ ਦੇ ਦੋ ਏਕਿਆਂ ਦੀ ਆਪਸੀ ਨੇੜਤਾ ਤੋਂ ਪਾਤਸ਼ਾਹ ਨੇ ਪ੍ਰਭੂ ਪਿਆਰੇ ਦੀ ਨੇੜਤਾ ਦਾ ਅਹਿਸਾਸ ਜਗਾਇਆ ਹੋਵੇ।
ਇਕਾਦਸ਼ੀ ਦੇ ਉਕਤ ਸੰਦਰਭ ਵਿਚ ਇਵੇਂ ਪ੍ਰਤੀਤ ਹੁੰਦਾ ਹੈ, ਜਿਵੇਂ ਪ੍ਰਭੂ ਪਿਆਰੇ ਦਾ ਦੀਦਾਰ ਸਾਡੇ ਨਿਕਟ ਆ ਗਿਆ ਹੋਵੇ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਇੰਦਰਿਆਵੀ ਰਸ ਨੂੰ ਕਾਬੂ ਕਰਕੇ, ਪ੍ਰਭੂ ਪਿਆਰੇ ਦੀ ਆਮਦ ਉਸ ਦੇ ਨਾਮ-ਰੂਪ ਦੀ ਧੁਨੀ ਵਜੋਂ ਸੁਣਨੀ ਅਤੇ ਮਹਿਸੂਸ ਹੋਣੀ ਚਾਹੀਦੀ ਹੈ।
ਪਾਤਸ਼ਾਹ ਕਹਿੰਦੇ ਹਨ ਕਿ ਇਸ ਸ਼ੁਭ ਅਵਸਰ ’ਤੇ ਆਪਣੇ ਮਨ ਦੀ ਬੇਵਜਹ ਤੇ ਬੇਪਨਾਹ ਭਟਕਣ ਨੂੰ ਸਮੇਟਦਿਆਂ ਹੋਇਆ ਸੰਤੋਖਜਨਕ ਅਵਸਥਾ ਮਹਿਸੂਸ ਕਰਦੇ ਹੋਏ, ਹਰੇਕ ਜੀਵ-ਜੰਤ ਲਈ ਦਇਆ ਭਾਵ ਮਨ ਵਿਚ ਲਿਆਉਣਾ ਚਾਹੀਦਾ ਹੈ ਕਿ ਜਿਵੇਂ ਸਾਡੇ ’ਤੇ ਪ੍ਰਭੂ ਨੇ ਆਪਣੀ ਆਮਦ ਦੀ ਦਇਆ ਕੀਤੀ ਹੈ, ਇਵੇਂ ਹਰ ਕਿਸੇ ’ਤੇ ਉਸ ਦੀ ਦਇਆ ਹੋਵੇ।
ਇਕਾਦਸ਼ੀ ਦਾ ਵਰਤ ਅਜਿਹੇ ਸੰਜਮ ਵੱਲ ਹੀ ਸੰਕੇਤ ਕਰਦਾ ਹੈ ਤੇ ਇਸੇ ਲਈ ਪਾਤਸ਼ਾਹ ਦੱਸਦੇ ਹਨ ਕਿ ਇਕਾਦਸੀ ਦਾ ਵਰਤ ਤਦ ਹੀ ਸੰਪੂਰਨ ਮੰਨਿਆ ਜਾਣਾ ਚਾਹੀਦਾ ਹੈ, ਜੇਕਰ ਅਸੀਂ ਇਸ ਭਟਕੇ ਹੋਏ ਮਨ ਨੂੰ ਕਾਬੂ ਕਰਕੇ ਇਕ ਥਾਂ ਟਿਕਾਅ ਲਈਏ, ਜਿਸ ਨਾਲ ਸਾਡਾ ਤਨ ਵੀ ਸੰਜਮ, ਅਰਥਾਤ ਵਰਤ ਵਿਚ ਰਹਿਣ ਦਾ ਆਦੀ ਹੋ ਜਾਵੇ।
ਬਹੁਤੇ ਲੋਕ ਤਨ ਦੀ ਸਾਫ ਸਫਾਈ ਨਾਲ ਹੀ ਮਨ ਨੂੰ ਸ਼ੁਧ ਹੋ ਗਿਆ ਅਨੁਮਾਨ ਲੈਂਦੇ ਹਨ। ਜਦਕਿ ਸ਼ੁਧਤਾ ਤੇ ਤੰਦਰੁਸਤੀ ਦਾ ਅਸੂਲ ਮਨੋਦੈਹਿਕ (psychosomatic) ਹੈ। ਬਾਣੀ ਵਿਚ ਵੀ ਆਇਆ ਹੈ ‘ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ।’ ਇਸ ਕਰਕੇ ਪਾਤਸ਼ਾਹ ਦੱਸਦੇ ਹਨ ਕਿ ਹਰੀ ਪ੍ਰਭੂ ਦਾ ਨਾਮ ਜਪਦਿਆਂ, ਉਸ ਨੂੰ ਆਪਣੇ ਅਤਿ ਨਜਦੀਕ, ਹਰੇਕ ਦਿਸ਼ਾ, ਹਰੇਕ ਥਾਂ, ਘਟ-ਘਟ ਅਤੇ ਕਣ-ਕਣ ਵਿਚ ਪੂਰਨ ਰੂਪ ਵਿਚ ਰਮਿਆ ਹੋਇਆ ਮਹਿਸੂਸ ਕਰਨ ਨਾਲ ਹੀ ਮਨ ਸ਼ੁਧ ਹੁੰਦਾ ਹੈ ਤੇ ਮਨ ਦੇ ਸ਼ੁਧ ਹੋਣ ਨਾਲ ਹੀ ਤਨ ਸ਼ੁਧ ਹੁੰਦਾ ਹੈ।
ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਇਸ ਅਟੱਲ ਨੇਮ ਦੀ ਸਿਫਤਿ ਅਤੇ ਗਾਇਨ ਕਰਨ ਲਈ ਆਦੇਸ਼ ਕਰਦੇ ਹਨ। ਗਾਇਨ ਵਿਚ ਦੁਹਰਾਉ ਅਤੇ ਬਾਰਮਬਾਰਤਾ ਹੁੰਦੀ ਹੈ, ਜਿਸ ਦਾ ਉਦੇਸ਼ ਕਿਸੇ ਅਸੂਲ ਨੂੰ ਸਾਡੇ ਮਨ ਦੀ ਸਹਿਵਨ ਆਦਤ ਵਿਚ ਤਬਦੀਲ ਕਰਨਾ ਹੁੰਦਾ ਹੈ।